‘ਰੈੱਡ ਕਾਰੀਡੋਰ’ ਤੋਂ ਵਾਪਸੀ ਦਾ ਰਾਹ
Wednesday, Jul 15, 2026 - 05:53 PM (IST)
ਸਾਲਾਂ ਤੱਕ, ਦੱਖਣੀ ਬਸਤਰ ਦੇ ਜੰਗਲਾਂ ’ਚ ਰਹਿਣ ਵਾਲੇ ਪੇਂਡੂ ਲੋਕ ਉਸ ਦਾ ਨਾਂ ਲੈਣ ਤੋਂ ਵੀ ਕਤਰਾਉਂਦੇ ਸਨ। ਮਾਓਵਾਦੀ ਅੰਦੋਲਨ ਦੇ ਇਸ ਗੜ੍ਹ ’ਚ, ਪਾਪਾ ਰਾਓ ਉਸ ਦੇ ਦਬਦਬੇ ਦਾ ਪ੍ਰਤੀਕ ਸੀ। ਕਿਸੇ ਪਿੰਡ ’ਚ ਉਸਦੀ ਮੌਜੂਦਗੀ ਇਹ ਤੈਅ ਕਰ ਸਕਦੀ ਸੀ ਕਿ ਕਿਸ ਤੋਂ ਪੁੱਛਗਿੱਛ ਕੀਤੀ ਜਾਵੇਗੀ, ਕਿਸ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਸੁਰੱਖਿਆ ਏਜੰਸੀਆਂ ਅਨੁਸਾਰ, ਕੌਣ ਪੁਲਸ ਦਾ ਮੁਖ਼ਬਰ ਹੋਣ ਦੇ ਲਗਾਤਾਰ ਸ਼ੱਕ ਦੇ ਪਰਛਾਵੇਂ ’ਚ ਜੀਵੇਗਾ। ਡਰ ਹੀ ਉਸ ਦਾ ਸਭ ਤੋਂ ਵੱਡਾ ਹਥਿਆਰ ਸੀ।
ਹਾਲਾਂਕਿ, ਅੱਜ ਉਹ ਡਰ ਆਪਣੀ ਵਫ਼ਾਦਾਰੀ ਬਦਲ ਚੁੱਕਾ ਹੈ। ਪਾਪਾ ਰਾਓ ਨੂੰ ਹੁਣ ਸੁਰੱਖਿਆ ਬਲਾਂ ਵਲੋਂ ਪਿੱਛਾ ਕੀਤੇ ਜਾਣ ਦਾ ਡਰ ਨਹੀਂ ਹੈ। ਇਸਦੀ ਬਜਾਏ, ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਹੀ ਪੁਲਸ ਅਤੇ ਅਰਧ-ਸੈਨਿਕ ਬਲਾਂ ’ਤੇ ਹੈ ਜਿਨ੍ਹਾਂ ਨਾਲ ਉਸ ਨੇ ਸਾਲਾਂ ਤੱਕ ਲੜਾਈ ਲੜੀ ਸੀ।
ਇਹ ਬਦਲਾਅ ਇਸ ਲਈ ਨਹੀਂ ਹੈ ਕਿਉਂਕਿ ਅਤੀਤ ਮਿਟ ਗਿਆ ਹੈ। ਸਗੋਂ ਇਸ ਲਈ ਹੈ ਕਿਉਂਕਿ ਉਸ ਅਤੀਤ ਦੇ ਨਤੀਜੇ ਅਟੱਲ ਹੋ ਗਏ ਹਨ।
ਜਿਹੜੇ ਪੇਂਡੂ ਲੋਕ ਕਦੇ ਮਾਓਵਾਦੀ ਪ੍ਰਭਾਵ ਹੇਠ ਰਹਿੰਦੇ ਸਨ, ਉਨ੍ਹਾਂ ਨੇ ਉਸ ਨੂੰ ਮੁਆਫ਼ ਨਹੀਂ ਕੀਤਾ ਹੈ। ਪੰਚਾਇਤ ਮੈਂਬਰ ਰੂਪੋਸ਼ ਅੰਦੋਲਨ ਦੌਰਾਨ ਉਸ ਦੇ ਸਾਲਾਂ ਤੋਂ ਜੁੜੀ ਹਿੰਸਾ ਨੂੰ ਲੈ ਕੇ ਡੂੰਘਾ ਗੁੱਸਾ ਰੱਖਦੇ ਹਨ। ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਿਨਾਂ ਸੁਰੱਖਿਆ ਦੇ, ਉਸ ਦੀ ਜਾਨ ਨੂੰ ਖ਼ਤਰਾ ਪੁਲਸ ਤੋਂ ਨਹੀਂ, ਸਗੋਂ ਉਨ੍ਹਾਂ ਲੋਕਾਂ ਤੋਂ ਹੋਵੇਗਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਕਦੇ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤਾਂ ’ਚੋਂ ਕਈ ਆਮ ਪੇਂਡੂ ਸਨ ਜਿਨ੍ਹਾਂ ’ਤੇ ਪੁਲਸ ਮੁਖ਼ਬਰ ਹੋਣ ਦਾ ਝੂਠਾ ਦੋਸ਼ ਲਗਾਇਆ ਗਿਆ ਸੀ। ਕੁਝ ਤਾਂ ਨਾਬਾਲਗ ਸਨ। ਇਸ ਤਰ੍ਹਾਂ ਦੇ ਦੋਸ਼ ਦੁਨੀਆ ਭਰ ਦੇ ਵਿਦਰੋਹਾਂ ਦਾ ਇਕ ਕਾਲਾ ਪਹਿਲੂ ਰਹੇ ਹਨ, ਜਿੱਥੇ ਸ਼ੱਕ ਅਕਸਰ ਹਿੰਸਾ ਨੂੰ ਉਤਸ਼ਾਹ ਦਿੰਦਾ ਹੈ।
ਇਸ ਦੇ ਜਵਾਬ ’ਚ, ਪ੍ਰਸ਼ਾਸਨ ਨੇ ਇਕ ਅਸਾਧਾਰਨ ਰੁਖ਼ ਅਪਣਾਇਆ ਹੈ। ਅਧਿਕਾਰੀਆਂ ਨੇ ਪੇਂਡੂ ਆਗੂਆਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਬਦਲਾ ਨਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਸੁਨੇਹਾ ਸਿੱਧਾ ਹੈ : ਇਕ ਵਾਰ ਜਦੋਂ ਕੋਈ ਬਾਗੀ ਰਸਮੀ ਤੌਰ ’ਤੇ ਆਤਮਸਮਰਪਣ ਕਰ ਦਿੰਦਾ ਹੈ, ਤਾਂ ਉਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ’ਤੇ ਆ ਜਾਂਦੀ ਹੈ। ਕੋਈ ਇਸ ਨੀਤੀ ਨਾਲ ਸਹਿਮਤ ਹੋਵੇ ਜਾਂ ਨਾ, ਇਹ ਮੁੜ-ਵਸੇਬੇ ਦੇ ਇਕ ਮਹੱਤਵਪੂਰਨ ਸਿਧਾਂਤ ਨੂੰ ਦਰਸਾਉਂਦਾ ਹੈ ਕਿ ਹਥਿਆਰ ਸੁੱਟਣ ਵਾਲਿਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ, ਜੇਕਰ ਦੂਜਿਆਂ ਤੋਂ ਵੀ ਅਜਿਹਾ ਹੀ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
ਮਾਓਵਾਦੀ ਸੰਗਠਨ ਦੇ ਰੈਂਕਾਂ ’ਚ ਪਾਪਾ ਰਾਓ ਦਾ ਉਭਾਰ ਲਗਾਤਾਰ ਤਰੱਕੀ ਦੇ ਨਾਲ ਹੋਇਆ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਏਰੀਆ ਕਮੇਟੀ ਮੈਂਬਰ ਵਜੋਂ ਕੀਤੀ ਅਤੇ ਬਾਅਦ ’ਚ 2025 ’ਚ ਦੱਖਣੀ ਸਬ-ਜ਼ੋਨਲ ਕਮਾਂਡਰ ਦੇ ਅਹੁਦੇ ’ਤੇ ਪਹੁੰਚਿਆ। ਸੁਰੱਖਿਆ ਏਜੰਸੀਆਂ ਉਸ ’ਤੇ ਸਾਲਾਂ ਤੋਂ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਅਤੇ ਸਰਹੱਦੀ ਸੁਰੱਖਿਆ ਬਲ (ਬੀ. ਐੱਸ. ਐੱਫ.) ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਰੁੱਧ ਕਈ ਹਮਲਿਆਂ ’ਚ ਵੱਡੀ ਭੂਮਿਕਾ ਨਿਭਾਉਣ ਦਾ ਦੋਸ਼ ਲਗਾਉਂਦੀਆਂ ਹਨ। ਇਨ੍ਹਾਂ ਮੁਹਿੰਮਾਂ ਦੇ ਨਤੀਜੇ ਵਜੋਂ ਕੁੱਲ ਮਿਲਾ ਕੇ ਸੌ ਤੋਂ ਵੱਧ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋਈ ਅਤੇ ਕਈ ਹੋਰ ਜ਼ਖ਼ਮੀ ਹੋਏ।
ਹਾਲਾਂਕਿ, 2026 ਦੀ ਸ਼ੁਰੂਆਤ ਤੱਕ, ਜਿਸ ਸੰਗਠਨ ਨੂੰ ਉਸਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ, ਉਹ ਬੇਮਿਸਾਲ ਤਣਾਅ ਦਾ ਸਾਹਮਣਾ ਕਰ ਰਿਹਾ ਸੀ। ਮਹੀਨਿਆਂ ਤੱਕ ਚੱਲੀਆਂ ਲਗਾਤਾਰ ਅੱਤਵਾਦ-ਵਿਰੋਧੀ ਮੁਹਿੰਮਾਂ ਨੇ ਮਾਓਵਾਦੀ ਢਾਂਚੇ ਲਈ ਉਪਲਬਧ ਕਾਰਜਸ਼ੀਲ ਖੇਤਰ ਨੂੰ ਕਾਫ਼ੀ ਘਟਾ ਦਿੱਤਾ ਸੀ। ਸੀਨੀਅਰ ਆਗੂਆਂ ਨੂੰ ਹੱਤਿਆ, ਗ੍ਰਿਫ਼ਤਾਰੀ ਅਤੇ ਆਤਮਸਮਰਪਣ ਸਮੇਤ ਵੱਖ-ਵੱਖ ਤਰੀਕਿਆਂ ਨਾਲ ਖ਼ਤਮ ਕੀਤਾ ਜਾ ਰਿਹਾ ਸੀ। ਇਕਾਈਆਂ ਵਿਚਾਲੇ ਸੰਚਾਰ ਤੇਜ਼ੀ ਨਾਲ ਮੁਸ਼ਕਲ ਹੁੰਦਾ ਜਾ ਰਿਹਾ ਸੀ ਅਤੇ ਰੈਂਕਾਂ ’ਚ ਅਨਿਸ਼ਚਿਤਤਾ ਫੈਲ ਗਈ ਸੀ। ਜਿਸ ਆਤਮਵਿਸ਼ਵਾਸ ਨੇ ਕਦੇ ਅੰਦੋਲਨ ਨੂੰ ਜਿਊਂਦਾ ਰੱਖਿਆ ਸੀ, ਉਸਨੇ ਇਸਦੇ ਲੰਬੇ ਸਮੇਂ ਤੱਕ ਹੋਂਦ ’ਚ ਰਹਿਣ ਨੂੰ ਲੈ ਕੇ ਸ਼ੰਕਿਆਂ ਨੂੰ ਜਨਮ ਦੇ ਦਿੱਤਾ ਸੀ।
ਇਸ ਚੁਣੌਤੀਪੂਰਨ ਮਾਹੌਲ ’ਚ, ਪਾਪਾ ਰਾਓ ਅਤੇ 18 ਹੋਰ ਮਾਓਵਾਦੀਆਂ ਨੇ 24 ਮਾਰਚ, 2026 ਨੂੰ ਆਤਮਸਮਰਪਣ ਕਰ ਦਿੱਤਾ। ਸੁਰੱਖਿਆ ਅਧਿਕਾਰੀ ਇਸ ਘਟਨਾ ਨੂੰ ਹਾਲ ਹੀ ਦੇ ਸਾਲਾਂ ’ਚ ਅੱਤਵਾਦ ਲਈ ਸਭ ਤੋਂ ਵੱਡੇ ਝਟਕਿਆਂ ’ਚੋਂ ਇਕ ਮੰਨਦੇ ਹਨ। ਆਪਣੇ ਤੁਰੰਤ ਪ੍ਰਭਾਵ ਤੋਂ ਪਰ੍ਹੇ, ਇਸਨੇ ਮਾਓਵਾਦੀ ਰੈਂਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਤਜਰਬੇਕਾਰ ਕਮਾਂਡਰ ਵੀ ਹੁਣ ਨਿਸ਼ਚਿਤ ਨਹੀਂ ਸਨ ਕਿ ਅੰਦੋਲਨ ਅਣਮਿੱਥੇ ਸਮੇਂ ਲਈ ਖ਼ੁਦ ਨੂੰ ਕਾਇਮ ਰੱਖ ਸਕਦਾ ਹੈ। ਬਾਅਦ ਦੇ ਮਹੀਨਿਆਂ ’ਚ, ਛੱਤੀਸਗੜ੍ਹ ਦੇ ਵੱਖ-ਵੱਖ ਜ਼ਿਲਿਆਂ ’ਚ ਹੋਰ ਕਾਡਰਾਂ ਨੇ ਆਤਮਸਮਰਪਣ ਕੀਤਾ।
ਮੁੜ-ਵਸੇਬਾ ਪ੍ਰਕਿਰਿਆ ਦੇ ਹਿੱਸੇ ਵਜੋਂ, ਸਰਕਾਰ ਨੇ ਪਾਪਾ ਰਾਓ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਹੈ। ਹਾਲਾਂਕਿ ਉਹ ਆਪਣੇ ਸਿਰ ’ਤੇ ਐਲਾਨੀ ਇਨਾਮੀ ਰਾਸ਼ੀ 25 ਲੱਖ ਰੁਪਏ ਦੇ ਨਾਲ-ਨਾਲ ਆਪਣੀ ਏ. ਕੇ.-47 ਰਾਈਫਲ ਸੌਂਪਣ ਲਈ 3 ਲੱਖ ਰੁਪਏ ਪ੍ਰਾਪਤ ਕਰਨ ਦਾ ਯੋਗ ਪਾਤਰ ਹਨ, ਪਰ ਇਹ ਲਾਭ ਮੁੜ-ਵਸੇਬੇ ਦੇ ਢਾਂਚੇ ਦੇ ਨਾਲ ਉਸਦੀ ਲਗਾਤਾਰ ਪਾਲਣਾ ’ਤੇ ਨਿਰਭਰ ਹਨ। ਅਧਿਕਾਰੀ ਉਸ ਨੂੰ ਪੂਰੀ ਤਰ੍ਹਾਂ ਮੁੜ-ਵਸੇਬਾ ਪ੍ਰਾਪਤ ਮੰਨਣ ਤੋਂ ਪਹਿਲਾਂ ਉਸ ਦੇ ਵਿਵਹਾਰ ਦੀ ਨਿਗਰਾਨੀ ਕਰਨ ਦਾ ਇਰਾਦਾ ਰੱਖਦੇ ਹਨ।
ਇਹ ਜ਼ਿਕਰ ਕਰਨਾ ਬਹੁਤ ਮਹੱਤਵਪੂਰਨ ਹੈ ਕਿ ਉਸਦੇ ਆਤਮਸਮਰਪਣ ਨੂੰ ਦੋਸ਼-ਮੁਕਤੀ ਨਹੀਂ ਸਮਝਿਆ ਜਾਣਾ ਚਾਹੀਦਾ। ਇਕ ਆਤਮਸਮਰਪਣ ਪੀੜਤਾਂ ਵਲੋਂ ਝੱਲੀ ਗਈ ਪੀੜਾ ਜਾਂ ਆਪਣੇ ਪਿਆਰਿਆਂ ਨੂੰ ਖੋਹਣ ਵਾਲੇ ਪਰਿਵਾਰਾਂ ਦੇ ਦਰਦ ਨੂੰ ਮਿਟਾ ਨਹੀਂ ਸਕਦਾ। ਇਸ ਤੋਂ ਇਲਾਵਾ, ਇਹ ਰੂਪੋਸ਼ ਰਹਿਣ ਦੌਰਾਨ ਉਸਦੇ ਕਾਰਜਕਾਲ ’ਚ ਕੀਤੀ ਗਈ ਹਿੰਸਾ ਦੇ ਦੋਸ਼ਾਂ ਨੂੰ ਵੀ ਖਾਰਿਜ ਨਹੀਂ ਕਰਦਾ। ਉਹ ਯਾਦਾਂ ਉਨ੍ਹਾਂ ਪਿੰਡਾਂ ’ਚ ਡੂੰਘਾਈ ਨਾਲ ਉੱਕਰੀਆਂ ਹੋਈਆਂ ਹਨ ਜਿੱਥੇ ਇਹ ਸੰਘਰਸ਼ ਹੋਇਆ ਸੀ।
ਹਾਲਾਂਕਿ, ਉਸਦੇ ਆਤਮਸਮਰਪਣ ਦੀ ਮਹੱਤਤਾ ਕਿਸੇ ਇਕ ਕਮਾਂਡਰ ਦੀ ਕਿਸਮਤ ਨਾਲੋਂ ਕਿਤੇ ਵੱਡੀ ਹੈ। ਇਹ ਇਕ ਨਵੇਂ ਪੜਾਅ ’ਚ ਪ੍ਰਵੇਸ਼ ਕਰ ਰਹੇ ਸੰਘਰਸ਼ ਨੂੰ ਦਰਸਾਉਂਦਾ ਹੈ, ਅਜਿਹਾ ਪੜਾਅ ਜਿੱਥੇ ਕਦੇ ਡਰ ਦੇ ਜ਼ੋਰ ’ਤੇ ਚਲਾਇਆ ਜਾਣ ਵਾਲਾ ਦਬਦਬਾ ਹੁਣ ਕਮਜ਼ੋਰ ਹੋ ਰਿਹਾ ਹੈ, ਜਿੱਥੇ ਕਦੇ ਆਪਣੀਆਂ ਸ਼ਰਤਾਂ ਤੈਅ ਕਰਨ ਵਾਲੇ ਕਮਾਂਡਰ ਹਥਿਆਰਬੰਦ ਸੰਘਰਸ਼ ਦੀ ਬਜਾਏ ਗੱਲਬਾਤ ਦਾ ਬਦਲ ਚੁਣ ਰਹੇ ਹਨ ਅਤੇ ਜਿੱਥੇ ਰਾਜ ਦੀ ਸਭ ਤੋਂ ਵੱਡੀ ਚੁਣੌਤੀ ਹੁਣ ਸਿਰਫ ਕਿਸੇ ਅੱਤਵਾਦ ਨੂੰ ਹਰਾਉਣਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਜੋ ਲੋਕ ਇਸ ਨੂੰ ਛੱਡ ਚੁੱਕੇ ਹਨ ਉਹ ਕਦੇ ਵੀ ਵਾਪਸ ਪਰਤਣ ਲਈ ਮਜਬੂਰ ਮਹਿਸੂਸ ਨਾ ਕਰਨ।
ਵਰਤਮਾਨ ’ਚ, ਪਾਪਾ ਰਾਓ ਦਾ ਜੀਵਨ ਇਕ ਅਜਿਹੀ ਹਕੀਕਤ ਦੁਆਰਾ ਪਰਿਭਾਸ਼ਿਤ ਹੁੰਦਾ ਹੈ ਜੋ ਕਦੇ ਅਣਕਿਆਸੀ ਲੱਗਦੀ ਸੀ। ਜੋ ਵਿਅਕਤੀ ਕਦੇ ਡਰ ਪੈਦਾ ਕਰਦਾ ਸੀ, ਉਹ ਅੱਜ ਇਸ ਲਈ ਜਿਊਂਦਾ ਹੈ ਕਿਉਂਕਿ ਦੂਜੇ ਲੋਕ ਡਰ ਨੂੰ ਉਸ ਤੱਕ ਪਹੁੰਚਣ ਤੋਂ ਰੋਕ ਰਹੇ ਹਨ।
—ਭਾਵਨਾ ਅਰੋੜਾ
