‘ਇਕ ਵਾਰ ਫਿਰ ਕੋਰੋਨਾ ਦੀ ਦਸਤਕ’ ‘ਸਮਾਂ ਰਹਿੰਦੇ ਹੀ ਬਚਾਅ ਦੇ ਉਪਾਅ ਕੀਤੇ ਜਾਣ’

Wednesday, May 21, 2025 - 07:08 AM (IST)

‘ਇਕ ਵਾਰ ਫਿਰ ਕੋਰੋਨਾ ਦੀ ਦਸਤਕ’ ‘ਸਮਾਂ ਰਹਿੰਦੇ ਹੀ ਬਚਾਅ ਦੇ ਉਪਾਅ ਕੀਤੇ ਜਾਣ’

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਅਨੁਸਾਰ ਭਾਰਤ ’ਚ ‘ਕੋਰੋਨਾ ਮਹਾਮਾਰੀ’ ਦੀ ਪਹਿਲੀ ਲਹਿਰ ਜਨਵਰੀ, 2020 ਤੋਂ ਫਰਵਰੀ, 2021 ਤੱਕ ਰਹੀ। ਇਸ ਦੌਰਾਨ ‘ਕੋਰੋਨਾ’ ਦੇ 1.08 ਕਰੋੜ ਮਾਮਲੇ ਸਾਹਮਣੇ ਆਏ ਅਤੇ ਔਸਤਨ ਰੋਜ਼ਾਨਾ 412 ਮੌਤਾਂ ਦੇ ਹਿਸਾਬ ਨਾਲ ਲਗਭਗ 1.55 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ।

‘ਕੋਰੋਨਾ’ ਦੀ ਦੂਜੀ ਲਹਿਰ (ਮਾਰਚ, 2021 ਤੋਂ ਮਈ, 2021) ’ਚ 1.69 ਲੱਖ ਮੌਤਾਂ ਅਤੇ ਤੀਜੀ ਲਹਿਰ (ਦਸੰਬਰ, 2021 ਤੋਂ ਫਰਵਰੀ, 2022) ਦੇ ਦੌਰਾਨ 50.05 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 10,465 ਮੌਤਾਂ ਹੋਈਆਂ।

ਅਤੇ ਹੁਣ ਇਕ ਵਾਰ ਫਿਰ ਭਾਰਤ ਸਮੇਤ ‘ਦੱਖਣ ਏਸ਼ੀਆ’ ਦੇ ਕਈ ਦੇਸ਼ਾਂ ’ਚ ‘ਕੋਰੋਨਾ’ ਦੀ ਨਵੀਂ ਲਹਿਰ (ਵੇਰੀਐਂਟ) ਦਾ ਖਤਰਾ ਮੰਡਰਾਉਣ ਲੱਗਾ। ‘ਹਾਂਗਕਾਂਗ’ ਅਤੇ ‘ਸਿੰਗਾਪੁਰ’ ’ਚ ‘ਕੋਰੋਨਾ ਵਾਇਰਸ’ ਦੇ ਮਾਮਲੇ ਵਧਣ ਲੱਗੇ ਹਨ।

ਜਿੱਥੇ ‘ਹਾਂਗਕਾਂਗ’ ’ਚ ਅਜੇ ਤੱਕ ਸਾਹਮਣੇ ਆਏ ‘ਕੋਰੋਨਾ’ ਦੇ 81 ਮਾਮਲਿਆਂ ’ਚ 30 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ‘ਸਿੰਗਾਪੁਰ’ ’ਚ 1 ਮਈ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧ ਕੇ 14,200 ਹੋ ਗਈ ਹੈ। ਉੱਥੇ 1 ਤੋਂ 19 ਮਈ ਦੇ ਦਰਮਿਆਨ ਇਸ ਦੇ 3,000 ਨਵੇਂ ਮਰੀਜ਼ ਸਾਹਮਣੇ ਆਏ ਹਨ।

‘ਸਿੰਗਾਪੁਰ’ ਤੇ ‘ਹਾਂਗਕਾਂਗ’ ਦੇ ਬਾਅਦ ‘ਚੀਨ’ ਅਤੇ ‘ਥਾਈਲੈਂਡ’ ’ਚ ਵੀ ਇਸ ਦੇ ਮਾਮਲੇ ਵਧਣ ਲੱਗੇ ਹਨ ਅਤੇ ਅਲਰਟ ਜਾਰੀ ਕਰ ਦਿੱਤਾ ਿਗਆ ਹੈ। ਉੱਥੋਂ ਦੇ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਮਹਾਮਾਰੀ ਇਕ ਵਾਰ ਫਿਰ ਗੰਭੀਰ ਰੂਪ ਲੈ ਸਕਦੀ ਹੈ ਅਤੇ ਇਸ ਦਾ ਅਸਰ ਏਸ਼ੀਆ ਦੇ ਹੋਰਨਾਂ ਹਿੱਸਿਆਂ ’ਚ ਵੀ ਹੋ ਸਕਦਾ ਹੈ।

‘ਹਾਂਗਕਾਂਗ’ ’ਚ ਇਨਫੈਕਟਿਡ ਰੋਗਾਂ ਦੇ ਸਿਹਤ ਅਧਿਕਾਰੀ ‘ਅਲਬਰਟ’ ਦੇ ਅਨੁਸਾਰ ‘ਕੋਰੋਨਾ ਵਾਇਰਸ’ ਦੇ ਮਾਮਲੇ ਬੜੀ ਤੇਜ਼ੀ ਨਾਲ ਵਧ ਰਹੇ ਹਨ, ਇਸ ਲਈ ਸਾਹ ਦੀ ਤਕਲੀਫ ਵਾਲੇ ਰੋਗੀਆਂ ਦੇ ‘ਕੋਰੋਨਾ ਪਾਜ਼ੇਟਿਵ’ ਪਾਏ ਜਾਣ ਦੇ ਖਦਸ਼ੇ ਇਸ ਸਾਲ ਬੜੇ ਵਧ ਸਕਦੇ ਹਨ ਜਿਸ ਨੂੰ ਲੈ ਕੇ ਭਾਰਤ ’ਚ ਵੀ ਚਿੰਤਾ ਪੈਦਾ ਹੋ ਗਈ ਹੈ।

ਹਾਲਾਂਕਿ ਭਾਰਤ ’ਚ ਅਜੇ ਕੋਰੋਨਾ ਦੀ ਕੋਈ ਵੱਡੀ ਲਹਿਰ ਦਿਖਾਈ ਤਾਂ ਨਹੀਂ ਦੇ ਰਹੀ ਹੈ ਪਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਅਨੁਸਾਰ 1 ਜਨਵਰੀ ਤੋਂ 19 ਮਈ ਤੱਕ ਦੇਸ਼ ’ਚ ਕੋਰੋਨਾ ਦੇ 257 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਨ੍ਹਾਂ ’ਚੋਂ ਇਕੱਲੇ ਮੁੰਬਈ ’ਚ ਹੀ 53 ਮਾਮਲੇ ਸਾਹਮਣੇ ਆਏ ਹਨ ਅਤੇ ਮੁੰਬਈ ਦੇ ਕੇ. ਈ. ਐੱਮ. ਹਸਪਤਾਲ ’ਚ 19 ਮਈ ਨੂੰ 2 ਕੋਰੋਨਾ ਪੀੜਤਾਂ ਦੀ ਮੌਤ ਵੀ ਹੋ ਚੁੱਕੀ ਹੈ। ਹਾਲਾਂਕਿ ਸਰਕਾਰ ਸਥਿਤੀ ਨੂੰ ਕੰਟਰੋਲ ’ਚ ਦੱਸ ਰਹੀ ਹੈ ਪਰ ਮੁੰਬਈ ’ਚ ਡਾਕਟਰਾਂ ਨੇ ‘ਕੋਰੋਨਾ’ ਦੇ ਹੋਰ ਵੀ ਹਲਕੇ ਲੱਛਣਾਂ ਵਾਲੇ ਮਾਮਲੇ ਦੇਖੇ ਹਨ।

‘ਵਿਸ਼ਵ ਸਿਹਤ ਸੰਗਠਨ’ (ਡਬਲਯੂ. ਐੱਚ. ਓ.) ਦੇ ਅਨੁਸਾਰ ਇਸ ਵਾ ਇਨਫੈਕਸ਼ਨ ਦੇ ਲਈ ‘ਓਮੀਕੋਰੋਨ’ ਦੇ ਨਵੇਂ ਵੇਰੀਐਂਟ ‘ਜੇ. ਐੱਨ. 1’ ਅਤੇ ਉਸ ਦੇ ਨਾਲ ‘ਵੇਰੀਐਂਟਸ’ ਐੱਲ. ਐੱਫ.-7 ਅਤੇ ਐੱਨ. ਬੀ. 1.8 ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਜੇ. ਐੱਨ.-1 ਵੇਰੀਐਂਟ ਕਾਫੀ ਤੇਜ਼ੀ ਨਾਲ ਫੈਲਦਾ ਹੈ। ਇੰਗਲੈਂਡ ਦੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ‘ਕੋਰੋਨਾ’ ਦੇ ਜੇ. ਐੱਨ.1 ਸਬ ਵੇਰੀਐਂਟ ਨਾਲ ਇਨਫੈਕਟਿਡ ਲੋਕਾਂ ਨੇ ਕੁਝ ਸੰਕੇਤ ਦੱਸੇ ਹਨ, ਜਿਨ੍ਹਾਂ ’ਚ ਗਲੇ ’ਚ ਖਰਾਸ਼, ਨੀਂਦ ਨਾ ਆਉਣ ਦੀ ਸਮੱਸਿਆ, ਐਂਗਜਾਈਟੀ, ਨੱਕ ਦਾ ਵਗਣਾ, ਖੰਘ, ਸਿਰ ਦਰਦ, ਕਮਜ਼ੋਰੀ ਜਾਂ ਥਕਾਵਟ, ਮਾਸਪੇਸ਼ੀਆਂ ’ਚ ਦਰਦ ਆਦਿ ਸ਼ਾਮਲ ਹਨ।

ਇੰਗਲੈਂਡ ਦੇ ਡਾਕਟਰਾਂ ਦੇ ਅਨੁਸਾਰ ਇਨ੍ਹਾਂ ’ਚੋਂ ਖੰਘ, ਗਲੇ ’ਚ ਖਰਾਸ਼, ਛਿੱਕਾਂ ਆਉਣੀਆਂ ਅਤੇ ਥਕਾਵਟ ਅਤੇ ਸਿਰ ਦਰਦ ਸਭ ਤੋਂ ਵੱਧ ਦੱਸੇ ਗਏ ਲੱਛਣਾਂ ’ਚ ਸ਼ਾਮਲ ਹਨ ਪਰ ਕਿਉਂਕਿ ਇਹ ‘ਇਨਫਲੂਏਂਜਾ’ ਦੇ ਲੱਛਣ ਵੀ ਹੋ ਸਕਦੇ ਹਨ, ਇਸ ਲਈ ਪਹਿਲਾਂ ਟੈਸਟ ਕਰਵਾਉਣਾ ਜ਼ਰੂਰੀ ਹੈ।

ਭਾਰਤੀ ਸਿਹਤ ਮਾਹਿਰਾਂ ਨੇ ਗੁਆਂਢੀ ਦੇਸ਼ਾਂ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ’ਚ ਸਾਵਧਾਨੀ ਵਰਤਣ ਅਤੇ ਵੈਕਸੀਨ ਲੈਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਜਾਪੇ ਇਹ ਨਵੇਂ ‘ਵੇਰੀਐਂਟ’ ਪਹਿਲੇ ਨਾਲੋਂ ਵੱਧ ਖਤਰਨਾਕ ਜਾਂ ਤੇਜ਼ੀ ਨਾਲ ਫੈਲਣ ਵਾਲੇ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਲਹਿਰ ‘ਕਮਜ਼ੋਰ ਇਮਿਊਨਿਟੀ’ ਵਾਲੇ ਲੋਕਾਂ ’ਤੇ ਆਪਣਾ ਅਸਰ ਦਿਖਾ ਸਕਦੀ ਹੈ।

ਦੂਜੇ ਪਾਸੇ ‘ਚਾਈਨੀਜ਼ ਸੈਂਟਰ ਆਫ ਡਿਜ਼ੀਜ਼ ਐਂਡ ਪ੍ਰੀਵੈਂਸ਼ਨ’ ਦੇ ਅੰਕੜਿਆਂ ਅਨੁਸਾਰ ‘ਕੋਰੋਨਾ’ ਦੀ ਲਹਿਰ ਜਲਦੀ ਹੀ ਤੇਜ਼ ਹੋ ਸਕਦੀ ਹੈ ਅਤੇ ‘ਥਾਈਲੈਂਡ’ ’ਚ ਵੀ ਦੋ ਵੱਖ-ਵੱਖ ਇਲਾਕਿਆਂ ’ਚ ਤੇਜ਼ੀ ਨਾਲ ਇਸ ਦੇ ਕੇਸ ਵਧਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਲਈ ਇਸ ਤੋਂ ਪਹਿਲਾਂ ਕਿ ਹਾਲਾਤ ਬੇਕਾਬੂ ਹੋਣ, ਸਮਾਂ ਰਹਿੰਦੇ ਹੀ ਸਰਕਾਰ ਵਲੋਂ ਤੁਰੰਤ ਬਚਾਅ ਵਾਲਾ ਉਪਾਅ ਕਰਨਾ ਜ਼ਰੂਰੀ ਹੈ।

–ਵਿਜੇ ਕੁਮਾਰ


author

Sandeep Kumar

Content Editor

Related News