ਸਾਰਿਆਂ ਦੇ ਸਹਿਯੋਗ ਨਾਲ ਹੋਵੇਗਾ ਭਾਰਤ ਮਜ਼ਬੂਤ
Friday, May 09, 2025 - 08:44 PM (IST)

ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਕੁਝ ਮੁਸਲਿਮ ਅੱਤਵਾਦੀਆਂ ਵੱਲੋਂ ਹਿੰਦੂ ਪਛਾਣ ਦੇ 26 ਸੈਲਾਨੀਆਂ ਦੀ ਹੱਤਿਆ ਦੀ ਘਟਨਾ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਇਸ ਘਟਨਾ ਰਾਹੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਿਰਫ ਹਿੰਦੂ ਹੀ ਮਾਰੇ ਜਾਣ ਦੇ ਲਾਇਕ ਹਨ। ਅਸੀਂ ਕੁਝ ਦਹਾਕੇ ਪਹਿਲਾਂ ਪੰਜਾਬ ’ਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵੇਖੀਆਂ ਸਨ। ਇਨ੍ਹਾਂ ਦੋਵਾਂ ਸੂਬਿਆਂ ’ਚ ਅੱਤਵਾਦ ਫੈਲਾਉਣ ਪਿੱਛੇ ਪਾਕਿਸਤਾਨ ਦੀ ਸ਼ਰਾਰਤ ਬਾਰੇ ਪੂਰੀ ਦੁਨੀਆ ਜਾਣਦੀ ਹੈ। ਅੱਤਵਾਦ ਦੇ ਉਸ ਦੌਰ ਦੌਰਾਨ, ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ, ਜਿਸ ਨੂੰ ਤਰੱਕੀ ਦੇ ਰਾਹ ’ਤੇ ਵਾਪਸ ਲਿਆਉਣ ਦਾ ਪਹਿਲਾ ਯਤਨ ਅੱਤਵਾਦ ਨੂੰ ਖਤਮ ਕਰਨਾ ਸੀ।
ਪਿਛਲੇ 5-6 ਸਾਲਾਂ ਤੋਂ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਧਾਰਾ 370 ਨੂੰ ਖਤਮ ਕਰ ਕੇ ਜੰਮੂ-ਕਸ਼ਮੀਰ ’ਚ ਅੱਤਵਾਦ ਨੂੰ ਖਤਮ ਕਰਨ ਲਈ ਇਕ ਸੰਪੂਰਨ ਅਤੇ ਸਫਲ ਯਤਨ ਕੀਤਾ। ਕਾਂਗਰਸ ਸਰਕਾਰਾਂ ਨੇ ਵੱਖਰੇ ਸੰਵਿਧਾਨ, ਵੱਖਰੇ ਝੰਡੇ ਅਤੇ ਵੱਖਰੀ ਪਛਾਣ ਦੇ ਛੋਟੇ ਜਿਹੇ ਲਾਲਚ ਦੇ ਆਧਾਰ ’ਤੇ ਇਸ ਸੂਬੇ ਨੂੰ ਦੇਸ਼ ਤੋਂ ਵੱਖ ਰੱਖਿਆ। ਧਾਰਾ 370 ਹਟਾਏ ਜਾਣ ਤੋਂ ਬਾਅਦ ਇਸ ਸੂਬੇ ਨੂੰ ਦੇਸ਼ ਦੀਆਂ ਸਾਰੀਆਂ ਯੋਜਨਾਵਾਂ ਦਾ ਪੂਰਾ ਲਾਭ ਮਿਲਣਾ ਸ਼ੁਰੂ ਹੋ ਗਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਪਿਛਲੇ ਕੁਝ ਸਾਲਾਂ ਤੋਂ ਕਸ਼ਮੀਰ ਦੀ ਆਰਥਿਕਤਾ ਵੀ ਪਟੜੀ ’ਤੇ ਆਉਣ ਲੱਗੀ। ਸਿੱਖਿਆ ਦਾ ਵਾਹਨ ਵੀ ਤੇਜ਼ੀ ਨਾਲ ਚੱਲਦਾ ਦਿਖਾਈ ਦਿੱਤਾ। ਸੈਰ-ਸਪਾਟੇ ਦੀ ਤੇਜ਼ ਰਫ਼ਤਾਰ ਨਾਲ ਕਸ਼ਮੀਰ ਦੇ ਪਿੱਠੂਅਾਂ, ਸ਼ਿਕਾਰਾ ਮਾਲਕ, ਹੋਟਲ, ਢਾਬੇ, ਸੁੱਕੇ ਮੇਵੇ, ਕੱਪੜੇ ਅਤੇ ਹੋਰ ਬਹੁਤ ਸਾਰੇ ਛੋਟੇ-ਵੱਡੇ ਕਾਰੋਬਾਰ ਫਿਰ ਤੋਂ ਵਧਣ-ਫੁੱਲਣ ਲੱਗੇ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਸਾਰਿਆਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ।
ਜਦੋਂ ਤੋਂ ਪ੍ਰਧਾਨ ਮੰਤਰੀ ਨੇ ਸਮੁੱਚੇ ਦੇਸ਼ ਨੂੰ ਵਿਕਸਤ ਭਾਰਤ ਦਾ ਟੀਚਾ ਪੇਸ਼ ਕੀਤਾ ਹੈ, ਉਦੋਂ ਤੋਂ ਹੀ ਉਨ੍ਹਾਂ ਦੇ ਵਿਚਾਰਾਂ ’ਚ ਇਹ ਗੱਲ ਸਪੱਸ਼ਟ ਤੌਰ ’ਤੇ ਝਲਕਦੀ ਸੀ ਕਿ ਵਿਕਸਤ ਭਾਰਤ ਦਾ ਅਰਥ ਹੈ ਪੂਰੇ ਭਾਰਤ ਦਾ ਵਿਕਾਸ। ਵਿਕਸਤ ਭਾਰਤ ਤੋਂ ਕੋਈ ਵੀ ਰਾਜ ਬਾਹਰ ਨਹੀਂ ਰਹਿ ਸਕਦਾ। ਸੂਬੇ ਦੀ ਗੱਲ ਤਾਂ ਛੱਡ ਦਿਓ, ਇਕ ਵੀ ਸੰਪਰਦਾ, ਵਰਗ ਜਾਂ ਇਕ ਵੀ ਨਾਗਰਿਕ ਇਸ ਤੋਂ ਬਾਹਰ ਨਹੀਂ ਰਹਿ ਸਕਦਾ ਸੀ। ਵਿਕਸਤ ਭਾਰਤ ਦਾ ਅਰਥ ਹੈ ਭਾਰਤ ਦੇ ਹਰ ਨਾਗਰਿਕ ਦਾ ਵਿਕਾਸ। ਇਸੇ ਲਈ ਵਿਕਸਤ ਭਾਰਤ ਦੇ ਰਾਹ ’ਤੇ ਅੱਗੇ ਵਧਣ ਲਈ, ਉਨ੍ਹਾਂ ਨੇ ਹਰ ਭਾਰਤੀ ਨੂੰ ਸ਼ਾਮਲ ਕਰਨ ਦੀ ਆਪਣੀ ਇੱਛਾ ਅਤੇ ਯੋਜਨਾ ਪੇਸ਼ ਕੀਤੀ। ਉਨ੍ਹਾਂ ਦੀ ਸੋਚ ਦਾ ਨਾਅਰਾ ਸੀ-ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ।
ਪਰ ਪਹਿਲਗਾਮ ਦੀ ਇਸ ਭਿਆਨਕ ਘਟਨਾ ਨੇ ਕਸ਼ਮੀਰ ਰਾਜ, ਕਸ਼ਮੀਰੀਆਂ, ਉਨ੍ਹਾਂ ਦੇ ਕਾਰੋਬਾਰ ਅਤੇ ਸ਼ਾਂਤੀ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ, ਇਸ ਦੀ ਕਲਪਨਾ ਕਰਨਾ ਵੀ ਕਸ਼ਮੀਰੀਆਂ ਨੂੰ ਉਦਾਸ ਕਰ ਦੇਵੇਗਾ। ਹਰ ਰੋਜ਼ ਕਰੋੜਾਂ ਰੁਪਏ ਦੀ ਆਮਦਨ ਲੱਖਾਂ ਪਰਿਵਾਰਾਂ ਤੱਕ ਪਹੁੰਚਦੀ ਸੀ। ਇਸ ਘਟਨਾ ਕਾਰਨ ਸੈਰ-ਸਪਾਟਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਹਰ ਕਸ਼ਮੀਰੀ ਨੂੰ ਇਸ ਘਟਨਾ ਦੀ ਪੂਰੇ ਦਿਲੋਂ ਨਿੰਦਾ ਕਰਨੀ ਚਾਹੀਦੀ ਹੈ। ਇਸ ਘਟਨਾ ਦੇ ਪਿੱਛੇ ਪਾਕਿਸਤਾਨ ਦਾ ਹੱਥ ਸਾਫ ਹੈ। ਭਾਰਤ ਸਰਕਾਰ ਪਾਕਿਸਤਾਨ ਵਿਰੁੱਧ ਜੋ ਵੀ ਕਾਰਵਾਈ ਕਰਦੀ ਹੈ, ਹਰ ਕਸ਼ਮੀਰੀ ਨੂੰ ਇਸ ’ਤੇ ਮਾਣ ਹੋਣਾ ਚਾਹੀਦਾ ਹੈ। ਪਾਕਿਸਤਾਨ ਦੇ ਗਰਭ ’ਚ ਪਲ ਰਹੇ ਅੱਤਵਾਦ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਬਹੁਤ ਜ਼ਰੂਰੀ ਹੈ। ਵਿਕਸਤ ਭਾਰਤ ’ਚ ਕਸ਼ਮੀਰ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ। ਹਰ ਕਸ਼ਮੀਰੀ ਨੂੰ ਇਕ ਵਿਕਸਤ ਅਤੇ ਖੁਸ਼ਹਾਲ ਭਾਰਤ ਦਾ ਭਾਈਵਾਲ ਬਣਨਾ ਚਾਹੀਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਾਰੇ ਕਸ਼ਮੀਰੀ ਮਰਦ, ਔਰਤਾਂ ਅਤੇ ਬੱਚੇ ਵਿਕਾਸ ’ਚ ਰੁਕਾਵਟ ਪਾਉਣ ਵਾਲੇ ਸਾਰੇ ਤੱਤਾਂ ਨੂੰ ਕੁਚਲਣ ’ਚ ਤਨ, ਮਨ ਨਾਲ ਸਾਥ ਦੇਣ।
ਮੈਨੂੰ ਕਸ਼ਮੀਰ ਦੇ ਹਰ ਹਿੱਸੇ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਹੈ। ਮੈਂ ਨਿੱਜੀ ਤੌਰ ’ਤੇ ਹਰ ਕਸ਼ਮੀਰੀ ਦੇ ਦਿਲ ਦੀ ਆਵਾਜ਼ ਸੁਣਦਾ ਰਿਹਾ ਹਾਂ। ਹਰ ਕਸ਼ਮੀਰੀ ਦਹਾਕਿਆਂ ਤੋਂ ਚੱਲ ਰਹੇ ਪਾਕਿਸਤਾਨੀ ਅੱਤਵਾਦ ਤੋਂ ਦੁਖੀ ਸੀ। ਕੁਝ ਸਾਲਾਂ ਲਈ ਸੁੱਖ ਦਾ ਸਾਹ ਆਇਆ, ਪਰ ਪਹਿਲਗਾਮ ਘਟਨਾ ਨੇ ਕਸ਼ਮੀਰੀਆਂ ਦਾ ਸੁੱਖ-ਚੈਨ ਖੋਹ ਲਿਆ ਹੈ।
ਅੱਜ ਸਾਰੇ ਕਸ਼ਮੀਰੀਆਂ, ਸਾਰੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕਜੁੱਟ ਹੋ ਕੇ ਸ਼੍ਰੀ ਨਰਿੰਦਰ ਮੋਦੀ ਦੇ ਮਿਸ਼ਨ ਦਾ ਜ਼ੋਰਦਾਰ ਸਮਰਥਨ ਕਰਨਾ ਚਾਹੀਦਾ ਹੈ। ਸੱਚ ਕਦੇ ਲੁਕਿਆ ਨਹੀਂ ਰਹਿੰਦਾ। ਅੱਜ ਕਸ਼ਮੀਰ ਤੋਂ ਵੀ ਇਹੀ ਆਵਾਜ਼ ਸੁਣਾਈ ਦੇ ਰਹੀ ਹੈ ਕਿ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ।
ਵਿਕਸਤ ਭਾਰਤ ਲਈ ਸਾਰਿਆਂ ਦਾ ਸਮਰਥਨ ਜ਼ਰੂਰੀ ਹੈ, ਤਾਂ ਹੀ ਸਾਰਿਆਂ ਦਾ ਵਿਕਾਸ ਸੰਭਵ ਹੈ। ਅੱਜ ਲੋੜ ਹੈ ਕਿ ਦੇਸ਼ ਦੇ ਸਾਰੇ ਹਿੱਸਿਆਂ ’ਚ ਹਿੰਦੂ ਸੰਤਾਂ ਅਤੇ ਮੁਸਲਿਮ ਧਾਰਮਿਕ ਆਗੂਆਂ ਨੂੰ ਸਾਂਝੇ ਤੌਰ ’ਤੇ ‘ਸੰਗਛਧਵਮ ਸਮਾਵਧਵਮ’ ਦੀ ਅਪੀਲ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਇਕੱਠੇ ਚੱਲਣਾ ਚਾਹੀਦਾ ਹੈ, ਸਾਰਿਆਂ ਨੂੰ ਇਕੱਠੇ ਬੋਲਣਾ ਚਾਹੀਦਾ ਹੈ।
ਅਵਿਨਾਸ਼ ਰਾਏ ਖੰਨਾ (ਸਾਬਕਾ ਸੰਸਦ ਮੈਂਬਰ)