ਭਾਰਤੀ ਰਾਜਨੀਤੀ ਦੇ ਰਿਸ਼ੀ ਸਨ ਮਧੂ ਲਿਮਏ
Wednesday, Apr 29, 2026 - 04:20 PM (IST)
ਮੈਂ ਕਿਹਾ, ‘‘ਇਸ ਮਈ ਦਿਵਸ ’ਤੇ ਮਧੂ ਲਿਮਏ 104 ਵਰ੍ਹਿਆਂ ਦੇ ਹੋ ਜਾਂਦੇ।’’ ਇਕ ਨੌਜਵਾਨ ਨੇ ਪੁੱਛਿਆ, ‘‘ਮਧੂ ਲਿਮਏ ਕੌਣ ਸੀ?’’ ਅੱਜ ਦੇ ਨੌਜਵਾਨ ਨਹੀਂ ਜਾਣਦੇ ਕਿ ਮਧੂ ਲਿਮਏ ਮਰਦ ਸਨ ਕਿ ਔਰਤ, ਸਿਆਸਤਦਾਨ ਸਨ ਕਿ ਅਦਾਕਾਰ, ਖੱਬੇ-ਪੱਖੀ ਸਨ ਜਾਂ ਸੱਜੇ-ਪੱਖੀ। ਇਹ ਸੁਣ ਕੇ ਮੈਨੂੰ ਦੁੱਖ ਤਾਂ ਹੁੰਦਾ ਹੈ, ਪਰ ਹੈਰਾਨੀ ਨਹੀਂ। ਦੋਸ਼ ਉਨ੍ਹਾਂ ਦਾ ਨਹੀਂ, ਸਾਡਾ ਹੈ। ਰਾਜਨੀਤੀ ’ਚ ਕਿਸ ਨੂੰ ਯਾਦ ਕੀਤਾ ਜਾਵੇਗਾ, ਇਹ ਉਸ ਵਿਅਕਤੀ ਦੇ ਕੰਮ ਨਾਲੋਂ ਜ਼ਿਆਦਾ ਉਸ ਦੇ ਵਾਰਿਸਾਂ ਦੀ ਹੈਸੀਅਤ ’ਤੇ ਨਿਰਭਰ ਕਰਦਾ ਹੈ। ਜਿੰਨਾ ਉਸ ਦੇ ਵਾਰਿਸਾਂ ਦਾ ਵਜ਼ਨ, ਓਨਾ ਹੀ ਉਸ ਦੇ ਨਾਂ ਦਾ ਚਲਨ। ਵਾਰਿਸ ਖਾਨਦਾਨੀ ਹੋ ਸਕਦੇ ਹਨ, ਜਾਤ-ਭਾਈਚਾਰੇ ਦੇ ਹੋ ਸਕਦੇ ਹਨ ਜਾਂ ਫਿਰ ਰਾਜਨੀਤਕ ਅਤੇ ਵਿਚਾਰਕ। ਮਧੂ ਲਿਮਏ ਵੰਸ਼ਵਾਦੀ ਰਾਜਨੀਤੀ ਦੇ ਵਿਰੁੱਧ ਰਹੇ। ਜਨਮ ਤੋਂ ਬ੍ਰਾਹਮਣ ਸਨ ਪਰ ਜੀਵਨ ਭਰ ‘ਜਾਤ ਤੋੜੋ’ ਅਤੇ ਰਾਖਵੇਂਕਰਨ ਦੇ ਸਮਰਥਨ ’ਚ ‘ਪਿਛੜਾ ਪਾਵੇ ਸੌ ਮੇਂ ਸਾਠ’ ਦਾ ਨਾਅਰਾ ਬੁਲੰਦ ਕੀਤਾ। ਜੀਵਨ ਅਤੇ ਰਾਜਨੀਤੀ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਕੀਤੀ ਪਰ ਜੇਲ ਗਏ ਗੋਆ ਦੀ ਮੁਕਤੀ ਲਈ। ਲੋਕ ਸਭਾ ’ਚ ਬਿਹਾਰ ਦੇ ਮੁੰਗੇਰ ਅਤੇ ਬਾਂਕਾ ਦੀ ਨੁਮਾਇੰਦਗੀ ਕੀਤੀ। ਖਾਨਦਾਨੀ, ਖੇਤਰੀ ਅਤੇ ਜਾਤੀਵਾਦੀ ਰਾਜਨੀਤੀ ਦੇ ਦੌਰ ’ਚ ਉਨ੍ਹਾਂ ਨੂੰ ਕੌਣ ਯਾਦ ਕਰੇ?
ਉਨ੍ਹਾਂ ਦਾ ਘਰ ਅਤੇ ਖਾਨਦਾਨ ਸੀ ਸਮਾਜਵਾਦੀ ਅੰਦੋਲਨ, ਜੋ ਅੱਜ ਸਰਸਵਤੀ (ਨਦੀ) ਵਾਂਗ ਲੁਪਤ ਹੋ ਗਿਆ ਹੈ। ਕਦੇ-ਕਦਾਈਂ ਰਾਮ ਮਨੋਹਰ ਲੋਹੀਆ ਅਤੇ ਜੈਪ੍ਰਕਾਸ਼ ਦਾ ਨਾਂ ਯਾਦ ਆ ਜਾਂਦਾ ਹੈ। ਅੱਜਕੱਲ ਮੁਲਾਇਮ ਸਿੰਘ ਯਾਦਵ ਅਤੇ ਕਰਪੂਰੀ ਠਾਕੁਰ ਦਾ ਨਾਂ ਲੈਣ ਦਾ ਵੀ ਰੁਝਾਨ ਹੈ ਪਰ ਜਿਸ ਸਮਾਜਵਾਦੀ ਕਿਆਰੀ ’ਚ ਮਧੂ ਲਿਮਏ ਫਲੇ-ਫੁੱਲੇ, ਉਸ ਨੂੰ ਅੱਜ ਇਤਿਹਾਸ ਨੇ ਭੁਲਾ ਦਿੱਤਾ ਹੈ। ਭਾਵੇਂ ਸਮਾਜਵਾਦੀ ਅੰਦੋਲਨ ਦੇ ਸੰਸਥਾਪਕਾਂ ਆਚਾਰੀਆ ਨਰਿੰਦਰ ਦੇਵ, ਯੂਸੁਫ਼ ਮੇਹਰਾਲੀ, ਅਚਿਊਤ ਪਟਵਰਧਨ ਅਤੇ ਕਮਲਾਦੇਵੀ ਚੱਟੋਪਾਧਿਆਏ ਦੀ ਪੀੜ੍ਹੀ ਹੋਵੇ ਜਾਂ ਉਨ੍ਹਾਂ ਤੋਂ ਬਾਅਦ ਮਧੂ ਲਿਮਏ, ਜਾਰਜ ਫਰਨਾਂਡੀਜ਼, ਰਾਮਬ੍ਰਿਸ਼ ਬੈਨੀਪੁਰੀ, ਨਾਨਾਜੀ ਗੋਰੇ, ਸੁਰੇਂਦਰਨਾਥ ਦਿਵੇਦੀ, ਐੱਸ. ਐੱਮ. ਜੋਸ਼ੀ, ਰਬੀ ਰਾਏ, ਮਧੂ ਦੰਡਵਤੇ, ਪ੍ਰਮਿਲਾ ਦੰਡਵਤੇ, ਰਾਜਨਾਰਾਇਣ, ਮਣੀਰਾਮ ਬਾਗੜੀ, ਮ੍ਰਿਣਾਲ ਗੋਰੇ, ਕਿਸ਼ਨ ਪਟਨਾਇਕ ਵਰਗੇ ਨੇਤਾਵਾਂ ਦੀ ਕਤਾਰ ਹੋਵੇ, ਅੱਜ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ। ਅੱਜ ਦੀ ਸਮਾਜਵਾਦੀ ਰਾਜਨੀਤੀ ਦੇ ਝੰਡਾਬਰਦਾਰ ਵੀ ਨਹੀਂ ਜਾਣਦੇ। ਭਾਰਤੀ ਰਾਜਨੀਤੀ ਦੀ ਇਸ ਧਾਰਾ ਦਾ ਅਲੋਪ ਹੋਣਾ ਸਿਰਫ ਉਸ ਪਰੰਪਰਾ ਨਾਲ ਰਿਸ਼ਤਾ ਰੱਖਣ ਵਾਲਿਆਂ ਲਈ ਹੀ ਨਹੀਂ, ਸਗੋਂ ਭਾਰਤੀ ਰਾਜਨੀਤੀ ਅਤੇ ਵਿਚਾਰ ਪਰੰਪਰਾ ਲਈ ਇਕ ਧੱਕਾ ਹੈ।
ਪੁਣੇ ’ਚ 1922 ’ਚ ਜਨਮੇ ਮਧੂ ਲਿਮਏ 15 ਸਾਲ ਦੀ ਉਮਰ ’ਚ ਹੀ ਫਰਗੂਸਨ ਕਾਲਜ ’ਚ ਦਾਖ਼ਲਾ ਲੈ ਚੁੱਕੇ ਸਨ, ਆਜ਼ਾਦੀ ਦੇ ਅੰਦੋਲਨ ਨਾਲ ਜੁੜ ਚੁੱਕੇ ਸਨ ਅਤੇ ਸਮਾਜਵਾਦੀ ਵਿਚਾਰਧਾਰਾ ਵੱਲ ਖਿੱਚੇ ਗਏ ਸਨ। ਉਨ੍ਹਾਂ ਦਿਨਾਂ ’ਚ ਮਧੂ ਲਿਮਏ ਵਰਗੇ ਹੋਣਹਾਰ ਨੌਜਵਾਨ ਰਾਜਨੀਤੀ ਦਾ ਰਸਤਾ ਚੁਣਦੇ ਸਨ। ਭਾਰਤ ਛੱਡੋ ਅੰਦੋਲਨ ’ਚ ਰੂਪੋਸ਼ ਅਤੇ ਫਿਰ ਜੇਲ ’ਚ ਰਹਿਣ ਤੋਂ ਬਾਅਦ ਮਧੂ ਲਿਮਏ ਸਮਾਜਵਾਦੀ ਪਾਰਟੀ ਦੇ ਮੋਹਰੀ ਕਤਾਰ ਦੇ ਨੇਤਾ ਬਣੇ। ਆਜ਼ਾਦੀ ਤੋਂ ਬਾਅਦ ਵੀ ਗੋਆ ਦੇ ਪੁਰਤਗਾਲੀ ਬਸਤੀਵਾਦੀ ਰਾਜ ਤੋਂ ਮੁਕਤੀ ਦੇ ਅੰਦੋਲਨ ’ਚ ਭਾਗ ਲੈਣ ਕਾਰਨ ਲੰਬੀ ਕੈਦ ਕੱਟੀ। ਲੋਹੀਆ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਦੇ ਨੇਤਾ ਵਜੋਂ 4 ਵਾਰ ਸੰਸਦ ਮੈਂਬਰ ਰਹੇ। ਪੂਰੀ ਐਮਰਜੈਂਸੀ ਜੇਲ ’ਚ ਕੱਟੀ। ਜਨਤਾ ਪਾਰਟੀ ਦੇ ਸੰਸਥਾਪਕ ਰਹੇ ਅਤੇ ਜਨਸੰਘ ਦੇ ਮੈਂਬਰਾਂ ਵੱਲੋਂ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੀ ‘ਦੋਹਰੀ ਮੈਂਬਰਸ਼ਿਪ’ ਬਣਾਈ ਰੱਖਣ ਦੇ ਵਿਰੁੱਧ ਮੁਹਿੰਮ ਚਲਾਈ। ਇਸ ਦੇ ਕਾਰਨ ਜਨਤਾ ਪਾਰਟੀ ਦੋਫਾੜ ਹੋਈ ਅਤੇ ਜਨਤਾ ਸਰਕਾਰ ਡਿੱਗ ਗਈ। 60 ਸਾਲ ਦੀ ਉਮਰ ’ਚ 1982 ’ਚ ਮਧੂ ਲਿਮਏ ਨੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਅਤੇ ਅੰਤਿਮ 13 ਸਾਲ ਲੇਖਣੀ ਕਰਦਿਆਂ ਬਿਤਾਏ।
ਮਧੂ ਲਿਮਏ ਨੂੰ ਇਕ ਰਾਜਨੀਤਕ ਸਾਧੂ ਦੇ ਰੂਪ ’ਚ ਯਾਦ ਕੀਤਾ ਜਾ ਸਕਦਾ ਹੈ। ਵਿਲੱਖਣ ਵਿਦਿਆਰਥੀ ਹੋਣ ਦੇ ਬਾਵਜੂਦ ਨੌਕਰੀ-ਧੰਦਾ ਚਮਕਾਉਣ ਦੀ ਬਜਾਏ ਪੂਰਾ ਜੀਵਨ ਇਕ ਰਾਜਨੀਤਕ ਕਾਰਕੁੰਨ ਦੇ ਰੂਪ ’ਚ ਬਿਤਾਉਣਾ। ਲਗਾਤਾਰ ਸੰਘਰਸ਼, ਅੰਦੋਲਨ ਅਤੇ ਜੇਲ ਯਾਤਰਾ ਦਾ ਸਿਲਸਿਲਾ। 4 ਵਾਰ ਸੰਸਦ ਮੈਂਬਰ ਰਹਿਣ ਦੇ ਬਾਵਜੂਦ ਆਪਣੀ ਜੀਵਨ ਸਾਥਣ ਚੰਪਾ ਲਿਮਏ ਦੇ ਨਾਲ ਇਕ ਸਾਧਾਰਨ ਜਿਹੇ ਫਲੈਟ ’ਚ ਸਾਦਾ ਜੀਵਨ। ਐਮਰਜੈਂਸੀ ’ਚ ਲੋਕ ਸਭਾ ਦੀ ਮਿਆਦ ਨੂੰ ਗ਼ੈਰ-ਸੰਵਿਧਾਨਕ ਰੂਪ ’ਚ ਵਧਾਉਣ ਦੇ ਵਿਰੁੱਧ ਸੰਸਦ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਾ। ਜਨਤਾ ਸਰਕਾਰ ’ਚ ਮੰਤਰੀ ਅਹੁਦਾ ਜਾਂ ਕੋਈ ਸੁੱਖ-ਸੁਵਿਧਾ ਲੈਣ ਤੋਂ ਇਨਕਾਰ। ਅੱਜ ਦੀ ਰਾਜਨੀਤੀ ’ਚ ਆਦਰਸ਼ ਅਤੇ ਤਿਆਗ ਦੇ ਇਸ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਦੀ ਰਾਜਨੀਤਕ ਯਾਤਰਾ ਨੂੰ ਯਾਦ ਰੱਖਣ ਵਾਲੇ ਜੀਵਨ ਭਰ ਫ਼ਿਰਕਾਪ੍ਰਸਤੀ ਦੇ ਵਿਰੁੱਧ ਉਨ੍ਹਾਂ ਦੇ ਸੰਘਰਸ਼ ਨੂੰ ਉਜਾਗਰ ਕਰਨਗੇ। ਮਹਾਰਾਸ਼ਟਰ ’ਚ ਰਹਿੰਦਿਆਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਖ਼ਤਰੇ ਨੂੰ ਉਨ੍ਹਾਂ ਨੇ ਸ਼ੁਰੂ ਤੋਂ ਹੀ ਪਛਾਣ ਲਿਆ ਸੀ। ਇਸ ਸਵਾਲ ’ਤੇ ਉਨ੍ਹਾਂ ਨੇ ਸਮਾਜਵਾਦੀ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਸੀ। ਜਨਤਾ ਪਾਰਟੀ ’ਚ ਜਨਸੰਘ ਦਾ ਵਿਲੀਨ ਹੋਣ ਤੋਂ ਬਾਅਦ ਉਨ੍ਹਾਂ ਨੇ ਅਪੀਲ ਕੀਤੀ ਕਿ ਪਾਰਟੀ ਦੀ ਵਿਚਾਰਧਾਰਾ ਦੇ ਅਨੁਕੂਲ ਜਨਸੰਘ ਦੇ ਨੇਤਾ ਸੰਘ ਨਾਲੋਂ ਆਪਣਾ ਨਾਤਾ ਤੋੜ ਲੈਣ। ਉਸ ਸਮੇਂ ‘ਦੋਹਰੀ ਮੈਂਬਰਸ਼ਿਪ’ ਨੂੰ ਲੈ ਕੇ ਮਧੂ ਲਿਮਏ ਵੱਲੋਂ ਚਲਾਈ ਗਈ ਮੁਹਿੰਮ ਨੂੰ ਜਨਤਾ ਪਾਰਟੀ ਦੇ ਟੁੱਟਣ ਦਾ ਦੋਸ਼ੀ ਮੰਨਿਆ ਗਿਆ ਸੀ ਪਰ ਮਧੂ ਲਿਮਏ ਆਪਣੀ ਵਿਚਾਰਕ ਅਪੀਲ ’ਤੇ ਅਟੱਲ ਸਨ। ਉਸ ਤੋਂ ਬਾਅਦ ਦੇ ਘਟਨਾਕ੍ਰਮ ਨੇ ਇਹ ਸਾਬਤ ਕੀਤਾ ਕਿ ਮਧੂ ਲਿਮਏ ਨੇ ਇਸ ਖ਼ਤਰੇ ਨੂੰ ਸਮੇਂ ਸਿਰਫ ਮਹਿਸੂਸ ਕਰ ਲਿਆ ਸੀ। ਅੱਜ ਗਣਰਾਜ ਦੇ ਸਵੈ-ਧਰਮ ’ਤੇ ਹੋ ਰਹੇ ਹਮਲੇ ਦਾ ਮੁਕਾਬਲਾ ਕਰਨ ਵਾਲੇ ਮਧੂ ਲਿਮਏ ਤੋਂ ਪ੍ਰੇਰਣਾ ਹਾਸਲ ਕਰਨਗੇ।
ਪਰ ਅੱਜ ਦੇ ਭਾਰਤ ’ਚ ਮਧੂ ਲਿਮਏ ਨੂੰ ਯਾਦ ਕਰਨ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਬੌਧਿਕ ਯੋਗਦਾਨ ਹੈ। ਉਨ੍ਹਾਂ ਨੇ ਹਿੰਦੀ, ਮਰਾਠੀ ਅਤੇ ਅੰਗਰੇਜ਼ੀ ’ਚ ਕੋਈ 60 ਕਿਤਾਬਾਂ ਲਿਖੀਆਂ। ਸਰਗਰਮ ਰਾਜਨੀਤੀ ’ਚ ਰਹਿੰਦਿਆਂ ਉਨ੍ਹਾਂ ਦੀ ਲੇਖਣੀ ’ਤੇ ਤਤਕਾਲੀ ਪੱਖਪਾਤ ਦਾ ਪਰਛਾਵਾਂ ਸੀ ਪਰ ਸਰਗਰਮ ਰਾਜਨੀਤੀ ਤੋਂ ਛੁੱਟੀ ਲੈਣ ਤੋਂ ਬਾਅਦ ਉਨ੍ਹਾਂ ਨੇ ਜੋ ਲਿਖਿਆ, ਉਹ ਉਨ੍ਹਾਂ ਨੂੰ ਭਾਰਤੀ ਰਾਜਨੀਤੀ ਦੀ ਚਿੰਤਨ ਪਰੰਪਰਾ ’ਚ ਸਥਾਪਿਤ ਕਰਦਾ ਹੈ। ਉਨ੍ਹਾਂ ਦੇ ਲੇਖਾਂ ’ਚ ਆਜ਼ਾਦੀ ਤੋਂ ਬਾਅਦ ਭਾਰਤੀ ਰਾਜਨੀਤੀ ਦਾ ਡੂੰਘਾ ਵਿਸ਼ਲੇਸ਼ਣ ਹੈ। ਉਨ੍ਹਾਂ ਨੇ ‘ਗ਼ੈਰ-ਕਾਂਗਰਸਵਾਦ’ ਨੂੰ ਇਕ ਵਕਤੀ ਰਣਨੀਤੀ ਦੀ ਬਜਾਏ ਰਾਜਨੀਤੀ ਦੀ ਸੰਰਚਨਾਤਮਕ ਮੰਗ ਦੇ ਜਵਾਬ ਵਜੋਂ ਦੇਖਿਆ, ਜਨਤਾ ਪਾਰਟੀ ਦੇ ਪ੍ਰਯੋਗ ਦੀ ਨਿਰਪੱਖ ਵਿਆਖਿਆ ਕੀਤੀ, ਸੰਸਦੀ ਵਿਵਸਥਾ ਦੀਆਂ ਸੰਸਥਾਵਾਂ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ ’ਚ ਸੁਧਾਰ ਦੇ ਪ੍ਰਸਤਾਵ ਦਿੱਤੇ, ਸਮਾਜਵਾਦੀ ਅੰਦੋਲਨ ਦਾ ਇਤਿਹਾਸ ਲਿਖਿਆ।
ਵਿਦੇਸ਼ ਨੀਤੀ ਅਤੇ ਅੰਤਰਰਾਸ਼ਟਰੀ ਸਬੰਧਾਂ ’ਤੇ ਉਨ੍ਹਾਂ ਦੀ ਲੇਖਣੀ ਅਮਰੀਕੀ ਅਤੇ ਰੂਸੀ ਕੈਂਪ ਤੋਂ ਵੱਖ ਤੀਜੀ ਦੁਨੀਆ ਦੀ ਗੁੱਟ-ਨਿਰਲੇਪਤਾ ਨੂੰ ਸਿਧਾਂਤਕ ਆਧਾਰ ਦਿੰਦੀ ਹੈ। ਉਨ੍ਹਾਂ ਦਾ ਅੰਤਿਮ ਦੌਰ ਦਾ ਲੇਖਣ ਭਾਰਤੀ ਰਾਜਨੀਤੀ ’ਚ ਬਣੀਆਂ ਅਨੇਕਾਂ ਖਾਈਆਂ ਦੇ ਪਾਰ ਵਿਚਾਰਕ ਪੁਲ ਬਣਾਉਂਦਾ ਹੈ- ਸਮਾਜਵਾਦੀਆਂ ਅਤੇ ਸਾਮਵਾਦੀਆਂ ਵਿਚਾਲੇ, ਗਾਂਧੀ ਅਤੇ ਅੰਬੇਡਕਰ ਵਿਚਾਲੇ ਅਤੇ ਨਹਿਰੂ ਤੇ ਗਾਂਧੀ ਵਿਚਾਲੇ। ਮਧੂ ਲਿਮਏ 20ਵੀਂ ਸਦੀ ਦੇ ਵਿਚਾਰਕ ਦਵੰਦ ਦੇ ਵਿਚਾਲੇ ਭਵਿੱਖ ਦਾ ਰਸਤਾ ਲੱਭਣ ’ਚ ਪ੍ਰਕਾਸ਼-ਥੰਮ੍ਹ ਦਾ ਕੰਮ ਕਰਦੇ ਹਨ। ਮਧੂ ਲਿਮਏ ਦਾ ਜੀਵਨ, ਉਨ੍ਹਾਂ ਦੀ ਰਾਜਨੀਤੀ ਅਤੇ ਉਨ੍ਹਾਂ ਦੇ ਵਿਚਾਰ ਉਨ੍ਹਾਂ ਸਭ ਦੇ ਲਈ ਪ੍ਰੇਰਣਾ ਦਾ ਸਰੋਤ ਹਨ ਜੋ ਭਾਰਤ ਗਣਰਾਜ ਨੂੰ ਇਸ ਔਖੀ ਘੜੀ ’ਚ ਬਚਾਉਣ ਲਈ ਦ੍ਰਿੜ੍ਹ-ਸੰਕਲਪ ਹਨ।
ਯੋਗੇਂਦਰ ਯਾਦਵ
