‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!

Thursday, Apr 30, 2026 - 03:57 AM (IST)

‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!

ਭਾਰਤ ’ਚ ਰੋਜ਼ਾਨਾ ਲੱਗਭਗ 27,000 ਲੋਕਾਂ ਦੀ ਮੌਤ ਹੁੰਦੀ ਹੈ, ਜਿਨ੍ਹਾਂ ਦੇ ਅੰਗ ਵੀ ਉਨ੍ਹਾਂ ਦੇ ਅੰਤਿਮ ਸੰਸਕਾਰ ਨਾਲ ਨਸ਼ਟ ਹੋ ਜਾਂਦੇ ਹਨ ਪਰ ਸਰੀਰ ਦੇ 9 ਅੰਗ ਮੌਤ ਤੋਂ ਬਾਅਦ ਦਾਨ ਕੀਤੇ ਜਾ ਸਕਦੇ ਹਨ ਜਿਸ ਨਾਲ 28 ਤਰ੍ਹਾਂ ਦੇ ਰੋਗੀਆਂ ਨੂੰ ਨਵਾਂ ਜੀਵਨ ਮਿਲ ਸਕਦਾ ਹੈ। ਮ੍ਰਿਤਕ ਸਰੀਰ ਦੀ ਅੱਖ, ਲੀਵਰ, ਕਿਡਨੀ, ਫੇਫੜੇ, ਦਿਲ, ਚਮੜੀ ਆਦਿ।

ਕਈ ਵਾਰ ਕਿਸੇ ਹਾਦਸੇ ’ਚ ਵਿਅਕਤੀ ਦੇ ‘ਬ੍ਰੇਨ ਡੈੱਡ’ ਹੋ ਜਾਣ ’ਤੇ ਉਸ ਦਾ ਬਚਣਾ ਔਖਾ ਹੁੰਦਾ ਹੈ। ਉਦੋਂ ਅਜਿਹੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਦਾਨ ਕੀਤੇ ਉਨ੍ਹਾਂ ਦੇ ਅੰਗ ਕਿਸੇ ਦੂਜੇ ਮੌਤ ਦੇ ਕੰਢੇ ਪਏ ਰੋਗੀ ਦਾ ਜੀਵਨ ਬਚਾਅ ਸਕਦੇ ਹਨ।

ਦਾਨ ਕੀਤੀ ਗਈ ਚਮੜੀ 5 ਸਾਲ ਤੱਕ ਸੁਰੱਖਿਅਤ ਰਹਿੰਦੀ ਹੈ ਅਤੇ ਇਹ ਤੇਜ਼ਾਬ ਦੇ ਹਮਲੇ, ਆਤਿਸ਼ਬਾਜ਼ੀ ਦੇ ਸ਼ਿਕਾਰ ਜਾਂ ਸੜੇ ਲੋਕਾਂ ਦੇ ਕੰਮ ਆ ਸਕਦੀ ਹੈ। ‘ਬ੍ਰੇਨ ਡੈੱਡ’ ਵਿਅਕਤੀ ਦਾ ਲੀਵਰ ਤਿੰਨ ਵਿਅਕਤੀਅਾਂ ਦੇ ਕੰਮ ਆ ਸਕਦਾ ਹੈ। ਇਸੇ ਤਰ੍ਹਾਂ ਸਰੀਰ ਦੇ ਹੋਰ ਕਈ ਅੰਗ ਵੀ ਦੂਜੇ ਲੋੜਵੰਦਾਂ ਦੇ ਕੰਮ ਆ ਸਕਦੇ ਹਨ। ਇਥੇ ਪਿਛਲੇ ਲੱਗਭਗ ਢਾਈ ਮਹੀਨਿਅਾਂ ’ਚ ਅੰਗ ਦਾਨ ਦੀਆਂ ਸਾਹਮਣੇ ਆਈਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 16 ਫਰਵਰੀ ਨੂੰ ‘ਕੋਟਾਯਮ’ (ਕੇਰਲ) ’ਚ ਸੜਕ ਹਾਦਸੇ ’ਚ ਮਰਨ ਵਾਲੀ 10 ਸਾਲਾ ਬੱਚੀ ਦੇ ਮਾਤਾ-ਪਿਤਾ ਨੇ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ। ਇਸ ਮੁਤਾਬਕ ਉਨ੍ਹਾਂ ਉਸ ਦੇ ਲੀਵਰ, ਦੋਹਾਂ ਕਿਡਨੀਅਾਂ, ਹਾਰਟ ਵਾਲਵ ਅਤੇ ਅੱਖਾਂ ਦਾ ਦਾਨ ਕਰ ਦਿੱਤਾ ਜਿਸ ਨਾਲ 5 ਲੋੜਵੰਦਾਂ ਨੂੰ ਨਵਾਂ ਜੀਵਨ ਮਿਲਿਆ।

* 23 ਫਰਵਰੀ 2026 ਨੂੰ ‘ਬੈਂਗਲੁਰੂ’ (ਕਰਨਾਟਕ) ਵਿਖੇ ਮੋਟਰਸਾਈਕਲ ਤੋਂ ਡਿੱਗ ਕੇ ਬ੍ਰੇਨ ਡੈੱਡ ਹੋਏ ‘ਦਰਸ਼ਨ’ ਨਾਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲੀਵਰ, ਕਿਡਨੀ ਅਤੇ ਹਾਰਟ ਵਾਲਵ ਸਮੇਤ ਹੋਰ ਅੰਗ ਦਾਨ ਕਰ ਦਿੱਤੇ ਜਿਸ ਨਾਲ 6 ਰੋਗੀਆਂ ਨੂੰ ਨਵਾਂ ਜੀਵਨ ਮਿਲਿਆ।

* 24 ਮਾਰਚ ਨੂੰ ਇਕ ਹਾਦਸੇ ’ਚ ਜ਼ਖਮੀ ਹੋਣ ਦੇ ਸਿੱਟੇ ਵਜੋਂ 13 ਸਾਲਾਂ ਤੋਂ ਕੋਮਾਂ ’ਚ ਚਲੇ ਆ ਰਹੇ ‘ਹਰੀਸ਼ ਰਾਣਾ’ ਦੇ ਦਿੱਲੀ ਏਮਜ਼ ’ਚ ਦਿਹਾਂਤ ਪਿਛੋਂ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦੇ ਹਾਰਟ ਵਾਲਵ ਅਤੇ ਕਾਰਨੀਅਾਂ ਨੂੰ ਲੋੜਵੰਦਾਂ ਲਈ ਦਾਨ ਕਰ ਦਿੱਤਾ। ਮੌਤ ਤੋਂ ਬਾਅਦ ਵੀ ‘ਹਰੀਸ਼ ਰਾਣਾ’ ਕਿਸੇ ਦੇ ਦਿਲ ’ਚ ਧੜਕਦੇ ਰਹਿਣਗੇ ਅਤੇ ਉਨ੍ਹਾਂ ਦੀਆਂ ਅੱਖਾਂ ਦੁਨੀਆਂ ਨੂੰ ਦੇਖਦੀਆਂ ਰਹਿਣਗੀਆਂ।

* 17 ਅਪ੍ਰੈਲ ਨੂੰ ‘ਅਹਿਮਦਾਬਾਦ’ (ਗੁਜਰਾਤ) ਦੇ ਸਿਵਲ ਹਸਪਤਾਲ ’ਚ 39 ਸਾਲਾ ਬ੍ਰੇਨ ਡੈੱਡ ‘ਮਨੂੰਭਾਈ ਪਰਮਾਰ’ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਹਾਰਟ, ਲੀਵਰ, ਦੋਵੇਂ ਕਿਡਨੀਅਾਂ, ਅੱਖਾਂ ਅਤੇ ਚਮੜੀ ਸਮੇਤ 7 ਅੰਗ ਲੋੜਵੰਦਾਂ ਲਈ ਦਾਨ ਕਰ ਦਿੱਤੇ। ਇਨ੍ਹਾਂ ਨਾਲ 7 ਲੋੜਵੰਦ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ।

* 23 ਅਪ੍ਰੈਲ ਨੂੰ ‘ਰੋਹਤਕ’ (ਹਰਿਆਣਾ) ਸਥਿਤ ਪੀ. ਜੀ. ਆਈ. ’ਚ ਸੜਕ ਹਾਦਸੇ ’ਚ ਬ੍ਰੇਨ ਡੈੱਡ ਪਏ 16 ਸਾਲਾ ‘ਹਰਸ਼’ ਦੀ ਇਕ ਕਿਡਨੀ ਹੈਲੀਕਾਪਟਰ ਰਾਹੀਂ ਪੰਚਕੂਲਾ ਸਥਿਤ ‘ਚੰਡੀ ਆਰਮੀ ਹਸਪਤਾਲ’ ਵਿਖੇ ਭੇਜ ਕੇ ਇਕ ਲੋੜਵੰਦ ਨੂੰ ਲਾਈ ਗਈ ਅਤੇ ਉਸ ਦਾ ਲੀਵਰ ‘ਇੰਸਟੀਚਿਊਟ ਆਫ ਲੀਵਰ ਐਂਡ ਬਿਲਿਅਰੀ ਸਾਇੰਸਿਜ਼ ਦਿੱਲੀ’ ਵਿਚ ਲੋੜਵੰਦ ਲਈ ਭੇਜਿਆ ਗਿਆ ਅਤੇ ਹੋਰ ਅੰਗ ਪੀ. ਜੀ. ਆਈ. ਰੋਹਤਕ ਵਿਖੇ ਲੋੜਵੰਦਾਂ ਨੂੰ ਲਾਉਣ ਲਈ ਰੱਖੇ ਗਏ ਹਨ।

* 27 ਅਪ੍ਰੈਲ ਨੂੰ ਚਾਰਾ ਵੱਢਣ ਵਾਲੀ ਮਸ਼ੀਨ ਕਾਰਨ ਹੋਏ ਹਾਦਸੇ ’ਚ ਦੋਵੇਂ ਹੱਥ ਗੁਆਉਣ ਵਾਲੀ ਮੁਟਿਅਾਰ ਨੂੰ ਦਿੱਲੀ ਦੇ ‘ਸਰ ਗੰਗਾਰਾਮ ਹਸਪਤਾਲ’ ਵਿਚ ਇਕ ਬ੍ਰੇਨ ਡੈੱਡ ਡੋਨਰ ਦੇ ਪਰਿਵਾਰਕ ਮੈਂਬਰਾਂ ਵਲੋਂ ਦਾਨ ਕੀਤੇ ਗਏ ਹੱਥ ਲਾ ਕੇ ਨਵਾਂ ਜੀਵਨ ਦਿੱਤਾ ਗਿਆ।

* 27 ਅਪ੍ਰੈਲ ਨੂੰ ਹੀ ‘ਸੇਲੀਅਾਮੋਡੂ’ (ਪੁਡੂਚੇਰੀ) ’ਚ ਇਕ ਸੜਕ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਰੋਗੀ ਨੂੰ ‘ਇੰਦਰਾ ਗਾਂਧੀ ਸਰਕਾਰੀ ਜਨਰਲ ਹਸਪਤਾਲ’ ਦੇ ਡਾਕਟਰਾਂ ਵਲੋਂ ਬ੍ਰੇਨ ਡੈੱਡ ਐਲਾਨੇ ਜਾਣ ਪਿਛੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀਆਂ 2 ਕਿਡਨੀਆਂ ਅਤੇ ਕਾਰਨੀਆ ਲੋੜਵੰਦਾਂ ਨੂੰ ਦਾਨ ਕਰ ਦਿੱਤੇ।

ਕਿਸੇ ਵਿਅਕਤੀ ਵਲੋਂ ਕੀਤੇ ਗਏ ਖੂਨ ਦਾਨ ਨਾਲ ਜਿਥੇ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਦੀ ਹੈ, ਉਸੇ ਤਰ੍ਹਾਂ ‘ਬ੍ਰੇਨ ਡੈੱਡ’ ਵਿਅਕਤੀ ਦੇ ਅੰਗ ਦਾਨ ਨਾਲ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਸਮਾਜ ’ਚ ਜੋ ਸਤਿਕਾਰ ਮਿਲਦਾ ਹੈ ਉਹ ਵੱਖਰਾ।

ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਕਰ ਦੇਣ ਨਾਲ ਉਹ ਅੰਗ ਵੀ ਨਸ਼ਟ ਹੋ ਜਾਂਦੇ ਹਨ ਜਿਨ੍ਹਾਂ ’ਚ ਪ੍ਰਾਣ ਹੋਣ ਕਾਰਨ ਉਨ੍ਹਾਂ ਤੋਂ ਕਿਸੇ ਲੋੜਵੰਦ ਨੂੰ ਨਵਾਂ ਜੀਵਨ ਮਿਲ ਸਕਦਾ ਹੈ। ਇਸ ਲਈ ਲੋਕਾਂ ਨੂੰ ਬ੍ਰੇਨ ਡੈੱਡ ਵਿਅਕਤੀ ਜਾਂ ਮੌਤ ਹੋਣ ’ਤੇ ਵਿਅਕਤੀ ਦੇ ਵਰਤੋਂ ਕਰਨ ਯੋਗ ਅੰਗਾਂ ਦਾ ਦਾਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ।

–ਵਿਜੇ ਕੁਮਾਰ


author

Sandeep Kumar

Content Editor

Related News