‘ਰਾਕਾਂਪਾ’ ਦੇ ਸਿਆਸੀ ਭਵਿੱਖ ਨੂੰ ਲੈ ਕੇ ਅਟਕਲਾਂ
Saturday, Jul 18, 2026 - 05:34 PM (IST)
ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦਾ ਸਿਆਸੀ ਭਵਿੱਖ ਉਦੋਂ ਚਰਚਾ ’ਚ ਆ ਗਿਆ ਜਦੋਂ ਰਾਕਾਂਪਾ ਦੇ ਦੋਵਾਂ ਧੜਿਆਂ ਦੇ ਸੀਨੀਅਰ ਆਗੂਆਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵੱਖ-ਵੱਖ ਬੈਠਕਾਂ ਕੀਤੀਆਂ, ਜਿਸ ਨਾਲ ਸੰਭਾਵੀ ਸਿਆਸੀ ਮੁੜ-ਗਠਨ ਦੀਆਂ ਨਵੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਸੂਤਰਾਂ ਅਨੁਸਾਰ, ਸ਼ਰਦ ਪਵਾਰ ਅਗਲੀ ਹੱਦਬੰਦੀ ਪ੍ਰਕਿਰਿਆ ਨੂੰ ਚਲਾਉਣ ਲਈ ਨਰਿੰਦਰ ਮੋਦੀ ਸਰਕਾਰ ਦੇ ਵਿਵਾਦਿਤ ਬਿੱਲ ਦਾ ਸਮਰਥਨ ਕਰਨ ਲਈ ਤਿਆਰ ਹਨ।
ਜੇਕਰ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਕਦਮ ਵਿਰੋਧੀ ਧਿਰ ਦੇ ਸਾਂਝੇ ਸਟੈਂਡ ਤੋਂ ਇਕ ਵੱਖਰਾ ਰਾਹ ਹੋਵੇਗਾ। ਇਸ ਦੌਰਾਨ, ਰਾਕਾਂਪਾ (ਸ਼ਰਦ ਪਵਾਰ) ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਅਟਕਲਾਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਸੰਕੇਤ ਦਿੱਤਾ ਕਿ ਬਿੱਲ ’ਤੇ ਧੜੇ ਦਾ ਰੁਖ਼ ਇਸ ਦੇ ਅੰਤਿਮ ਰੂਪ ਅਤੇ ਸਰੂਪ ’ਤੇ ਨਿਰਭਰ ਕਰੇਗਾ। ਸਰਕਾਰ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸੰਵਿਧਾਨ (131ਵੀਂ ਸੋਧ) ਬਿੱਲ ਪੇਸ਼ ਕਰਨ ਦੀ ਉਮੀਦ ਕਰ ਰਹੀ ਹੈ।
ਕਾਂਗਰਸ ਬਿੱਲਾਂ ਦਾ ਵਿਰੋਧ ਕਰੇਗੀ : ਕਾਂਗਰਸ ਸੰਸਦੀ ਰਣਨੀਤੀ ਸਮੂਹ ਨੇ ਪਾਰਟੀ ਦੀ ਰਣਨੀਤੀ ’ਤੇ ਚਰਚਾ ਕਰਨ ਲਈ ਸੀ. ਪੀ. ਪੀ. ਪ੍ਰਧਾਨ ਸੋਨੀਆ ਗਾਂਧੀ ਨਾਲ ਇਕ ਰਣਨੀਤਕ ਬੈਠਕ ਕੀਤੀ ਅਤੇ ਪਾਰਟੀ ਮਾਨਸੂਨ ਸੈਸ਼ਨ ਦੌਰਾਨ ਸੰਸਦ ’ਚ ਰਾਮ ਮੰਦਰ ਦਾਨ ਚੋਰੀ, ਇਥੇਨੌਲ-ਮਿਸ਼ਰਤ ਈਂਧਨ, ਪ੍ਰਸ਼ਨ ਪੱਤਰ ਲੀਕ, ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਵਰਗੇ ਮੁੱਦਿਆਂ ਨੂੰ ਉਠਾਏਗੀ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਹੱਦਬੰਦੀ ਅਤੇ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਹਟਾਉਣ ਬਾਰੇ ਪ੍ਰਸਤਾਵਿਤ ਸੰਵਿਧਾਨ ਸੋਧ ਬਿੱਲਾਂ ਅਤੇ ਨਾਲ ਹੀ ਸੈਸ਼ਨ ਦੌਰਾਨ ਪੇਸ਼ ਕੀਤੇ ਜਾਣ ਵਾਲੇ ਕਈ ਹੋਰ ਕਾਨੂੰਨਾਂ ਦਾ ਸਖ਼ਤ ਵਿਰੋਧ ਕਰੇਗੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਹੋਰ ਸੀਨੀਅਰ ਸੰਸਦ ਮੈਂਬਰਾਂ ਨੇ ਕਾਂਗਰਸ ਸੰਸਦੀ ਦਲ ਦੀ ਬੈਠਕ ’ਚ ਹਿੱਸਾ ਲਿਆ। ਬੈਠਕ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ ਪਾਰਟੀਆਂ ਨਾਲ ਤਾਲਮੇਲ ਕਰ ਰਹੀ ਹੈ ਜਿਨ੍ਹਾਂ ਨੇ 17 ਅਪ੍ਰੈਲ ਨੂੰ ਲੋਕ ਸਭਾ ’ਚ ਸੰਵਿਧਾਨ (130ਵੀਂ ਸੋਧ) ਬਿੱਲ ਨੂੰ ਹਰਾਉਣ ਲਈ ਇਕੱਠੇ ਵੋਟ ਪਾਈ ਸੀ। ਇੰਡੀਆ ਗੱਠਜੋੜ 20 ਜੁਲਾਈ ਨੂੰ ਇਕ ਸਾਂਝੀ ਰਣਨੀਤੀ ਬੈਠਕ ਕਰਨ ਵਾਲਾ ਹੈ, ਜਦੋਂ ਕਿ ਸਰਕਾਰ ਨੇ 19 ਜੁਲਾਈ ਨੂੰ ਸਰਬਦਲੀ ਬੈਠਕ ਬੁਲਾਈ ਹੈ।
ਮਮਤਾ ਨੂੰ ਝਟਕੇ ’ਤੇ ਝਟਕਾ : ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ’ਚ ਵਧਦੀ ਪਾਰਟੀ ਬਦਲੀ ਦੇ ਵਿਚਾਲੇ, ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਪਾਰਟੀ ਛੱਡਣ ਦੀ ਯੋਜਨਾ ਬਣਾ ਰਹੇ ਆਗੂਆਂ ਨੂੰ ਕਿਹਾ ਕਿ ਉਹ 21 ਜੁਲਾਈ ਦੀ ਸ਼ਹੀਦ ਦਿਵਸ ਰੈਲੀ ਤੋਂ ਪਹਿਲਾਂ ਅਜਿਹਾ ਕਰ ਲੈਣ, ਉਨ੍ਹਾਂ ਦੇ ਜਾਣ ਨਾਲ ਸੰਗਠਨ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਹੋਵੇਗਾ। ਦੂਜੇ ਪਾਸੇ, ਜਾਣੀ-ਪਛਾਣੀ ਅਦਾਕਾਰਾ ਕੋਇਲ ਮਲਿਕ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨਾਲ ਤ੍ਰਿਣਮੂਲ ਕਾਂਗਰਸ ਦੀ ਸੰਸਦੀ ਤਾਕਤ ਨੂੰ ਇਕ ਹੋਰ ਝਟਕਾ ਲੱਗਾ। ਇਸ ਤੋਂ ਤੁਰੰਤ ਬਾਅਦ, ਕੋਇਲ ਨੇ ਦਿੱਲੀ ’ਚ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ, ਜਿਸ ਨਾਲ ਉਨ੍ਹਾਂ ਦੇ ਅਗਲੇ ਕਦਮ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ।
ਇਹ ਮੋੜ ਉਦੋਂ ਆਇਆ ਹੈ ਜਦੋਂ ਮਮਤਾ ਦੇ ਭਰੋਸੇਮੰਦ ਸਾਥੀ ਅਤੇ ਸੀਨੀਅਰ ਤ੍ਰਿਣਮੂਲ ਵਿਧਾਇਕ ਮਦਨ ਮਿੱਤਰਾ, ਰਿਤਾਬਰਤ ਬੈਨਰਜੀ ਦੀ ਅਗਵਾਈ ਵਾਲੇ ਬਾਗੀ ਤ੍ਰਿਣਮੂਲ ਖੇਮੇ ’ਚ ਸ਼ਾਮਲ ਹੋ ਗਏ। ਇਸ ਦੌਰਾਨ, ਮਮਤਾ ਬੈਨਰਜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਸਿਆਸੀ ਪਾਰੀ ਖਤਮ ਕਰਨ ਤੋਂ ਕੋਹਾਂ ਦੂਰ ਹਨ, ‘ਕੋਰਬੋ, ਲੋਰਬੋ, ਬਚਬੋ’ (ਮੈਂ ਲੜਾਂਗੀ ਅਤੇ ਜਿਊਂਦੀ ਰਹਾਂਗੀ)।
ਕਾਂਗਰਸ ਨੇ ਵੀ ਕੀਤੀ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ : ਸੋਨਮ ਵਾਂਗਚੁਕ ਦੇ ਭੁੱਖ ਹੜਤਾਲ ’ਤੇ ਆਪਣੀ ਚੁੱਪ ਤੋੜਦਿਆਂ, ਕਾਂਗਰਸ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਕਾਂਗਰਸ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਪਵਨ ਖੇੜਾ ਨੇ ਸ਼ੁੱਕਰਵਾਰ ਨੂੰ ਵਾਂਗਚੁਕ ਨਾਲ ਮੁਲਾਕਾਤ ਕੀਤੀ ਅਤੇ ਸੰਵੇਦਨਹੀਣ ਕੇਂਦਰ ਸਰਕਾਰ ’ਤੇ ਜਮਹੂਰੀ ਵਿਰੋਧ ਦੀ ਭਾਸ਼ਾ ਨਾ ਸਮਝਣ ਦਾ ਦੋਸ਼ ਲਗਾਇਆ।
ਪਿਛਲੇ ਤਿੰਨ ਹਫ਼ਤਿਆਂ ’ਚ, ‘ਆਪ’, ਸਪਾ, ਸ਼ਿਵ ਸੈਨਾ (ਯੂ. ਬੀ. ਟੀ.), ਟੀ. ਐੱਮ. ਸੀ., ਭਾਕਪਾ, ਭਾਕਪਾ (ਮਾਲੇ)-ਲਿਬਰੇਸ਼ਨ ਅਤੇ ਰਾਜਦ ਸਮੇਤ ਕਈ ਪਾਰਟੀਆਂ ਨੇ ਅੰਦੋਲਨ ਦਾ ਸਮਰਥਨ ਕੀਤਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਮਾਜਵਾਦੀ ਪਾਰਟੀ ਦੀ ਆਗੂ ਡਿੰਪਲ ਯਾਦਵ ਨੇ ਵਿਰੋਧ ਵਾਲੀ ਥਾਂ ’ਤੇ ਵਾਂਗਚੁਕ ਅਤੇ ਹੋਰ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ।
ਪੰਜਾਬ ’ਚ ਚੰਨੀ ਖੇਮੇ ਦੀਆਂ ਮੰਗਾਂ ਬਰਕਰਾਰ : ਪੰਜਾਬ ਕਾਂਗਰਸ ’ਚ ਗੰਭੀਰ ਅਤੇ ਮਜ਼ਬੂਤ ਗੁੱਟਬਾਜ਼ੀ ਦੇ ਵਿਚਾਲੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਦੇ ਸਾਬਕਾ ਸੀ. ਐੱਮ. ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਨਹੀਂ ਕੀਤੀ, ਜਦੋਂ ਕਿ ਕਾਂਗਰਸ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ ਨੇ ਚੰਨੀ, ਸੁਖਜਿੰਦਰ ਰੰਧਾਵਾ, ਰਾਣਾ ਗੁਰਜੀਤ ਸਿੰਘ, ਵਿਜੇਇੰਦਰ ਸਿੰਗਲਾ ਅਤੇ ਪਰਗਟ ਸਿੰਘ ਨਾਲ ਵੱਖ-ਵੱਖ ਮੁਲਾਕਾਤਾਂ ਕੀਤੀਆਂ। ਹਾਲਾਂਕਿ, ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪੰਜਾਬ ਦੇ ਇੰਚਾਰਜ ਕਾਂਗਰਸ ਜਨਰਲ ਸਕੱਤਰ ਭੂਪੇਸ਼ ਬਘੇਲ ਇਸ ਚਿੰਤਾ ’ਚ ਹਨ ਕਿ ਦਬਾਅ ਹੇਠ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਨਾਲ ਗਲਤ ਸੰਦੇਸ਼ ਜਾਵੇਗਾ ਅਤੇ ਇਹ ਸੰਕੇਤ ਮਿਲੇਗਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਲੀਡਰਸ਼ਿਪ ਜਾਰੀ ਰਹੇਗੀ।
ਲੀਡਰਸ਼ਿਪ ਇਹ ਵੀ ਸਮਝ ਰਹੀ ਹੈ ਕਿ ਸੂਬਾ ਇਕਾਈ ਦੇ ਅੰਦਰ ਮੌਜੂਦਾ ਜਾਤੀ ਸੰਤੁਲਨ ਨੂੰ ਧਿਆਨ ’ਚ ਰੱਖਿਆ ਜਾਵੇ, ਜਿਸ ’ਚ ਵੜਿੰਗ ਜੱਟ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਚੰਨੀ ਇਕ ਪ੍ਰਮੁੱਖ ਦਲਿਤ ਚਿਹਰਾ ਹਨ। ਇਸ ਦੌਰਾਨ, ਚੰਨੀ ਅਤੇ ਰੰਧਾਵਾ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ ਅਤੇ ਇਨ੍ਹਾਂ ਸੰਕੇਤਾਂ ਦੇ ਬਾਵਜੂਦ ਕਿ ਪਾਰਟੀ ਲੀਡਰਸ਼ਿਪ ਸੂਬਾ ਇਕਾਈ ਦੇ ਪ੍ਰਧਾਨ ’ਚ ਬਦਲਾਅ ’ਤੇ ਵਿਚਾਰ ਨਹੀਂ ਕਰ ਰਹੀ ਹੈ, ਚੰਨੀ ਖੇਮੇ ਨੇ ਆਪਣੀਆਂ ਮੰਗਾਂ ਜਾਰੀ ਰੱਖੀਆਂ, ਜਿਸ ਨਾਲ ਪੰਜਾਬ ਕਾਂਗਰਸ ਦੇ ਅੰਦਰ ਵਿਆਪਕ ਤਰੇੜਾਂ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ।
–ਰਾਹਿਲ ਨੋਰਾ ਚੋਪੜਾ
