ਈਰਾਨ ਦੀ ਦੌਲਤ ਲੰਡਨ ਦੀ ‘ਬਿਲੀਅਨੇਅਰਸ ਰੋਅ’ ’ਚ ‘ਖੜ੍ਹੀ’ ਹੈ
Friday, Apr 03, 2026 - 04:52 PM (IST)
ਉੱਤਰੀ ਲੰਡਨ ਦੇ ਹਰੇ-ਭਰੇ ਰਿਹਾਇਸ਼ੀ ਖੇਤਰ, ਜਿਸ ਨੂੰ ‘ਬਿਲੀਅਨੇਅਰਸ ਰੋਅ’ (ਅਰਬਪਤੀਆਂ ਦੀ ਕਤਾਰ) ਦੇ ਨਾਂ ਨਾਲ ਜਾਣਿਆ ਜਾਂਦਾ ਹੈ, ’ਚ ਸਾਊਦੀ ਸ਼ਾਹੀ ਪਰਿਵਾਰ ਅਤੇ ਅਮੀਰ ਰੂਸੀ ਲੰਬੇ ਸਮੇਂ ਤੋਂ ਉੱਚ ਸ਼੍ਰੇਣੀ ਦੀਆਂ ਜਾਇਦਾਦਾਂ ਦੀ ਖਰੀਦਦਾਰੀ ਲਈ ਆਉਂਦੇ ਰਹੇ ਹਨ। ਈਰਾਨੀ ਇਸ ਇਲਾਕੇ ’ਚ ਅਣਪਛਾਤੇ ਤੌਰ ’ਤੇ ਸ਼ਾਮਲ ਹੋਏ ਹਨ। ਬਿਸ਼ਪਸ ਐਵੇਨਿਊ ਦੇ ਨਾਂ ਨਾਲ ਵਧੇਰੇ ਰਸਮੀ ਤੌਰ ’ਤੇ ਜਾਣੀ ਜਾਣ ਵਾਲੀ ਸੜਕ ਦੇ ਕਿਨਾਰੇ ਸਥਿਤ ਕਈ ਵਿਸ਼ਾਲ ਹਵੇਲੀ ਪਲਾਟ, ਈਰਾਨੀ ਧਨ ਨਾਲ ਵਿੱਤ-ਪੋਸ਼ਿਤ ਲੰਡਨ ਦੀ ਵਿਆਪਕ ਜਾਇਦਾਦ ਦਾ ਇਕ ਹਿੱਸਾ ਬਣਾਉਂਦੇ ਹਨ।
ਇਸ ਸੌਦੇ ਤੋਂ ਜਾਣੂ ਲੋਕਾਂ ਅਨੁਸਾਰ, ਈਰਾਨੀ ਬੈਂਕਰ ਅਲੀ ਅੰਸਾਰੀ ਨੇ 2018 ’ਚ ਬਿਸ਼ਪਸ ਐਵੇਨਿਊ ਦੇ ਪਲਾਟ ਅਤੇ ਆਸ-ਪਾਸ ਦੀਆਂ ਹੋਰ ਜਾਇਦਾਦਾਂ ਨੂੰ ਲਗਭਗ 90 ਮਿਲੀਅਨ ਪਾਊਂਡ ’ਚ ਹਾਸਲ ਕੀਤਾ ਸੀ, ਜੋ ਅੱਜ ਦੇ ਹਿਸਾਬ ਨਾਲ ਲਗਭਗ 120 ਮਿਲੀਅਨ ਡਾਲਰ ਦੇ ਬਰਾਬਰ ਹੈ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਇਹ ਲੈਣ-ਦੇਣ ਆਇਲ ਆਫ ਮੈਨ ’ਚ ਰਜਿਸਟਰਡ ਇਕ ਸੰਸਥਾ ਦੇ ਮਾਧਿਅਮ ਰਾਹੀਂ ਹੋਇਆ ਸੀ।
ਬ੍ਰਿਟਿਸ਼ ਪਾਬੰਦੀਆਂ ਕਾਰਨ ਹੁਣ ਇਹ ਜਾਇਦਾਦਾਂ ਜਰਜਰ ਹਾਲਤ ’ਚ ਹਨ ਅਤੇ ਪਲਾਟ ਕਈ ਆਲੀਸ਼ਾਨ ਇਮਾਰਤਾਂ ਨਾਲ ਸਜੀ ਇਕ ਪਾਸ਼ ਸੜਕ ’ਤੇ ਇਕ ਧੱਬਾ ਬਣ ਗਏ ਹਨ ਪਰ ਫਿਰ ਵੀ, ਇਹ ਇਸ ਗੱਲ ਦੀ ਉਦਾਹਰਣ ਹੈ ਕਿ ਕਿਵੇਂ ਈਰਾਨ ਪੱਛਮੀ ਪਾਬੰਦੀਆਂ ਦੇ ਬਾਵਜੂਦ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ ’ਤੇ ਧਨ ਦਾ ਲੈਣ-ਦੇਣ ਕਰਨ ’ਚ ਸਮਰੱਥ ਰਿਹਾ।
ਲੰਡਨ ’ਚ ਵਕੀਲਾਂ ਅਤੇ ਲੇਖਾਕਾਰਾਂ ਦੇ ਅਜਿਹੇ ਕਈ ਸਮੂਹ ਹਨ ਜੋ ਧਨ ਦੇ ਸਰੋਤਾਂ ਨੂੰ ਛੁਪਾਉਣ ’ਚ ਮਾਹਿਰ ਹਨ ਅਤੇ ਜੋ ਗਾਹਕਾਂ ਨੂੰ ਵੀਜ਼ਾ ਪ੍ਰਾਪਤ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਸੁਚਾਰੂ ਰੂਪ ’ਚ ਚੱਲਦਾ ਹੈ।
ਬ੍ਰਿਟਿਸ਼ ਅਪਰਾਧ-ਵਿਰੋਧੀ ਅਧਿਕਾਰੀਆਂ ਅਤੇ ਵਿੱਤੀ ਖੇਤਰ ਦੇ ਨਿਗਰਾਨ ਬਾਡੀਜ਼ ਨੇ 2024 ’ਚ ਅੰਦਾਜ਼ਾ ਲਗਾਇਆ ਸੀ ਕਿ ਹਰ ਸਾਲ ਬ੍ਰਿਟੇਨ ਦੇ ਅੰਦਰ ਜਾਂ ਉਸ ਦੇ ਮਾਧਿਅਮ ਰਾਹੀਂ 100 ਅਰਬ ਪੌਂਡ ਤੋਂ ਵੱਧ ਨਾਜਾਇਜ਼ ਧਨ ਦੀ ਮਨੀ ਲਾਂਡਰਿੰਗ ਕੀਤੀ ਜਾਂਦੀ ਹੈ। ਰੂਸ ਦੁਆਰਾ 2022 ’ਚ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਨੇ ਕਾਲੇ ਧਨ ਦਾ ਪ੍ਰਵਾਹ ਰੋਕਣ ਲਈ ਸਖਤ ਕਦਮ ਚੁੱਕਣ ਦਾ ਵਾਅਦਾ ਕੀਤਾ।
ਬ੍ਰਿਟਿਸ਼ ਰਾਜਧਾਨੀ ’ਚ ਅੰਸਾਰੀ ਦੇ ਰੀਅਲ ਅਸਟੇਟ ਪੋਰਟਫੋਲੀਓ ’ਚ ਉੱਤਰੀ ਲੰਡਨ ਦਾ ਇਕ ਆਲੀਸ਼ਾਨ ਬੰਗਲਾ ਸ਼ਾਮਲ ਹੈ, ਜਿਸ ਦੀ ਕੀਮਤ ਉਨ੍ਹਾਂ ਨੇ ਦਸੰਬਰ 2014 ’ਚ 33.7 ਮਿਲੀਅਨ ਪੌਂਡ ਦੱਸੀ ਸੀ। ਲੰਡਨ ਦੇ ਪਾਸ਼ ਇਲਾਕੇ ਕੈਂਸਿੰਗਟਨ ’ਚ 2 ਆਲੀਸ਼ਾਨ ਅਪਾਰਟਮੈਂਟ ਵੀ ਉਨ੍ਹਾਂ ਦੇ ਨਾਂ ’ਤੇ ਹਨ। ਇਹ ਇਲਾਕਾ 2014 ਅਤੇ 2016 ’ਚ ਕੁੱਲ ਮਿਲਾ ਕੇ 36 ਮਿਲੀਅਨ ਪੌਂਡ ’ਚ ਖਰੀਦਿਆ ਗਿਆ ਸੀ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਫਰਜ਼ੀ ਕੰਪਨੀਆਂ ਦੀਆਂ ਪਰਤਾਂ ਅਤੇ ਵਿਲਾਸਤਾਪੂਰਨ ਰੀਅਲ ਅਸਟੇਟ ’ਚ ਵਿਦੇਸ਼ੀ ਮਾਧਿਅਮਾਂ ਦੀ ਵਰਤੋਂ ਇਸਲਾਮੀ ਗਣਰਾਜ ਦੇ ਨੇਤਾਵਾਂ ਨੂੰ ਆਪਣੇ ਦੇਸ਼ ’ਚ ਸਾਦਗੀ ਅਪਣਾਉਣ ਅਤੇ ਸ਼ਾਨਦਾਰ ਜੀਵਨਸ਼ੈਲੀ ਨੂੰ ਨਕਾਰਨ ਦੀ ਤਸਵੀਰ ਬਣਾਈ ਰੱਖਣ ’ਚ ਮਦਦ ਕਰਦੀ ਹੈ।
ਅਕਤੂਬਰ 2025 ’ਚ ਬ੍ਰਿਟੇਨ ਦੁਆਰਾ ਪਾਬੰਦੀ ਲਗਾਏ ਜਾਣ ’ਤੇ ਅੰਸਾਰੀ ਦੇ ਨਾਂ ’ਤੇ ਲੰਡਨ ’ਚ ਸਥਿਤ ਜਾਇਦਾਦਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ। ਬ੍ਰਿਟਿਸ਼ ਅਧਿਕਾਰੀਆਂ ਨੇ ਅੰਸਾਰੀ ’ਤੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੂੰ ਵਿੱਤੀ ਸਹਾਇਤਾ ਦੇਣ ਦਾ ਦੋਸ਼ ਲਗਾਇਆ ਸੀ। ਇਕ ਬ੍ਰਿਟਿਸ਼ ਮੰਤਰੀ ਨੇ ਸਰਕਾਰੀ ਬਿਆਨ ’ਚ ਅੰਸਾਰੀ ਨੂੰ ‘ਭ੍ਰਿਸ਼ਟ ਈਰਾਨੀ ਬੈਂਕਰ ਅਤੇ ਕਾਰੋਬਾਰੀ’ ਕਿਹਾ। ਅੰਸਾਰੀ ਈਰਾਨ ਦੇ ਨਿੱਜੀ ਕਰਜ਼ਾ ਦੇਣ ਵਾਲੇ ਅਯਾਂਦੇਹ ਬੈਂਕ ’ਚ ਸਭ ਤੋਂ ਵੱਡਾ ਸ਼ੇਅਰਧਾਰਕ ਸੀ, ਜੋ 2025 ਦੇ ਅੰਤ ’ਚ ਦੀਵਾਲੀਆ ਹੋ ਗਿਆ ਸੀ।
ਅੰਸਾਰੀ ਦੇ ਕੈਂਸਿੰਗਟਨ ਅਪਾਰਟਮੈਂਟ ਤੋਂ ਕੁਝ ਹੀ ਮਿੰਟਾਂ ਦੀ ਦੂਰੀ ’ਤੇ ਸਥਿਤ, ਗੇਂਸਬੋਰੋ ਹੋਟਲ ਨਾਂ ਦਾ ਇਕ ਬੁਟੀਕ ਲੰਡਨ ਹੋਟਲ 2018 ’ਚ ਸਲੀਮ ਅਹਿਮਦ ਸਈਦ ਦੁਆਰਾ ਕੰਟਰੋਲ ਕੀਤੀ ਗਈ ਇਕ ਇਕਾਈ ਨੂੰ 65 ਲੱਖ ਪੌਂਡ ’ਚ ਵੇਚਿਆ ਗਿਆ ਸੀ, ਜਿਵੇਂ ਕਿ ਯੂ. ਕੇ. ਦੇ ਸੰਪਤੀ ਰਿਕਾਰਡ ਤੋਂ ਪਤਾ ਲੱਗਦਾ ਹੈ। ਵਿਸ਼ਵ ਪ੍ਰਸਿੱਧ ਅਜਾਇਬ ਘਰਾਂ ਤੋਂ ਕੁਝ ਹੀ ਦੂਰੀ ’ਤੇ ਸਥਿਤ ਇਹ ਹੋਟਲ, ਬ੍ਰਿਟਿਸ਼ ਅਤੇ ਆਇਰਸ਼ ਸ਼ੈਲੀ ਦੇ ਵਿਕਟੋਰੀਅਨ ਟਾਊਨਹਾਊਸਾਂ ਨਾਲ ਮਿਲ ਕੇ ਬਣਿਆ ਹੈ।
ਸਈਦ ਇਕ ਇਰਾਕੀ-ਬ੍ਰਿਟਿਸ਼ ਨਾਗਰਿਕ ਹੈ, ਜੋ ਘੱਟੋ-ਘੱਟ 2020 ਤੋਂ ਕੰਪਨੀਆਂ ਦਾ ਇਕ ਨੈੱਟਵਰਕ ਚਲਾ ਰਿਹਾ ਹੈ, ਜੋ ਈਰਾਨ ਨੂੰ ਤੇਲ ਦੀ ਵਿਕਰੀ ’ਤੇ ਅੰਤਰਰਾਸ਼ਟਰੀ ਪਾਬੰਦੀਆਂ ਤੋਂ ਬਚਣ ’ਚ ਮਦਦ ਕਰਦਾ ਹੈ। 48 ਸਾਲਾ ਸਈਦ ਕੋਲ 2 ਬ੍ਰਿਟਿਸ਼ ਪਾਸਪੋਰਟ ਹਨ, ਜਿਨ੍ਹਾਂ ’ਚੋਂ ਇਕ ਦੀ ਮਿਆਦ ਇਸ ਮਹੀਨੇ ਖਤਮ ਹੋ ਗਈ ਹੈ ਅਤੇ ਦੂਜੇ ਦੀ ਮਿਆਦ 2029 ’ਚ ਖਤਮ ਹੋਵੇਗੀ। ਅਮਰੀਕੀ ਟ੍ਰੇਜ਼ਰੀ ਵਿਭਾਗ ਦੇ ਅਨੁਸਾਰ, ਸਈਦ ਨੇ ਕਈ ਫਰਜ਼ੀ ਨਾਵਾਂ ਦੀ ਵਰਤੋਂ ਕੀਤੀ ਹੈ।
57 ਸਾਲਾ ਅੰਸਾਰੀ ਦਾ ਜਨਮ ਈਰਾਨ ਦੇ ਗਜ਼ਵਿਨ ’ਚ ਹੋਇਆ ਸੀ ਅਤੇ ਉਨ੍ਹਾਂ ਕੋਲ 4 ਪਾਸਪੋਰਟ ਹਨ, ਜਿਨ੍ਹਾਂ ’ਚੋਂ 2 ਈਰਾਨ ਦੇ, 1 ਸਾਈਪ੍ਰਸ ਦਾ ਅਤੇ 1 ਕੈਰੇਬੀਆਈ ਛੋਟੇ ਦੇਸ਼ ਸੈਂਟ ਕਿਟਸ ਅਤੇ ਨੇਵਿਸ ਦਾ ਹੈ, ਜੋ ਕਦੇ ਬ੍ਰਿਟਿਸ਼ ਬਸਤੀ ਸੀ। ਅੰਸਾਰੀ ਨੇ 2007 ’ਚ ਬ੍ਰਿਟੇਨ ’ਚ ਕਾਰਪੋਰੇਟ ਟੈਕਸ ਫਾਈਲਿੰਗ ਦੇ ਸ਼ੁਰੂਆਤੀ ਦਸਤਾਵੇਜ਼ਾਂ ’ਚ ਖੁਦ ਨੂੰ ਈਰਾਨੀ ਦੱਸਿਆ ਅਤੇ ਤਹਿਰਾਨ ਦਾ ਪਤਾ ਦਿੱਤਾ। ਕਈ ਸਾਲ ਬਾਅਦ, ‘ਬਿਲੀਅਨੇਅਰਸ ਰੋਅ’ ’ਚ ਸਥਿਤ ਹਵੇਲੀ ਦੇ ਪਲਾਟਾਂ ਨਾਲ ਜੁੜੇ ਦਸਤਾਵੇਜ਼ਾਂ ’ਚ ਉਨ੍ਹਾਂ ਨੇ ਆਪਣੀ ਰਾਸ਼ਟਰੀਅਤਾ ਸਾਈਪ੍ਰਸ ਦੇ ਰੂਪ ’ਚ ਦਰਜ ਕੀਤੀ।
ਪਲਾਟ ਖਾਲੀ ਪਏ ਹਨ, ਬੰਦ ਫਾਟਕਾਂ ਨੇੜੇ ਧੁੰਦਲੇ ਸੰਕੇਤ ਲੱਗੇ ਹਨ ਅਤੇ ਸੁਰੱਖਿਆ ਚਿੰਨ੍ਹ ਚਿਤਾਵਨੀ ਦੇ ਰਹੇ ਹਨ- ‘ਸੁਰੱਖਿਆ ਲਈ ਕੁੱਤੇ ਤਾਇਨਾਤ ਹਨ। ਅਣਅਧਿਕਾਰਤ ਪ੍ਰਵੇਸ਼ ਕਰਨ ਵਾਲਿਆਂ ’ਤੇ ਮੁਕੱਦਮਾ ਚਲਾਇਆ ਜਾਵੇਗਾ’।
—ਜੇਨੀ ਸਟ੍ਰੈਸਬਰਗ
(‘ਡਬਲਯੂ. ਐੱਸ. ਜੇ.’ ਤੋਂ ਧੰਨਵਾਦ ਸਹਿਤ)
