ਸ਼੍ਰੀਰਾਮ ਅੱਜ ਵੀ ਪ੍ਰਸੰਗਿਕ ਕਿਉਂ ਹਨ?

Thursday, Mar 26, 2026 - 03:56 PM (IST)

ਸ਼੍ਰੀਰਾਮ ਅੱਜ ਵੀ ਪ੍ਰਸੰਗਿਕ ਕਿਉਂ ਹਨ?

ਸਾਰੇ ਪਾਠਕਾਂ ਨੂੰ ਪਵਿੱਤਰ ਰਾਮਨੌਮੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਹਿੰਦੂ ਪ੍ਰੰਪਰਾ ’ਚ ਸ਼੍ਰੀਰਾਮ ਭਗਵਾਨ ਵਿਸ਼ਨੂੰ ਦੇ ਸੱਤਵੇਂ ਅਵਤਾਰ ਹਨ, ਜਿਨ੍ਹਾਂ ਦਾ ਅਵਤਾਰ ਤ੍ਰੇਤਾ ਯੁੱਗ ’ਚ ਹੋਇਆ। ਮਹਾਰਿਸ਼ੀ ਵਾਲਮੀਕਿ ਰਚਿਤ ਰਾਮਾਇਣ ਅਤੇ ਗੋਸਵਾਮੀ ਤੁਲਸੀਦਾਸ ਕ੍ਰਿਤ ਰਾਮਚਰਿਤਮਾਨਸ ’ਚ ਸ਼੍ਰੀਰਾਮ ਨੂੰ ਜਿਸ ਰੂਪ ’ਚ ਚਿਤਰਿਆ ਗਿਆ ਹੈ, ਉਹ ਅੱਜ ਵੀ ਕਿੰਨਾ ਪ੍ਰਸੰਗਿਕ ਹੈ, ਇਹ ਇਕ ਸੁਭਾਵਿਕ ਵਿਚਾਰ ਹੈ। ਇਸੇ ਸੰਦਰਭ ’ਚ ਭਗਵਾਨ ਵਿਸ਼ਨੂੰ ਦੇ ਹੀ ਅੱਠਵੇਂ ਅਵਤਾਰ ਸ਼੍ਰੀਕ੍ਰਿਸ਼ਨ ਦਾ ਵੀ ਸਮਰਨ ਹੁੰਦਾ ਹੈ। ਦੋਵੇਂ ਹੀ ਕਰੋੜਾਂ ਹਿੰਦੂਆਂ ਲਈ ਸਿਰਫ ਈਸ਼ਵਰ ਨਹੀਂ, ਸਗੋਂ ਆਸਥਾ, ਮਰਿਆਦਾ, ਜੀਵਨ-ਦਰਸ਼ਨ ਅਤੇ ਮਾਰਗ-ਦਰਸ਼ਕ ਦੇ ਸਦੀਵੀ ਪ੍ਰਤੀਕ ਹਨ। ‘ਮਰਿਆਦਾ ਪੁਰਸ਼ੋਤਮ’ ਸ਼੍ਰੀਰਾਮ ਧਰਮ, ਤਿਆਗ ਅਤੇ ਆਦਰਸ਼ ਸ਼ਾਸਨ ਦੀ ਪ੍ਰੇਰਣਾ ਦਿੰਦੇ ਹਨ, ਜਦਕਿ ‘ਯੋਗੇਸ਼ਵਰ’ ਸ਼੍ਰੀਕ੍ਰਿਸ਼ਨ ਕਰਮ, ਨੀਤੀ, ਪ੍ਰੇਮ ਅਤੇ ਜੀਵਨ ਦੇ ਗੂੜ੍ਹ ਰਹੱਸਾਂ ਦਾ ਬੋਧ ਕਰਵਾਉਂਦੇ ਹਨ। ਦੋਵਾਂ ਦੇ ਬਿਨਾਂ ਭਾਰਤੀ ਜੀਵਨ-ਦ੍ਰਿਸ਼ਟੀ ਅਧੂਰੀ ਹੈ।

ਸ਼੍ਰੀਰਾਮ ਅਤੇ ਸ਼੍ਰੀਕ੍ਰਿਸ਼ਨ ਨੇ ਵੱਖ-ਵੱਖ ਹਾਲਾਤ ’ਚ ਅਵਤਾਰ ਧਾਰਿਆ। ਸ਼੍ਰੀਰਾਮ ਦਾ ਜਨਮ ਅਜਿਹੇ ਵਾਤਾਵਰਣ ’ਚ ਹੋਇਆ, ਜਿੱਥੇ ਪਰਿਵਾਰ ਅਤੇ ਸਮਾਜ ਦਾ ਪੂਰਨ ਸਹਿਯੋਗ ਉਨ੍ਹਾਂ ਨੂੰ ਪ੍ਰਾਪਤ ਰਿਹਾ। ਮਾਤਾ-ਪਿਤਾ, ਭਰਤ ਅਤੇ ਲਕਸ਼ਮਣ ਵਰਗੇ ਤਿਆਗਮਈ ਭਰਾ—ਸਾਰਿਆਂ ਨੇ ਜੀਵਨ ਦੇ ਹਰ ਮੋੜ ’ਤੇ ਉਨ੍ਹਾਂ ਦਾ ਸਾਥ ਦਿੱਤਾ। ਇੱਥੋਂ ਤੱਕ ਕਿ ਕੈਕੇਈ, ਜਿਨ੍ਹਾਂ ਕਾਰਨ ਉਨ੍ਹਾਂ ਨੂੰ ਕਸ਼ਟਕਾਰੀ ਵਨਵਾਸ ਮਿਲਿਆ—ਉਹ ਵੀ ਉਨ੍ਹਾਂ ਦੀ ਆਪਣੀ ਹੈ। ਅਯੁੱਧਿਆ ਵਾਸੀ ਵੀ ਉਨ੍ਹਾਂ ਪ੍ਰਤੀ ਡੂੰਘਾ ਪ੍ਰੇਮ ਅਤੇ ਨਿਸ਼ਠਾ ਰੱਖਦੇ ਸਨ। ਇਸ ਪ੍ਰਕਾਰ ਸ਼੍ਰੀਰਾਮ ਦਾ ਸੰਘਰਸ਼ ਮੁੱਖ ਤੌਰ ’ਤੇ ਬਾਹਰੀ ਹੈ। ਇਸ ਦੇ ਉਲਟ, ਸ਼੍ਰੀਕ੍ਰਿਸ਼ਨ ਦਾ ਜੀਵਨ ਸ਼ੁਰੂ ਤੋਂ ਹੀ ਅੰਦਰੂਨੀ ਯੁੱਧ ਦਾ ਪ੍ਰਤੀਕ ਰਿਹਾ। ਜਨਮ ਲੈਂਦੇ ਹੀ ਉਨ੍ਹਾਂ ਨੂੰ ਆਪਣੇ ਹੀ ਮਾਮਾ ਕੰਸ ਦੇ ਡਰ ਤੋਂ ਗੋਕੁਲ ਭੇਜਣਾ ਪਿਆ। ਉੱਥੇ ਵੀ ਉਨ੍ਹਾਂ ਦੇ ਵਧ ਲਈ ਕਾਲੀਆ, ਪੂਤਨਾ, ਸ਼ਕਟਾਸੁਰ, ਤ੍ਰਿਣਾਵਰਤ ਵਰਗੇ ਅਨੇਕਾਂ ਅਸੁਰਾਂ ਨੂੰ ਭੇਜਿਆ ਗਿਆ। ਫਿਰ ਵੀ ਕ੍ਰਿਸ਼ਨ ਨੇ ਆਪਣੇ ਸਾਰੇ ਦੁਸ਼ਮਣਾਂ ਨੂੰ ਹਰਾਇਆ। ਅੱਗੇ ਮਹਾਭਾਰਤ ਦੇ ਰੂਪ ’ਚ ਉਨ੍ਹਾਂ ਨੂੰ ਆਪਣੇ ਹੀ ਕੁਲ-ਪਰਿਵਾਰ ਦੇ ਅੰਦਰ ਭਿਆਨਕ ਛਲ ਅਤੇ ਯੁੱਧ ਦਾ ਸਾਹਮਣਾ ਕਰਨਾ ਪਿਆ।

ਸ਼੍ਰੀਰਾਮ, ਪਿਤਾ ਦੇ ਦਿਹਾਂਤ ਦਾ ਸਮਾਚਾਰ ਪਾ ਕੇ ਵਣ ’ਚ ਵਿਰਲਾਪ ਕਰਦੇ ਹਨ ਅਤੇ ਸੀਤਾ-ਹਰਨ ਤੋਂ ਬਾਅਦ ਵਿਆਕੁਲ ਹੋ ਕੇ ਵਣ-ਵਣ ਭਟਕਦੇ ਹਨ। ਇਸ ਦੇ ਉਲਟ, ਸ਼੍ਰੀਕ੍ਰਿਸ਼ਨ ਬਾਲਪਨ ਤੋਂ ਹੀ ਲਾਸਾਨੀ, ਧੀਰਜ ਅਤੇ ਸੰਤੁਲਨ ਦੇ ਪ੍ਰਤੀਕ ਬਣੇ ਰਹਿੰਦੇ ਹਨ। ਜਨਮ ਤੋਂ ਲੈ ਕੇ ਪ੍ਰਭਾਸ ਖੇਤਰ ਤੱਕ ਉਨ੍ਹਾਂ ਦੇ ਜੀਵਨ ’ਚ ਅਣਗਿਣਤ ਚੁਣੌਤੀਆਂ ਆਈਆਂ ਪਰ ਸ਼੍ਰੀਕ੍ਰਿਸ਼ਨ ਨੇ ਕਦੇ ਉਨ੍ਹਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ ਅਤੇ ਸੁਦਰਸ਼ਨ ਚੱਕਰਧਾਰੀ ਦੇ ਰੂਪ ’ਚ ਹਰ ਵਾਰ ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਵਜੋਂ ਆਪਣੀ ਦਿਵਿਅਤਾ ਦਾ ਸਬੂਤ ਦਿੱਤਾ। ਉੱਥੇ ਹੀ ਸ਼੍ਰੀਰਾਮ ਹਰੀ ਅਵਤਾਰ ਹੁੰਦੇ ਹੋਏ ਵੀ ਆਪਣੀ ਹਰ ਪੀੜਾ ਦਾ ਸਾਹਮਣਾ ਆਮ ਮਨੁੱਖ ਵਾਂਗ ਕਰਦੇ ਹਨ। ਕਿਉਂਕਿ ਆਮ ਮਨੁੱਖ ਨੂੰ ਸ਼੍ਰੀਕ੍ਰਿਸ਼ਨ ਵਾਂਗ ਅਲੌਕਿਕ ਸ਼ਕਤੀਆਂ ਪ੍ਰਾਪਤ ਨਹੀਂ ਹੁੰਦੀਆਂ, ਇਸ ਲਈ ਸ਼੍ਰੀਰਾਮ ਦਾ ਜੀਵਨ ਹਰ ਯੁੱਗ ’ਚ ਮਨੁੱਖ ਲਈ ਵਧੇਰੇ ਅਨੁਕਰਣਯੋਗ ਪ੍ਰਤੀਤ ਹੁੰਦਾ ਹੈ।

ਸ਼੍ਰੀਰਾਮ ਉਨ੍ਹਾਂ ਜੀਵਨ-ਕਦਰਾਂ-ਕੀਮਤਾਂ ਦਾ ਸੰਗ੍ਰਹਿ ਹਨ, ਜੋ ਵਿਅਕਤੀ, ਸਮਾਜ ਅਤੇ ਵਿਸ਼ਵ ਨੂੰ ਸੰਤੁਲਿਤ, ਸੁਖੀ ਅਤੇ ਮਰਿਆਦਿਤ ਜੀਵਨ ਜਿਊਣ ਦੀ ਦਿਸ਼ਾ ਦਿਖਾਉਂਦੇ ਹਨ। ਉਨ੍ਹਾਂ ਦੇ ਜੀਵਨ ਦਾ ਵਿਸ਼ਲੇਸ਼ਣ ਅਨੇਕਾਂ ਮਿੱਥਾਂ ਨੂੰ ਤੋੜਦਾ ਹੈ ਅਤੇ ਇਹ ਦੱਸਦਾ ਹੈ ਕਿ ਹਰ ਹਾਲਾਤ ’ਚ ਮਨੁੱਖ ਨੂੰ ਕਿਹੋ ਜਿਹਾ ਆਚਰਣ ਕਰਨਾ ਚਾਹੀਦਾ ਹੈ। ਉਦਾਹਰਣ ਵਜੋਂ, ਸ਼ਿਵ-ਧਨੁਸ਼ ਭੰਗ ਹੋਣ ਤੋਂ ਬਾਅਦ ਜਦੋਂ ਭਗਵਾਨ ਪਰਸ਼ੂਰਾਮ ਅਤੇ ਲਕਸ਼ਮਣ ਵਿਚਾਲੇ ਵਾਕ-ਵਿਵਾਦ ਹੁੰਦਾ ਹੈ ਅਤੇ ਵਾਤਾਵਰਣ ਬਹੁਤ ਤਣਾਅਪੂਰਨ ਹੋ ਜਾਂਦਾ ਹੈ, ਉਦੋਂ ਸ਼੍ਰੀਰਾਮ ਆਪਣੀ ਨਿਮਰਤਾ ਅਤੇ ਮਿੱਠੀ ਬਾਣੀ ਨਾਲ ਸਥਿਤੀ ਨੂੰ ਸੰਭਾਲਦੇ ਹਨ। ਫਿਰ ਪਰਸ਼ੂਰਾਮ ਜੀ, ਸ਼੍ਰੀਰਾਮ ਦੀ ਮਹਿਮਾ ਸਵੀਕਾਰ ਕਰਦੇ ਹੋਏ ਉਨ੍ਹਾਂ ਦੀ ਉਸਤਤ ਕਰਦੇ ਹਨ ਅਤੇ ਤਪੱਸਿਆ ਲਈ ਵਣ ਚਲੇ ਜਾਂਦੇ ਹਨ। ਇਹ ਪ੍ਰਸੰਗ ਸਿਖਾਉਂਦਾ ਹੈ ਕਿ ਸਫ਼ਲਤਾ ਦੇ ਸਿਖਰ ’ਤੇ ਪਹੁੰਚ ਕੇ ਵੀ ਵਿਅਕਤੀ ਨੂੰ ਸੰਜਮ ਅਤੇ ਨਿਮਰਤਾ ਨਹੀਂ ਛੱਡਣੀ ਚਾਹੀਦੀ।

ਸ਼੍ਰੀਰਾਮ ਸਮਾਜਿਕ ਬਰਾਬਰੀ ਦੇ ਜਿਊਂਦੇ-ਜਾਗਦੇ ਪ੍ਰਤੀਕ ਹਨ। ਬਨਵਾਸ ਦੇ ਔਖੇ ਸਮੇਂ ’ਚ ਉਨ੍ਹਾਂ ਨੇ ਆਪਣੇ ਸਹਿਯੋਗੀ ਵਣ ਤੋਂ ਚੁਣੇ। ਕੇਵਟ, ਨਿਸ਼ਾਦ, ਕੋਲ, ਭੀਲ ਅਤੇ ਵਾਨਰ-ਭਾਲੂ ਸਾਰੇ ਉਨ੍ਹਾਂ ਦੇ ਸਾਥੀ ਬਣੇ। ਜੇਕਰ ਉਹ ਚਾਹੁੰਦੇ, ਤਾਂ ਅਯੁੱਧਿਆ ਜਾਂ ਜਨਕਪੁਰ ਤੋਂ ਸਹਾਇਤਾ ਲੈ ਸਕਦੇ ਸਨ, ਪਰ ਉਨ੍ਹਾਂ ਨੇ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਅਪਣਾਇਆ, ਜਿਨ੍ਹਾਂ ਨੂੰ ਅੱਜ ਦਲਿਤ, ਆਦਿਵਾਸੀ ਜਾਂ ਪੱਛੜਿਆ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ ‘ਸਖਾ’ ਕਹਿ ਕੇ ਸੰਬੋਧਿਤ ਕੀਤਾ ਅਤੇ ਹਨੂੰਮਾਨ ਜੀ ਨੂੰ ਲਕਸ਼ਮਣ ਤੋਂ ਵੀ ਵੱਧ ਪਿਆਰਾ ਦੱਸਿਆ।

ਇਸ ਸੰਦਰਭ ’ਚ ਸ਼ਬਰੀ ਪ੍ਰਸੰਗ ਬਹੁਤ ਹੀ ਮਾਰਮਿਕ ਹੈ। ਸ਼ਬਰੀ ਖ਼ੁਦ ਨੂੰ ਬਹੁਤ ਨੀਵਾਂ ਮੰਨਦੇ ਹੋਏ ਕਹਿੰਦੀ ਹੈ ਕਿ ਉਹ ਅਧਮ ਤੋਂ ਵੀ ਅਧਮ ਨਾਰੀ ਹੈ ਪਰ ਸ਼੍ਰੀਰਾਮ ਉੱਤਰ ਦਿੰਦੇ ਹਨ ਕਿ ਉਹ ਸਿਰਫ ਭਗਤੀ ਦਾ ਸਬੰਧ ਮੰਨਦੇ ਹਨ। ਇਸ ਪ੍ਰਕਾਰ ਉਹ ਸਪੱਸ਼ਟ ਕਰਦੇ ਹਨ ਕਿ ਮਨੁੱਖ ਦਾ ਮੁੱਲ ਉਸ ਦੀ ਜਾਤੀ ਜਾਂ ਸਮਾਜਿਕ ਸਥਿਤੀ ਨਾਲ ਨਹੀਂ, ਸਗੋਂ ਉਸ ਦੇ ਭਾਵ ਅਤੇ ਕਰਮ ਨਾਲ ਨਿਰਧਾਰਿਤ ਹੁੰਦਾ ਹੈ। ਇਸੇ ਤਰ੍ਹਾਂ, ਗਿੱਧਰਾਜ ਜਟਾਯੂ, ਜੋ ਆਮ ਦ੍ਰਿਸ਼ਟੀ ’ਚ ਤੁੱਛ ਪੰਛੀ ਹੈ, ਸੀਤਾ ਜੀ ਦੀ ਰੱਖਿਆ ਕਰਦੇ ਹੋਏ ਆਪਣੇ ਪ੍ਰਾਣ ਨਿਛਾਵਰ ਕਰਦੇ ਹਨ। ਉਦੋਂ ਸ਼੍ਰੀਰਾਮ ਉਨ੍ਹਾਂ ਨੂੰ ਪਿਤਾ ਸਮਾਨ ਸਨਮਾਨ ਦਿੰਦੇ ਹੋਏ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਦੇ ਹਨ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਲਈ ਕਰਮ ਹੀ ਸਭ ਤੋਂ ਉਪਰ ਹਨ ।

ਰਾਵਣ, ਜੋ ਵਿਦਵਾਨ ਬ੍ਰਾਹਮਣ, ਮਹਾਨ ਸ਼ਿਵ-ਭਗਤ ਅਤੇ ਸੋਨੇ ਦੀ ਲੰਕਾ ਦਾ ਸਮਰਾਟ ਸੀ, ਆਪਣੇ ਮਾੜੇ ਆਚਰਣ ਕਾਰਨ ਅਧਰਮ ਦਾ ਪ੍ਰਤੀਕ ਬਣ ਗਿਆ। ਨਤੀਜੇ ਵਜੋਂ, ਹਨੂੰਮਾਨ ਜੀ ਵਲੋਂ ਲੰਕਾ-ਦਹਿਨ ਅਤੇ ਸ਼੍ਰੀਰਾਮ ਵਲੋਂ ਉਸ ਦਾ ਵਧ ਇਹ ਸੰਦੇਸ਼ ਦਿੰਦਾ ਹੈ ਕਿ ਸਮਾਜਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਕਿਸੇ ਵੀ ਵਿਅਕਤੀ ਨੂੰ ਉਸ ਦੇ ਅਹੁਦੇ, ਵੰਸ਼ ਜਾਂ ਸਮਰੱਥਾ ਨਾਲ ਨਹੀਂ, ਸਗੋਂ ਉਸ ਦੇ ਆਚਰਣ ਦੇ ਆਧਾਰ ’ਤੇ ਪਰਖਿਆ ਜਾਣਾ ਚਾਹੀਦਾ ਹੈ।

ਬਾਲੀ ਨੂੰ ਮਾਰਨ ਤੋਂ ਬਾਅਦ ਸ਼੍ਰੀਰਾਮ ਸੁਗਰੀਵ ਨੂੰ ਕਿਸ਼ਕਿੰਧਾ ਦਾ ਰਾਜ ਸੌਂਪਦੇ ਹਨ ਅਤੇ ਅੰਗਦ ਨੂੰ ਉੱਤਰਾਧਿਕਾਰੀ ਘੋਸ਼ਿਤ ਕਰਦੇ ਹਨ। ਇਸੇ ਤਰ੍ਹਾਂ, ਲੰਕਾ ਵਿਜੇ ਤੋਂ ਬਾਅਦ ਉਹ ਵਿਭੀਸ਼ਣ ਦਾ ਰਾਜਤਿਲਕ ਕਰਵਾਉਂਦੇ ਹਨ। ਇਹ ਦਰਸਾਉਂਦਾ ਹੈ ਕਿ ਉਹ ਸਿਰਫ ਜੇਤੂ ਨਹੀਂ, ਸਗੋਂ ਨਿਆਂਪ੍ਰਿਯ ਅਤੇ ਕਰੁਣਾਸ਼ੀਲ ਸ਼ਾਸਕ ਵੀ ਸਨ, ਜਿਨ੍ਹਾਂ ਨੂੰ ਰਾਜ ਅਤੇ ਜਾਇਦਾਦ ਦਾ ਲੋਭ ਨਹੀਂ ਸੀ।

ਦੁਸ਼ਮਣ ਦੇ ਪ੍ਰਤੀ ਵੀ ਮਰਿਆਦਿਤ ਵਿਵਹਾਰ ਦਾ ਆਦਰਸ਼ ਸ਼੍ਰੀਰਾਮ ਪੇਸ਼ ਕਰਦੇ ਹਨ। ਜਦੋਂ ਵਿਭੀਸ਼ਣ ਰਾਵਣ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸੰਕੋਚ ਕਰਦੇ ਹਨ, ਉਦੋਂ ਸ਼੍ਰੀਰਾਮ ਕਹਿੰਦੇ ਹਨ ਕਿ ਦੁਸ਼ਮਣੀ ਸਿਰਫ ਜੀਵਨ ਕਾਲ ਤੱਕ ਸੀਮਿਤ ਹੁੰਦੀ ਹੈ, ਮੌਤ ਤੋਂ ਬਾਅਦ ਉਸ ਦਾ ਅੰਤ ਹੋ ਜਾਣਾ ਚਾਹੀਦਾ ਹੈ। ਇਹ ਵਿਚਾਰ ਆਧੁਨਿਕ ‘ਹੇਗ ਕਨਵੈਨਸ਼ਨ’ (1899, 1907 ਅਤੇ 1954) ਵਰਗੇ ਅੰਤਰਰਾਸ਼ਟਰੀ ਮਾਪਦੰਡਾਂ ਤੋਂ ਵੀ ਕਿਤੇ ਜ਼ਿਆਦਾ ਪ੍ਰਾਚੀਨ ਹੈ।

ਬਦਕਿਸਮਤੀ ਨਾਲ, ਭਾਰਤੀ ਸਾਹਿਤ ਦੀ ਵਿਆਖਿਆ ਮਾਰਕਸ-ਮੈਕਾਲੇ ਦੇ ਮਾਨਸ- ਪੁੱਤਰਾਂ ਨੇ ਆਪਣੇ ਪੱਖਪਾਤ ਅਤੇ ਭਾਰਤ-ਵਿਰੋਧੀ ਏਜੰਡੇ ਅਨੁਸਾਰ ਕੀਤੀ। ਉਨ੍ਹਾਂ ਦਾ ਉਦੇਸ਼ ਸਮਾਜਿਕ ਸਦਭਾਵਨਾ ਨੂੰ ਵਧਾਉਣਾ ਨਹੀਂ, ਸਗੋਂ ਅਸੰਤੋਸ਼ ਨੂੰ ਹਵਾ ਦੇਣਾ ਰਿਹਾ ਹੈ। ਰਾਮਾਇਣ ਅਤੇ ਮਹਾਭਾਰਤ ਵਰਗੇ ਇਤਿਹਾਸਕ ਗ੍ਰੰਥਾਂ ਨੂੰ ਵੀ ਇਸੇ ਦ੍ਰਿਸ਼ਟੀ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਜਦਕਿ ਸੱਚ ਇਹ ਹੈ ਕਿ ਸ਼੍ਰੀਰਾਮ ਦਾ ਅਵਤਾਰ ਕਿਸੇ ਦਲਿਤ ਦੀ ਹੱਤਿਆ ਕਰਨ ਲਈ ਨਹੀਂ ਹੋਇਆ, ਸਗੋਂ ਰਾਵਣ ਵਰਗੇ ਅਨਿਆਂ, ਹੰਕਾਰ ਅਤੇ ਅਧਰਮ ਦੇ ਖ਼ਾਤਮੇ ਲਈ ਸੀ।

ਸ਼੍ਰੀਰਾਮ ਦਾ ਸੰਪੂਰਨ ਜੀਵਨ ਮਨੁੱਖੀ ਮਰਿਆਦਾਵਾਂ ਨਾਲ ਸੰਚਾਲਿਤ ਹੈ। ਉਹ ਹਰ ਹਾਲਾਤ ਦਾ ਸਾਹਮਣਾ ਇਕ ਆਮ ਮਨੁੱਖ ਵਾਂਗ ਕਰਦੇ ਹਨ ਅਤੇ ਉਸੇ ਸੀਮਾਵਾਂ ਦੇ ਅੰਦਰ ਉਸ ਦਾ ਹੱਲ ਵੀ ਲੱਭਦੇ ਹਨ। ਇਹੀ ਕਾਰਨ ਹੈ ਕਿ ਸ਼੍ਰੀਰਾਮ ਦਾ ਜੀਵਨ ਮਨੁੱਖ ਲਈ ਵਧੇਰੇ ਸਹਿਜ, ਵਿਹਾਰਕ ਅਤੇ ਕਰੁਣਾਮਈ ਹੈ।

ਬਲਬੀਰ ਪੁੰਜ
 


author

Rakesh

Content Editor

Related News