‘ਭਾਰਤ ਨਾਲ ਟਕਰਾਅ ਵਿਚਾਲੇ’ ‘ਪਾਕਿਸਤਾਨ ਦੇ ਗਲੇ ਦੀ ਹੱਡੀ ਬਣਿਆ ਬਲੋਚਿਸਤਾਨ’

Saturday, May 10, 2025 - 06:54 AM (IST)

‘ਭਾਰਤ ਨਾਲ ਟਕਰਾਅ ਵਿਚਾਲੇ’ ‘ਪਾਕਿਸਤਾਨ ਦੇ ਗਲੇ ਦੀ ਹੱਡੀ ਬਣਿਆ ਬਲੋਚਿਸਤਾਨ’

1947 ਤੋਂ ਪਹਿਲਾਂ ਬਲੋਚਿਸਤਾਨ ਇਕ ਆਜ਼ਾਦ ਰਿਆਸਤ ਸੀ, ਜਿਸ ਨੂੰ 1948 ’ਚ ਪਾਕਿਸਤਾਨ ਨੇ ਬਲਪੂਰਵਕ ਆਪਣੇ ਅਧੀਨ ਕਰ ਲਿਆ ਸੀ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਇਕ ਖਣਿਜ ਸਰੋਤਾਂ ਨਾਲ ਭਰਪੂਰ ਇਲਾਕਾ ਹੈ ਪਰ ਇੱਥੋਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਸਰੋਤਾਂ ਦਾ ਲਾਭ ਨਹੀਂ ਮਿਲ ਰਿਹਾ। ਇਸ ਕਾਰਨ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਅਤੇ ‘ਬਲੋਚਿਸਤਾਨ ਲਿਬੇਰਸ਼ਨ ਫਰੰਟ’ ਆਦਿ ਬਲੋਚ ਸੰਗਠਨਾਂ ਨੇ ਪਾਕਿਸਤਾਨ ਸਰਕਾਰ ਦੇ ਵਿਰੁੱਧ ਅੰਦੋਲਨ ਛੇੜਿਆ ਹੋਇਆ ਹੈ।

ਬਲੋਚਿਸਤਾਨ ਦੇ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਨੂੰ ਅੱਗੇ ਵਧਾਉਣ ਲਈ 1970 ਦੇ ਦਹਾਕੇ ’ਚ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਦੀ ਸਥਾਪਨਾ ਪ੍ਰਮੁੱਖ ਬਲੋਚ ਨੇਤਾ ਮੀਰ ‘ਹਬਤ ਖਾਨ ਮਾਰੀ’ ਅਤੇ ਉਨ੍ਹਾਂ ਦੇ ਪੁੱਤਰ ‘ਨਵਾਬ ਖੈਰ ਬਖਸ਼ ਮਾਰੀ’ ਨੇ ਕੀਤੀ ਸੀ। ਪਾਕਿਸਤਾਨ ਸਰਕਾਰ ਨੇ 2006 ’ਚ ਇਸ ਨੂੰ ਇਕ ਅੱਤਵਾਦੀ ਗੁੱਟ ਕਰਾਰ ਦੇ ਦਿੱਤਾ ਸੀ।

ਇਸ ਸਾਲ 11 ਮਾਰਚ ਨੂੰ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਦੇ ਬੰਦੂਕਧਾਰੀਆਂ ਨੇ ‘ਜ਼ਾਫਰ ਐਕਸਪ੍ਰੈੱਸ’ ਨੂੰ ‘ਅਗਵਾ’ ਕਰ ਕੇ 30 ਲੋਕਾਂ ਦੀ ਹੱਤਿਆ ਅਤੇ ਅਨੇਕ ਲੋਕਾਂ ਨੂੰ ਜ਼ਖਮੀ ਕਰਨ ਤੋਂ ਇਲਾਵਾ 214 ਲੋਕਾਂ ਨੂੰ ਬੰਦੀ ਬਣਾ ਲਿਆ ਸੀ।

ਇਸ ਨੂੰ ਦੁਨੀਆ ਦੀ ਸਭ ਤੋਂ ਵੱਡੀ ‘ਰੇਲ ਅਗਵਾ’ ਦੀ ਘਟਨਾ ਕਰਾਰ ਦਿੱਤਾ ਗਿਆ ਹੈ।

ਬਲੋਚ ਬਾਗੀਆਂ ਦੀ ਹਮੇਸ਼ਾ ਤੋਂ ਮੰਗ ਰਹੀ ਹੈ ਕਿ ਪਾਕਿਸਤਾਨੀ ਫੌਜ ਬਲੋਚਿਸਤਾਨ ਦੇ ਹਿੱਸੇ ਨੂੰ ਖਾਲੀ ਕਰ ਦੇਵੇ, ਬਲੋਚ ਬਾਗੀਆਂ ਦੇ ਗ੍ਰਿਫਤਾਰ ਸਾਰੇ ਨੇਤਾਵਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਜਾਵੇ ਅਤੇ ਬਲੋਚਿਸਤਾਨ ਦੇ ਖੇਤਰ ’ਚ ਚੱਲ ਰਹੇ ਚੀਨ ਨਾਲ ਜੁੜੇ ਸਾਰੇ ਪ੍ਰਾਜੈਕਟ ਤੁਰੰਤ ਬੰਦ ਕੀਤੇ ਜਾਣ।

ਇਸੇ ਕਾਰਨ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਨੇ ਪਾਕਿਸਤਾਨ ਤੋਂ ਵੱਖ ਹੋਣ ਲਈ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਪਾਕਿਸਤਾਨੀ ਫੌਜ ’ਤੇ ਤਾਬੜਤੋੜ ਹਮਲੇ ਕਰ ਰਹੀ ਹੈ ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 23 ਅਪ੍ਰੈਲ ਨੂੰ ‘ਬਲੋਚ ਲਿਬਰੇਸ਼ਨ ਆਰਮੀ’ ਨੇ ‘ਜਾਮੂਰਾਨ’ ਤਹਿਸੀਲ ਦੇ ‘ਤਿਗਰਾਨ’ ’ਚ ਹਮਲਾ ਕਰ ਕੇ 4 ਪਾਕਿਸਤਾਨੀ ਫੌਜੀਆਂ ਨੂੰ ਮਾਰ ਦਿੱਤਾ।

* 25 ਅਪ੍ਰੈਲ ਨੂੰ ਬਲੋਚਿਸਤਾਨ ਦੀ ਸੂਬਾਈ ਰਾਜਧਾਨੀ ‘ਕਵੇਟਾ’ ਦੇ ‘ਮਰਗਟ’ ਇਲਾਕੇ ’ਚ ਬਲੋਚ ਬਾਗੀਆਂ ਨੇ 10 ਪਾਕਿਸਤਾਨੀ ਫੌਜੀ ਮਾਰ ਦਿੱਤੇ।

* 27 ਅਪ੍ਰੈਲ ਨੂੰ ਬਲੋਚਿਸਤਾਨ ਦੇ ਗਵਾਦਰ ਅਤੇ ਕੇਚ ਜ਼ਿਲਿਆਂ ’ਚ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਕ ਅਧਿਕਾਰਤ ਸਰਕਾਰੀ ‘ਡੈੱਥ ਸਕੁਐਡ’ ਦੇ ਇਕ ਮੈਂਬਰ ਅਤੇ ਇਕ ਪਾਕਿਸਤਾਨੀ ਫੌਜੀ ਦੀ ਹੱਤਿਆ ਕਰ ਦਿੱਤੀ ਗਈ।

* 28 ਅਪ੍ਰੈਲ ਨੂੰ ‘ਬਲੋਚ ਲਿਬਰੇਸ਼ਨ ਆਰਮੀ’ ਨੇ ‘ਬੁਲੇਦਾ’ ਤਹਿਸੀਲ ’ਚ ਸਰਕਾਰੀ ‘ਡੈੱਥ ਸਕੁਐਡ’ ਦੇ ਇਕ ਮੈਂਬਰ ਨਾਸਿਰ ਕਰੀਮ ਨੂੰ ਮਾਰ ਦਿੱਤਾ।

* 1 ਮਈ ਨੂੰ ਪੰਜਗੁਰ ’ਚ ‘ਡੈੱਥ ਸਕੁਐਡ’ ਦਾ ਇਕ ਮੈਂਬਰ ਮਾਰ ਦਿੱਤਾ ਗਿਆ।

* 4 ਮਈ ਨੂੰ ‘ਕੇਚ’ ਜ਼ਿਲੇ ’ਚ ਇਕ ਪਾਕਿ ਫੌਜੀ ਦੀ ਹੱਤਿਆ ਕੀਤੀ ਗਈ।

* 8 ਮਈ ਨੂੰ ‘ਬਲੋਚ ਿਲਬਰੇਸ਼ਨ ਆਰਮੀ’ ਦੇ ਮੈਂਬਰਾਂ ਨੇ ‘ਬੋਲਨ’ ’ਚ ਪਾਕਿਸਤਾਨੀ ਫੌਜ ਦੇ ਵਾਹਨ ’ਤੇ ਹਮਲਾ ਕਰ ਕੇ 12 ਪਾਕਿਸਤਾਨੀ ਫੌਜੀਆਂ ਨੂੰ ਮਾਰ ਦਿੱਤਾ।

ਬਲੋਚ ਬਾਗੀਆਂ ਨੇ ਪਾਕਿਸਤਾਨੀ ਫੌਜ ਦੀਆਂ ਕਈ ਚੌਕੀਆਂ ’ਤੇ ਹਮਲਾ ਕਰ ਕੇ ਉੱਥੋਂ ਪਾਕਿਸਤਾਨੀ ਫੌਜੀਆਂ ਨੂੰ ਖਦੇੜ ਕੇ 70 ਫੀਸਦੀ ਬਲੋਚਿਸਤਾਨ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਇਕ ਮਹੱਤਵਪੂਰਨ ਗੈਸ ਪਾਈਪ ਲਾਈਨ ਨੂੰ ਵੀ ਉਡਾ ਦਿੱਤਾ ਹੈ।

ਇਸ ਦੌਰਾਨ ਬਲੋਚ ਲੇਖਕ ‘ਮੀਰ ਯਾਰ ਬਲੋਚ’ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਬਲੋਚਿਸਤਾਨ ਦੀ ਆਜ਼ਾਦੀ ਦਾ ਐਲਾਨ ਕਰਦੇ ਹੋਏ ਭਾਰਤ ਸਰਕਾਰ ਨੂੰ ਦਿੱਲੀ ’ਚ ਬਲੋਚਿਸਤਾਨ ਦਾ ਦੂਤਘਰ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਵੀ ਕਰ ਦਿੱਤੀ ਹੈ।

ਉਨ੍ਹਾਂ ਇਹ ਵੀ ਕਿਹਾ ਹੈ ਕਿ ‘‘ਫੌਜ, ਫਰੰਟੀਅਰ ਕੋਰ, ਪੁਲਸ, ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਨਾਗਰਿਕ ਪ੍ਰਸ਼ਾਸਨ ’ਚ ਸਾਰੇ ਗੈਰ-ਬਲੋਚ ਮੁਲਾਜ਼ਮਾਂ ਨੂੰ ਤੁਰੰਤ ਬਲੋਚਿਸਤਾਨ ਛੱਡ ਦੇਣਾ ਚਾਹੀਦਾ ਕਿਉਂਕਿ ਬਲੋਚਿਸਤਾਨ ਦਾ ਕੰਟਰੋਲ ਜਲਦ ਹੀ ਬਲੋਚਿਸਤਾਨ ਸੂਬੇ ਦੀ ਨਵੀਂ ਸਰਕਾਰ ਨੂੰ ਸੌਂਪਣ ਤੋਂ ਬਾਅਦ ਇਕ ਫੈਸਲਾਕੁੰਨ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਜਾਵੇਗਾ।’’

ਕੁਲ ਮਿਲਾ ਕੇ ਇਸ ਸਮੇਂ ਪਾਕਿਸਤਾਨ ਆਪਣੇ ਹੀ ਬੁਣੇ ਹੋਏ ਜਾਲ ’ਚ ਬੁਰੀ ਤਰ੍ਹਾਂ ਫਸ ਗਿਆ ਹੈ। ਇਕ ਭਾਰਤ ਵਲੋਂ 22 ਅਪ੍ਰੈਲ, 2025 ਦੇ ‘ਪਹਿਲਗਾਮ ਹੱਤਿਆਕਾਂਡ’ ਦਾ ਬਦਲਾ ਲੈਣ ਲਈ ‘ਆਪ੍ਰੇਸ਼ਨ ਸਿੰਦੂਰ’ ਜ਼ੋਰਾਂ ਨਾਲ ਚੱਲ ਰਿਹਾ ਹੈ ਤਾਂ ਦੂਸਰੇ ਪਾਸੇ ਬਲੋਚ ੁਬਾਗੀਆਂ ਨੇ ਪਾਕਿਸਤਾਨ ਤੋਂ ਅਲੱਗ ਹੋਣ ਲਈ ਲੱਕ ਬੰਨ੍ਹ ਲਿਆ ਹੈ।

ਇਹੀ ਕਾਰਨ ਹੈ ਕਿ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ‘ਅਾਪ੍ਰੇਸ਼ਨ ਸਿੰਧੂਰ’ ਅਤੇ ‘ਬਲੋਚ ਲਿਬਰੇਸ਼ਨ ਆਰਮੀ’ ਵੱਲੋਂ ਚਲਾਏ ਜਾ ਰਹੇ ‘ਮੁਕਤੀ ਅੰਦੋਲਨ’ ਤੋਂ ਘਬਰਾ ਕੇ ਆਪਣੇ ਘਰ ਦੇ ਹੇਠਾਂ ਬੰਕਰ ’ਚ ਜਾ ਲੁਕਿਆ ਹੈ।

ਅਜਿਹੇ ਹਾਲਾਤ ’ਚ ਆਉਣ ਵਾਲੇ ਦਿਨਾਂ ’ਚ ਜੇਕਰ ਪਾਕਿਸਤਾਨ ਦਾ ਇਕ ਹੋਰ ਟੁਕੜਾ ਹੋਣ ਦੀ ਖਬਰ ਆ ਜਾਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਹੁਣ ਤਾਂ ਕੋਈ ਚਮਤਕਾਰ ਹੀ ਪਾਕਿਸਤਾਨ ਨੂੰ ਇਸ ਮੁਸੀਬਤ ’ਚੋਂ ਕੱਢ ਸਕਦਾ ਹੈ।

–ਵਿਜੇ ਕੁਮਾਰ
 


author

Sandeep Kumar

Content Editor

Related News