''ਖ਼ੂਨ ਨਾਲ ਲਥ-ਪਥ ਕਸ਼ਮੀਰ'' ਹੁਣ ਮੁੱਖ ਧਾਰਾ ''ਚ ਸ਼ਾਮਲ ਹੋਣ ਦੇ ਸੰਕੇਤ ਦੇ ਰਿਹਾ ਹੈ

Tuesday, May 06, 2025 - 06:02 PM (IST)

''ਖ਼ੂਨ ਨਾਲ ਲਥ-ਪਥ ਕਸ਼ਮੀਰ'' ਹੁਣ ਮੁੱਖ ਧਾਰਾ ''ਚ ਸ਼ਾਮਲ ਹੋਣ ਦੇ ਸੰਕੇਤ ਦੇ ਰਿਹਾ ਹੈ

ਬੇਸ਼ੱਕ ਪਹਿਲਗਾਮ ਅੱਤਵਾਦੀ ਹਮਲੇ ’ਤੇ ਆਲ ਪਾਰਟੀ ਮੀਟਿੰਗ ਵਿਚ ਕਿਸੇ ਵੀ ਜਵਾਬੀ ਕਾਰਵਾਈ ਲਈ ਨਰਿੰਦਰ ਮੋਦੀ ਸਰਕਾਰ ਨੂੰ ਵਿਰੋਧੀ ਧਿਰ ਦੇ ਸਮਰਥਨ ਵਿਚਾਲੇ ਹੁਣ ਆਪਸੀ ਦੋਸ਼-ਜਵਾਬੀ ਦੋਸ਼ ਦੀ ਦਲਗਤ ਰਾਜਨੀਤੀ ਸ਼ੁਰੂ ਹੋ ਗਈ ਹੋਵੇ ਪਰ ਕਸ਼ਮੀਰ ਨੇ ਪਾਕਿਸਤਾਨ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਹੈ ਕਿ ਉਸ ਨੂੰ ਅੱਤਵਾਦ ਨਹੀਂ ਚਾਹੀਦਾ। ਇਸ ਜਵਾਬ ਦੀ ਗੂੰਜ ਸਰਹੱਦ ਪਾਰ ਦੇ ਸਾਜ਼ਿਸ਼ਕਾਰੀਆਂ ਸਮੇਤ ਪੂਰੀ ਦੁਨੀਆ ਨੇ ਸੁਣੀ ਹੋਵੇਗੀ। ਪਹਿਲਗਾਮ ਅੱਤਵਾਦੀ ਹਮਲੇ ’ਤੇ ਸਰਹੱਦੀ ਜੰਮੂ-ਕਸ਼ਮੀਰ ’ਚ ਵਿਰੋਧ ਦੇ ਸੁਰਾਂ ਦੇ ਸਮਰਥਨ ਨੂੰ ਸਾਨੂੰ ਪਾਕਿ ਸਪਾਂਸਰਡ ਅੱਤਵਾਦ ਦੇ ਵਿਰੁੱਧ ਸੰਘਰਸ਼ ’ਚ ਮਹੱਤਵਪੂਰਨ ਹਥਿਆਰ ਬਣਾਉਣਾ ਚਾਹੀਦਾ ਹੈ।

ਕਸ਼ਮੀਰ ਦੀ ਆਜ਼ਾਦੀ ਦੇ ਨਾਂ ’ਤੇ ਦਹਾਕਿਆਂ ਤੋਂ ਵੱਖਵਾਦ ਅਤੇ ਅੱਤਵਾਦ ਦੀ ਖੇਡ ਖੇਡ ਰਹੇ ਪਾਕਿਸਤਾਨ ਨੂੰ ਆਪਣਾ ਇਹ ਦਾਅ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ। ਬੈਸਰਨ ਵਾਦੀ ’ਚ ਸੈਲਾਨੀਆਂ ਨੂੰ ਧਾਰਮਿਕ ਪਛਾਣ ਪੁੱਛ ਕੇ ਮਾਰਨ ਪਿੱਛੇ ਪਾਕਿ ਪ੍ਰਸਤ ਅੱਤਵਾਦੀਆਂ ਦੀ ਸਾਜ਼ਿਸ਼ ਭਾਰਤ ’ਚ ਫਿਰਕੂ ਭਾਵਨਾਵਾਂ ਭੜਕਾਉਣ ਦੀ ਵੀ ਸੀ ਪਰ ਨਾ ਸਿਰਫ ਕਸ਼ਮੀਰੀ ਮੁਸਲਿਮ ਹੀ ਹਿੰਦੂ ਸੈਲਾਨੀਆਂ ਦੇ ਬਚਾਅ ਲਈ ਅੱਗੇ ਆਏ, ਸਗੋਂ ਕਸ਼ਮੀਰੀ ਵਿਦਿਆਰਥੀਆਂ ਨਾਲ ਦੁਰਵਿਵਹਾਰ ਦੀਆਂ ਇੱਕਾ-ਦੁੱਕਾ ਦੁਖਦਾਈ ਘਟਨਾਵਾਂ ਤੋਂ ਇਲਾਵਾ ਬਾਕੀ ਦੇਸ਼ ਨੇ ਵੀ ਬੇਹੱਦ ਸੰਜਮ ਭਰੇ ਅਤੇ ਪਰਿਪੱਕ ਵਤੀਰੇ ਦਾ ਸਬੂਤ ਦਿੱਤਾ।

ਸ਼ਾਇਦ ਹੀ ਕਿਸੇ ਨੇ ਇਹ ਆਸ ਕੀਤੀ ਹੋਵੇਗੀ ਕਿ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਕਸ਼ਮੀਰ ਦੀਆਂ ਮਸਜਿਦਾਂ ਤੋਂ ਮ੍ਰਿਤਕ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਪਰ ਅਜਿਹਾ ਹੋਇਆ। ਦਹਾਕਿਆਂ ਤੋਂ ਸਰਹੱਦ ਪਾਰ ਸਪਾਂਸਰਡ ਅੱਤਵਾਦ ਦਾ ਡੰਗ ਸਹਿ ਰਹੇ ਕਸ਼ਮੀਰ ’ਚ ਪਹਿਲੀ ਵਾਰ ਅੱਤਵਾਦ ਦਾ ਅਜਿਹਾ ਖੁੱਲ੍ਹਾ ਵਿਰੋਧ ਦਿਸਿਆ ਕਿ ਕਸ਼ਮੀਰੀਆਂ ਨੇ ਬਾਕਾਇਦਾ ਕੈਂਡਲ ਮਾਰਚ ਕੱਢੇ। ਪਹਿਲੀ ਵਾਰ ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਪਹਿਲਗਾਮ ਹਮਲੇ ਦੀ ਨਿੰਦਾ ਕਰਦੇ ਹੋਏ ਦੋ ਟੁੱਕ ਸ਼ਬਦਾਂ ’ਚ ਸੰਦੇਸ਼ ਦਿੱਤਾ ਗਿਆ ਕਿ ਕਸ਼ਮੀਰ ਅਤੇ ਭਾਰਤ ਇਕ ਹੀ ਹਨ।

ਦਰਅਸਲ ਸੁਰੱਖਿਆ ਸਬੰਧੀ ਬੈਠਕਾਂ ’ਚ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਬੁਲਾਇਆ ਤਕ ਨਹੀਂ ਜਾਂਦਾ ਫਿਰ ਵੀ ਉਨ੍ਹਾਂ ਨੇ ਵਿਧਾਨ ਸਭਾ ’ਚ ਕਿਹਾ ਕਿ ਮੇਜ਼ਬਾਨ ਦੇ ਨਾਤੇ ਸੈਲਾਨੀਆਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੁਣ ਮੈਂ ਕੀ ਕਹਾਂ, ਮੁਆਫੀ ਦੇ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਰਾਜਨੇਤਾ ਅਕਸਰ ਵਿਪਤਾ ਦੇ ਮੌਕੇ ਲੱਭਣ ਲਈ ਜਾਣੇ ਜਾਂਦੇ ਹਨ ਪਰ ਅਜਿਹੇ ਮੌਕੇ ’ਤੇ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕਰਨ ਤੋਂ ਇਨਕਾਰ ਕਰਦੇ ਹੋਏ ਉਮਰ ਨੇ ਕਿਹਾ ਕਿ ਮੇਰੀ ਸਿਆਸਤ ਏਨੀ ਸਸਤੀ ਨਹੀਂ ਹੈ।

ਬੇਸ਼ੱਕ ਅਤੀਤ ਦੇ ਘਟਨਾ-ਚੱਕਰ ਦੇ ਮੱਦੇਨਜ਼ਰ ਕਸ਼ਮੀਰ ਦੇ ਜ਼ਿਆਦਾਤਰ ਰਾਜਨੇਤਾਵਾਂ ’ਚ ਭਰੋਸੇਯੋਗਤਾ ਸ਼ੱਕ ਤੇ ਸਵਾਲਾਂ ਦੇ ਘੇਰੇ ’ਚ ਰਹੀ ਹੈ ਪਰ ਪਹਿਲਗਾਮ ਦੇ ਸੋਗ ਅਤੇ ਅੱਤਵਾਦ ਦੇ ਵਿਰੁੱਧ ਗੁੱਸੇ ’ਚ ਬਾਕੀ ਦੇਸ਼ ਦੇ ਨਾਲ ਸ਼ਰੀਕ ਹੋ ਕੇ ਉਮਰ ਤੇ ਕਸ਼ਮੀਰ ਨੇ ਨਵੀਂ ਸਵੇਰ ਦਾ ਸੁਨੇਹਾ ਦਿੱਤਾ ਹੈ।

ਜਿਸ ਕਸ਼ਮੀਰ ਦੇ ਕੁਝ ਲੋਕਾਂ ’ਤੇ ਪਾਕਿਸਤਾਨ ਨਾਲ ਮਿਲੀਭੁਗਤ ਅਤੇ ਅੱਤਵਾਦੀਆਂ ਨਾਲ ਹਮਦਰਦੀ ਦੇ ਦੋਸ਼ ਲੱਗਦੇ ਰਹੇ, ਕੁਝ ਰੁਪਇਆਂ ਖਾਤਿਰ ਸੁਰੱਖਿਆ ਬਲਾਂ ’ਤੇ ਪੱਥਰਬਾਜ਼ੀ ਲਈ ਨੌਜਵਾਨ ਅੱਗੇ ਆਉਂਦੇ ਰਹੇ। ਉਸੇ ਕਸ਼ਮੀਰ ’ਚ ਪਹਿਲਗਾਮ ਹਮਲੇ ਤੋਂ ਬਾਅਦ ਤਿੰਨ ਦਿਨ ਤਕ ਬੰਦ ਦਾ ਮਾਹੌਲ ਰਿਹਾ ਹੈ। ਬੰਦ ਜ਼ਿਆਦਾਤਰ ਮਹੱਤਵਪੂਰਨ ਇਸ ਲਈ ਵੀ ਰਿਹਾ ਹੈ ਕਿਉਂਕਿ ਉਸ ਦਾ ਸੱਦਾ ਕਿਸੇ ਸਿਆਸੀ ਦਲ ਜਾਂ ਸੰਗਠਨ ਨੇ ਨਹੀਂ ਦਿੱਤਾ ਸੀ। ਬੰਦ ਪੂਰੀ ਤਰ੍ਹਾਂ ਮੁਕੰਮਲ ਸੀ।

ਦਰਅਸਲ ਹੁਣ ਕਸ਼ਮੀਰੀ ਵੀ ਪਾਕਿਸਤਾਨ ਅਤੇ ਉਸ ਦੇ ਪਾਲਤੂ ਅੱਤਵਾਦੀਆਂ ਤੋਂ ਤੰਗ ਆ ਗਏ ਹਨ। ਉਨ੍ਹਾਂ ਦੀਆਂ ਕਰਤੂਤਾਂ ਨਾਲ ਸੈਰ-ਸਪਾਟੇ ਸਮੇਤ ਅਰਥਵਿਵਸਥਾ ਅਤੇ ਜਨਜੀਵਨ ਤਾਂ ਬਰਬਾਦ ਹੀ ਹੋ ਚੁੱਕੇ ਹਨ, ਧਰਤੀ ਦਾ ਸਵਰਗ ਕਹੇ ਜਾਣ ਵਾਲੇ ਕਸ਼ਮੀਰ ਅਤੇ ਕਸ਼ਮੀਰੀਆਂ ਦੀ ਦਿੱਖ ਵੀ ਖਰਾਬ ਹੋਈ ਹੈ।

ਪੰਜਾਬ ਦਾ ਤਜਰਬਾ ਵੀ ਦੱਸਦਾ ਹੈ ਕਿ ਸਥਾਨਕ ਜਨ ਸਮਰਥਨ ਅਤੇ ਸਹਿਯੋਗ ਦੇ ਬਿਨਾਂ ਵੱਖਵਾਦ ਅਤੇ ਅੱਤਵਾਦ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹ ਸਮਰਥਨ ਅਤੇ ਸਹਿਯੋਗ ਵੀ ਤਾਂ ਹੀ ਮਿਲਦਾ ਹੈ ਜਦੋਂ ਸਥਾਨਕ ਨਿਵਾਸੀ ਅੱਤਵਾਦੀਆਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਵਿਰੋਧ ’ਚ ਸਾਹਮਣੇ ਆਉਣ ਲੱਗਦੇ ਹਨ ਅਤੇ ਪੁਲਸ ਪ੍ਰਸ਼ਾਸਨ ’ਚ ਉਨ੍ਹਾਂ ਦਾ ਵਿਸ਼ਵਾਸ ਬਹਾਲ ਹੋਣ ਲੱਗਦਾ ਹੈ।

ਪੰਜਾਬ ਤੋਂ ਅੱਤਵਾਦ ਨੂੰ ਖਤਮ ਕਰਨ ’ਚ ਉਸ ਸਮੇਂ ਦੇ ਪੁਲਸ ਪ੍ਰਸ਼ਾਸਨ ਨੇ ਜਨਤਾ ਦਾ ਵਿਸ਼ਵਾਸ ਹਾਸਲ ਕਰਦੇ ਹੋਏ ਵੱਡੀ ਭੂਮਿਕਾ ਨਿਭਾਈ। ਪੰਜਾਬ ਦੇ ਉਸ ਤਜਰਬੇ ਤੋਂ ਸਿੱਖਦੇ ਹੋਏ ਜੰਮੂ-ਕਸ਼ਮੀਰ ’ਚ ਵੀ ਅੱਤਵਾਦ ਦੇ ਵਿਰੁੱਧ ਜਨਤਾ ਦੇ ਗੁੱਸੇ ਨੂੰ ਪੁਲਸ ਪ੍ਰਸ਼ਾਸਨ ਦੇ ਨਾਲ ਸਮਰਥਨ ਤੇ ਸਹਿਯੋਗ ’ਚ ਤਬਦੀਲ ਕਰਨ ਦੀ ਰਣਨੀਤੀ ਬਣਾਈ ਜਾਣੀ ਚਾਹੀਦੀ ਹੈ।

ਵੱਖਵਾਦ ਅਤੇ ਅੱਤਵਾਦ ਦੇ ਵਿਰੁੱਧ ਕਸ਼ਮੀਰ ’ਚ ਜ਼ਮੀਨੀ ਲੜਾਈ ’ਚ ਉਥੋਂ ਦੇ ਨੌਜਵਾਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ, ਜਿਨ੍ਹਾਂ ਨੂੰ ਬਿਹਤਰ ਸਿੱਖਿਆ ਅਤੇ ਕਰੀਅਰ ਸੰਭਾਵਨਾਵਾਂ ਚਾਹੀਦੀਆਂ ਹਨ ਪਰ ਜੰਮੂ ਕਸ਼ਮੀਰ ਦੀ ਚੁਣੀ ਹੋਈ ਉਮਰ ਅਬਦੁੱਲਾ ਸਰਕਾਰ ’ਤੇ ਕੇਂਦਰ ਸਰਕਾਰ ਦੇ ਭਰੋਸੇ ਦੇ ਬਿਨਾਂ ਇਹ ਸੰਭਵ ਨਹੀਂ ਹੋ ਸਕੇਗਾ। ਪੰਜਾਬ ’ਚ ਵੱਖਵਾਦ ਅਤੇ ਅੱਤਵਾਦ ਦਾ ਜੜ੍ਹੋਂ ਨਾਸ ਉਦੋਂ ਹੀ ਹੋ ਸਕਿਆ ਜਦੋਂ ਕੇਂਦਰ ਅਤੇ ਰਾਜ ਸਰਕਾਰ ਨੇ ਬਿਹਤਰ ਤਾਲਮੇਲ ਦੇ ਨਾਲ ਹਰ ਮੋਰਚੇ ’ਤੇ ਕਾਰਵਾਈ ਕੀਤੀ।

ਦਹਾਕਿਆਂ ਤੋਂ ਅੱਤਵਾਦ ਕਾਰਨ ਖੂਨ ’ਚ ਲੱਥਪੱਥ ਕਸ਼ਮੀਰ ਹੁਣ ਸ਼ਾਂਤੀ ਅਤੇ ਸੁਹਿਰਦਤਾ ਦੇ ਨਾਲ ਰਾਸ਼ਟਰੀ ਮੁੱਖ ਧਾਰਾ ’ਚ ਸ਼ਾਮਲ ਹੋਣ ਦੀ ਇੱਛਾ ਸ਼ਕਤੀ ਦਾ ਸੰਕੇਤ ਦੇ ਰਿਹਾ ਹੈ ਜਿਸ ਨੂੰ ਸਮਝ ਕੇ ਸਾਕਾਰਾਤਮਕ ਜਵਾਬ ਦੇਣ ’ਚ ਦੇਰ ਨਹੀਂ ਹੋਣੀ ਚਾਹੀਦੀ।

ਰਾਜ ਕੁਮਾਰ ਸਿੰਘ


author

Rakesh

Content Editor

Related News