ਪ੍ਰੀਖਿਆ 'ਤੇ ਚਰਚਾ : ਭਵਿੱਖ ਦੇ ਭਾਰਤ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ
Thursday, Feb 05, 2026 - 04:38 PM (IST)
ਇਸ ਵਰ੍ਹੇ ਪ੍ਰੀਖਿਆ ’ਤੇ ਚਰਚਾ ਦਾ ਆਯੋਜਨ ਭਾਰਤ ਦੀ ਸਿੱਖਿਆ ਯਾਤਰਾ ’ਚ ਸ਼ਾਂਤ ਪਰ ਫੈਸਲਾਕੁੰਨ ਤਬਦੀਲੀ ਨੂੰ ਰੇਖਾਂਕਿਤ ਕਰਦਾ ਹੈ। ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸ਼ੁਰੂ ਹੋਈ ਇਹ ਪਹਿਲ, ਜੋ ਕਿ 2018 ’ਚ ਇਕ ਸਿੰਗਲ ਸਾਲਾਨਾ ਸੰਵਾਦ ਵਜੋਂ ਸ਼ੁਰੂ ਹੋਈ ਸੀ, ਅੱਜ ਸੁਭਾਵਿਕ ਤੌਰ ’ਤੇ ਇਕ ਜਨਤਕ ਅੰਦੋਲਨ ਦਾ ਰੂਪ ਲੈ ਚੁੱਕੀ ਹੈ। ਹੁਣ ਇਹ ਇਕ ਵਿਸ਼ਵਵਿਆਪੀ ਸਮੂਹਿਕ ਯਤਨ ਬਣ ਗਈ ਹੈ, ਜਿਸ ’ਚ ਵਿਦਿਆਰਥੀਆਂ ਦੀ ਸੰਪੂਰਨ ਭਲਾਈ ਨੂੰ ਕੇਂਦਰ ’ਚ ਰੱਖਿਆ ਗਿਆ ਹੈ ਅਤੇ ਮਾਤਾ-ਪਿਤਾ ਅਤੇ ਅਧਿਆਪਕ ਇਹ ਸਾਂਝੀ ਜ਼ਿੰਮੇਵਾਰੀ ਦੇ ਸਰਗਰਮ ਸਹਿਭਾਗੀ ਹਨ।
ਇਸ ਵਰ੍ਹੇ ਦੀ ਸ਼ਮੂਲੀਅਤ ਦਾ ਪੈਮਾਨਾ ਇਸ ਪਹਿਲਕਦਮੀ ਦੀ ਡੂੰਘਾਈ ਨੂੰ ਦਰਸਾਉਂਦਾ ਹੈ। 4.5 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਦੇ ਨਾਲ ਪ੍ਰੀਖਿਆ ’ਤੇ ਚਰਚਾ, ਪਹਿਲਾਂ ਦੇ ਗਿੰਨੀਜ਼ ਵਰਡਲ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ ਹੁਣ ਲੋਕ ਸੰਪਰਕ ਤੋਂ ਅੱਗੇ ਵਧ ਕੇ ਸਮੂਹਿਕ ਮਲਕੀਅਤ ਦੀ ਇਕ ਮਹੱਤਵਪੂਰਨ ਸਥਿਤੀ ’ਚ ਦਾਖਲ ਹੋ ਚੁੱਕੀ ਹੈ। ਇਹ ਬੇਮਿਸਾਲ ਸ਼ਮੂਲੀਅਤ ਸਮਰੱਥ ਵਾਤਾਵਰਣ ਤਿਆਰ ਕਰਨ ਦੇ ਸਮੂਹਿਕ ਸੰਕਲਪ ਨੂੰ ਪ੍ਰਤੀਬਿੰਬਤ ਕਰਦੀ ਹੈ, ਜਿੱਥੇ ਹਰੇਕ ਬੱਚਾ ਸਿੱਖ ਸਕੇ, ਵਿਕਸਿਤ ਹੋ ਸਕੇ ਅਤੇ ਸਹੀ ਮਾਅਨਿਆਂ ’ਚ ਵਧ-ਫੁੱਲ ਸਕੇ।
ਪ੍ਰਧਾਨ ਮੰਤਰੀ ਦੀ ਪ੍ਰੇਰਕ ਅਗਵਾਈ ਦਾ ਪ੍ਰਦਰਸ਼ਨ
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸਿੱਖਿਆ, ਅਧਿਐਨ ਅਤੇ ਪ੍ਰੀਖਿਆ ਨਾਲ ਜੁੜੇ ਤਣਾਅ ਵਰਗੇ ਵਿਸ਼ਿਆਂ ’ਤੇ ਵਿਦਿਆਰਥੀਆਂ ਦੇ ਨਾਲ ਸੰਵਾਦ, ਹਮਦਰਦੀ, ਵਿਵਹਾਰਕਤਾ ਅਤੇ ਪ੍ਰੇਰਣਾਦਾਇਕ ਅਗਵਾਈ ਦਾ ਵਿਸ਼ੇਸ਼ ਤਾਲਮੇਲ ਪੇਸ਼ ਕਰਦਾ ਹੈ। ਸਰਲਤਾ, ਅਨੁਸ਼ਾਸਨ, ਆਸ਼ਾਵਾਦ ਅਤੇ ਮਨੁੱਖੀ ਸਮਰੱਥਾ ’ਚ ਡੂੰਘੀ ਆਸਥਾ ਨਾਲ ਭਰਪੂਰ ਉਨ੍ਹਾਂ ਦੀ ਸ਼ਖਸੀਅਤ ਨੇ ਲੱਖਾਂ ਬੱਚਿਆਂ ਦੇ ਮਨਾਂ ’ਤੇ ਡੂੰਘਾ ਅਤੇ ਸਥਾਈ ਪ੍ਰਭਾਵ ਪਾਇਆ ਹੈ। ਰਸਮੀ ਪ੍ਰੋਟੋਕੋਲ ਦੀਆਂ ਗੁੰਝਲਤਾਵਾਂ ਤੋਂ ਪਰ੍ਹੇ ਜਾ ਕੇ ਵਿਦਿਆਰਥੀਆਂ ਨੂੰ ਮਾਰਗਦਰਸ਼ਕ, ਮੈਂਟਰ ਅਤੇ ਸ਼ੁਭਚਿੰਤਕ ਵਜੋਂ ਜੁੜਨ ਦੀ ਸਹਿਜ ਸਮਰੱਥਾ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਬਣਾਉਂਦੀ ਹੈ। ਉਨ੍ਹਾਂ ਦੀ ਗੱਲਬਾਤ, ਬਿਰਤਾਂਤ ਅਤੇ ਗੂੜ੍ਹੀ ਸ਼ੈਲੀ ਵਿਦਿਆਰਥੀਆਂ ਨੂੰ ਇਹ ਮਹਿਸੂਸ ਕਰਵਾਉਂਦੀ ਹੈ ਕਿ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਅਤੇ ਸਮਝੀਆਂ ਜਾ ਰਹੀਆਂ ਹਨ। ਉਹ ਨਿੱਘਾ, ਹਾਸੇ ਅਤੇ ਪ੍ਰਮਾਣਿਕਤਾ ਨਾਲ ਗੱਲਬਾਤ ਕਰਦੇ ਹਨ ਅਤੇ ਅਕਸਰ ਆਪਣੇ ਜੀਵਨ ਦੇ ਤਜਰਬਿਆਂ ਤੋਂ ਉਦਾਹਰਣਾਂ ਲੈ ਕੇ ਸਬਰ, ਧਿਆਨ, ਇਕਾਗਰਤਾ ਅਤੇ ਆਤਮਵਿਸ਼ਵਾਸ ਵਰਗੀਆਂ ਵਿਸ਼ਾਲ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸਰਲਤਾ ਨਾਲ ਦਰਸਾਉਂਦੇ ਹਨ। ਇਹ ਨਿਜੀ ਛੋਹ ਪ੍ਰੀਖਿਆ ਨਾਲ ਜੁੜੇ ਦਬਾਅ ਨੂੰ ਘੱਟ ਕਰਦੇ ਹੋਏ, ਇਕ ਭਰੋਸੇਮੰਦ ਅਤੇ ਸਾਕਾਰਾਤਮਕ ਵਾਤਾਵਰਣ ਦਾ ਨਿਰਮਾਣ ਕਰਦਾ ਹੈ, ਜਿੱਥੇ ਵਿਦਿਆਰਥੀ ਆਤਮਵਿਸ਼ਵਾਸ ਨਾਲ ਸਿੱਖਣ ਅਤੇ ਅੱਗੇ ਵਧਣ ਲਈ ਪ੍ਰੇਰਿਤ ਹੁੰਦੇ ਹਨ।
ਹਰੇਕ ਬੱਚੇ ਦੀ ਵਿਸ਼ੇਸ਼ਤਾ ਦੀ ਪਛਾਣ
ਇਸ ਯਤਨ ਦੇ ਕੇਂਦਰ ’ਚ ਇਕ ਸਰਲ ਪਰ ਬਹੁਤ ਮਜ਼ਬੂਤ ਸੱਚ ਮੂਲ ’ਚ ਹੈ : ਹਰ ਬੱਚਾ ਵਿਸ਼ੇਸ਼ ਹੈ। ਹਰੇਕ ਬੱਚਾ ਵੱਖਰੇ ਢੰਗ ਨਾਲ ਸਿੱਖਦਾ ਹੈ, ਆਪਣੀ ਰਫਤਾਰ ਨਾਲ ਅੱਗੇ ਵਧਦਾ ਹੈ ਅਤੇ ਆਪਣੇ ਅੰਦਰ ਅਜਿਹੀਆਂ ਪ੍ਰਤਿਭਾਵਾਂ ਸਮੇਟਦਾ ਹੈ, ਜਿਨ੍ਹਾਂ ਨੂੰ ਅੰਕਾਂ ਜਾਂ ਰੈਂਕ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ।
ਪ੍ਰੀਖਿਆਵਾਂ ਆਪਣੀ ਕੁਦਰਤ ਅਨੁਸਾਰ, ਬੱਚੇ ਦੀ ਸਮਰੱਥਾ ਦੇ ਸੀਮਤ ਪਹਿਲੂ ਨੂੰ ਹੀ ਦਰਸਾਉਂਦੀਆਂ ਹਨ। ਸਮੁੱਚੀ ਸ਼ਖਸੀਅਤ ਦੇ ਨਿਰਮਾਣ ਰਾਹੀਂ ਹੀ ਉਸ ਦੀ ਅਸਲ ਸਿਰਜਣਾਤਮਕਤਾ ਅਤੇ ਉੱਤਮਤਾ ਦਾ ਵਿਕਾਸ ਹੁੰਦਾ ਹੈ। ਕੋਈ ਬੱਚਾ ਗਣਿਤ ’ਚ ਉੱਤਮਤਾ ਦਿਖਾ ਸਕਦਾ ਹੈ, ਕੋਈ ਕਲਾਤਮਕ ਕਲਪਨਾ ਵਿਚ ਮਾਹਿਰ ਹੋ ਸਕਦਾ ਹੈ ਅਤੇ ਕੋਈ ਹਮਦਰਦੀ ਨਾਲ ਸੰਵੇਦਨਸ਼ੀਲ ਇਲਾਜ ਕਰਨ ਵਾਲਾ ਬਣਨ ਦੀ ਸਮਰੱਥਾ ਰੱਖਦਾ ਹੈ। ਇਹ ਅੰਤਰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹਨ; ਸਗੋਂ, ਇਹੋ ਵਿਭਿੰਨ, ਮਜ਼ਬੂਤ ਅਤੇ ਨਵੀਨਤਾਕਾਰੀ ਸਮਾਜ ਦੀ ਨੀਂਹ ਹਨ।
ਰਾਸ਼ਟਰੀ ਸਿੱਖਿਆ ਨੀਤੀ-2020 ਦੇ ਦਰਸ਼ਨ ਦਾ ਪ੍ਰਤੀਬਿੰਬ
ਇਹ ਫ਼ਲਸਫ਼ਾ ਰਾਸ਼ਟਰੀ ਸਿੱਖਿਆ ਨੀਤੀ - 2020 ਦੇ ਮੂਲ ’ਚ ਹੈ। ਇਸਦੇ ਢਾਂਚੇ ਦੇ ਤਹਿਤ ਸਿੱਖਿਆ ਪ੍ਰਣਾਲੀਆਂ, ਪਾਠਕ੍ਰਮਾਂ ਅਤੇ ਮੁਲਾਂਕਣ ਪ੍ਰਣਾਲੀਆਂ ਨੂੰ ਇਕ ਅਸਲ ਬਾਲ-ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਅਨੁਸਾਰ ਮੁੜ ਗਠਿਤ ਕੀਤਾ ਜਾ ਰਿਹਾ ਹੈ, ਜਿੱਥੇ ਅਕਾਦਮਿਕ ਅਧਿਐਨ ਦੇ ਨਾਲ-ਨਾਲ ਸਿਰਜਣਾਤਮਕਤਾ, ਆਲੋਚਨਾਤਮਕ ਚਿੰਤਨ, ਭਾਵਨਾਤਮਕ ਬੁੱਧੀ, ਸਰੀਰਕ ਤੰਦਰੁਸਤੀ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਚਾਰ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸ਼ੁਰੂਆਤੀ ਵਰ੍ਹਿਆਂ ਵਿਚ ਖੇਡ-ਅਾਧਾਰਿਤ ਸਿੱਖਿਆ ’ਤੇ ਇਸਦਾ ਜ਼ੋਰ ਇਸ ਤੱਥ ਨੂੰ ਸਵੀਕਾਰਦਾ ਹੈ ਕਿ ਉਤਸੁਕਤਾ ਅਤੇ ਖੁਸ਼ੀ ਹੀ ਜੀਵਨ ਭਰ ਸਿੱਖਣ ਦੀ ਸਭ ਤੋਂ ਮਜ਼ਬੂਤ ਨੀਂਹ ਹੈ।
ਸਿੱਖਿਆ ਦੇ ਸ਼ੁਰੂਆਤੀ ਵਰ੍ਹਿਆਂ ’ਚ ਮਾਤਰ ਭਾਸ਼ਾ ’ਚ ਸਿੱਖਿਆ ਦੇਣ ਦਾ ਉਦੇਸ਼ ਬੱਚਿਆਂ ਨੂੰ ਧਾਰਨਾਵਾਂ ਦੀ ਬਿਹਤਰ ਸਮਝ ਪ੍ਰਦਾਨ ਕਰਨਾ ਹੈ, ਜਦਕਿ ਬਹੁ-ਭਾਸ਼ਾਈ ’ਤੇ ਦਿੱਤਾ ਗਿਆ ਜ਼ੋਰ ਅਜਿਹੀ ਪੀੜ੍ਹੀ ਦੇ ਨਿਰਮਾਣ ਦੀ ਕਲਪਨਾ ਕਰਦਾ ਹੈ ਜੋ ਕਿ ਆਪਣੇ ਸੱਭਿਆਚਾਰ ਅਤੇ ਭਾਸ਼ਾਈ ਜੜ੍ਹਾਂ ਪ੍ਰਤੀ ਵਿਸ਼ਵਾਸ ਰੱਖਦੀ ਹੋਵੇ ਅਤੇ ਭਾਰਤੀ ਗਿਆਨ ਪ੍ਰੰਪਰਾਵਾਂ ਨੂੰ ਆਲਮੀ ਮੰਚ ’ਤੇ ਅੱਗੇ ਵਧਾਉਣ ’ਚ ਸਮਰੱਥ ਹੋਵੇ।
ਮੁਲਾਂਕਣ ਸਬੰਧੀ ਸੁਧਾਰ ਵੀ ਇਸੇ ਉਦੇਸ਼ ਨੂੰ ਰੇਖਾਂਕਿਤ ਕਰਦੇ ਹਨ। ਪਹਿਲੀ ਵਾਰ ਕਲਾਸ 10 ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਹੁਣ ਸਾਲ ’ਚ ਦੋ ਵਾਰ ਆਯੋਜਿਤ ਕੀਤੀਆਂ ਜਾਣਗੀਆਂ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੇ ਪ੍ਰਦਰਸ਼ਨ ’ਚ ਸੁਧਾਰ ਲਈ ਵਧੇਰੇ ਲਚਕੀਲਾਪਣ ਮਿਲੇਗਾ ਅਤੇ ਉੱਚ-ਦਬਾਅ ਵਾਲੀ ਸਿੰਗਲ ਪ੍ਰੀਖਿਆ ਨਾਲ ਜੁੜਿਆ ਤਣਾਅ ਘੱਟ ਹੋਵੇਗਾ। 360-ਡਿਗਰੀ ਸੰਪੂਰਨ ਤਰੱਕੀ ਕਾਰਡ ਲਾਗੂ ਕੀਤੇ ਗਏ ਹਨ, ਜੋ ਕਿ ਸਿਰਫ ਬੱਚੇ ਦੀਆਂ ਸਿੱਖਿਆ ਪ੍ਰਾਪਤੀਆਂ ਦਾ ਹੀ ਮੁਲਾਂਕਣ ਨਹੀਂ ਕਰਦੇ, ਸਗੋਂ ਉਸ ਦੇ ਸਮਾਜਿਕ-ਭਾਵਨਾਤਮਕ ਅਤੇ ਸਰੀਰਕ ਵਿਕਾਸ ਨੂੰ ਵੀ ਸੰਪੂਰਨ ਢੰਗ ਨਾਲ ਦਰਜ ਕਰਦੇ ਹਨ। ਇਹ ਸਵੀਕਾਰ ਕਰਦੇ ਹੋਏ ਕਿ ਤੰਦਰੁਸਤੀ ਸਿੱਖਣ ਦਾ ਅਣਿਖੱੜਵਾਂ ਅੰਗ ਹੈ, ਹਰੇਕ ਸੀ.ਬੀ.ਐੱਸ.ਈ. ਸਕੂਲ ’ਚ ਸਮਾਜਿਕ-ਭਾਵਨਾਤਮਕ ਸਲਾਹਕਾਰਾਂ ਦੀ ਨਿਯੁਕਤੀ ਲਾਜ਼ਮੀ ਕੀਤੀ ਗਈ ਹੈ, ਜੋ ਕਿ ਵਿਦਿਆਰਥੀਆਂ ਨੂੰ ਸਿੱਖਿਆ ਸਬੰਧੀ ਅਤੇ ਭਾਵਨਾਤਮਕ ਤਣਾਅ ਦੇ ਪ੍ਰਬੰਧਨ ’ਚ ਲਗਾਤਾਰ ਸਹਿਯੋਗ ਪ੍ਰਦਾਨ ਕਰਨਗੇ। ਅੰਤ ’ਚ, ਸਾਡੇ ਸਾਹਮਣੇ ਜਵਾਬਦੇਹੀ ਸਪੱਸ਼ਟ ਹੈ-ਬੱਚਿਆਂ ਨੂੰ ਕਿਸੇ ਇਕ ਸਾਂਚੇ ’ਚ ਢਾਲਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਹੈ, ਸਗੋਂ ਹਰੇਕ ਬੱਚੇ ਦੀਆਂ ਵਿਸ਼ੇਸ਼ ਸਮਰੱਥਾਵਾਂ ਨੂੰ ਪਛਾਣਨਾ, ਉਨ੍ਹਾਂ ਦਾ ਸਮਰਥਨ ਕਰਨਾ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ।
ਸੰਪੂਰਨ ਤੌਰ ’ਤੇ ਸਿੱਖਣਾ- ਪ੍ਰਮੁੱਖ ਕੇਂਦਰ ਬਿੰਦੂ
ਅੱਜ ਦੀ ਸਿੱਖਿਆ ਸਿਰਫ਼ ਪਾਠ-ਪੁਸਤਕਾਂ, ਪ੍ਰੀਖਿਆਵਾਂ ਅਤੇ ਰਟਣ ਤੱਕ ਸੀਮਤ ਨਹੀਂ ਰਹਿ ਗਈ ਹੈ। ਸੰਪੂਰਨ ਸਿੱਖਿਆ ’ਤੇ ਸਪੱਸ਼ਟ ਤੌਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਹ ਚੰਗੀ-ਤਰ੍ਹਾਂ ਸਮਝਿਆ ਜਾ ਚੁੱਕਾ ਹੈ ਕਿ ਸਿਰਫ਼ ਅਕਾਦਮਿਕ ਉੱਤਮਤਾ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਨਹੀਂ ਕਰਦੀ। ਚਿੰਤਾ, ਡਰ ਜਾਂ ਭਾਵਨਾਤਮਕ ਤਣਾਅ ਦੇ ਬੋਝ ਥੱਲੇ ਬੱਚੇ ਸਾਰਥਕ ਰੂਪ ਨਾਲ ਸਿੱਖ ਨਹੀਂ ਸਕਦੇ। ਭਾਰਤ ਦੀਆਂ ਸੱਭਿਅਤਾਗਤ ਪ੍ਰੰਪਰਾਵਾਂ ਇਸ ਸਥਿਤੀ ਨਾਲ ਨਜਿੱਠਣ ਲਈ ਪੂਰਨ ਜਾਗਰੂਕਤਾ ਜਾਂ ਮਾਈਂਡਫੁੱਲਨੈੱਸ, ਪ੍ਰਾਣਾਯਾਮ ਅਤੇ ਯੋਗ ਜਿਹੇ ਸਥਾਈ ਸਾਧਨ ਪ੍ਰਦਾਨ ਕਰਦੀਆਂ ਹਨ। ਇਹ ਅਭਿਆਸ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ’ਚ ਮਦਦ ਕਰਦੇ ਹਨ ਅਤੇ ਇਕਾਗਰਤਾ, ਸ਼ਾਂਤੀ ਅਤੇ ਲਚਕੀਲੇਪਣ ਦਾ ਨਿਰਮਾਣ ਕਰਦੇ ਹਨ। ਪ੍ਰੀਖਿਆ ਦੀ ਤਿਆਰੀ ’ਚ ਸਹਾਇਕ ਹੋਣ ਤੋਂ ਇਲਾਵਾ, ਇਹ ਅਭਿਆਸ ਜੀਵਨ ਕੌਸ਼ਲ ਵਿਕਸਿਤ ਕਰਦੇ ਹਨ ਜੋ ਕਲਾਸ ਤੋਂ ਵੀ ਪਰ੍ਹੇ ਕੰਮ ਆਉਂਦੇ ਹਨ- ਤਾਂ ਜੋ ਅਕਾਦਮਿਕ ਗਿਆਨ ਦੇ ਨਾਲ-ਨਾਲ ਭਾਵਨਾਤਮਕ ਬੁੱਧੀ, ਕੁਦਰਤ ਦੇ ਨਾਲ ਸੰਤੁਲਨ ਅਤੇ ਅੰਦਰੂਨੀ ਜਾਗਰੂਕਤਾ ਨੂੰ ਵੀ ਮਜ਼ਬੂਤ ਬਣਾਇਆ ਜਾ ਸਕੇ।
ਚੁਣੌਤੀਆਂ ਦਾ ਹੱਲ
ਫਿਰ ਵੀ, ਅਸੀਂ ਅੱਜ ਦੀ ਇਕ ਵਿਸ਼ੇਸ਼ ਆਧੁਨਿਕ ਚੁਣੌਤੀ-ਬਹੁਤ ਜ਼ਿਆਦਾ ਡਿਜੀਟਲ ਵਰਤੋਂ ਅਤੇ ਸਕ੍ਰੀਨ ਟਾਈਮ ਦਾ ਸਾਹਮਣਾ ਕਰਨਾ ਹੈ। ਲੰਬੇ ਸਮੇਂ ਤੱਕ ਲਗਾਤਾਰ ਡਿਜੀਟਲ ਉਪਕਰਣਾਂ ਦੇ ਸੰਪਰਕ ਵਿਚ ਰਹਿਣ ਨਾਲ ਧਿਆਨ ਦੀ ਸਮਰੱਥਾ ਘਟ ਹੁੰਦੀ ਹੈ, ਨੀਂਦ ਵਿਚ ਰੁਕਾਵਟ ਆਉਂਦੀ ਹੈ ਅਤੇ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਅਸਰ ਪੈਂਦਾ ਹੈ। ਲਗਾਤਾਰ ਕੁਨੈਕਟੀਵਿਟੀ,ਆਨਲਾਈਨ ਤੁਲਨਾ ਅਤੇ ਡਿਜੀਟਲ ਓਵਰਸਟਿਮੂਲੇਸ਼ਨ ਦਾ ਦਬਾਅ ਅਕਸਰ ਪ੍ਰੀਖਿਆ ਦੇ ਤਣਾਅ ਨੂੰ ਵਧਾ ਦਿੰਦਾ ਹੈ ਅਤੇ ਉਸ ਮਾਈਂਡਫੁੱਲਨੈੱਸ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਨੂੰ ਅਸੀਂ ਬੱਚਿਆਂ ਵਿਚ ਵਿਕਸਿਤ ਕਰਨਾ ਚਾਹੁੰਦੇ ਹਾਂ। ਇੱਥੇ ਹੀ ਮਾਤਾ-ਪਿਤਾ ਅਤੇ ਅਧਿਆਪਕ ਮਿਲ ਕੇ ਭੂਮਿਕਾ ਨਿਭਾ ਸਕਦੇ ਹਨ। ਉਪਕਰਣਾਂ ਦੀ ਵਰਤੋਂ ਲਈ ਸੁਰੱਖਿਅਤ ਸੀਮਾਵਾਂ ਤੈਅ ਕਰ ਕੇ, ਨਾਲ ਹੀ ਸਰੀਰਕ ਗਤੀਵਿਧੀਆਂ, ਸਿਰਜਣਾਤਮਕ ਯਤਨਾਂ ਅਤੇ ਪਰਿਵਾਰਕ ਸੰਵਾਦ ਜਿਹੇ ਵਿਕਲਪਾਂ ਪ੍ਰਤੀ ਉਤਸ਼ਾਹਿਤ ਕਰ ਕੇ ਅਸੀਂ ਮੁੜ ਸੰਤੁਲਨ ਸਥਾਪਿਤ ਕਰ ਸਕਦੇ ਹਾਂ।
ਬੱਚੇ-ਪ੍ਰਗਤੀ ਦੇ ਮੋਢੀ
ਵਿਕਸਿਤ ਭਾਰਤ ਦੇ ਲਈ ਸਾਰੇ ਖੇਤਰਾਂ ’ਚ ਉੱਤਮਤਾ ਜ਼ਰੂਰੀ ਹੈ। ਜਦੋਂ ਬੱਚੇ ਆਪਣੀਆਂ ਵਿਸ਼ੇਸ਼ ਸਮਰੱਥਾਵਾਂ ਨੂੰ ਲੱਭਣ ਅਤੇ ਉਨ੍ਹਾਂ ਦਾ ਵਿਕਾਸ ਕਰਨ ਲਈ ਆਜ਼ਾਦ ਹੁੰਦੇ ਹਨ ਤਾਂ ਰਾਸ਼ਟਰ, ਸਿਰਜਣਾਤਮਕਤਾ, ਸਮਾਵੇਸ਼ ਅਤੇ ਸਮੂਹਿਕ ਪ੍ਰਗਤੀ ਰਾਹੀਂ ਅੱਗੇ ਵਧਦੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਯੁੱਗ ਵਿਚ ਉਤਸੁਕਤਾ ਅਤੇ ਸਮੱਸਿਆ-ਸਮਾਧਾਨ ਦੇ ਦਰਮਿਆਨ ਪਾੜਾ ਘਟ ਗਿਆ ਹੈ। ਅਧਿਆਪਕਾਂ, ਮਾਤਾ-ਪਿਤਾ ਅਤੇ ਸਰਪ੍ਰਸਤਾਂ ਦੇ ਰੂਪ ’ਚ ਸਾਡੇ ਲਈ ਇਹ ਯਕੀਨੀ ਕਰਨਾ ਲਾਜ਼ਮੀ ਹੈ ਕਿ ਬੱਚੇ ਇਸ ਖੋਜ ’ਚ ਸਮਰੱਥ ਹੋ ਸਕਣ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਹੀ ਉਪਕਰਣ, ਸਪੱਸ਼ਟ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਅਤੇ ਵਰਤੋਂ ਕਰਨ, ਨਵੀਨਤਾ ਕਰਨ ਇੱਥੋਂ ਤੱਕ ਕਿ ਅਸਫਲ ਹੋਣ ਤੱਕ ਦੀ ਸੁਤੰਤਰਤਾ ਦਿੰਦੇ ਹੋਏ ਉਨ੍ਹਾਂ ਦਾ ਨਿਰੰਤਰ ਮਾਰਗਦਰਸ਼ਨ ਅਤੇ ਸਹਿਯੋਗ ਕੀਤਾ ਜਾਵੇ।
ਅੱਜ ਦੇ ਬੱਚੇ ਵਿਕਸਿਤ ਭਾਰਤ 2047 ਦੇ ਮੋਢੀ ਹਨ। ਜੋ ਬੱਚੇ ਨਿਡਰ ਹੋ ਕੇ ਸਿੱਖਦੇ ਹਨ, ਆਤਮ-ਵਿਸ਼ਵਾਸ ਦੇ ਨਾਲ ਨਵੀਨਤਾ ਕਰਦੇ ਹਨ ਅਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ’ਚ ਸਥਿਰ ਰਹਿੰਦੇ ਹੋਏ ਦੁਨੀਆ ਨਾਲ ਜੁੜਦੇ ਹਨ, ਉਹ ਹੀ ਵਰਤਮਾਨ ’ਚ ਵਿਕਸਿਤ ਭਾਰਤ ਦਾ ਨਿਰਮਾਣ ਕਰ ਰਹੇ ਹਨ। ਅਜਿਹੇ ਬੱਚਿਆਂ ਦਾ ਸਮਰਥਨ ਇਕ ਅਜਿਹੀ ਸਿੱਖਿਆ ਪ੍ਰਣਾਲੀ ਰਾਹੀਂ ਕੀਤਾ ਜਾਣਾ ਚਾਹੀਦਾ ਹੈ, ਜੋ ਦਿਮਾਗ, ਦਿਲ ਅਤੇ ਹੱਥਾਂ-ਤਿੰਨਾਂ ਦੇ ਵਿਕਾਸ ’ਤੇ ਕੇਂਦ੍ਰਿਤ ਹੋਵੇ; ਇਕ ਅਜਿਹੀ ਪ੍ਰਣਾਲੀ ਜੋ ਪ੍ਰਤਿਭਾ ਦਾ ਉਤਸਵ ਮਨਾਉਂਦੀ ਹੈ, ਉਦੇਸ਼ ਨੂੰ ਪੋਸ਼ਿਤ ਕਰੇ ਅਤੇ ਉਨ੍ਹਾਂ ਨੂੰ ਸਾਰਥਕ ਜੀਵਨ ਲਈ ਤਿਆਰ ਕਰੇ। ਇਹੀ ਹੈ ਪ੍ਰੀਖਿਆ ’ਤੇ ਚਰਚਾ ਦੀ ਭਾਵਨਾ : ਬੱਚਿਆਂ ਨੂੰ ਡਰ ਤੋਂ ਮੁਕਤ ਕਰਨਾ ਅਤੇ ਉਨ੍ਹਾਂ ਨੂੰ ਭਾਰਤ 2047 ਦੇ ਲਈ ਆਤਮ-ਵਿਸ਼ਵਾਸ ਨਾਲ ਭਰਪੂਰ ਨਾਗਰਿਕ ਦੇ ਰੂਪ ’ਚ ਤਿਆਰ ਕਰਨਾ।
-ਧਰਮੇਂਦਰ ਪ੍ਰਧਾਨ
