ਭਾਰਤ ਦਾ ਭਵਿੱਖ ਤੈਅ ਕਰਨਗੇ 5 ਰੁਝਾਨ
Monday, Jun 29, 2026 - 05:26 PM (IST)
ਮੈਂ ਕਈ ਸਾਲਾਂ ਤੋਂ ਭਾਰਤ ’ਚ ਸਮਾਜਿਕ ਅਤੇ ਸਿਆਸੀ ਰੁਝਾਨਾਂ ਦਾ ਨਿਰੀਖਣ ਕਰ ਰਿਹਾ ਹਾਂ। ਜੋ ਇਕ ਡੂੰਘੀ ਵਗਦੀ ਹੋਈ ਧਾਰਾ ਪ੍ਰਤੀਤ ਹੁੰਦੀ ਹੈ, ਹੋ ਸਕਦਾ ਹੈ ਕਿ ਉਹ ਅਜਿਹੀ ਨਾ ਹੋਵੇ ਅਤੇ ਸਿਰਫ ਇਕ ਲੰਘਦਾ ਹੋਇਆ ਬੱਦਲ ਹੋਵੇ। ਇਕ ਲੰਘਦਾ ਹੋਇਆ ਬੱਦਲ ਇਕ ਸਵਾਗਤਯੋਗ ਵਾਛੜ ਤਾਂ ਲਿਆ ਸਕਦਾ ਹੈ ਪਰ ਉਹ ਪੌਣ-ਪਾਣੀ ਦੀ ਕੋਈ ਸਥਾਈ ਖੂਬੀ ਨਹੀਂ ਹੁੰਦਾ।
1947 ਇਕ ਇਤਿਹਾਸਕ ਮੋੜ ਦਾ ਸਾਲ ਸੀ। ਆਜ਼ਾਦੀ ਤੋਂ ਬਾਅਦ ਕਈ ਦ੍ਰਿਸ਼ ਪ੍ਰਭਾਵ ਅਤੇ ਰੁਝਾਨ ਦੇਖੇ ਗਏ ਪਰ ਉਹ ਥੋੜ੍ਹੇ ਸਮੇਂ ਲਈ ਸਨ ਅਤੇ ਕਈ ਅਜਿਹੇ ਸ਼ੁਰੂਆਤੀ ਰੁਝਾਨ ਜਿਨ੍ਹਾਂ ’ਤੇ ਬਹੁਤੇ ਲੋਕਾਂ ਦਾ ਧਿਆਨ ਨਹੀਂ ਗਿਆ, ਉਹ ਸਥਾਈ ਬਣ ਗਏ ਹਨ। ਉਦਾਹਰਣ ਦੇ ਲਈ, ਗਾਂਧੀ ਜੀ ਦੀ ਲਗਭਗ ਦੈਵੀ ਸਥਿਤੀ ਅਤੇ ਸੈਂਕੜੇ ਸਮਰਪਿਤ ਗਾਂਧੀਵਾਦੀਆਂ ਦੇ ਬਾਵਜੂਦ, ਗਾਂਧੀਵਾਦੀ ਜੀਵਨਸ਼ੈਲੀ, ਅਹਿੰਸਾ, ਸੱਤਿਆਗ੍ਰਹਿ, ਚਰਖਾ ਅਤੇ ਨਿਮਰਤਾ ਭਰੀ ਅਵੱਗਿਆ ਗਾਂਧੀ ਜੀ ਤੋਂ ਬਾਅਦ ਇਕ-ਦੋ ਦਹਾਕਿਆਂ ਤੋਂ ਵੱਧ ਸਮਾਂ ਜਿਊਂਦੀ ਨਹੀਂ ਰਹਿ ਸਕੀ।
ਦੂਜੇ ਪਾਸੇ ਬਹੁਤ ਘੱਟ ਲੋਕਾਂ ਨੇ ਭਾਰਤ ਦੇ ਤੇਜ਼ ਸ਼ਹਿਰੀਕਰਨ ਦੀ ਉਮੀਦ ਕੀਤੀ ਸੀ, ਉਸ ਤੋਂ ਵੀ ਘੱਟ ਲੋਕਾਂ ਨੇ ਪੌਣ-ਪਾਣੀ ਦੀ ਤਬਦੀਲੀ ’ਤੇ ਧਿਆਨ ਦਿੱਤਾ ਅਤੇ ਉਸ ਤੋਂ ਵੀ ਘੱਟ ਲੋਕਾਂ ਨੇ ਮਨੁੱਖਾਂ ਅਤੇ ਵਿਗਿਆਨ ਤੇ ਤਕਨਾਲੋਜੀ ਦੇ ਵਿਚਾਲੇ ਦੇ ਗੁੰਝਲਦਾਰ ਸਬੰਧਾਂ ਨੂੰ ਸਮਝਿਆ।
ਕਹਾਵਤ ਹੈ, ‘ਭਵਿੱਖਬਾਣੀ ਕਰਨਾ ਬਹੁਤ ਮੁਸ਼ਕਲ ਹੈ, ਖ਼ਾਸਕਰ ਉਦੋਂ ਜਦੋਂ ਇਹ ਭਵਿੱਖ ਬਾਰੇ ਹੋਵੇ’ (ਨੋਬਲ ਪੁਰਸਕਾਰ ਜੇਤੂ ਨੀਲਜ਼ ਬੋਹਰ ਅਤੇ ਮਹਾਨ ਬੇਸਬਾਲ ਖਿਡਾਰੀ ਯੋਗੀ ਬੇਰਾ)। ਫਿਰ ਵੀ ਮੈਂ ਇਸ ਵਰਜਿਤ ਖੇਤਰ ’ਚ ਕਦਮ ਰੱਖਣ ਦਾ ਹੌਸਲਾ ਕਰਾਂਗਾ। ਮੈਂ ਪੰਜ ਅਜਿਹੇ ਰੁਝਾਨਾਂ ਨੂੰ ਦੇਖਿਆ ਹੈ ਜੋ ਤਾਕਤ ਅਤੇ ਗਤੀ ਫੜ ਸਕਦੇ ਹਨ। ਭਾਵੇਂ ਮੈਂ ਉਨ੍ਹਾਂ ਵਿਚੋਂ ਕੁਝ ਨੂੰ ਨਾਪਸੰਦ ਕਰਦਾ ਹਾਂ ਅਤੇ ਉਨ੍ਹਾਂ ਤੋਂ ਡਰਦਾ ਹਾਂ, ਇਹ ਰੁਝਾਨ ਅਜੇਤੂ ਲੱਗਦੇ ਹਨ :
ਲੋਕਰਾਜ ਦਾ ਪਤਨ ‘ਜਨਤਾ ਦੀ ਸਰਕਾਰ’ ਦੇ ਰੂਪ ’ਚ :
ਲੋਕਰਾਜ ਲੋਕਾਂ ਦੀ ਸਰਕਾਰ ਹੈ। ਲੋਕ ਆਜ਼ਾਦ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਆਜ਼ਾਦੀਆਂ ਦੇ ਅਧਿਕਾਰ ਹੁੰਦੇ ਹਨ। ਇਕ ਲੋਕਤੰਤਰੀ ਸਰਕਾਰ ਉਹ ਸਰਕਾਰ ਹੁੰਦੀ ਹੈ ਜੋ ਲੋਕਾਂ ਦੇ ਅਧਿਕਾਰਾਂ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਨੂੰ ਬਣਾਈ ਰੱਖਦੀ ਹੈ ਅਤੇ ਜਿਸਨੇ ਸੁਤੰਤਰ ਸੰਸਥਾਵਾਂ ਦੀ ਸਥਾਪਨਾ ਕੀਤੀ ਹੈ, ਜੋ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਨੂੰ ਲਾਗੂ ਕਰਨਗੀਆਂ। ਫ੍ਰੀਡਮ ਹਾਊਸ, ਵੀ-ਡੇਮ ਇੰਸਟੀਚਿਊਟ ਅਤੇ ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਸਾਰੀਆਂ ਖੋਜ ਸੰਸਥਾਵਾਂ) ਵੱਖ-ਵੱਖ ਸੰਕੇਤਕਾਂ ਦੇ ਅਧੀਨ ਸਕੋਰ ਦੇ ਅਾਧਾਰ ’ਤੇ ਦੇਸ਼ਾਂ ਨੂੰ ‘ਆਜ਼ਾਦ’ ਜਾਂ ਨਹੀਂ ਦੇ ਰੂਪ ’ਚ ਵਰਗੀਕ੍ਰਿਤ ਕਰਦੇ ਹਨ। ਵੱਧ ਤੋਂ ਵੱਧ ਦੇਸ਼ਾਂ ਦਾ ਸਕੋਰ ਘਟ ਰਿਹਾ ਹੈ।
ਭਾਰਤ ਦਾ ਸਕੋਰ 2005 ’ਚ 77 ਸੀ, ਜੋ ਘਟ ਕੇ 63.67 ਹੋ ਗਿਆ ਹੈ। ਭਾਰਤ ਦੇ ਸਿਰਫ ਇਕ ‘ਚੋਣਵੇਂ ਲੋਕਰਾਜ’ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਚੋਣਾਂ ਘੱਟ ਆਜ਼ਾਦ ਅਤੇ ਨਿਰਪੱਖ ਹੋਣਗੀਆਂ। ਭਾਰਤੀ ਲੋਕ ਭਲਾਈ ਸਕੀਮਾਂ, ਬਿਹਤਰ ਬੁਨਿਆਦੀ ਢਾਂਚੇ ਅਤੇ ਇਕ ਦਮਨਕਾਰੀ ਸਮਾਜਿਕ ਬਣਤਰ ਨੂੰ ਕੋਈ ਚੁਣੌਤੀ ਨਾ ਮਿਲਣ ਦੇ ਬਦਲੇ ’ਚ ਘਟਦੇ ਸਕੋਰ ਤੋਂ ਬੇਅਸਰ ਦਿਖਾਈ ਦਿੰਦੇ ਹਨ। ਚੀਨ ਦਾ ਸਕੋਰ ਕਈ ਸਾਲਾਂ ਤੋਂ 9/100 ’ਤੇ ਅਟਕਿਆ ਹੋਇਆ ਹੈ ਪਰ ਸਾਰੀਆਂ ਰਿਪੋਰਟਾਂ ਅਨੁਸਾਰ ਚੀਨੀ ਲੋਕ ਖੁਸ਼ ਹਨ। ਭਾਰਤ ਉਸ ਰਾਹ ’ਤੇ ਚੱਲ ਸਕਦਾ ਹੈ।
ਅਜਾਰੇਦਾਰੀ ਬਨਾਮ ਉੱਦਮੀ : ਅਰਥਵਿਵਸਥਾ ਦੇ ਕਈ ਖੇਤਰਾਂ ’ਤੇ ਦੁਵਿਧਾ-ਅਧਿਕਾਰ ਜਾਂ ਅਲਪ-ਅਧਿਕਾਰ ਦਾ ਦਬਦਬਾ ਹੈ - ਹਵਾਈ ਯਾਤਰਾ, ਦੂਰਸੰਚਾਰ, ਸੀਮਿੰਟ, ਸਟੀਲ, ਬਿਜਲੀ, ਫਾਰਮਾਸਿਊਟੀਕਲ, ਪੈਟਰੋਲੀਅਮ, ਰੱਖਿਆ ਉਤਪਾਦਨ, ਮਾਈਨਿੰਗ (ਖਨਨ) ਅਤੇ ਰਿਟੇਲ (ਖੁਦਰਾ)। ਹੋਰ ਖੇਤਰ ਵੀ ਇਸੇ ਰਾਹ ’ਤੇ ਜਾ ਸਕਦੇ ਹਨ। ਛੋਟੇ ਕਾਰੋਬਾਰ ਅਤੇ ਐੱਮ. ਐੱਸ. ਐੱਮ. ਈ. ਲਗਭਗ ਖ਼ਤਮ ਹੋ ਜਾਣਗੇ। ਗੈਰ-ਸਰਕਾਰੀ ਸੰਸਥਾਵਾਂ ਦਾ ਦਮ ਘੁੱਟਿਆ ਜਾਵੇਗਾ। ਆਰਥਿਕ ਸ਼ਕਤੀ ਦੀ ਵੰਡ ਤੇਜ਼ੀ ਨਾਲ ਅਜਾਰੇਦਾਰਾਂ ਦੇ ਪੱਖ ’ਚ ਅਸਮਾਨ ਹੁੰਦੀ ਜਾਵੇਗੀ। ਪੂੰਜੀ ਅਤੇ ਕਿਰਤ ਵਿਚਾਲੇ ਸੰਤੁਲਨ ਪੂੰਜੀ ਦੇ ਪੱਖ ’ਚ ਝੁਕਦਾ ਰਹੇਗਾ। ਆਮਦਨ ਦੀ ਵੰਡ ਅਮੀਰ ਅਤੇ ਬਹੁਤ ਜ਼ਿਆਦਾ ਅਮੀਰ ਲੋਕਾਂ ਦੇ ਪੱਖ ’ਚ ਨਾ-ਬਰਾਬਰੀ ਵਾਲੀ ਹੋ ਜਾਵੇਗੀ। ਆਮਦਨ ਦੀਆਂ ਨਾ-ਬਰਾਬਰੀਅਾਂ ਵਧਣਗੀਆਂ ਅਤੇ ਅਸੀਂ ਘੱਟ ਸਮਾਨਤਾਵਾਦੀ ਹੋਵਾਂਗੇ।
ਅੰਦਰੂਨੀ ਹਿਜ਼ਰਤ, ਪਛਾਣ ਨੂੰ ਅਲਵਿਦਾ :
ਜ਼ਿਆਦਾਤਰ ਵੱਡੇ ਸ਼ਹਿਰ ਕਾਸਮੋਪੋਲੀਟਨ (ਮਹਾਨਗਰੀ) ਬਣ ਗਏ ਹਨ ਅਤੇ ਭਾਸ਼ਾਵਾਂ, ਧਰਮਾਂ, ਸੱਭਿਆਚਾਰਾਂ ਅਤੇ ਪਕਵਾਨਾਂ ਦਾ ਮਿਸ਼ਰਣ ਹਨ। ਕਈ ਕਸਬੇ ਵੀ ਇਸੇ ਰਾਹ ’ਤੇ ਚੱਲ ਰਹੇ ਹਨ। ਸ਼ਹਿਰੀਕਰਨ ਅਤੇ ਸਮੂਹਿਕ ਟ੍ਰਾਂਜ਼ਿਟ ਪ੍ਰਣਾਲੀਆਂ ਇਸ ਰੁਝਾਨ ਨੂੰ ਭਾਰਤ ’ਚ ਹੋਰ ਡੂੰਘਾਈ ਤੱਕ ਲੈ ਜਾਣਗੀਆਂ। ਕੋਈ ਵੀ ਕਿਸੇ ਜਗ੍ਹਾ ਨਾਲ ‘ਸਬੰਧਤ’ ਨਹੀਂ ਹੋਵੇਗਾ। ਸੰਯੁਕਤ ਪਰਿਵਾਰ ਦੀ ਤਰ੍ਹਾਂ ‘ਮੂਲ ਸਥਾਨ’ ਵੀ ਖ਼ਤਮ ਹੋ ਜਾਵੇਗਾ। ਜ਼ਿਆਦਾਤਰ ਲੋਕ ਜੋ ਕਿਸੇ ਨੂੰ ਮਿਲਣਗੇ, ਉਹ ਅਜਨਬੀ ਹੋਣਗੇ। ਦੋਸਤਾਂ ਦਾ ਦਾਇਰਾ ਛੋਟਾ ਹੋ ਜਾਵੇਗਾ ਅਤੇ ਰਿਸ਼ਤੇ ਉਪਕਰਣਾਂ ਵਾਂਗ ਬਣਨਗੇ। ਗੱਲਬਾਤ ਮਸ਼ੀਨਾਂ ਦੁਆਰਾ ਸੰਚਾਲਿਤ ਹੋਵੇਗੀ। ਮਨੁੱਖਾਂ ਵਿਚਾਲੇ ਸਬੰਧਾਂ ਨੂੰ ਭਾਵਨਾਵਾਂ ਨਹੀਂ, ਸਗੋਂ ਲੈਣ-ਦੇਣ ਨਿਰਧਾਰਤ ਕਰਨਗੇ। ਜਿਣਸੀ ਸਬੰਧ ਜਿਊਂਦੇ ਰਹਿ ਸਕਦੇ ਹਨ ਕਿਉਂਕਿ ਸੈਕਸ ਦੇ ਬੱਚੇ ਪੈਦਾ ਕਰਨ ਤੋਂ ਇਲਾਵਾ ਵੀ ਫਾਇਦੇ ਹਨ।
ਸੱਭਿਆਚਾਰਕ ਰਾਸ਼ਟਰਵਾਦ ਬਨਾਮ ਡਰੇ ਹੋਏ ਘੱਟਗਿਣਤੀ :
ਵਿਗਿਆਨ ਅਤੇ ਬਨਾਵਟੀ ਵਿਗਿਆਨ ਨੂੰ ਵੱਖ ਕਰਨ ਵਾਲੀ ਰੇਖਾ ਗਾਇਬ ਹੋ ਜਾਵੇਗੀ। ਜਿਵੇਂ ਕਿ ਸ਼੍ਰੀ ਵਾਸੂਦੇਵਨ ਮੁਕੁੰਥ ਨੇ ਲਿਖਿਆ (ਦ ਹਿੰਦੂ, ਮਿਤੀ 23 ਜੂਨ, 2026), ਵਿਦਿਅਕ ਅਧਿਕਾਰਾਂ ਪੌਰਾਣਿਕ ਵਿਗਿਆਨ ਨੂੰ ਵਿਗਿਆਨ ਦੇ ਰੂਪ ’ਚ, ਮਿਥਿਹਾਸਕ ਕਥਾਵਾਂ ਨੂੰ ਇਤਿਹਾਸ ਦੇ ਰੂਪ ’ਚ, ਰੀਤੀ-ਰਿਵਾਜਾਂ ਨੂੰ ਤਕਨੀਕ ਦੇ ਰੂਪ ’ਚ ਅਤੇ ਪ੍ਰਮਾਣਿਕਤਾ ਦੇ ਪ੍ਰਤੀ ਖੁੱਲ੍ਹੇ ਤਿਰਸਕਾਰ ਨੂੰ ਸੰਸਥਾਗਤ ਰੂਪ ਦੇਣਗੇ।
ਹੋਰ ਆਈ.ਆਈ.ਟੀ. ਨੂੰ ਮਿਥਿਹਾਸਕ ਕਹਾਣੀਆਂ, ਪੁਨਰਜਨਮ ਅਤੇ ਵੈਦਿਕ ਜੀਵ-ਵਿਗਿਆਨ ’ਚ ‘ਖੋਜ’ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਸੱਭਿਆਚਾਰਕ ਪੁਨਰ-ਉਥਾਨ ਮੰਦਰਾਂ ਦੇ ਪੁਨਰ-ਨਿਰਮਾਣ ਅਤੇ ਹਿੰਦੂ ਤਿਉਹਾਰਾਂ ਨੂੰ ਮਨਾਉਣ ਦੇ ਆਲੇ-ਦੁਆਲੇ ਘੁੰਮੇਗਾ। ਕਈ ਸ਼ਹਿਰਾਂ ’ਚ ਮੀਟ ਦੀਆਂ ਦੁਕਾਨਾਂ ’ਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਬਹੁਤ ਜ਼ਿਆਦਾ ਅਮੀਰ ਬਨਾਮ ਗਰੀਬਾਂ ਦੀ ਭਾਰੀ ਆਬਾਦੀ :
ਉੱਪਰ ਦੱਸੇ ਗਏ ਰੁਝਾਨਾਂ ਦੇ ਨਤੀਜੇ 144 ਕਰੋੜ ਲੋਕਾਂ ਲਈ ਭਾਰੀ ਹੋਣਗੇ, ਜੋ 167 ਕਰੋੜ ’ਤੇ ਪਹੁੰਚ ਕੇ ਸਥਿਰ ਹੋ ਜਾਣਗੇ ਅਤੇ ਫਿਰ ਘਟਣ ਲੱਗਣਗੇ। ਭਾਰਤ ਅੱਗੇ ਵਧੇਗਾ - ਭਾਵੇਂ 5 ਫੀਸਦੀ ਦੀ ਦਰ ਨਾਲ ਜਾਂ ਇਸ ਤੋਂ ਵੱਧ - ਸਰਕਾਰ ਭਾਵੇਂ ਕੋਈ ਵੀ ਹੋਵੇ, ਕਿਉਂਕਿ ਭਾਰਤੀ ਭੋਜਨ ਉਗਾਉਣਗੇ, ਸਾਮਾਨ ਦਾ ਉਤਪਾਦਨ ਕਰਨਗੇ ਅਤੇ ਖਪਤ ਜਾਂ ਬਰਾਮਦ ਕਰਨਗੇ। ਅਮੀਰਾਂ ਅਤੇ ਬਹੁਤ ਜ਼ਿਆਦਾ ਅਮੀਰ ਲੋਕਾਂ ਦੀ ਗਿਣਤੀ ਵਧੇਗੀ ਪਰ ਪਿਰਾਮਿਡ ਦੇ ਹੇਠਲੇ ਹਿੱਸੇ ’ਤੇ ਕਈ ਮਿਲੀਅਨ ਲੋਕ ਜਮ੍ਹਾ ਹੋ ਜਾਣਗੇ। ਉਹ ਮਿਲੀਅਨ ਲੋਕ ਘੱਟ ਮੰਗ, ਘੱਟ ਵਰਤੋਂ ਹੇਠਲਾ ਜੀਵਨ ਪੱਧਰ ਅਤੇ ਘੱਟ ਵਿਕਾਸ ਦਾ ਅਨੁਭਵ ਕਰਨਗੇ। ਇਸ ਤੋਂ ਇਲਾਵਾ, ਜੇਕਰ ਲੱਖਾਂ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਭਾਰਤ ਦੀ ਕਹਾਣੀ ’ਚ ਹਿੱਸਾ ਲੈਣ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਦਾ ਜੀਵਨ ਹੋਰ ਬਦਤਰ ਹੋ ਜਾਵੇਗਾ। ਭਾਰਤ ਘੱਟ ਬਰਾਬਰ ਅਤੇ ਵਧੇਰੇ ਵੰਡਿਆ ਹੋਇਆ ਤੇ ਗੁੱਸੇ ਵਾਲਾ ਹੋਵੇਗਾ।
ਤੁਸੀਂ ਇਨ੍ਹਾਂ ਪੰਜ ਰੁਝਾਨਾਂ ’ਤੇ ਬਹਿਸ ਕਰ ਸਕਦੇ ਹੋ ਜਾਂ ਇਨ੍ਹਾਂ ’ਚ ਕੁਝ ਜੋੜ ਜਾਂ ਘਟਾ ਸਕਦੇ ਹੋ ਪਰ ਤੁਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਦੇਸ਼ ਦੀ ਦਿਸ਼ਾ ਅਤੇ ਦੇਖੇ ਜਾਣ ਵਾਲੇ ਰੁਝਾਨ ਹੀ ਦੁਨੀਆ ’ਚ ਭਾਰਤ ਦਾ ਸਥਾਨ ਨਿਰਧਾਰਤ ਕਰਨਗੇ।
-ਪੀ. ਚਿਦਾਂਬਰਮ
