ਅੱਤਵਾਦ ’ਤੇ ਮੁਕੰਮਲ ਰੋਕ ਬਿਨਾਂ ਹੀ ਜੰਗਬੰਦੀ!

Tuesday, May 13, 2025 - 05:30 PM (IST)

ਅੱਤਵਾਦ ’ਤੇ ਮੁਕੰਮਲ ਰੋਕ ਬਿਨਾਂ ਹੀ ਜੰਗਬੰਦੀ!

ਸਿਰਫ਼ 4 ਦਿਨਾਂ ਵਿਚ ਪਾਕਿਸਤਾਨ ਨੂੰ ਗੋਡੇ ਟੇਕਣ ’ਤੇ ਮਜਬੂਰ ਕਰ ਦੇਣ ਦੇ ਬਾਵਜੂਦ, ਅਚਾਨਕ ਜੰਗਬੰਦੀ ਦੇ ਪਿੱਛੇ ਅਸਲ ਕਾਰਨ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਦੇਸ਼ ਦੇ ਫੌਜ ਮੁਖੀ ਅਾਸਿਮ ਮੁਨੀਰ ਨੂੰ ਹੀ ਪਤਾ ਹੋਵੇਗਾ। ਇਹ ਸੰਭਵ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਜਿਨ੍ਹਾਂ ਨੇ ਇਸ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਲਿਆ, ਨੂੰ ਵੀ ਇਹ ਪਤਾ ਹੋਵੇ ਪਰ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਅਸੀਂ ਅਤੀਤ ਤੋਂ ਕੋਈ ਸਬਕ ਨਹੀਂ ਸਿੱਖ ਰਹੇ।

22 ਅਪ੍ਰੈਲ, 2025 ਨੂੰ ਪਹਿਲਗਾਮ ਵਿਚ 26 ਸੈਲਾਨੀਆਂ ਦੀ ਹੱਤਿਆ ਪਾਕਿ-ਸਪਾਂਸਰਡ ਅੱਤਵਾਦ ਦੀ ਪਹਿਲੀ ਘਟਨਾ ਨਹੀਂ ਸੀ। ਇਸ ਤੋਂ ਪਹਿਲਾਂ ਪੁਲਵਾਮਾ ਅਤੇ ਉੜੀ ਵਿਚ ਅੱਤਵਾਦੀ ਹਮਲੇ ਹੋਏ ਸਨ। ਹਰ ਵਾਰ ਅਸੀਂ ਜਵਾਬੀ ਕਾਰਵਾਈ ਕੀਤੀ ਪਰ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ। ਜੇਕਰ ਅਜਿਹਾ ਕੀਤਾ ਗਿਆ ਹੁੰਦਾ ਤਾਂ ਅਜਿਹੀਆਂ ਘਟਨਾਵਾਂ ਦੁਹਰਾਈਆਂ ਨਾ ਜਾਂਦੀਆਂ। ਬਿਨਾਂ ਸ਼ੱਕ, ਭਾਰਤੀ ਫੌਜ ਨੇ ਪਹਿਲਗਾਮ ਹਮਲੇ ਦੇ ਬਦਲੇ ਵਜੋਂ ਕੀਤੇ ਗਏ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨੀ ਫੌਜ ਨੂੰ ਉਸ ਦੀ ਦਲੇਰੀ ਲਈ ਇਕ ਚਿਰਸਥਾਈ ਸਬਕ ਸਿਖਾਇਆ ਹੈ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਸ ਅਚਾਨਕ ਜੰਗਬੰਦੀ ਨਾਲ ਪੈਦਾਇਸ਼ੀ ਸ਼ੈਤਾਨ ਸੰਤ ਬਣ ਜਾਵੇਗਾ।

ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ ਵੱਲੋਂ ਆਪਣੇ ਭਾਰਤੀ ਹਮਰੁਤਬਾ ਨੂੰ ਫ਼ੋਨ ਕਰਨ ਤੋਂ ਬਾਅਦ ਹੋਈ ਜੰਗਬੰਦੀ ਦੇ ਸੰਦਰਭ ਵਿਚ, ਭਾਰਤ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੀਤੀ ਵਿਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਵਿੱਖ ਵਿਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ, ਜਿਸ ਦਾ ਭਾਰਤ ਸਖ਼ਤ ਜਵਾਬ ਦੇਵੇਗਾ ਪਰ ਪਾਕਿਸਤਾਨ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਆਇਆ ਹੈ ਕਿ ਭਵਿੱਖ ਵਿਚ ਇਹ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਦਾ ਕੇਂਦਰ ਨਹੀਂ ਹੋਵੇਗਾ।

ਦਰਅਸਲ, ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ ਵਿਚਕਾਰ ਟੈਲੀਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਜੰਗਬੰਦੀ ਦੇ ਭਾਰਤੀ ਦਾਅਵੇ ਦੇ ਉਲਟ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 10 ਮਈ ਦੀ ਰਾਤ ਨੂੰ ਆਪਣੇ ਭਾਸ਼ਣ ਵਿਚ ਜੰਗਬੰਦੀ ਲਈ ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਤੌਰ ’ਤੇ ਧੰਨਵਾਦ ਕੀਤਾ। ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਸ਼ਾਹਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਫੌਜ ਮੁਖੀ ਅਾਸਿਮ ਮੁਨੀਰ ਦਾ ਵੀ ਧੰਨਵਾਦ ਕੀਤਾ, ਜਿਸ ਨੂੰ ਪਹਿਲਗਾਮ ਹਮਲੇ ਰਾਹੀਂ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਕੀ ਸ਼ਾਹਬਾਜ਼, ‘ਆਪ੍ਰੇਸ਼ਨ ਸਿੰਧੂਰ’ ਦੇ ਜਵਾਬ ’ਚ ਭਾਰਤੀ ਫੌਜ ਵਲੋਂ ਪਾਕਿ ਅਤੇ ਪੀ.ਓ.ਕੇ. ਸਥਿਤ ਅੱਤਵਾਦੀਆਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ’ਤੇ ਆਪਣੀ ਫੌਜ ਦੀ ਯੁੱਧਨੁਮਾ ਹਿਮਾਕਤ ਨੂੰ ਜਾਇਜ਼ ਠਹਿਰਾ ਰਿਹਾ ਹੈ? ਇਸ ਪੂਰੇ ਘਟਨਾਕ੍ਰਮ ਵਿਚ ਪਾਕਿਸਤਾਨ ਸਰਕਾਰ ਅਤੇ ਫੌਜ ਅਤੇ ਖੁਦ ਫੌਜ ਦੇ ਅੰਦਰ ਮਤਭੇਦਾਂ ਦੀਆਂ ਰਿਪੋਰਟਾਂ ਹਨ ਪਰ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਉਸ ਨੂੰ ਹੱਲ ਕਰਨਾ ਪਵੇਗਾ।

ਇਹ ਪਾਕਿਸਤਾਨੀ ਹਾਕਮਾਂ ਦੀ ਇਕ ਚਾਲ ਵੀ ਹੋ ਸਕਦੀ ਹੈ ਜਿਸ ਵਿਚ ਉਹ ਅੱਤਵਾਦੀ ਗਤੀਵਿਧੀਆਂ ਲਈ ਫੌਜ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੇ ਆਪ ਨੂੰ ਸਾਫ਼-ਸੁਥਰਾ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸੱਚ ਹੈ ਕਿ ਪਾਕਿਸਤਾਨ ਵਿਚ ਲੋਕਤੰਤਰ ਅਕਸਰ ਫੌਜ ਦੀ ਪਕੜ ਹੇਠ ਸਾਹ ਲੈਂਦਾ ਜਾਪਦਾ ਹੈ। 1999 ਵਿਚ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੋਸਤੀ ਦਾ ਸੁਨੇਹਾ ਲੈ ਕੇ ਬੱਸ ਰਾਹੀਂ ਲਾਹੌਰ ਗਏ ਸਨ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜੱਫੀ ਪਾਉਂਦੇ ਹੋਏ ਹੀ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਕਾਰਗਿਲ ਘੁਸਪੈਠ ਦੇ ਰੂਪ ਵਿਚ ਭਾਰਤ ਦੀ ਪਿੱਠ ਵਿਚ ਛੁਰਾ ਮਾਰਿਆ ਸੀ।

ਉਦੋਂ ਵੀ ਭਾਰਤ ਨਾਲ ਸਬੰਧਾਂ ਦੇ ਸਵਾਲ ’ਤੇ ਪਾਕਿਸਤਾਨੀ ਸਰਕਾਰ ਅਤੇ ਫੌਜ ਵਿਚਕਾਰ ਡੂੰਘੇ ਮਤਭੇਦਾਂ ਦੀਆਂ ਰਿਪੋਰਟਾਂ ਸਨ, ਜਿਸ ਦਾ ਨਤੀਜਾ ਅੰਤ ਵਿਚ ਮੁਸ਼ੱਰਫ ਵਲੋਂ ਸ਼ਰੀਫ ਸਰਕਾਰ ਦੇ ਤਖ਼ਤਾ ਪਲਟਣ ਨਾਲ ਹੋਇਆ ਸੀ।

ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਉਸੇ ਨਵਾਜ਼ ਸ਼ਰੀਫ ਦੇ ਭਰਾ ਹਨ ਅਤੇ ਮੌਜੂਦਾ ਫੌਜ ਮੁਖੀ ਮੁਨੀਰ ਨੂੰ ਉਨ੍ਹਾਂ ਦੀ ਜੇਹਾਦੀ ਮਾਨਸਿਕਤਾ ਕਾਰਨ ਮੁਸ਼ੱਰਫ ਨਾਲੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। ਅਜਿਹੇ ਹਾਲਾਤ ਵਿਚ ਕੀ ਪਾਕਿਸਤਾਨੀ ਫੌਜ, ਜਿਸ ਨੂੰ ਭਾਰਤੀ ਫੌਜ ਨੇ ਸਿਰਫ਼ 4 ਦਿਨਾਂ ਵਿਚ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ, ਨੂੰ ਇਸ ਜੰਗਬੰਦੀ ਨਾਲ ਇਕ ਨਵਾਂ ਜੀਵਨਦਾਨ ਨਹੀਂ ਮਿਲੇਗਾ? ਬੇਸ਼ੱਕ, ‘ਆਪ੍ਰੇਸ਼ਨ ਸਿੰਧੂਰ’ ਵਿਚ 5 ਵੱਡੇ ਅੱਤਵਾਦੀਆਂ ਸਮੇਤ ਲਗਭਗ 100 ਅੱਤਵਾਦੀਆਂ ਅਤੇ ਜੈਸ਼ ਅਤੇ ਲਸ਼ਕਰ ਵਰਗੇ ਖਤਰਨਾਕ ਸੰਗਠਨਾਂ ਦੇ ਟਿਕਾਣਿਆਂ ਨੂੰ ਤਬਾਹ ਕਰਨਾ ਸਾਡੀ ਫੌਜ ਦੀ ਇਕ ਵੱਡੀ ਪ੍ਰਾਪਤੀ ਹੈ ਪਰ ਭਾਰਤ ਵਿਰੋਧੀ ਧਾਰਮਿਕ ਮਾਨਸਿਕਤਾ ਵਾਲੇ ਪਾਕਿਸਤਾਨ ਵਿਚ ਅੱਤਵਾਦੀ ਢਾਂਚਾ ਬਣਾਉਣ ਅਤੇ ਅੱਤਵਾਦੀਆਂ ਦੀ ਭਰਤੀ ਕਰਨ ਵਿਚ ਕਿੰਨਾ ਸਮਾਂ ਲੱਗਦਾ ਹੈ?

ਫਿਰ ਹੁਣ ਚੀਨ, ਤੁਰਕੀ, ਅਜ਼ਰਬਾਈਜਾਨ ਅਤੇ ਬੰਗਲਾਦੇਸ਼ ਵੀ ਭਾਰਤ ਵਿਰੋਧੀ ਸਾਜ਼ਿਸ਼ਾਂ ਵਿਚ ਇਸ ਦੇ ਨਾਲ ਹਨ। ਪਿਛਲਾ ਤਜਰਬਾ ਇਹ ਵੀ ਦਰਸਾਉਂਦਾ ਹੈ ਕਿ ਪਾਕਿਸਤਾਨ ’ਤੇ ਭਰੋਸਾ ਕਰਨਾ ਬਹੁਤ ਮਹਿੰਗਾ ਪੈਂਦਾ ਹੈ। ਅਾਖਰਕਾਰ, ਪੁਲਵਾਮਾ ’ਤੇ ਹਮਲਾ ਉੜੀ ਹਮਲੇ ਦੇ ਜਵਾਬੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਹੋਇਆ। ਪੁਲਵਾਮਾ ਦੇ ਜਵਾਬ ਵਿਚ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਵੀ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਸੈਲਾਨੀਆਂ ’ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ। ਪਹਿਲਗਾਮ ਹਮਲੇ ਤੋਂ ਬਾਅਦ, ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਵੀਜ਼ੇ ਸਮੇਤ ਕੁਝ ਤੁਰੰਤ ਕਦਮ ਚੁੱਕੇ ਪਰ ਉਸ ਤੋਂ ਬਾਅਦ ਜਾਰੀ ਰਹੀਆਂ ਉੱਚ ਪੱਧਰੀ ਮੀਟਿੰਗਾਂ ਤੋਂ ਇਹ ਅਨੁਮਾਨ ਲਾਇਆ ਗਿਆ ਕਿ ਇਸ ਵਾਰ ਭਾਰਤ ਕੁਝ ਵੱਡਾ ਕਰੇਗਾ ਤਾਂ ਜੋ ਪਾਕਿਸਤਾਨ ਨੂੰ ਸਥਾਈ ਤੌਰ ’ਤੇ ਠੀਕ ਕੀਤਾ ਜਾ ਸਕੇ।

ਜਿਸ ਤਰ੍ਹਾਂ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਜਵਾਬ ਵਿਚ ਪਾਕਿਸਤਾਨੀ ਫੌਜ ਦੀ ਦਲੇਰੀ ਦਾ ਸਖ਼ਤ ਜਵਾਬ ਦਿੱਤਾ ਅਤੇ ਸਿਰਫ਼ 4 ਦਿਨਾਂ ਵਿਚ ਇਸਦੀ ਰੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ, ਉਸ ਨੇ ਇਸ ਨਾਪਾਕ ਗੁਆਂਢੀ ’ਤੇ ਫੈਸਲਾਕੁੰਨ ਹਮਲੇ ਦਾ ਇਕ ਅਨੁਕੂਲ ਮੌਕਾ ਵੀ ਪ੍ਰਦਾਨ ਕੀਤਾ। ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਿਚ ਚੱਲ ਰਹੀ ਬਗਾਵਤ ਪਾਕਿਸਤਾਨ ਨੂੰ ਉਸ ਦੇ ਅੰਜ਼ਾਮ ਤੱਕ ਪਹੁੰਚਾਉਣ ਦਾ ਇਕ ਬਿਹਤਰ ਮੌਕਾ ਦੇ ਰਹੀ ਸੀ ਪਰ ਅਚਾਨਕ ਹੋਈ ਜੰਗਬੰਦੀ ਨੇ ਸਭ ਕੁਝ ਬਦਲ ਦਿੱਤਾ।

ਬੇਸ਼ਕ, ਭਵਿੱਖ ਵਿਚ ਅੱਤਵਾਦੀ ਹਮਲਿਆਂ ਨੂੰ ਜੰਗੀ ਕਾਰਵਾਈਆਂ ਵਜੋਂ ਦੇਖਣ ਦੀ ਭਾਰਤ ਦੀ ਨੀਤੀ ਸਾਰਥਕ ਹੈ ਪਰ ਪਾਕਿਸਤਾਨ ਵਰਗੇ ਚਲਾਕ ਦੇਸ਼ ਲਈ ਇਸ ਦਾ ਕੋਈ ਖਾਸ ਅਰਥ ਨਹੀਂ ਹੋਵੇਗਾ ਜੋ ਵਾਰ-ਵਾਰ ਕੁੱਟ ਖਾਣ ਤੋਂ ਬਾਅਦ ਵੀ ਆਪਣੇ ਰਾਹ ਨਹੀਂ ਸੁਧਾਰਦਾ। ਉਹ ਜੰਗਬੰਦੀ ਵਲੋਂ ਦਿੱਤੀ ਗਈ ਰਾਹਤ ਦੀ ਵਰਤੋਂ ਭਾਰਤ ਵਿਰੋਧੀ ਤਿਆਰੀਆਂ ਕਰਨ ਲਈ ਕਰੇਗਾ ਅਤੇ ਦੁਬਾਰਾ ਉੱਠੇਗਾ। ਪਾਕਿਸਤਾਨ, ਜਿਸ ਨੇ ਭਾਰਤ ਨਾਲ ਚਾਰ ਜੰਗਾਂ ਹਾਰੀਆਂ ਹਨ, ਸਿੱਧੀ ਜੰਗ ਨਹੀਂ ਜਿੱਤ ਸਕਦਾ - ਇਸ ਸੱਚਾਈ ਨੂੰ ਉਸ ਦੇ ਜਨਰਲ ਜ਼ਿਆ ਉਲ ਹੱਕ ਨੇ ਬਹੁਤ ਪਹਿਲਾਂ ਸਵੀਕਾਰ ਕਰ ਲਿਆ ਸੀ। ਇਸੇ ਲਈ ਪਾਕਿਸਤਾਨ ਨੇ ਵੱਖਵਾਦ ਅਤੇ ਅੱਤਵਾਦ ਦੇ ਰੂਪ ਵਿਚ ਇੱਕ ਲੰਬੇ ਸਮੇਂ ਦੀ ਅਸਿੱਧੀ ਜੰਗ ਦੀ ਰਣਨੀਤੀ ਅਪਣਾਈ। ਧਰਮ ਦੇ ਆਧਾਰ ’ਤੇ ਬਣਿਆ ਪਾਕਿਸਤਾਨ ਨਾ ਸਿਰਫ਼ ਅੱਤਵਾਦ ਦੀ ਨਰਸਰੀ ਬਣ ਕੇ ਇਕ ਅਸਫਲ ਦੇਸ਼ ਬਣ ਗਿਆ ਹੈ, ਸਗੋਂ ਦੁਨੀਆ ਵਿਚ ਸ਼ਾਂਤੀ ਅਤੇ ਸਦਭਾਵਨਾ ਲਈ ਵੀ ਖ਼ਤਰਾ ਬਣ ਗਿਆ ਹੈ।

ਪਾਕਿਸਤਾਨੀ ਸ਼ਾਸਕਾਂ ਵੱਲੋਂ ਵਰਤੀ ਜਾਂਦੀ ਭਾਸ਼ਾ ਵੀ ਫੌਜ ਦੇ ਵਧਦੇ ਪ੍ਰਭਾਵ ਅਤੇ ਕਮਜ਼ੋਰ ਹੁੰਦੇ ਲੋਕਤੰਤਰ ਦਾ ਸਬੂਤ ਹੈ। ਭਾਰਤ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਕ ਵਾਰ ਫਿਰ ਪਾਕਿਸਤਾਨ ਨਕਸ਼ਾ ਬਦਲੇ ਬਿਨਾਂ ਸ਼ਾਂਤੀ ਅਤੇ ਸਦਭਾਵਨਾ ਨਾਲ ਨਹੀਂ ਰਹਿ ਸਕਦਾ। ਇਹ ਵੀ ਕਿਹਾ ਜਾਂਦਾ ਹੈ ਕਿ ਜ਼ਖਮੀ ਸੱਪ ਜ਼ਿਆਦਾ ਖ਼ਤਰਨਾਕ ਹੁੰਦਾ ਹੈ।

ਰਾਜ ਕੁਮਾਰ ਸਿੰਘ


author

Rakesh

Content Editor

Related News