ਬਾਬਿਆਂ ਦੇ ਸਤਿਸੰਗ ’ਚ ਭਾਜੜ, ਕੌੜੀ ਸੱਚਾਈ

Wednesday, Jul 10, 2024 - 04:34 PM (IST)

ਬਾਬਿਆਂ ਦੇ ਸਤਿਸੰਗ ’ਚ ਭਾਜੜ, ਕੌੜੀ ਸੱਚਾਈ

ਭਾਰਤ ’ਚ ਭੀੜ ਅਤੇ ਕਤਾਰਾਂ ਹਮੇਸ਼ਾ ਜੀਵਨ ਲਈ ਇਕ ਸਰਾਪ ਰਹੀਆਂ ਹਨ। ਚੰਗੇ ਸਮੇਂ ’ਚ ਵੀ ਕਤਾਰਾਂ ਚੁਣੌਤੀ ਰਹੀਆਂ ਹਨ ਅਤੇ ਖਰਾਬ ਸਮੇਂ ’ਚ ਵੀ ਇਹ ਜ਼ਿੰਦਗੀ ਲੈਣ ਵਾਲੀ ਭਾਜੜ ਬਣ ਗਈਆਂ ਹਨ। 2005 ’ਚ ਮਹਾਰਾਸ਼ਟਰ ਦੇ ਇਕ ਕਸਬੇ ’ਚ ਭਾਜੜ ’ਚ 265 ਭਗਤਾਂ ਦੀ ਮੌਤ ਹੋਈ ਅਤੇ ਸੈਂਕੜੇ ਜ਼ਖਮੀ ਹੋਏ। ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ’ਚ ਨੈਣਾ ਦੇਵੀ ਮੰਦਰ ’ਚ ਭਾਜੜ ’ਚ 145 ਲੋਕਾਂ ਦੀ ਮੌਤ ਹੋਈ।

2008 ’ਚ ਰਾਜਸਥਾਨ ਦੇ ਚਾਮੁੰਡਾ ਨਗਰ ਮੰਦਰ ’ਚ ਭਾਜੜ ’ਚ 250 ਲੋਕਾਂ ਦੀ ਮੌਤ ਹੋਈ। 2013 ’ਚ ਮੱਧ ਪ੍ਰਦੇਸ਼ ਦੇ ਰਤਨਾਗੜ੍ਹ ਮੰਦਰ ’ਚ 115 ਲੋਕਾਂ ਦੀ ਮੌਤ ਹੋਈ। 2015 ’ਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਕੁੰਭ ਮੇਲੇ ’ਚ ਭਾਜੜ ’ਚ 63 ਲੋਕਾਂ ਦੀ ਮੌਤ ਹੋਈ। 2022 ’ਚ ਜੰਮੂ ’ਚ ਵੈਸ਼ਨੋ ਦੇਵੀ ਮੰਦਰ ’ਚ ਭਾਜੜ ’ਚ 80 ਲੋਕਾਂ ਦੀ ਮੌਤ ਹੋਈ ਅਤੇ ਹੁਣ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਭਾਜੜ ’ਚ 121 ਲੋਕਾਂ ਨੇ ਜਾਨ ਗੁਆ ਦਿੱਤੀ। ਇਸ ਤਰ੍ਹਾਂ 20 ਸਾਲਾਂ ਦੀ ਮਿਆਦ ’ਚ ਅਜਿਹੀਆਂ ਵੱਡੀਆਂ ਭਾਜੜਾਂ ’ਚ 2000 ਤੋਂ ਵੱਧ ਲੋਕਾਂ ਦੀ ਮੌਤ ਹੋਈ। ਸਵਾਲ ਉੱਠਦਾ ਹੈ ਕਿ ਕੀ ਭੀੜ ਦੇ ਜੀਵਨ ਦਾ ਕੋਈ ਮਹੱਤਵ ਹੈ?

ਹਾਥਰਸ ਤ੍ਰਾਸਦੀ ਅਧਿਆਤਮਕ ਗੁਰੂ ਭੋਲੇ ਬਾਬਾ ਉਰਫ ਸੂਰਜਪਾਲ ਉਰਫ ਨਾਰਾਇਣ ਸਾਕਾਰ ਹਰੀ ਦੇ ਸਤਿਸੰਗ ’ਚ ਭਗਤਾਂ ਨਾਲ ਹੋਈ, ਜਿੱਥੇ ਸਤਿਸੰਗ ਤੋਂ ਜਾਂਦੇ ਹੋਏ ਭੋਲੇ ਬਾਬਾ ਦੀ ਕਾਰ ਤੋਂ ਉੱਡੀ ਧੂੜ ਦੇ ਕਾਰਨ ਕਈ ਲੋਕ ਭਾਜੜ ਦੀ ਲਪੇਟ ’ਚ ਆ ਗਏ ਅਤੇ ਲਾਸ਼ਾਂ ਦਾ ਢੇਰ ਲੱਗ ਗਿਆ। ਹੁਣ ਤੱਕ ਇਸ ਮਾਮਲੇ ’ਚ 6 ਆਯੋਜਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਬਾਬਾ ਅਜੇ ਤੱਕ ਫਰਾਰ ਹੈ। ਇਹ ਇਕ ਤਰ੍ਹਾਂ ਨਾਲ ‘ਅਬ ਪਛਤਾਏ ਹੋਤ ਕਯਾ, ਜਬ ਚਿੜੀਆ ਚੁਗ ਗਈ ਖੇਤ’ ਵਾਲਾ ਮਾਮਲਾ ਬਣ ਗਿਆ ਹੈ।

ਐੱਫ. ਆਈ. ਆਰ. ਅਨੁਸਾਰ ਇਸ ਸਤਿਸੰਗ ਲਈ 80 ਹਜ਼ਾਰ ਲੋਕਾਂ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਢਾਈ ਲੱਖ ਤੋਂ ਵੱਧ ਲੋਕ ਹਾਜ਼ਰ ਸਨ ਅਤੇ ਉਸ ਦੇ ਪ੍ਰਬੰਧਨ ਲਈ ਸਿਰਫ 70 ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ। ਭੀੜ ’ਤੇ ਨਜ਼ਰ ਰੱਖਣ ਅਤੇ ਭੀੜ ਪ੍ਰਬੰਧਨ ਲਈ ਕੋਈ ਡਿਜੀਟਲ ਨਿਗਰਾਨੀ ਨਹੀਂ ਕੀਤੀ ਗਈ। ਆਯੋਜਨ ਸਥਾਨ ’ਤੇ ਪ੍ਰਬੰਧਨ ਅਤੇ ਸਹੂਲਤਾਂ ਢਹਿ-ਢੇਰੀ ਸਨ, ਐਂਬੂਲੈਂਸ ਦੀ ਕੋਈ ਵਿਵਸਥਾ ਨਹੀਂ ਸੀ, ਨਾ ਹੀ ਕੋਈ ਮੈਡੀਕਲ ਸੈਂਟਰ ਸੀ।

ਐਤਵਾਰ ਨੂੰ ਅਜਿਹੀ ਭਾਜੜ ਮੁੜ ਵਾਪਰੀ। ਓਡਿਸ਼ਾ ਦੇ ਪੁਰੀ ’ਚ ਭਗਵਾਨ ਜਗਨਨਾਥ ਦੇ ਰੱਥ ਨੂੰ ਖਿੱਚਣ ਦੀ ਕੋਸ਼ਿਸ਼ ’ਚ 300 ਤੋਂ ਵੱਧ ਲੋਕ ਜ਼ਖਮੀ ਹੋਏ। ਇਸ ਦੌਰਾਨ ਰਾਸ਼ਟਰਪਤੀ ਮੁਰਮੂ, ਭਾਜਪਾ ਦੇ ਮੁੱਖ ਮੰਤਰੀ, ਬੀਜਦ ਦੇ ਪਟਨਾਇਕ ਨੂੰ ਉੱਥੋਂ ਬਾਹਰ ਕੱਢਿਆ ਗਿਆ। ਕੋਲਕਾਤਾ ’ਚ ਲੱਖਾਂ ਲੋਕਾਂ ਦੀ ਭੀੜ ਦੇ ਕਾਰਨ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਪ੍ਰਭਾਵਿਤ ਹੋਈ। ਤ੍ਰਾਸਦੀ ਦੇਖੋ ਕਿ ਧਾਰਮਿਕ ਸਮਾਰੋਹਾਂ ’ਚ ਇਸ ਤਰ੍ਹਾਂ ਦੀ ਮਾੜੀ ਵਿਵਸਥਾ ਧਰਮ ਵੱਲੋਂ ਅਧਿਆਤਮਕ ਤੌਰ ’ਤੇ ਮੁਹੱਈਆ ਕਰਵਾਈ ਗਈ ਸੁਰੱਖਿਆ, ਏਕਾਕੀਪਨ ਤੇ ਸਹੂਲਤ ਦੀ ਵਿਰੋਧਾਭਾਸੀ ਹੈ।

ਸਵਾਲ ਉੱਠਦਾ ਹੈ ਕਿ ਇੰਨੀ ਵੱਡੀ ਭੀੜ ਇਕੱਠੀ ਹੋਣ ਦੀ ਇਜਾਜ਼ਤ ਕਿਵੇਂ ਦਿੱਤੀ ਜਾਂਦੀ ਹੈ? ਅਜਿਹੀਆਂ ਥਾਵਾਂ ’ਤੇ ਮੈਡੀਕਲ ਸਹੂਲਤ ਕਿਉਂ ਨਹੀਂ ਮੁਹੱਈਆ ਕਰਾਈ ਜਾਂਦੀ? ਜਦੋਂ ਹਾਥਰਸ ਤੋਂ ਬਾਬਾ ਭੱਜ ਗਿਆ ਤਾਂ ਪੁਲਸ ਿਕੱਥੇ ਸੀ? ਉਸ ਦੇ ਵਿਰੁੱਧ ਐੱਫ. ਆਈ. ਆਰ. ਦਰਜ ਕਿਉਂ ਨਹੀਂ ਕੀਤੀ ਗਈ? ਉਸ ਦੇ ਮਹਿਲਨੁਮਾ ਆਸ਼ਰਮ ਦੀ ਤਲਾਸ਼ੀ ਲੈਣ ਤੋਂ ਬਾਅਦ ਵੀ ਉਹ ਨਹੀਂ ਮਿਲਿਆ। ਫਿਰ ਵੀ ਉਸ ਨੇ ਇਹ ਸੰਦੇਸ਼ ਭੇਜਿਆ ਕਿ ਇਹ ਭਾਜੜ ਉਸ ਦੇ ਵਿਰੁੱਧ ਇਕ ਸਾਜ਼ਿਸ਼ ਹੈ। ਪ੍ਰਸ਼ਾਸਨ ਨੇ ਮੁਆਵਜ਼ਾ ਅਤੇ ਜਾਂਚ ਦਾ ਐਲਾਨ ਕੀਤਾ, ਜਿਵੇਂ ਕਿ ਹਰੇਕ ਹਾਦਸੇ ਤੋਂ ਬਾਅਦ ਕੀਤਾ ਜਾਂਦਾ ਹੈ। ਜ਼ਿਆਦਾਤਰ ਰਾਜਨੇਤਾ ਬਾਬੇ ਪ੍ਰਤੀ ਆਕਰਸ਼ਿਤ ਹਨ ਅਤੇ ਉਨ੍ਹਾਂ ਦੇ ਪੱਕੇ ਚੇਲੇ ਹਨ। ਕਈ ਨੇਤਾਵਾਂ ਨੇ ਹਾਥਰਸ ਦਾ ਦੌਰਾ ਕੀਤਾ ਅਤੇ ਹਾਈ ਵੋਲਟੇਜ ਦੋਸ਼ ਲਗਾਏ। ਕੁਝ ਬਾਬੇ ਨੂੰ ਨਿਰਦੋਸ਼ ਦੱਸਦੇ ਰਹੇ।

ਕਾਂਗਰਸ ਦੇ ਰਾਹੁਲ ਗਾਂਧੀ ਤੇ ਸਪਾ ਦੇ ਅਖਿਲੇਸ਼ ਯਾਦਵ ਨੇ ਭਾਜਪਾ ਦੀ ਸਰਕਾਰ ਨੂੰ ਦੋਸ਼ੀ ਦੱਸਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੱਧ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਸਿਰਫ ਇਹੀ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇ। ਭਾਜਪਾ ਨੇ ਵਿਰੋਧੀ ਧਿਰ ’ਤੇ ਦੋਸ਼ ਲਾਇਆ ਕਿ ਉਹ ਲਾਸ਼ਾਂ ’ਤੇ ਸਿਆਸਤ ਕਰ ਰਹੀ ਹੈ ਅਤੇ ਇਸ ਘਟਨਾ ਦੀ ਨਿਆਇਕ ਜਾਂਚ ਦਾ ਹੁਕਮ ਦਿੱਤਾ ਭਾਵ ਇਸ ਮਾਮਲੇ ਨੂੰ ਠੰਢੇ ਬਸਤੇ ’ਚ ਸੁੱਟ ਦਿੱਤਾ ਗਿਆ। ਭਾਜੜ ਦੇ ਕਾਰਨ ਹੋਏ ਹਰੇਕ ਹਾਦਸੇ ਦੇ ਬਾਅਦ ਅਜਿਹਾ ਹੀ ਕੀਤਾ ਜਾਂਦਾ ਹੈ।

ਇਸ ਵਤੀਰੇ ਦਾ ਕਾਰਨ ਇਹ ਵੀ ਹੈ ਕਿ ਲਗਭਗ ਸਾਰੇ ਬਾਬਿਆਂ ਦੇ ਸਿਆਸੀ ਸਬੰਧ ਹੁੰਦੇ ਹਨ ਅਤੇ ਉਨ੍ਹਾਂ ਦਾ ਸਿਆਸੀ ਪਾਰਟੀਆਂ ਨਾਲ ਲੈਣ-ਦੇਣ ਚੱਲਦਾ ਰਹਿੰਦਾ ਹੈ। ਉਨ੍ਹਾਂ ਰਾਹੀਂ ਨੇਤਾ ਆਪਣੀ ਸਿਆਸਤ ਨੂੰ ਧਰਮ ਨਾਲ ਜੋੜਦੇ ਹਨ ਜਿਸ ਕਾਰਨ ਉਨ੍ਹਾਂ ਦੇ ਚੇਲਿਆਂ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਉਹ ਪਹਿਲਾਂ ਰਾਜਨੇਤਾ ਹਨ ਜਾਂ ਬਾਬਾ ਹਨ ਕਿਉਂਕਿ ਉਹ ਬਾਬੇ ਦੇ ਸਾਹਮਣੇ ਹਮੇਸ਼ਾ ਆਪਣੇ ਅੰਧਵਿਸ਼ਵਾਸ ਕਾਰਨ ਝੁਕਦੇ ਹਨ ਅਤੇ ਰਾਜਨੇਤਾ ਉਨ੍ਹਾਂ ਕੋੋਲੋਂ ਚੋਣਾਂ ਦੀ ਸੁਰੱਖਿਆ ਲੈਂਦੇ ਹਨ।

ਇਸ ਦੀ ਇਕ ਉਦਾਹਰਣ ਹਰਿਆਣਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਹਨ ਜੋ ਆਪਣੀਆਂ ਦੋ ਚੇਲੀਆਂ ਦੇ ਜਬਰ-ਜ਼ਨਾਹ ਅਤੇ ਇਕ ਪੱਤਰਕਾਰ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਸਾਬਤ ਹੋਏ ਹਨ ਪਰ ਉਨ੍ਹਾਂ ਨੂੰ 2017 ’ਚ ਜੇਲ ਭੇਜਣ ਤੋਂ ਬਾਅਦ ਹੁਣ ਤੱਕ 9 ਵਾਰ ਅਤੇ ਪਿਛਲੇ 2 ਵਰ੍ਹਿਆਂ ’ਚ ਸੂਬੇ ’ਚ ਚੋਣਾਂ ਤੋਂ ਠੀਕ ਪਹਿਲਾਂ 7 ਵਾਰ ਪੈਰੋਲ ਮਿਲ ਚੁੱਕੀ ਹੈ।

ਸਵਾਲ ਉੱਠਦਾ ਹੈ ਕਿ ਅਜਿਹੇ ਖੁਦ ਬਣੇ ਬਾਬਿਆਂ ’ਚ ਅਜਿਹਾ ਕੀ ਹੈ ਕਿ ਲੋਕ ਉਨ੍ਹਾਂ ਦੇ ਅੰਧਭਗਤ ਬਣ ਜਾਂਦੇ ਹਨ ਅਤੇ ਇਹ ਭਰੋਸਾ ਕਰਦੇ ਹਨ ਕਿ ਉਨ੍ਹਾਂ ਕੋਲ ਜਾਦੂਈ ਸ਼ਕਤੀ ਹੈ, ਜੋ ਉਨ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਕਰ ਦੇਣਗੇ, ਬੁਰੀਆਂ ਆਤਮਾਵਾਂ ਨੂੰ ਭਜਾ ਦੇਣਗੇ, ਉਨ੍ਹਾਂ ਦੀ ਹਾਲਤ ’ਚ ਸੁਧਾਰ ਕਰ ਦੇਣਗੇ ਅਤੇ ਉਹ ਤੰਤਰ-ਮੰਤਰ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦੇਣਗੇ।

ਕਿਉਂਕਿ ਆਸਥਾ ’ਚ ਤਰਕ ਦਾ ਕੋਈ ਸਥਾਨ ਨਹੀਂ, ਇਸ ਲਈ ਉਨ੍ਹਾਂ ਦੀ ਅੰਧਭਗਤੀ ਜਾਰੀ ਰਹਿੰਦੀ ਹੈ। ਚਮਤਕਾਰ ਕਰਨ ਦੀ ਕਲਾ ਨੇ ਬਾਬਿਆਂ ਦੇ ਕਾਰੋਬਾਰ ਨੂੰ ਸਾਰੇ ਪਿੰਡਾਂ, ਸ਼ਹਿਰਾਂ ਅਤੇ ਮਹਾਨਗਰਾਂ ਤੱਕ ਪਹੁੰਚਾ ਦਿੱਤਾ ਹੈ ਜਿਥੇ ਰੇਡੀਓ ਅਤੇ ਟੀ. ਵੀ. ਚੈਨਲਾਂ ਨੂੰ ਉਨ੍ਹਾਂ ਦੇ ਉਪਦੇਸ਼ਾਂ ਨੂੰ ਪ੍ਰਸਾਰਿਤ ਕਰਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਤੇ ਸਤਿਸੰਗਾਂ ਨੂੰ ਪ੍ਰਸਾਰਿਤ ਕਰਨ ਲਈ ਪੈਸਾ ਦਿੱਤਾ ਜਾਂਦਾ ਹੈ।

ਇਸ ਖੇਡ ’ਚ ਸ਼ੋਸ਼ਣ ਵੀ ਹੁੰਦਾ ਹੈ। ਅਜਿਹੇ ਬਾਬਿਆਂ ਅਤੇ ਸਵਾਮੀਆਂ ਨੂੰ ਉਨ੍ਹਾਂ ਦੇ ਭਗਤਾਂ ਵੱਲੋਂ ਕਦੀ ਵੀ ਜਵਾਬਦੇਹ ਨਹੀਂ ਮੰਨਿਆ ਜਾਂਦਾ ਅਤੇ ਇਸ ਲਈ ਆਧੁਨਿਕ ਬਾਬੇ ਅਜਿਹੇ ਸੈਕਸ ਸ਼ੋਸ਼ਣ ਅਤੇ ਮਸ਼ਹੂਰੀ ਪ੍ਰਤੀ ਲਾਲਚੀ ਹੁੰਦੇ ਹਨ ਅਤੇ ਕੁਝ ਲੋਕ ਆਪਣਾ ਸਿਆਸੀ ਪ੍ਰਭਾਵ ਵੀ ਬਣਾ ਲੈਂਦੇ ਹਨ ਅਤੇ ਉਦਯੋਗਪਤੀਆਂ ਨਾਲ ਵੀ ਸਬੰਧ ਬਣਾਉਂਦੇ ਹਨ।

ਇਸ ਤੋਂ ਪਹਿਲਾਂ ਇਕ ਵਿਵਾਦਗ੍ਰਸਤ ਬਾਬਾ ਤਾਂਤ੍ਰਿਕ ਚੰਦਰਾਸਵਾਮੀ ਹੋਏ, ਜੋ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਕਾਰਜਕਾਲ ਦੌਰਾਨ ਸੱਤਾ ਦਾ ਪ੍ਰਭਾਵਸ਼ਾਲੀ ਦਲਾਲ ਸੀ ਅਤੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ, ਐਲਿਜ਼ਾਬੇਥ ਟੇਲਰ ਅਤੇ ਅੰਡਰਵਰਲਡ ਡਾਨ ਦਾਊਦ ਇਬ੍ਰਾਹੀਮ ਦਾ ਅਧਿਆਤਮਕ ਗੁਰੂ ਵੀ ਸੀ। ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ’ਚ ਉਨ੍ਹਾਂ ਦਾ ਨਾਂ ਆਉਣ ਤੋਂ ਬਾਅਦ ਲੋਕਾਂ ਦਾ ਉਨ੍ਹਾਂ ਤੋਂ ਮੋਹ ਭੰਗ ਹੋਇਆ। 1996 ’ਚ ਲੰਡਨ ਦੇ ਇਕ ਵਪਾਰੀ ਨੂੰ ਧੋਖਾ ਦੇਣ ਦੇ ਮਾਮਲੇ ’ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸੇ ਸਾਲ ਮਈ ’ਚ ਉਨ੍ਹਾਂ ਦੀ ਮੌਤ ਹੋ ਗਈ।

ਭਗਵਾਨ ਸਤਿਆ ਸਾਈਂ ਬਾਬੇ ਦੇ ਚੇਲਿਆਂ ’ਚ ਕਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਸ਼ਕਤੀਸ਼ਾਲੀ ਲੋਕ ਰਹੇ ਹਨ। ਜਦੋਂ 2011 ’ਚ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੀ ਜਾਇਦਾਦ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਸੀ। ਇਹ ਸੱਚ ਹੈ ਕਿ ਉਨ੍ਹਾਂ ਨੇ ਕਈ ਮਲਟੀਸਪੈਸ਼ਲਿਟੀ ਹਸਪਤਾਲਾਂ ਦਾ ਨਿਰਮਾਣ ਕੀਤਾ ਜਿੱਥੇ ਮੁਫਤ ਇਲਾਜ ਕੀਤਾ ਜਾਂਦਾ ਸੀ ਅਤੇ ਸਕੂਲ ਖੋਲ੍ਹੇ ਪਰ ਉਨ੍ਹਾਂ ਦਾ ਜੀਵਨ ਵੀ ਗੰਭੀਰ ਵਿਵਾਦਾਂ ਨਾਲ ਜੁੜਿਆ ਰਿਹਾ। ਉਨ੍ਹਾਂ ’ਤੇ ਫਰਜ਼ੀ ਚਮਤਕਾਰ ਕਰਨ, ਸੈਕਸ ਸ਼ੋਸ਼ਣ ਅਤੇ ਇੱਥੋਂ ਤੱਕ ਕਿ ਬਾਲ ਸ਼ੋਸ਼ਣ ਦੇ ਵੀ ਦੋਸ਼ ਲੱਗੇ।

ਰਾਜਨੇਤਾ ਬਾਬਿਆਂ ਦੇ ਚੇਲੇ ਹੁੰਦੇ ਹਨ ਤੇ ਇਸ ਦਾ ਕਾਰਨ ਸਿਰਫ ਇਹ ਨਹੀਂ ਕਿ ਉਹ ਬਾਬਿਆਂ ’ਚ ਭਰੋਸਾ ਕਰਦੇ ਹਨ ਸਗੋਂ ਇਸ ਲਈ ਵੀ ਕਿ ਬਾਬੇ ਉਨ੍ਹਾਂ ਨੂੰ ਆਪਣੇ ਬੰਧੂਆ ਭਗਤਾਂ ਦੇ ਰੂਪ ’ਚ ਇਕ ਸਮਰਪਿਤ ਵੋਟ ਬੈਂਕ ਮੁਹੱਈਆ ਕਰਾਉਂਦੇ ਹਨ ਅਤੇ ਇਸ ਤਰ੍ਹਾਂ ਨਾਲ ਉਹ ਸੱਤਾ ਦਾ ਕੇਂਦਰ ਬਣ ਜਾਂਦੇ ਹਨ। ਅਜਿਹੇ ਸਤਿਸੰਗਾਂ ’ਚ ਭੀੜ ’ਚ ਭਾਜੜ ਨਾਲ ਨਜਿੱਠਣ ਲਈ ਕੀ ਉਪਾਅ ਕੀਤੇ ਜਾਣ? ਵੱਡੇ-ਵੱਡੇ ਸਮਾਰੋਹ ਵੀ ਆਯੋਜਿਤ ਕਰਨ ਲਈ ਵਿਵਸਥਿਤ ਉਪਾਅ ਹਨ। ਪ੍ਰਸ਼ਾਸਨ ਨੂੰ ਅਜਿਹੇ ਸਤਿਸੰਗਾਂ ਦੇ ਸਥਾਨ ਦੇ ਲੇਆਊਟ ’ਤੇ ਧਿਆਨ ਦੇਣਾ ਅਤੇ ਇਹ ਯਕੀਨੀ ਕਰਨਾ ਚਾਹੀਦਾ ਕਿ ਦਾਖਲੇ ਅਤੇ ਨਿਕਾਸ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਹੋਵੇ। ਅਜਿਹੀਆਂ ਥਾਵਾਂ ’ਤੇ ਕੰਟ੍ਰੋਲ ਰੂਮ ਹੋਣ, ਭੀੜ ਪ੍ਰਬੰਧਨ ਦੀ ਲਾਈਵ ਨਿਗਰਾਨੀ ਹੋਵੇ ਤੇ ਸਿਹਤ ਸਹੂਲਤਾਂ ਮੁਹੱਈਆ ਹੋਣ।

ਸਾਡੇ ਨੇਤਾਵਾਂ ਨੂੰ ਅਜਿਹੇ ਬਾਬਿਆਂ ਦੇ ਸਾਹਮਣੇ ਬਿਲਕੁਲ ਨਹੀਂ ਝੁਕਣਾ ਚਾਹੀਦਾ ਜੋ ਸਰਕਾਰ ਨੂੰ ਮੂਕਦਰਸ਼ਕ ਬਣਾ ਦਿੰਦੇ ਹਨ, ਜਿਸ ਕਾਰਨ ਅਜਿਹੇ ਬਾਬੇ ਖੁਦ ਨੂੰ ਕਾਨੂੰਨ ਤੋਂ ਉਪਰ ਸਮਝਣ ਲੱਗਦੇ ਹਨ। ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਇਹ ਬਾਬੇ ਵੀ ਆਪਣੇ ਪ੍ਰਭਾਵ ਨੂੰ ਘੱਟ ਕਰਨਗੇ। ਲੋਕਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਉਹ ਫਰਜ਼ੀ ਬਾਬਿਆਂ ਦੀ ਪੂਜਾ ਕਰ ਰਹੇ ਹਨ ਅਤੇ ਉਹ ਵੀ ਆਮ ਲੋਕਾਂ ਵਾਂਗ ਹੀ ਹਨ। ਆਖਿਰਕਾਰ ਇਹ ਗੱਲ ਮਹੱਤਵਪੂਰਨ ਨਹੀਂ ਹੈ ਕਿ ਬਾਬਾ ਕਿੰਨਾ ਖਰਾਬ ਸੀ ਸਗੋਂ ਇਹ ਗੱਲ ਮਹੱਤਵਪੂਰਨ ਹੈ ਕਿ ਉਸ ਦੇ ਭਗਤਾਂ ਦੀ ਪਸੰਦ ਕਿੰਨੀ ਬੁਰੀ ਸੀ, ਜਿਸ ਕਾਰਨ ਹਜ਼ਾਰਾਂ ਲੋਕ ਕਾਲ ਦੇ ਮੂੰਹ ’ਚ ਚਲੇ ਗਏ।

ਪੂਨਮ ਆਈ. ਕੌਸ਼ਿਸ਼


author

Tanu

Content Editor

Related News