ਪਿੰਡ ਜੌਲੀਆਂ ''ਚ ਕਈ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਹਰ ਚੱਲਿਆ ਪੀਲਾ ਪੰਜਾ
Friday, Nov 14, 2025 - 06:19 PM (IST)
ਭਵਾਨੀਗੜ੍ਹ (ਕਾਂਸਲ): ਪੰਜਾਬ ਸਰਕਾਰ ਅਤੇ ਪੁਲਸ ਵੱਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਦੀ ਚਲਾਈ ਮੁਹਿੰਮ ਤਹਿਤ ਨਸ਼ੇ ਵੇਚਣ ਦਾ ਗੋਰਖ ਧੰਦਾ ਕਰਨ ਵਾਲੇ ਵਿਅਕਤੀਆਂ ’ਤੇ ਹੋਰ ਸਿਕੰਜ਼ਾ ਕਸਦਿਆਂ ਅੱਜ ਐਸ.ਪੀ ਸੰਗਰੂਰ ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਨਸ਼ੇ ਦੀ ਰਾਜਧਾਨੀ ਦੇ ਤੌਰ ’ਤੇ ਜਾਣੇ ਜਾਂਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਜੌਲੀਆਂ ਵਿਖੇ ਚੇਤਾਵਨੀ ਦੇ ਰੂਪ ’ਚ ਵੱਡੀ ਕਰਵਾਈ ਕਰਦਿਆਂ ਇਕ ਵਿਸ਼ੇਸ਼ ਜਾਤੀ ਨਾਲ ਸੰਬਧ ਰੱਖਣ ਵਾਲੇ ਨਸ਼ਾ ਤਸਕਰਾਂ ਵੱਲੋਂ ਆਪਣੇ ਘਰ ਦੇ ਬਾਹਰ ਗਲੀ ’ਚ ਕੀਤੇ ਨਜਾਇਜ਼ ਕਬਜਿਆਂ ਉਪਰ ਪੀਲਾ ਪੰਜਾ ਚਲਾਕੇ ਨਜਾਇਜ਼ ਕਬਜਿਆਂ ਨੂੰ ਢਾਹੀਆਂ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਐਸ.ਪੀ ਸੰਗਰੂਰ ਨਵਰੀਤ ਸਿੰਘ ਵਿਰਕ, ਸਬ ਡਵੀਜ਼ਨ ਦੇ ਡੀ.ਐਸ.ਪੀ ਰਾਹੁਲ ਕੌਸ਼ਲ, ਨਾਇਬ ਤਹਿਸੀਲਦਾਰ ਇਕਬਾਲ ਸਿੰਘ ਅਤੇ ਥਾਣਾ ਮੁਖੀ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਸੰਗਰੂਰ ਸ. ਸਰਤਾਜ ਸਿੰਘ ਚਾਹਲ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅੱਜ ਇਥੇ ਪਿੰਡ ਜੌਲੀਆਂ ਵਿਖੇ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕਰਕੇ ਪੁਲਸ, ਬੀ.ਡੀ.ਪੀ.ਓ ਵਿਭਾਗ ਅਤੇ ਮਾਲ ਵਿਭਾਗ ਦੀ ਸਾਂਝੀ ਟੀਮ ਵੱਲੋਂ ਪਿੰਡ ’ਚ ਨਸ਼ੇ ਵੇਚਣ ਦਾ ਗੋਰਖ ਧੰਦਾ ਕਰਕੇ ਆਪਣੇ ਅਲੀਸ਼ਾਨ ਘਰਾਂ ਦੀ ਉਸਾਰੀ ਕਰਨ ਵਾਲੇ ਵਿਅਕਤੀਆਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਦੇ ਘਰਾਂ ਦੇ ਬਾਹਰ ਨੋਟਿਸ ਚਿਪਕਾਉਂਦਿਆਂ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ। ਐਸ.ਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਨਸ਼ਾ ਤਸਕਰਾਂ ਜਿਨ੍ਹਾਂ ਵਿਰੁੱਧ ਨਸ਼ੇ ਵੇਚਣ ਦੇ ਕਈ ਕਈ ਮਾਮਲੇ ਦਰਜ ਹਨ, ਤੋਂ ਜਦੋਂ ਵੀ ਨਸ਼ੇ ਤੋਂ ਵਗੈਰ ਹੋਰ ਕੋਈ ਕਮਾਈ ਦਾ ਸਾਧਨ ਪੁੱਛਣ ’ਤੇ ਇਨ੍ਹਾਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਸ ਇਨ੍ਹਾਂ ਨੂੰ ਚੇਤਾਵਨੀਆਂ ਦੇ ਦੇ ਕੇ ਥੱਕ ਚੁੱਕੀ ਹੈ ਅਤੇ ਹੁਣ ਇਨ੍ਹਾਂ ਵਿਰੁੱਧ ਪੂਰੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅੱਜ ਸਿਰਫ ਇਨ੍ਹਾਂ ਵੱਲੋਂ ਕੀਤੇ ਨਜਾਇਜ਼ ਕਬਜੇ ਢਾਹੇ ਗਏ ਹਨ ਅਤੇ ਜੇਕਰ ਇਨ੍ਹਾਂ ਨੇ ਨਸ਼ੇ ਵੇਚਣ ਦਾ ਇਹ ਗੋਰਖ ਧੰਦਾ ਬੰਦ ਨਾ ਕੀਤਾ ਤਾਂ ਸਖ਼ਤ ਕਰਵਾਈ ਅਮਲ ’ਚ ਲਿਆਉਂਦਿਆਂ ਨਸ਼ੇ ਦੀ ਕਮਾਈ ਨਾਲ ਬਣਾਈਆਂ ਇਨ੍ਹਾਂ ਦੀਆਂ ਸਾਰੀਆਂ ਜਾਇਦਾਦਾਂ ਅਤੇ ਅਲੀਸ਼ਾਨ ਘਰਾਂ ਨੂੰ ਜਬਤ ਕਰ ਲਿਆ ਜਾਵੇਗਾ। ਇਸ ਮੌਕੇ ਆਪਣੇ ਘਰਾਂ ਦੇ ਬਾਹਰ ਦੇਹਲੀਆਂ ’ਤੇ ਕਾਨੂੰਨ ਦਾ ਪੀਲਾ ਪੰਜਾ ਚਲਦੇ ਦੇਖ ਕਈ ਔਰਤਾਂ ਰੌਂਦਿਆਂ ਅਤੇ ਪੁਲਸ ਅਗੇ ਕਾਰਵਾਈ ਰੋਕਣ ਲਈ ਅੱਗੇ ਤੋਂ ਇਹ ਗੋਰਖ ਧੰਦਾ ਨਾ ਕਰਨ ਲਈ ਮਿਨਤ ਤਰਲੇ ਕਰਦੀਆਂ ਵੀ ਨਜ਼ਰ ਆਈਆਂ। ਇਸ ਮੌਕੇ ਵੱਡੀ ਗਿਣਤੀ ’ਚ ਮੌਜਦ ਆਮ ਪਿੰਡ ਵਾਸੀ ਪੁਲਸ ਦੀ ਇਸ ਕਾਰਵਾਈ ਤੋਂ ਖੁਸ਼ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਪਿੰਡ ’ਚੋਂ ਨਸ਼ਾ ਤਸਕਰਾਂ ਦਾ ਪੂਰੀ ਤਰ੍ਹਾਂ ਸਫਾਇਆ ਕੀਤਾ ਜਾਵੇ ਤੇ ਇਨ੍ਹਾਂ ਵਿਰੁੱਧ ਹੋਰ ਸਖ਼ਤ ਕਾਰਵਾਈ ਕੀਤੀ ਜਾਵੇ।
