ਜਲੰਧਰ ਦੇ ਮਸ਼ਹੂਰ ਢਾਬੇ ''ਤੇ ਕੀਤੀ ਗਈ GST ਰੇਡ ਦੇ ਮਾਮਲੇ ''ਚ ਨਵੇਂ ਤੱਥ ਆਏ ਸਾਹਮਣੇ
Thursday, Nov 20, 2025 - 12:25 PM (IST)
ਜਲੰਧਰ (ਵੈੱਬ ਡੈਸਕ–ਕੂਲ ਰੋਡ ’ਤੇ ਸਥਿਤ ਅਗਰਵਾਲ ਵੈਸ਼ਨੋ ਢਾਬੇ ’ਤੇ ਸੈਂਟਰਲ ਜੀ. ਐੱਸ. ਟੀ. ਕਮਿਸ਼ਨਰੇਟ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਮਾਮਲੇ ਵਿਚ ਨਵੇਂ ਤੱਥ ਸਾਹਮਣੇ ਆਏ ਹਨ। ਸੂਤਰਾਂ ਨੇ ਦੱਸਿਆ ਕਿ ਵਿਭਾਗ ਨੂੰ ਬਰਾਮਦ ਹੋਈਆਂ ਫਾਈਲਾਂ ਵਿਚ 6 ਪ੍ਰਾਪਰਟੀਆਂ ਦੇ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਵਿਚ ਦੱਸੀ ਜਾ ਰਹੀ ਹੈ। ਟੈਕਸ ਗੜਬੜੀ ਨੂੰ ਲੈ ਕੇ ਹੋਈ ਇਸ ਕਾਰਵਾਈ ਵਿਚ ਮੁੱਖ ਤੌਰ ’ਤੇ ਪ੍ਰਾਪਰਟੀਆਂ ਦੀ ਖ਼ਰੀਦੋ-ਫਰੋਖਤ ਕੇਂਦਰ ਬਿੰਦੂ ਬਣਦੀ ਜਾ ਰਹੀ ਹੈ। ਇਨ੍ਹਾਂ ਪ੍ਰਾਪਰਟੀਆਂ ਵਿਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਦੀਆਂ ਕਈ ਅਹਿਮ ਪ੍ਰਾਪਰਟੀਆਂ ਸਬੰਧੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਅਗਰਵਾਲ ਢਾਬੇ ਦੇ ਪ੍ਰਬੰਧਕ ਜੀ. ਐੱਸ. ਟੀ. ਵਿਭਾਗ ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਵਿਭਾਗੀ ਅਧਿਕਾਰੀਆਂ ਵੱਲੋਂ ਪ੍ਰਬੰਧਕਾਂ ਤੋਂ ਕਈ ਸਵਾਲ ਪੁੱਛੇ ਗਏ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਕਈ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ, ਜੋਕਿ ਢਾਬਾ ਪ੍ਰਬੰਧਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਵਿਭਾਗ ਨੂੰ ਪੇਸ਼ ਕਰਨੇ ਹੋਣਗੇ।
ਇਹ ਵੀ ਪੜ੍ਹੋ: ਪੰਜਾਬ 'ਚ Red Alert! DGP ਯਾਦਵ ਨੇ ਪੁਲਸ ਅਫ਼ਸਰਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ
ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਜ਼ਬਤ ਕੀਤੇ ਫੋਨਾਂ ਵਿਚੋਂ ਕੁਝ ਫੋਨ ਵਿਭਾਗ ਨੇ ਵਾਪਸ ਕਰ ਦਿੱਤੇ ਹਨ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ। ਕੁਝ ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਦੇ ਪ੍ਰਬੰਧਕਾਂ ਵੱਲੋਂ ਫੋਨ ਨੂੰ ਕੰਮਕਾਜ ਨਾਲ ਸਬੰਧਤ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਵਿਭਾਗ ਵੱਲੋਂ ਡਾਟਾ ਡਾਊਨਲੋਡ ਕਰਨ ਤੋਂ ਬਾਅਦ ਫੋਨ ਵਾਪਸ ਕਰ ਦਿੱਤਾ ਗਿਆ, ਹਾਲਾਂਕਿ ਵਿਭਾਗੀ ਅਧਿਕਾਰੀਆਂ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਵਿਚ ਤੇਜ਼ੀ ਹੈ, ਜਲਦ ਰਿਜ਼ਲਟ ਸਾਹਮਣੇ ਹੋਵੇਗਾ।
ਇਥੇ ਵਰਣਨਯੋਗ ਹੈ ਕਿ ਸੈਂਟਰਲ ਜੀ. ਐੱਸ. ਟੀ. ਕਮਿਸ਼ਨਰੇਟ ਵੱਲੋਂ 18 ਨਵੰਬਰ ਨੂੰ ਕੂਲ ਰੋਡ ’ਤੇ ਸਥਿਤ ਅਗਰਵਾਲ ਵੈਸ਼ਨੋ ਢਾਬੇ ਅਤੇ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ 3 ਕਰੋੜ ਰੁਪਏ ਕੈਸ਼ ਬਰਾਮਦ ਹੋਣ ਸਬੰਧੀ ਦੱਸਿਆ ਗਿਆ ਸੀ ਪਰ ਅੱਜ ਜੋ ਤੱਥ ਸਾਹਮਣੇ ਆਏ ਹਨ, ਉਸ ਮੁਤਾਬਕ ਬਰਾਮਦ ਕੈਸ਼ ਦੀ ਗਿਣਤੀ ਤੋਂ ਬਾਅਦ ਉਕਤ ਰਕਮ 2.84 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੁਰਦੁਆਰਾ ਮਟਨ ਸਾਹਿਬ ਸ੍ਰੀ ਨਗਰ ਤੋਂ ਆਰੰਭ ਹੋਇਆ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਹੋਇਆ ਸੰਪੰਨ
ਟੈਕਸ ਅਦਾਇਗੀ ਵਿਚ ਗੜਬੜੀ ਨੂੰ ਲੈ ਕੇ ਸੀ. ਜੀ. ਐੱਸ. ਟੀ. ਕਮਿਸ਼ਨਰੇਟ ਵੱਲੋਂ ਅਗਰਵਾਲ ਢਾਬਾ ਅਤੇ ਉਨ੍ਹਾਂ ਦੀ ਰਿਹਾਇਸ਼ ’ਤੇ ਲਗਭਗ 12 ਘੰਟੇ ਤਕ ਜਾਂਚ ਕੀਤੀ ਗਈ ਸੀ। ਉਥੇ ਹੀ ਅੱਜ ਵਿਭਾਗੀ ਅਧਿਕਾਰੀਆਂ ਵੱਲੋਂ ਬਰਾਮਦ ਕੀਤੇ ਗਏ ਦਸਤਾਵੇਜ਼ ਸਮੇਤ ਹੋਰ ਜਾਣਕਾਰੀਆਂ ਨੂੰ ਖੰਗਾਲਿਆ ਗਿਆ। ਇਸ ਸਬੰਧੀ ਅਗਰਵਾਲ ਢਾਬੇ ਦਾ ਪੱਖ ਜਾਣਨ ਲਈ ਫੋਨ ਕੀਤਾ ਗਿਆ ਪਰ ਸਬੰਧਤ ਵਿਅਕਤੀ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਓਧਰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਦਸਤਾਵੇਜ਼ ਖੰਗਾਲੇ ਜਾ ਰਹੇ ਹਨ।
ਇਨਕਮ ਟੈਕਸ ਵਿਭਾਗ ਵੀ ਹੋਇਆ ਸਰਗਰਮ
ਕਰੋੜਾਂ ਰੁਪਏ ਦੀ ਰਿਕਵਰੀ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਵੀ ਸਰਗਰਮ ਹੋ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੇਸ ਵਿਚ ਇਨਕਮ ਟੈਕਸ ਵਿਭਾਗ ਦੀ ਵੀ ਐਂਟਰੀ ਹੋ ਗਈ ਹੈ। ਕਿਸੇ ਵੀ ਵਿਭਾਗ ਵੱਲੋਂ ਨਕਦੀ ਜ਼ਬਤ ਕਰਨ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਰੁਪਏ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੇ ਜਾਂਦੇ ਹਨ। ਇਹ ਮਾਮਲਾ ਇਥੇ ਹੀ ਰੁਕਣ ਵਾਲਾ ਨਹੀਂ ਹੈ, ਕਿਉਂਕਿ ਇਨਕਮ ਟੈਕਸ ਵਿਭਾਗ ਨੇ ਵੀ ਆਪਣੇ ਪੱਧਰ ’ਤੇ ਸਰਗਰਮੀ ਵਧਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਆਪਣੇ ਪੱਧਰ ’ਤੇ ਜਾਂਚ ’ਤੇ ਫੋਕਸ ਕਰ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਪੜ੍ਹੋ Latest ਅਪਡੇਟ! ਜਾਣੋ 23 ਨਵੰਬਰ ਤੱਕ ਕਿਹੋ-ਜਿਹਾ ਰਹੇਗਾ ਮੌਸਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
