ਫਿਰੋਜ਼ਪੁਰ ’ਚ RSS ਦੇ ਸੀਨੀਅਰ ਵਰਕਰ ਦੇ ਬੇਟੇ ਨੂੰ ਦੋ ਨੌਜਵਾਨਾਂ ਨੇ ਮਾਰੀਆਂ ਗੋਲੀਆਂ; ਮੌਤ
Saturday, Nov 15, 2025 - 09:50 PM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ) – ਫਿਰੋਜ਼ਪੁਰ ਦੇ ਸੀਨੀਅਰ ਆਰ. ਐੱਸ. ਐੱਸ. ਵਰਕਰ ਬਲਦੇਵ ਰਾਜ ਅਰੋੜਾ ਦੇ ਲੜਕੇ ਨਵੀਨ ਅਰੋੜਾ ਨੂੰ ਸ਼ਨੀਵਾਰ ਸ਼ਾਮ ਫਿਰੋਜ਼ਪੁਰ ਸ਼ਹਿਰ ’ਚ ਯੂਕੋ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਨੇੜੇ (ਮੋਚੀ ਬਾਜ਼ਾਰ ਏਰੀਆ ’ਚ) ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਦਿੱਤੀਆਂ। ਨਵੀਨ ਕੁਮਾਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਨਵੀਨ ਕੁਮਾਰ ਦੇ ਸਿਰ ’ਚ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਫਿਰੋਜ਼ਪੁਰ ’ਚ ਡਰ ਅਤੇ ਸ਼ੋਕ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਨਵੀਨ ਕੁਮਾਰ ਦੇ ਦਾਦਾ ਸਵਰਗੀ ਦੀਨਾਨਾਥ ਅਰੋੜਾ ਲੰਬੇ ਸਮੇਂ ਤੋਂ ਆਰ. ਐੱਸ. ਐੱਸ. ਵਰਕਰ ਸਨ, ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਜੇਲ ਵੀ ਕੱਟੀ ਸੀ ਅਤੇ ਆਜ਼ਾਦੀ ਦੇ ਸਮੇਂ ਤੋਂ ਸੰਘ ਦੇ ਸਰਗਰਮ ਮੈਂਬਰ ਸਨ। ਹੁਣ ਉਨ੍ਹਾਂ ਦਾ ਬੇਟਾ ਬਲਦੇਵ ਰਾਜ ਅਰੋੜਾ ਆਰ. ਐੱਸ. ਐੱਸ. ਵਰਕਰ ਵਜੋਂ ਆਪਣੀ ਡਿਊਟੀ ਨਿਭਾ ਰਹੇ ਹਨ।
ਬਲਦੇਵ ਰਾਜਾ ਅਰੋੜਾ ਦੀ ਫਿਰੋਜ਼ਪੁਰ ਸ਼ਹਿਰ ਦੇ ਮੇਨ ਬਾਜ਼ਾਰ ’ਚ ਦੁਪੱਟਿਆਂ ਆਦਿ ਦੀ ਦੁਕਾਨ ਹੈ, ਜਿਥੇ ਬਲਦੇਵ ਰਾਜ ਅਰੋੜਾ ਅਤੇ ਉਸ ਦਾ ਲੜਕਾ ਨਵੀਨ ਅਰੋੜਾ ਬੈਠਦੇ ਹਨ।
ਸ਼ਨੀਵਾਰ ਸ਼ਾਮ ਬਲਦੇਵ ਰਾਜ ਅਰੋੜਾ ਦਾ ਲੜਕਾ ਨਵੀਨ ਅਰੋੜਾ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ, ਜਦੋਂ ਉਹ ਫਿਰੋਜ਼ਪੁਰ ਸ਼ਹਿਰ ’ਚ ਯੂਕੋ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਨਵੀਨ ਕੁਮਾਰ ਦੇ ਸਿਰ ’ਚ ਗੋਲੀਆਂ ਮਾਰ ਦਿੱਤੀਆਂ ਅਤੇ ਫਰਾਰ ਹੋ ਗਏ। ਇਸ ਘਟਨਾ ਨਾਲ ਫਿਰੋਜ਼ਪੁਰ ਦੇ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਵਿੱਚ ਭਾਰੀ ਰੋਸ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ’ਤੇ ਆਏ ਹਮਲਾਵਰਾਂ ਨੇ ਨਵੀਨ ਅਰੋੜਾ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਰੇਕੀ ਕੀਤੀ ਅਤੇ ਉਸ ਨੂੰ ਆਉਂਦੇ ਦੇਖ ਕੇ ਗੋਲੀਆਂ ਚਲਾ ਦਿੱਤੀਆਂ।
