ਕੀ ਮਮਤਾ ਖੁਦ ਨੂੰ ਹਿੰਦੂਆਂ ਦੀ ਰੱਖਿਅਕ ਦੇ ਰੂਪ ’ਚ ਪੇਸ਼ ਕਰ ਰਹੀ ਹੈ

Tuesday, May 06, 2025 - 05:43 PM (IST)

ਕੀ ਮਮਤਾ ਖੁਦ ਨੂੰ ਹਿੰਦੂਆਂ ਦੀ ਰੱਖਿਅਕ ਦੇ ਰੂਪ ’ਚ ਪੇਸ਼ ਕਰ ਰਹੀ ਹੈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਮੰਦਿਰ ਰਣਨੀਤੀ ਦੇ ਨਾਲ ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਕੀਤੇ ਗਏ ਨਵੇਂ ਯਤਨ ਬੰਗਾਲ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। 2011 ’ਚ ਮੁੱਖ ਮੰਤਰੀ ਦੇ ਰੂਪ ’ਚ ਉਭਰਣ ਤੋਂ ਬਾਅਦ ਹੀ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦਾ ਸਮਰਥਨ ਹਾਸਲ ਕੀਤਾ ਹੋਇਆ ਸੀ ਜਦੋਂ ਉਨ੍ਹਾਂ ਨੇ 33 ਸਾਲ ਦੇ ਸ਼ਾਸਨ ਦੇ ਬਾਅਦ ਸੀ. ਪੀ. ਆਈ.-ਐੱਮ ਨੂੰ ਬਾਹਰ ਕਰ ਦਿੱਤਾ ਸੀ।

ਇਕ ਚਲਾਕ ਸਿਆਸਤਦਾਨ ਦੇ ਰੂਪ ’ਚ ਪਛਾਣੀ ਜਾਣ ਵਾਲੀ ਮਮਤਾ ਨੇ ਮੰਦਿਰ ਰਣਨੀਤੀ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਆਪਣੀ ਹਿੰਦੂ ਪਛਾਣ ਅਤੇ ਆਪਣੀ ਉੱਚ ਜਾਤੀ (ਬ੍ਰਾਹਮਣ) ਸਾਖ ’ਤੇ ਜ਼ੋਰ ਦੇਣ ਲਈ ਆਪਣੇ ਦ੍ਰਿਸ਼ਟੀਕੋਣ ਦੀ ਗਣਨਾ ਕੀਤੀ। ਉਨ੍ਹਾਂ ਨੇ ਆਪਣੇ ਖੁਦ ਦੇ ਦੀਘਾ ਮੰਦਿਰ ਦੇ ਨਾਲ ਭਾਜਪਾ ਨੂੰ ਝਕਾਨੀ ਦੇ ਦਿੱਤੀ ਹੈ। ਸਿਆਸੀ ਆਬਜ਼ਵਰ ਦੱਸਦੇ ਹਨ ਕਿ ਮੰਦਿਰ ਮਮਤਾ ਦੇ ਨਰਮ ਹਿੰਦੂਤਵ ਵੱਲ ਵਿਆਪਕ ਧੱਕੇ ਦਾ ਹਿੱਸਾ ਹੈ। ਇਹ ਰਣਨੀਤੀ ਉਨ੍ਹਾਂ ਦੇ ਹਿੰਦੂ ਆਧਾਰ ਦਾ ਵਿਸਤਾਰ ਕਰਨ ਦਾ ਯਤਨ ਹੋ ਸਕਦਾ ਹੈ ਜਾਂ ਇਸ ਚਿੰਤਾ ਦਾ ਜਵਾਬ ਹੋ ਸਕਦਾ ਹੈ ਕਿ ਇਸ ਵਾਰ ਮੁਸਲਿਮ ਸਮਰਥਨ ਘੱਟ ਹੋ ਸਕਦਾ ਹੈ। ਮੁਰਸ਼ਦਾਬਾਦ ਤ੍ਰਾਸਦੀ ਤੋਂ ਬਾਅਦ, ਭਾਜਪਾ ਨੂੰ ਹਿੰਦੂ ਵਿਰੋਧੀ ਕਰਾਰ ਦਿੱਤਾ ਗਿਆ ਹੈ।

ਕੀ ਬੈਨਰਜੀ ਖੁਦ ਨੂੰ ਹਿੰਦੂ ਮਾਨਤਾਵਾਂ ਦੀ ਰੱਖਿਅਕ ਦੇ ਰੂਪ ’ਚ ਪੇਸ਼ ਕਰ ਕੇ ਭਾਜਪਾ ਨੂੰ ਮਾਤ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ? ਜਗਨਨਾਥ ਮੰਦਿਰ ਉਨ੍ਹਾਂ ਦਾ ਸਭ ਤੋਂ ਨਵਾਂ ਵਿਸ਼ਾ ਹੈ। ਜਿਥੇ ਭਾਜਪਾ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾਉਂਦੀ ਹੈ ਉਥੇ ਮਮਤਾ ‘ਜੈ ਜਗਨਨਾਥ’ ’ਤੇ ਧਿਆਨ ਕੇਂਦਰਿਤ ਕਰਦੀ ਹੈ।

ਪੱਛਮੀ ਬੰਗਾਲ ਦੇ ਦੀਘਾ ’ਚ ਜਗਨਨਾਥ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਸੰਘਰਸ਼ ਅਤੇ ਮੰਦਿਰ ਯੁੱਧ ਵਧ ਰਿਹਾ ਹੈ। ਇਹ ਇਕ ਮਹੱਤਵਪੂਰਨ ਘਟਨਾ ਹੈ ਜਿਸ ਦਾ ਉਦਘਾਟਨ 30 ਅਪ੍ਰੈਲ ਨੂੰ ਅਕਸ਼ੈ ਤੀਜੇ ਦੇ ਸ਼ੁੱਭ ਮੌਕੇ ’ਤੇ ਹੋਇਆ ਸੀ। ਬੰਗਾਲ ਦਾ ਜਗਨਨਾਥ ਧਾਮ ਪ੍ਰਸਿੱਧ ਜਗਨਨਾਥ ਪੁਰੀ ਮੰਿਦਰ ਵਾਂਗ ਹੈ ਅਤੇ ਮਮਤਾ ਵੱਲੋਂ ਇਸ ਦਾ ਉਦਘਾਟਨ ਉਸ ਦੀ ਸਿਆਸੀ ਖੇਡ ’ਚ ਇਕ ਰਣਨੀਤਿਕ ਕਦਮ ਹੈ।

ਭਾਜਪਾ ਨੇ ਘੱਟਗਿਣਤੀ ਸਮੂਹਾਂ ਅਤੇ ਬਹੁ-ਗਿਣਤੀ ਭਾਈਚਾਰੇ ਨੂੰ ਖੁਸ਼ ਕਰਨ ਲਈ ਮੁੱਖ ਮੰਤਰੀ ਦੀ ਆਲੋਚਨਾ ਕੀਤੀ ਹੈ। ਮਮਤਾ ਆਪਣੇ ਹਿੰਦੂ ਸਮਰਥਨ ਆਧਾਰ ਦਾ ਵਿਸਤਾਰ ਕਰਨ ਦੇ ਯਤਨਾਂ ’ਚ ਅਜਿਹਾ ਕਰ ਰਹੀ ਹੈ। ਇਸ ਦੌਰਾਨ ਸੀ. ਪੀ. ਐੱਮ ਅਤੇ ਕਾਂਗਰਸ ਨੇ ਮਮਤਾ ਅਤੇ ਭਾਜਪਾ ਦੋਹਾਂ ’ਤੇ ਸੂਬੇ ’ਚ ਸਿਆਸਤ ਨੂੰ ਧਾਰਮਿਕ ਪਛਾਣ ’ਤੇ ਕੇਂਦਰਿਤ ਕਰਨ ਦੀ ਦੌੜ ਲਾਉਣ ਦਾ ਦੋਸ਼ ਲਾਇਆ ਹੈ।

ਮਮਤਾ ਦੀ ਸਿਆਸੀ ਮਜਬੂਰੀ ਹੈ ਕਿ ਉਹ ਨਰਮ ਹਿੰਦੂ ਧਰਮ ਵੱਲ ਝੁਕੇ, ਜਿਵੇਂ ਕਿ ਉਨ੍ਹਾਂ ਦੇ ਮਿੱਤਰ ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਜਿਹਾ ਕਰਨ ’ਚ ਅਸਫਲ ਰਹੇ। ਹੋਰ ਸਿਆਸੀ ਦਲ ਆਰ. ਐੱਸ. ਐੱਸ. ਵੱਲੋਂ ਨਿਰਧਾਰਿਤ ਇਸ ਵਰਤਾਰੇ ਤੋਂ ਬਾਹਰ ਰਹਿਣ ਦਾ ਜੋਖਿਮ ਨਹੀਂ ਉਠਾ ਸਕਦੇ।

ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਭਾਜਪਾ ਨੇ ਇਕ ਪ੍ਰਾਜੈਕਟ ਦੇ ਪ੍ਰਬੰਧਨ ਅਤੇ ਵਰਗੀਕਰਨ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਨਵਾਂ ਉਸਰਿਆ ਢਾਂਚਾ ਇਕ ਮੰਦਿਰ ਹੈ ਜਾਂ ਇਕ ਸੰਸਕ੍ਰਿਤਕ ਕੇਂਦਰ, ਜਿਵੇਂ ਕਿ ਅਧਿਕਾਰਤ ਦਸਤਾਵੇਜ਼ਾਂ ’ਚ ਇਸ ਨੂੰ ਜਗਨਨਾਥ ਧਾਮ ਸੰਸਕ੍ਰਿਤੀ ਕੇਂਦਰ ਕਿਹਾ ਗਿਆ ਹੈ। ਅਧਿਕਾਰੀ ਨੇ ਜ਼ੋਰ ਦੇ ਕੇ ਿਕਹਾ ਕਿ ਤੁਹਾਨੂੰ ਉਚਿਤ ਸਪੱਸ਼ਟਤਾ ਦੇ ਨਾਲ ਸੱਦਾ ਕਾਰਡ ਨੂੰ ਫਿਰ ਤੋਂ ਛਾਪਣਾ ਚਾਹੀਦਾ ਹੈ।’ ਮੰਦਿਰ ਪ੍ਰਾਜੈਕਟ ਨੂੰ ਭਾਜਪਾ ਤੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਸੂਬੇ ਦੇ ਵਿਤ ਪੋਸ਼ਣ ’ਤੇ ਸਵਾਲ ਉਠਾਇਆ ਅਤੇ ਯੋਜਨਾ ਇਕ ਸੰਸਕ੍ਰਿਤਕ ਕੇਂਦਰ ਲਈ ਸੀ , ਮੰਿਦਰ ਲਈ ਨਹੀਂ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਲਈ ਉਨ੍ਹਾਂ ਦੇ ਿਪਛਲੇ ਸਮਰਥਨ ਨੂੰ ਦੇਖਦੇ ਹੋਏ ਹਿੰਦੂਤਵ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ’ਤੇ ਸਵਾਲ ਉਠਾਇਆ।

ਬੈਨਰਜੀ ਨੇ 2018 ’ਚ ਨੀਂਹ ਪੱਥਰ ਰੱਖਿਆ- ਸੂਬੇ ਨੇ 20 ਏਕੜ ’ਚ ਫੈਲੇ ਮੰਦਿਰ ਦੇ ਨਿਰਮਾਣ ’ਤੇ 250 ਕਰੋੜ ਰੁਪਏ ਖਰਚ ਕੀਤੇ ਹਨ। ਉਮੀਦ ਹੈ ਕਿ ਮੰਦਿਰ ਦੀਘਾ ’ਚ ਸੈਰ-ਸਪਾਟੇ ਨੂੰ ਉਤਸ਼ਾਹ ਦੇਵੇਗਾ ਅਤੇ ਇਕ ਸੰਸਕ੍ਰਿਤਕ ਕੇਂਦਰ ਦੇ ਰੂਪ ’ਚ ਕੰਮ ਕਰੇਗਾ। ਦੀਘਾ ਮੰਦਿਰ ਕੰਪਲੈਕਸ ਨੂੰ ਕਲਿੰਗਾ ਦੀ ਆਰਕੀਟੈਕਚਰਲ ਸ਼ੈਲੀ ’ਚ ਡਿਜ਼ਾਈਨ ਕੀਤਾ ਗਿਆ ਸੀ। ਇਸ ਨੂੰ ਰਾਜਸਥਾਨ ਦੇ ਖੂਬਸੂਰਤ ਗੁਲਾਬੀ ਬਲੁਆ ਪੱਥਰ ਨਾਲ ਬਣਾਇਆ ਗਿਆ ਹੈ। ਇਸ ’ਚ ਭੋਗ ਮੰਡਪ, ਨਟ ਮੰਦਿਰ, ਜਗਮੋਹਨ ਅਤੇ ਗਰਭ ਗ੍ਰਹਿ ਸ਼ਾਮਲ ਹਨ। ਪ੍ਰਵੇਸ਼ ਦੁਆਰ ’ਤੇ ਕਾਲੇ ਪੱਥਰ ਨਾਲ ਬਣਿਆ 34 ਫੁੱਟ ਉੱਚਾ, 18 ਮੂੰਹ ਵਾਲਾ ਅਰੁਣ ਥੰਮ੍ਹ ਹੈ ਜਿਸ ਦੇ ਉਪਰ ਅਰੁਣਾ ਦੀ ਮੂਰਤੀ ਹੈ। ਮਮਤਾ ਨੇ ਮੰਦਿਰ ਨੂੰ ਸੋਨੇ ਦਾ ਝਾੜੂ ਭੇਟ ਕੀਤਾ ਹੈ।

ਮੰਦਿਰਾਂ ਅਤੇ ਇਕਸਾਰ ਸਿਵਲ ਕੋਡ ’ਤੇ ਇਸ ਤਰ੍ਹਾਂ ਦਾ ਧਿਆਨ ਸੂਬੇ ਦੇ ਮੁਸਲਿਮ ਵੋਟਰਾਂ ਨੂੰ ਅਲੱਗ-ਥਲੱਗ ਕਰ ਸਕਦਾ ਹੈ, ਜੋ ਆਬਾਦੀ ਦੀ 26 ਫੀਸਦੀ ਤੋਂ ਵੱਧ ਪ੍ਰਤੀਨਿਧਤਵ ਕਰਦੇ ਹਨ। ਇਹ 2026 ਦੀਆਂ ਚੋਣਾਂ ’ਚ ਮਹੱਤਵਪੂਰਨ ਹੋਵੇਗਾ, ਜਿਸ ਦਾ ਅਸਰ 120 ਤੋਂ ਵੱਧ ਵਿਧਾਨ ਸਭਾ ਖੇਤਰਾਂ ’ਤੇ ਪਏਗਾ। ਆਗਾਮੀ ਚੋਣਾਂ ’ਚ ਇਨ੍ਹਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਵੱਖ-ਵੱਖ ਸਮੂਹਾਂ ਤੋਂ ਸਮਰਥਨ ਜੁਟਾਉਣ ਅਤੇ ਕਮਿਊਨਿਸਟਾਂ ਅਤੇ ਕਾਂਗਰਸ ਨੂੰ ਹਟਾਉਣ ’ਤੇ ਧਿਆਨ ਕੇਂਦਰਿਤ ਕਰਨ ਸਮੇਤ ਮਮਤਾ ਦੇ ਫੈਸਲਿਆਂ ਨੇ ਮੌੂਜਦਾ ਸਿਆਸੀ ਦ੍ਰਿਸ਼ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।

ਸਾਰੇ ਸੰਕੇਤ ਦੱਸਦੇ ਹਨ ਕਿ 2026 ਦੀਆਂ ਚੋਣਾਂ ’ਚ ਹਿੰਦੂਤਵ ਪ੍ਰਮੁੱਖ ਚੋਣ ਮੁੱਦਾ ਬਣ ਸਕਦਾ ਹੈ। ਇਸ ਨਾਲ ਉਹ ਇਕ ਪਾਸੇ ਮੋਦੀ ਅਤੇ ਦੂਜੇ ਪਾਸੇ ਆਰ. ਐੱਸ. ਐੱਸ. ਵਿਰੁੱਧ ਖੜ੍ਹੀ ਹੋ ਜਾਏਗੀ।

ਪੱਛਮੀ ਬੰਗਾਲ ਰਾਜ ਵਿਧਾਨ ਸਭਾ ’ਚ ਅਧਿਕਾਰੀ ਦੇ ਮੁਸਲਿਮ ਲੀਗ ਦੀ ਕੁਠਪੁਤਲੀ ਹੋਣ ਦੇ ਦੋਸ਼ ਦਾ ਜਵਾਬ ਦੇਣ ਲਈ ਬੈਨਰਜੀ ਦਾ ਯਤਨ ਦੱਸਦਾ ਹੈ ਿਕ ਉਹ ਡੈਮੇਜ ਕੰਟਰੋਲ ਮੋਡ ’ਚ ਹੈ। ਨਵੰਬਰ 2024 ਦੀਆਂ 6 ਉਪ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੇ ਵੋਟ ਸ਼ੇਅਰ ’ਚ ਲੀਡ ਹਾਸਲ ਕੀਤੀ, ਜੋ ਦਰਸਾਉਂਦਾ ਹੈ ਕਿ ਸੂਬੇ ਦੀ ਅੱਧੀ ਆਬਾਦੀ ਅਜੇ ਵੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਪੱਖ ਵਿਚ ਹੈ। ਭਾਜਪਾ ਦਾ ਵੋਟ ਸ਼ੇਅਰ 38 ਫੀਸਦੀ ਤੋਂ ਘੱਟ ਗਿਆ ਹੈ।

2021 ਦੀਆਂ ਚੋਣਾਂ ਤੋਂ ਬਾਅਦ ਕਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਭਾਜਪਾ ਛੱਡ ਦਿੱਤੀ ਹੈ। ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਸਾਰੀਆਂ ਪਾਰਟੀਆਂ ਲਈ ਮਹੱਤਵਪੂਰਨ ਹਨ। ਮਮਤਾ ਬੈਨਰਜੀ ਲਈ 2026 ਦੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਲਈ ਪਹਿਲਾਂ ਤੋਂ ਜਮ੍ਹਾ ਕੀਤੀ ਗਈ ਸਿਆਸੀ ਪੂੰਜੀ ’ਚ ਇਜ਼ਾਫਾ ਕਰਨ ਦਾ ਇਕ ਮੌਕਾ ਹੈ। ਸੱਤਾ ’ਚ ਚੌਥੀ ਵਾਰ ਕਦਮ ਰੱਖਣ ਦੇ ਨਾਲ, ਉਹ ਜਾਣਦੀ ਹੈ ਕਿ ਸੱਤਾ ਵਿਰੋਧੀ ਲਹਿਰ ਅਟੱਲ ਹੈ, ਖਾਸ ਕਰ ਕੇ ਉਨ੍ਹਾਂ ਵੋਟਰਾਂ ਵਿਚਾਲੇ ਜੋ ਉਨ੍ਹਾਂ ਦੇ ਪ੍ਰਸ਼ਾਸਨ ਦੀਆਂ ਅਸਫਲਤਾਵਾਂ ਦੀ ਨਿੰਦਾ ਕਰਨ ਲਈ ਸੜਕਾਂ ’ਤੇ ਸਰਗਰਮੀ ਨਾਲ ਲਾਮਬੱਧ ਹੋ ਗਏ ਹਨ।

ਕਲਿਆਣੀ ਸ਼ੰਕਰ


author

Rakesh

Content Editor

Related News