‘ਲੋਕਾਂ ਦੀ ਜਾਨ ਦੇ ਦੁਸ਼ਮਣ’ ‘ਖੁਰਾਕ ਪਦਾਰਥਾਂ ’ਚ ਮਿਲਾਵਟ ਕਰਨ ਵਾਲੇ’
Sunday, May 18, 2025 - 07:25 AM (IST)

ਮੰਦੇ ਭਾਗਾਂ ਨਾਲ ਭਾਰਤ ’ਚ ਕਿਤੇ-ਕਿਤੇ ਖਾਣ-ਪੀਣ ਦੀਆਂ ਕਈ ਵਸਤਾਂ ’ਚ ਮਿਲਾਵਟ ਕੀਤੀ ਜਾ ਰਹੀ ਹੈ, ਜਿਸ ਦੇ ਸੇਵਨ ਨਾਲ ਸਿਹਤ ਨੂੰ ਕਈ ਗੰਭੀਰ ਅਤੇ ਜਾਨਲੇਵਾ ਬੀਮਾਰੀਆਂ ਹੋ ਸਕਦੀਆਂ ਹਨ। ਮਿਲਾਵਟਖੋਰ ਵਧੇਰੇ ਲਾਭ ਕਮਾਉਣ ਲਈ ਅਜਿਹਾ ਕਰ ਰਹੇ ਹਨ, ਜਿਸ ਦੀਆਂ ਇਸੇ ਸਾਲ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 10 ਜਨਵਰੀ ਨੂੰ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ’ਚ ਬਿਰੋਲੀ’ ਪਿੰਡ ’ਚ ਸਥਿਤ ਇਕ ਆਟਾ ਮਿੱਲ ’ਚ ‘ਖੜੀਆ ਮਿੱਟੀ’, ‘ਫੱਕ’, ਚਾਵਲ ਦੀ ‘ਕਣੀ’ ਅਤੇ ‘ਸੇਲਖੜੀ’ (‘ਕੈਲਸ਼ੀਅਮ ਸਲਫੇਟ’ ਨਾਲ ਬਣਿਆ ਇਕ ਤਰ੍ਹਾਂ ਦਾ ਸਫੈਦ ਜਾਂ ਭੂਰਾ ਪੱਥਰ) ਦੀ ਮਿਲਾਵਟ ਕਰ ਕੇ ਕਣਕ ਦਾ ਆਟਾ ਤਿਆਰ ਕਰਦੇ ਲੋਕਾਂ ਨੂੰ ਫੜਿਆ ਗਿਆ।
ਅਜਿਹੇ ਹਾਨੀਕਾਰਕ ਆਟੇ ਦੇ ਸੇਵਨ ਨਾਲ ਆਂਤ, ਕਿਡਨੀ, ਲੀਵਰ ਡੈਮੇਜ ਹੋ ਸਕਦੇ ਹਨ, ਇਹ ਕਿਡਨੀ ਅਤੇ ਅੰਤੜੀਆਂ ਨਾਲ ਚਿਪਕ ਕੇ ਅਤੇ ਉਥੇ ਇਕੱਠਾ ਹੋ ਕੇ ਪੱਥਰੀ ਵੀ ਬਣਾ ਸਕਦਾ ਹੈ, ਜਿਸ ਨਾਲ ਵਿਅਕਤੀ ਦਾ ਪਾਚਨ ਸਿਸਟਮ ਠੱਪ ਹੋ ਸਕਦਾ ਹੈ। ਇਹ ਪੇਟ ’ਚ ਦਰਦ, ਉਲਟੀ ਅਤੇ ਦਸਤ, ਮਾਸਪੇਸ਼ੀਆਂ ’ਚ ਅਕੜਾਅ ਅਤੇ ਚੱਕਰ ਆਉਣ ਆਦਿ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
* 15 ਜਨਵਰੀ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ 30 ਲੱਖ ਰੁਪਏ ਦੀ 11290 ਕਿਲੋ ਮਿਲਾਵਟੀ ‘ਚਾਹ ਪੱਤੀ’ ਬਰਾਮਦ ਕੀਤੀ ਗਈ। ਇਸ ਸੰਬੰਧ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਿਗਆ ਜਿਸ ਨੇ ਦੱਸਿਆ ਕਿ ਉਹ ‘ਅਾਸਾਮ’ ਤੋਂ ਘਟੀਆ ਚਾਹ ਪੱਤੀ ਮੰਗਵਾ ਕੇ ਉਸ ’ਚ ਕੈਮੀਕਲ ਮਿਲਾ ਕੇ ਉਸ ਨੂੰ ‘ਸਟਰਾਂਗ’ ਬਣਾ ਕੇ ਪ੍ਰਸਿੱਧ ਕੰਪਨੀਆਂ ਦੀ ਚਾਹ ਦੇ ਨਾਂ ਨਾਲ ਵੇਚਦਾ ਸੀ।
* 29 ਜਨਵਰੀ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ’ਚ ਭਾਰੀ ਮਾਤਰਾ ’ਚ ਪੈਕਡ ਨਕਲੀ ਲੂਣ ਬਰਾਮਦ ਕਰ ਕੇ ਫੈਕਟਰੀ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਕਲੀ ਲੂਣ ‘ਪੋਟਾਸ਼ੀਅਮ ਕਲੋਰਾਈਡ’ ਆਦਿ ਕੈਮੀਕਲ ਅਤੇ ‘ਵ੍ਹਾਈਟ ਸਟੋਨ ਪਾਊਡਰ’ ਵਰਗੀਆਂ ਖਤਰਨਾਕ ਚੀਜ਼ਾਂ ਮਿਲਾ ਕੇ ਤਿਆਰ ਕੀਤਾ ਜਾਂਦਾ ਸੀ ਜਿਸ ਨਾਲ ਸਿਹਤ ਸੰਬੰਧੀ ਅਨੇਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
* 6 ਮਾਰਚ ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ’ਚ 240 ਕਿਲੋ ਨਕਲੀ ‘ਖੋਇਆ’ ਲਿਜਾ ਰਹੇ ਇਕ ਟੈਂਪੂ ਚਾਲਕ ਨੂੰ ਫੜਿਆ ਗਿਆ।
* 17 ਮਾਰਚ ਨੂੰ ‘ਓਰੈਯਾ’ (ਉੱਤਰ ਪ੍ਰਦੇਸ਼) ’ਚ ਖੁਰਾਕ ਸੁਰੱਖਿਆ ਵਿਭਾਗ ਨੇ ਅਨੇਕ ਥਾਵਾਂ ’ਤੇ ਛਾਪੇਮਾਰੀ ਕਰ ਕੇ 207 ਕਿਲੋ ਖਰਾਬ ਖੋਇਆ ਨਸ਼ਟ ਕਰਵਾਇਆ।
* 26 ਅਪ੍ਰੈਲ ਨੂੰ ‘ਜੈਪੁਰ’ (ਰਾਜਸਥਾਨ) ਪੁਲਸ ਨੇ 4 ਗੱਡੀਆਂ ਜ਼ਬਤ ਕਰ ਕੇ ਉਨ੍ਹਾਂ ਤੋਂ ਲਗਭਗ 2800 ਕਿਲੋਗ੍ਰਾਮ ਮਿਲਾਵਟੀ ‘ਪਨੀਰ’ ਅਤੇ 35 ਕਿਲੋ ਨਕਲੀ ਘਿਓ ਜ਼ਬਤ ਕਰ ਕੇ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
* 29 ਅਪ੍ਰੈਲ ਨੂੰ ‘ਅਜਮੇਰ’ (ਰਾਜਸਥਾਨ) ’ਚ ਪੁਲਸ ਨੇ ‘ਸਦਾਰੀ’ ਪਿੰਡ ’ਚ ‘ਆਸ਼ਾ ਰਾਮ ਮੀਣਾ’ ਦੇ ਫਾਰਮ ਹਾਊਸ ’ਤੇ ‘ਸਲਫਿਊਰਿਕ ਐਸਿਡ’, ਕਾਸਟਿਕ ਸੋਡਾ ਅਤੇ ਹੋਰ ਰਸਾਇਣਾਂ ਦੀ ਵਰਤੋਂ ਨਾਲ ਦੁੱਧ ਦੀ ਮਾਤਰਾ ਅਤੇ ਫੈਟ ਵਧਾਉਣ ਦੇ ਸਕੈਂਡਲ ਦਾ ਪਰਦਾਫਾਸ਼ ਕਰ ਕੇ 2600 ਲੀਟਰ ਮਿਲਾਵਟੀ ਦੁੱਧ ਨੂੰ ਨਸ਼ਟ ਕੀਤਾ।
ਇਸ ਸਿਲਸਿਲੇ ’ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗਿਰੋਹ ਰੋਜ਼ਾਨਾ 1500 ਲੀਟਰ ਸ਼ੁੱਧ ਦੁੱਧ ’ਚ ਉਕਤ ਰਸਾਇਣਾਂ ਦੀ ਮਿਲਾਵਟ ਕਰ ਕੇ ਉਸ ਦੀ ਦੁੱਗਣੀ ਮਾਤਰਾ ਤਿਆਰ ਕਰ ਕੇ ‘ਕੋਟਾ’ ’ਚ ਸਪਲਾਈ ਕਰਦਾ ਸੀ।
* ਅਤੇ ਹੁਣ 15 ਮਈ ਨੂੰ ਜ਼ਿਲਾ ਸਿਹਤ ਅਧਿਕਾਰੀ ‘ਲੁਧਿਆਣਾ’ (ਪੰਜਾਬ) ਦੀ ਟੀਮ ਨੇ ਅਨੇਕ ਥਾਵਾਂ ’ਤੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ’ਚ ਮਿਲਾਵਟੀ ਖੁਰਾਕ ਪਦਾਰਥ ਬਰਾਮਦ ਕੀਤੇ। ‘ਤਾਜਪੁਰ’ ’ਚ ਇਕ ਮਠਿਆਈ ਦੀ ਦੁਕਾਨ ਤੋਂ 100 ਕਿਲੋ ਖੋਇਆ ਅਤੇ ਇਕ ਗੁੜ ਨਿਰਮਾਣ ਇਕਾਈ ਤੋਂ 7 ਕੁਇੰਟਲ ਗੁੜ ਅਤੇ ਇਸ ਦੇ ਨਿਰਮਾਣ ’ਚ ਵਰਤਣ ਲਈ ਰੱਖੀ ਗਈ 350 ਕਿਲੋ ਖੰਡ ਜ਼ਬਤ ਕੀਤੀ।
ਖੁਰਾਕ ਪਦਾਰਥਾਂ ’ਚ ਮਿਲਾਵਟ ਦਾ ਇਕ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਜ਼ਬਤ ਕੀਤੇ ਗਏ ਮਿਲਾਵਟੀ ਖੁਰਾਕ ਪਦਾਰਥਾਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ’ਚ ਭੇਜੇ ਜਾਣ ’ਤੇ ਕਈ ਮਿਲਾਵਟਖੋਰ ਉੱਥੇ ਕੰਮ ਕਰਦੇ ਮੁਲਾਜ਼ਮਾਂ ਨਾਲ ਗੰਢ-ਸੰਢ ਕਰ ਕੇ ਮਿਲਾਵਟੀ ਖੁਰਾਕ ਪਦਾਰਥਾਂ ਦੇ ਨਮੂਨਿਆਂ ਨੂੰ ਸਹੀ ਐਲਾਨ ਕਰਵਾ ਲੈਂਦੇ ਹਨ।
ਖੁਰਾਕ ਪਦਾਰਥਾਂ ’ਚ ਮਿਲਾਵਟ ਦੇ ਗੰਭੀਰ ਨਤੀਜਿਆਂ ਨੂੰ ਦੇਖਦੇ ਹੋਏ ਹੀ ਮੱਧ ਪ੍ਰਦੇਸ਼ ਸਰਕਾਰ ਵਲੋਂ ਖੁਰਾਕ ਵਸਤਾਂ ’ਚ ਮਿਲਾਵਟ ਨੂੰ ਰੋਕਣ ਲਈ ਉਮਰ ਕੈਦ ਦੀ ਵਿਵਸਥਾ ਕੀਤੀ ਗਈ ਹੈ ਪਰ ਜੇਕਰ ਇਸ ਦੇ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਜਾ ਸਕੇ ਤਾਂ ਹੋਰ ਵੀ ਚੰਗਾ ਹੋਵੇਗਾ।
ਹੋਰਨਾਂ ਰਾਜਾਂ ’ਚ ਵੀ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਇਸ ਬੁਰਾਈ ’ਤੇ ਨਕੇਲ ਕੱਸ ਕੇ ਇਸ ਦੇ ਭੈੜੇ ਨਤੀਜਿਆਂ ਤੋਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।
–ਵਿਜੇ ਕੁਮਾਰ