ਦੇਰ ਨਾਲ ਆਉਣਾ, ਇਸ ਲਈ ਅਹਿਮ...!

Thursday, Apr 30, 2026 - 05:26 PM (IST)

ਦੇਰ ਨਾਲ ਆਉਣਾ, ਇਸ ਲਈ ਅਹਿਮ...!

ਸਮਾਜ ’ਚ ਇਕ ਅਜੀਬ ਬੀਮਾਰੀ ਫੈਲ ਰਹੀ ਹੈ ਅਤੇ ਇਸ ਨੂੰ ‘ਸੋਚ-ਸਮਝ ਕੇ ਕੀਤੀ ਗਈ ਦੇਰੀ’ ਕਿਹਾ ਜਾਂਦਾ ਹੈ। ਇਹ ਟ੍ਰੈਫਿਕ, ਮਾਨਸੂਨ ਦੇ ਟੋਇਆਂ ਜਾਂ ਆਟੋ ਰਿਕਸ਼ਾ ਨਾ ਮਿਲਣ ਦੇ ਕਾਰਨ ਨਹੀਂ ਹੁੰਦੀ। ਇਹ ਅਸੁਰੱਖਿਆ ਦੇ ਕਾਰਨ ਹੁੰਦੀ ਹੈ।

ਕੁਝ ਲੋਕ ਇਸ ਲਈ ਦੇਰ ਨਾਲ ਨਹੀਂ ਪਹੁੰਚਦੇ ਕਿਉਂਕਿ ਉਨ੍ਹਾਂ ਨੂੰ ਦੇਰ ਹੋ ਗਈ ਹੈ, ਉਹ ਇਸ ਲਈ ਦੇਰ ਨਾਲ ਪਹੁੰਚਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਮਹੱਤਵ ਵਧ ਜਾਂਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਨੂੰ ਉਡੀਕ ਕਰਵਾਉਣੀ ਇਸ ਗੱਲ ਦਾ ਸਬੂਤ ਹੈ ਕਿ ਦੂਜਾ ਵਿਅਕਤੀ ਮਾਅਨੇ ਰੱਖਦਾ ਹੈ।

ਕਿਸੇ ਸਮਾਗਮ ’ਚ ਮੁੱਖ ਮਹਿਮਾਨ ਨੂੰ ਦੇਖੋ। ਦਰਸ਼ਕ ਜਮ੍ਹਾ ਹੋ ਚੁੱਕੇ ਹਨ, ਪ੍ਰਬੰਧਕ ਪਸੀਨੇ ਨਾਲ ਪਿੱਝੇ ਪਏ ਹਨ, ਚਾਹ ਠੰਢੀ ਹੋ ਚੁੱਕੀ ਹੈ ਪਰ ‘ਵੱਡੇ ਸਾਹਿਬ’ ਅਜੇ ‘ਰਸਤੇ ’ਚ’ ਹਨ। ਜਿਸ ਦਾ ਸਾਡੇ ਦੇਸ਼ ’ਚ ਮਤਲਬ 10 ਮਿੰਟ ਤੋਂ ਲੈ ਕੇ ਅਨੰਤ ਕਾਲ ਤੱਕ ਕੁਝ ਵੀ ਹੋ ਸਕਦਾ ਹੈ। ਫਿਰ ਉਹ ਮੁਸਕਰਾਉਂਦੇ ਹੋਏ, ਆਪਣਾ ਸ਼ਾਲ ਠੀਕ ਕਰਦੇ ਹੋਏ ਆਉਂਦੇ ਹਨ ਅਤੇ ਫੁੱਲਾਂ ਨੂੰ ਇਸ ਤਰ੍ਹਾਂ ਸਵੀਕਾਰ ਕਰਦੇ ਹਨ, ਜਿਵੇਂ ਕਿ ਉਹ ਦੇਰੀ ਹੀ ਤਾਲੀਆਂ ਦੇ ਲਾਇਕ ਹੋਵੇ।

ਇਹ ਸਭ ਇਸ ਲਈ, ਕਿਉਂਕਿ ਕਿਤੇ ਨਾ ਕਿਤੇ ਅਸੀਂ ਦੂਜਿਆਂ ਨੂੰ ਉਡੀਕ ਕਰਵਾਉਣ ਨੂੰ ‘ਅਹਿਮ ਹੋਣ’ ਦੀ ਗ਼ਲਤਫ਼ਹਿਮੀ ਪਾਲ ਲਈ ਹੈ।

ਮੈਂ ਵਿਆਹਾਂ ’ਚ ਵੀ ਇਹੀ ਦੇਖਿਆ ਹੈ। ਮਹਿਮਾਨ ਤਦ ਆਉਂਦੇ ਹਨ, ਜਦੋਂ ਸੂਪ ਇਤਿਹਾਸ ਬਣ ਚੁੱਕਾ ਹੁੰਦਾ ਹੈ ਅਤੇ ਆਈਸਕ੍ਰੀਮ ਪਿਘਲਣ ਲੱਗਦੀ ਹੈ। ਉਹ ਬੱਸ ਅੰਦਰ ਨਹੀਂ ਆਉਂਦੇ, ਉਹ ‘ਐਂਟਰੀ’ ਮਾਰਦੇ ਹਨ। ਉਹ ਕਮਰੇ ਨੂੰ ਸਕੈਨ ਕਰਦੇ ਹਨ ਕਿ ਕਿਸ ਨੇ ਉਨ੍ਹਾਂ ਨੂੰ ਦੇਖਿਆ। ਅਖ਼ੀਰ ਮਹੱਤਵ ਨੂੰ ਦੇਖਿਆ ਜਾਣਾ ਵੀ ਤਾਂ ਜ਼ਰੂਰੀ ਹੈ।

ਇੱਥੋਂ ਤੱਕ ਕਿ ਕਾਰੋਬਾਰੀ ਮੀਟਿੰਗਾਂ ’ਚ ਵੀ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਮੰਨਦੇ ਹਨ ਕਿ ਦੇਰ ਨਾਲ ਆਉਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਬਹੁਤ ਭਾਰੀ ਮੰਗ ਹੈ। “ਮਾਫ਼ ਕਰਨਾ, ਦੂਜੀ ਮੀਟਿੰਗ ’ਚ ਫਸ ਗਿਆ ਸੀ,” ਉਹ ਬਹੁਤ ਮਹੱਤਵਪੂਰਨ ਅੰਦਾਜ਼ ’ਚ ਫੁਸਫੁਸਾਉਂਦੇ ਹਨ, ਹਾਲਾਂਕਿ ਸ਼ੱਕ ਹੁੰਦਾ ਹੈ ਕਿ ਪਿਛਲੀ ਰੁਝੇਵੇਂ ’ਚ ਸਮੋਸਾ ਅਤੇ ਦੂਜੀ ’ਚ ਚਾਹ ਦਾ ਕੱਪ ਸ਼ਾਮਲ ਸੀ। ਫਿਰ ਵੀ, ਦੇਰੀ ਨੂੰ ਤਮਗੇ ਦੀ ਤਰ੍ਹਾਂ ਪਹਿਨਿਆ ਜਾਂਦਾ ਹੈ।

ਅਤੇ ਮੈਨੂੰ ਅਕਸਰ ਲੱਗਦਾ ਹੈ ਕਿ ਇਸ ਦਾ ਸਬੰਧ ਅਹੁਦੇ ਨਾਲ ਘੱਟ ਅਤੇ ਅਸੁਰੱਖਿਆ ਨਾਲ ਜ਼ਿਆਦਾ ਹੈ। ਅਸੁਰੱਖਿਅਤ ਵਿਅਕਤੀ ਚਾਹੁੰਦਾ ਹੈ ਕਿ ਲੋਕ ਦਰਵਾਜ਼ੇ ਵੱਲ ਦੇਖਦੇ ਰਹਿਣ। ਉਹ ਚਾਹੁੰਦਾ ਹੈ ਕਿ ਜਦੋਂ ਉਹ ਦਾਖਲ ਹੋਣ ਤਾਂ ਕਮਰਾ ਠਹਿਰ ਜਾਵੇ ਪਰ ਸੁਰੱਖਿਅਤ ਲੋਕਾਂ ਨੂੰ ਸਜਾਵਟ ਦੇ ਤੌਰ ’ਤੇ ਦੇਰੀ ਦੀ ਜ਼ਰੂਰਤ ਨਹੀਂ ਹੁੰਦੀ।

ਮੇਰੇ ਪਿਤਾ ਨੇ ਮੈਨੂੰ ਕੁਝ ਬਹੁਤ ਵੱਖਰਾ ਸਿਖਾਇਆ ਸੀ। ਉਹ ਕਹਿੰਦੇ ਸਨ, “ਬੇਟੇ, ਸਮੇਂ ਸਿਰ ਰਹੋ, ਕਿਉਂਕਿ ਪਾਬੰਦ ਹੋਣਾ ਦੂਜੇ ਵਿਅਕਤੀ ਦੇ ਸਮੇਂ ਦਾ ਸਨਮਾਨ ਕਰਨਾ ਹੈ।” ਉਨ੍ਹਾਂ ਨੇ ਸਮੇਂ ਦੀ ਪਾਬੰਦੀ ਨੂੰ ਸਿਰਫ ਇਕ ਆਦਤ ਨਹੀਂ, ਸਗੋਂ ਇਕ ਸ਼ਿਸ਼ਟਾਚਾਰ ਬਣਾ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਬਿਨਾਂ ਕਿਸੇ ਕਾਰਨ ਦੇ ਦੇਰ ਕਰਨਾ ਹੰਕਾਰ ਦਾ ਇਕ ਸ਼ਾਂਤ ਰੂਪ ਹੈ। ਮੈਂ ਇਸ ਨੂੰ ਸਾਰੀ ਜ਼ਿੰਦਗੀ ਆਪਣੇ ਨਾਲ ਰੱਖਿਆ ਹੈ।

ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਉਡੀਕ ਕਰਵਾਉਂਦੇ ਹੋ, ਤਾਂ ਤੁਸੀਂ ਅਸਲ ’ਚ ਕੀ ਕਹਿ ਰਹੇ ਹੁੰਦੇ ਹੋ? ਇਹੀ ਕਿ ਤੁਹਾਡਾ ਸਮਾਂ ਉਨ੍ਹਾਂ ਦੇ ਸਮੇਂ ਤੋਂ ਵੱਧ ਕੀਮਤੀ ਹੈ ਅਤੇ ਇਹ ਅਸੁਰੱਖਿਆ ਤੋਂ ਇਲਾਵਾ ਹੋਰ ਕੀ ਹੈ ਜੋ ਮਹੱਤਵ ਦਾ ਚੋਲਾ ਪਹਿਨੀ ਬੈਠੀ ਹੈ?

ਤ੍ਰਾਸਦੀ ਇਹ ਹੈ ਕਿ ਅਸਲ ’ਚ ਮਹੱਤਵਪੂਰਨ ਲੋਕ ਅਕਸਰ ਇਸ ਦੇ ਉਲਟ ਕਰਦੇ ਹਨ। ਉਹ ਸਮੇਂ ’ਤੇ ਆਉਂਦੇ ਹਨ। ਕਦੇ-ਕਦੇ ਜਲਦੀ ਵੀ। ਉਨ੍ਹਾਂ ਨੂੰ ਆਪਣੀ ਅਹਿਮੀਅਤ ਸਾਬਤ ਕਰਨ ਲਈ ਕਿਸੇ ਨਾਟਕ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਦਾ ਸਵੈ -ਭਰੋਸਾ ਕਿਸੇ ਨਾਟਕੀ ਆਮਦ ’ਤੇ ਨਿਰਭਰ ਨਹੀਂ ਹੁੰਦਾ।

ਸ਼ਾਇਦ ਅਸੀਂ ਵੱਕਾਰ ਨੂੰ ਸ਼ੁਰੂ ਤੋਂ ਹੀ ਗ਼ਲਤ ਸਮਝਿਆ ਹੈ।

ਜੋ ਵਿਅਕਤੀ ਕਮਰੇ ’ਚ ਸਾਰਿਆਂ ਨੂੰ ਉਡੀਕ ਕਰਵਾਉਂਦਾ ਹੈ, ਉਹ ਮਹੱਤਵਪੂਰਨ ‘ਦਿਸ’ ਸਕਦਾ ਹੈ ਪਰ ਉਹ ਵਿਅਕਤੀ ਜੋ ਕਮਰੇ ’ਚ ਕਿਸੇ ਨੂੰ ਉਡੀਕ ਨਹੀਂ ਕਰਵਾਉਂਦਾ, ਉਹੀ ਅਸਲ ’ਚ ਮਹੱਤਵਪੂਰਨ ‘ਹੈ’।

ਇਕ ਵਿਅਕਤੀ ਧਿਆਨ ਖਿੱਚਣਾ ਚਾਹੁੰਦਾ ਹੈ। ਦੂਜੇ ਦੇ ਕੋਲ ‘ਕੱਦ’ ਹੁੰਦਾ ਹੈ।

ਦੇਰੀ ਅਸੁਰੱਖਿਅਤ ਲੋਕਾਂ ਵੱਲੋਂ ਸ਼ਕਤੀ ਦਾ ਪ੍ਰਦਰਸ਼ਨ ਹੈ, ਜਦਕਿ ਸਮੇਂ ਦੀ ਪਾਬੰਦੀ ਉਨ੍ਹਾਂ ਲੋਕਾਂ ਵੱਲੋਂ ਕੁਲੀਨਤਾ ਦਾ ਸਭ ਤੋਂ ਸ਼ਾਂਤ ਰੂਪ ਹੈ, ਜੋ ਖ਼ੁਦ ’ਚ ਸੁਰੱਖਿਅਤ ਹਨ...!

-ਰਾਬਰਟ ਕਲੀਮੈਂਟਸ


author

Harpreet SIngh

Content Editor

Related News