‘ਕਾਕਰੋਚ’ ਨੀਂਦ ਤੋਂ ਜਾਗ ਗਏ ਹਨ
Sunday, May 31, 2026 - 05:32 PM (IST)
ਕਾਕਰੋਚ ਕੋਈ ਬੁਰਾ ਸ਼ਬਦ ਜਾਂ ਗਾਲ੍ਹ ਨਹੀਂ ਹੈ। ਵਿਕੀਪੀਡੀਆ ’ਤੇ ਖੋਜਣ ਤੋਂ ਪਤਾ ਲੱਗੇਗਾ ਕਿ ਕਾਕਰੋਚਾਂ ਨੇ ਲਗਭਗ 20 ਕਰੋੜ ਸਾਲਾਂ ਤੋਂ ਆਪਣੀ ਮੂਲ ਸਰੀਰਕ ਰਚਨਾ ਨੂੰ ਬਰਕਰਾਰ ਰੱਖਿਆ ਹੈ, ਭਾਵ ਹੋਮੋ ਸੇਪੀਅਨਜ਼ (ਮਨੁੱਖ) ਦੇ ਲਗਭਗ 3,00,000 ਸਾਲ ਪਹਿਲਾਂ ਅਫ਼ਰੀਕਾ ’ਚ ਪਹਿਲੀ ਵਾਰ ਉੱਭਰਨ ਤੋਂ ਵੀ 19,97,00,000 ਸਾਲ ਪਹਿਲਾਂ। ਇਸ ਦੁਨੀਆ ’ਚ ਜਿਊਂਦੇ ਰਹਿਣ ਦੇ ਅਧਿਕਾਰ ’ਤੇ ਇਨਸਾਨਾਂ ਤੋਂ ਪਹਿਲਾਂ ਕਾਕਰੋਚਾਂ ਦਾ ਪਹਿਲਾ ਦਾਅਵਾ ਹੈ।
ਸਾਇੰਸ ਐਨਸਾਈਕਲੋਪੀਡੀਆ ਸਾਨੂੰ ਦੱਸਦਾ ਹੈ ਕਿ ਕਾਕਰੋਚ ਲੋਕਾਂ ਨੂੰ ਵੱਢਦੇ ਨਹੀਂ ਜਾਂ ਉਨ੍ਹਾਂ ’ਤੇ ਹਮਲਾ ਨਹੀਂ ਕਰਦੇ, ਉਨ੍ਹਾਂ ਇਨਸਾਨਾਂ ਦੇ ਉਲਟ, ਜੋ ਕਾਕਰੋਚਾਂ ’ਤੇ ਹਮਲਾ ਕਰਦੇ ਹਨ। ਬੇਸ਼ੱਕ, ਕਾਕਰੋਚ ਬੈਕਟੀਰੀਆ ਲਿਆਉਂਦੇ ਹਨ, ਬੀਮਾਰੀਆਂ ਫੈਲਾਉਂਦੇ ਹਨ ਅਤੇ ਐਲਰਜੀ ਵਧਾਉਂਦੇ ਹਨ। ਇਨਸਾਨ ਵੀ ਬੈਕਟੀਰੀਆ ਲੈ ਕੇ ਜਾਂਦੇ ਹਨ, ਬੀਮਾਰੀਆਂ ਫੈਲਾਉਂਦੇ ਹਨ ਅਤੇ ਐਲਰਜੀ ਨੂੰ ਵਧਾਉਂਦੇ ਹਨ (ਖ਼ਾਸ ਕਰਕੇ ਵਿਰੋਧੀ ਸਮੂਹਾਂ ਦੇ ਮੈਂਬਰਾਂ ਵਿਚਾਲੇ)। ਕੁਝ ਇਨਸਾਨ ਕਾਕਰੋਚਾਂ ਨੂੰ ‘ਘਿਨਾਉਣਾ’ ਮੰਨਦੇ ਹਨ, ਬਿਲਕੁਲ ਉਵੇਂ ਹੀ ਜਿਵੇਂ ਕੁਝ ਇਨਸਾਨ ਦੂਜੇ ਇਨਸਾਨਾਂ ਨੂੰ ‘ਘਿਨਾਉਣਾ’ ਮੰਨਦੇ ਹਨ।
ਹਿਲਾ ਕੇ ਅਤੇ ਝੰਜੋੜ ਕੇ ਰੱਖ ਦਿੱਤਾ : ਕੁਝ ਦਿਨ ਪਹਿਲਾਂ, ਇਕ ਉੱਚ ਅਹੁਦੇਦਾਰ ਨੇ ਕਾਕਰੋਚਾਂ ਨੂੰ ਉਨ੍ਹਾਂ ਦੀ ਨੀਂਦ ਤੋਂ ਜਗਾ ਦਿੱਤਾ। ਰੱਬ ਉਨ੍ਹਾਂ ਦਾ ਭਲਾ ਕਰੇ, ਉਨ੍ਹਾਂ ਨੇ ਤੁਰੰਤ ਸਪੱਸ਼ਟ ਕੀਤਾ ਕਿ ਉਹ ਅਦਾਲਤਾਂ ’ਚ ਫ਼ਰਜ਼ੀ ਡਿਗਰੀਆਂ ਲੈ ਕੇ ਘੁੰਮਣ ਵਾਲੇ ਫ਼ਰਜ਼ੀ ਵਕੀਲਾਂ ਦਾ ਜ਼ਿਕਰ ਕਰ ਰਹੇ ਸਨ। ਅਜਿਹੇ ਫ਼ਰਜ਼ੀ ਵਕੀਲ ਬੁਰੇ ਨਾਂ ਦਿੱਤੇ ਜਾਣ ਦੇ ਹੱਕਦਾਰ ਹਨ ਪਰ ਮੇਰੀ ਸਤਿਕਾਰ ਸਹਿਤ ਬੇਨਤੀ ਹੈ ਕਿ ਕਾਕਰੋਚ ਨਹੀਂ। ਇਕ ਵਾਰ ਹਿੱਲ ਜਾਣ ਤੋਂ ਬਾਅਦ, ਕਾਕਰੋਚ ਹਿੱਲੇ ਹੀ ਰਹਿੰਦੇ ਹਨ (ਜਿਵੇਂ ‘ਇਕ ਵਾਰ ਬੰਧਕ, ਹਮੇਸ਼ਾ ਲਈ ਬੰਧਕ’)। ਕੁਝ ਹਿੱਲੇ ਹੋਏ ਕਾਕਰੋਚਾਂ ਨੇ ਇਕ ਸਿਆਸੀ ਪਾਰਟੀ ਦੀ ਸਥਾਪਨਾ ਕੀਤੀ ਹੈ, ਇਕ ‘ਐਕਸ’ ਹੈਂਡਲ ਸ਼ੁਰੂ ਕੀਤਾ, ਇਕ ਵੈੱਬਸਾਈਟ ਬਣਾਈ ਹੈ ਅਤੇ ਇਕ ਇੰਸਟਾਗ੍ਰਾਮ ਹੈਂਡਲ ਖੋਲ੍ਹਿਆ ਹੈ। ਆਖ਼ਰੀ ਗਿਣਤੀ ਤੱਕ, ਇਸ ਹੈਂਡਲ ਦੇ 2.2 ਕਰੋੜ ਤੋਂ ਵੱਧ ਫਾਲੋਅਰਜ਼ ਸਨ।
ਹਿੱਲੇ ਹੋਏ ਕਾਕਰੋਚਾਂ ਨੇ ਪਲਟਵਾਰ ਕੀਤਾ। ਨਤੀਜਾ ਇਹ ਹੋਇਆ ਕਿ ਇਨਸਾਨ ਹਿੱਲ ਗਏ ਅਤੇ ਝੰਜੋੜ ਦਿੱਤੇ ਗਏ। ਮੈਨੂੰ ਸ਼ੱਕ ਹੈ ਕਿ ਇਨਸਾਨ ਆਪਣੀਆਂ ਕੋਲ੍ਹਾਪੁਰੀ ਚੱਪਲਾਂ ’ਚ ਕੰਬ ਰਹੇ ਹਨ। ਜੇਕਰ ਨਹੀਂ, ਤਾਂ ਭਾਰਤ ਦੀ ਸਰਵਉੱਚ ਕਾਰਜਕਾਰੀ ਸੱਤਾ, ਜਿਸ ਕੋਲ ਵਰਦੀ ’ਚ 14.5 ਲੱਖ ਸਰਗਰਮ ਕਰਮੀ, 4,200 ਮੁੱਖ ਜੰਗੀ ਟੈਂਕ, 580 ਲੜਾਕੂ ਜਹਾਜ਼, 270 ਜੰਗੀ ਜਹਾਜ਼, 2 ਹਵਾਈ ਜਹਾਜ਼ ਵਾਹਕ ਬੇੜੇ (ਏਅਰਕ੍ਰਾਫਟ ਕੈਰੀਅਰ) ਅਤੇ ਸੈਂਕੜੇ ਪ੍ਰਮਾਣੂ ਹਥਿਆਰ ਹਨ ਅਤੇ ਜਿਸ ਦੀ ਝੋਲੀ ’ਚ ਆਰ. ਬੀ. ਆਈ. ਤੋਂ 2,86,588 ਕਰੋੜ ਰੁਪਏ ਦਾ ਬੰਪਰ ਬੋਨਸ ਆਇਆ ਹੈ, ਇਕ 30 ਸਾਲਾ ਅਭਿਜੀਤ ਦਿਪਕੇ ਦੁਆਰਾ ਖੋਲ੍ਹੇ ਗਏ ਇਕ ਮਾਮੂਲੀ ‘ਐਕਸ’ ਹੈਂਡਲ ਤੋਂ ਕਿਉਂ ਡਰੇਗੀ, ਜੋ ਡਿਜੀਟਲ-ਓਨਲੀ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦਾ ਝੰਡਾਬਰਦਾਰ ਹੈ ਅਤੇ ‘ਐਕਸ’ ਤੋਂ ਉਸ ਹੈਂਡਲ ਨੂੰ ਬੰਦ ਕਰਨ ਲਈ ਕਿਉਂ ਕਹੇਗੀ?
ਦਿਪਕੇ ਬਹੁਤ ਦੂਰ ਇਕ ਦੇਸ਼ ’ਚ, ਉਫ਼, ‘ਪਬਲਿਕ ਰਿਲੇਸ਼ਨਜ਼’ (ਖ਼ਤਰਨਾਕ ਏ. ਆਈ. ਨਹੀਂ) ’ਚ ਮਾਸਟਰਜ਼ ਡਿਗਰੀ ਦੀ ਪੜ੍ਹਾਈ ਕਰ ਰਹੇ ਹਨ, ਉਹ ਵੀ ਸਾਡੇ ਮਿੱਤਰ-ਦੁਸ਼ਮਣ (ਫ੍ਰੈਨੇਮੀ) ਡੋਨਾਲਡ ਟਰੰਪ ਦੀ ਦੇਖਰੇਖ ’ਚ। ਵੈੱਬਸਾਈਟ ਨੇ ਸੀ. ਜੇ. ਪੀ. ਦੇ ਟੀਚਿਆਂ ਨੂੰ ਨਿਰਧਾਰਤ ਕੀਤਾ, ‘ਅਸੀਂ ਕਾਕਰੋਚ ਦੀ ਪਛਾਣ ਨੂੰ ਅਪਣਾਉਂਦੇ ਹਾਂ, ਜੇਕਰ ਨੌਜਵਾਨਾਂ ਦੀ ਗੱਲ ਸੁਣੇ ਜਾਣ ਲਈ ਇਹੀ ਜ਼ਰੂਰੀ ਹੈ ਤਾਂ।’ ‘ਆਲਸੀ ਅਤੇ ਬੇਰੁਜ਼ਗਾਰਾਂ ਦੀ ਆਵਾਜ਼’ ਦੀ ਟੈਗਲਾਈਨ ਦੇ ਨਾਲ, ਸੀ. ਜੇ. ਪੀ. ਉਨ੍ਹਾਂ ਲੋਕਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਦੀ ਹੈ ‘ਜਿਨ੍ਹਾਂ ਨੂੰ ਸਿਸਟਮ ਗਿਣਨਾ ਭੁੱਲ ਗਿਆ।’ ਉਹ ਚਾਹੁੰਦੇ ਹਨ ਕਿ ਬੇਰੁਜ਼ਗਾਰ, ਆਲਸੀ, ਹਰ ਸਮੇਂ ਆਨਲਾਈਨ ਰਹਿਣ ਵਾਲੇ ਅਤੇ ਜੋ ਪੇਸ਼ੇਵਰ ਤੌਰ ’ਤੇ ਭੜਾਸ ਕੱਢ ਸਕਦੇ ਹਨ, ਉਹ ਉਨ੍ਹਾਂ ਦੀ ਪਾਰਟੀ ’ਚ ਸ਼ਾਮਲ ਹੋਣ। ਉਹ ਗਾਂਧੀ, ਅੰਬੇਡਕਰ ਅਤੇ ਨਹਿਰੂ ਤੋਂ ਪ੍ਰੇਰਿਤ ਹਨ। ਸੀ. ਜੇ. ਪੀ. ਦਾ ਮੈਨੀਫੈਸਟੋ ਹਸਾਉਂਦਾ ਵੀ ਹੈ ਅਤੇ ਸੋਚਣ ਲਈ ਮਜਬੂਰ ਵੀ ਕਰਦਾ ਹੈ, ਜਦਕਿ ਆਮ ਸਿਆਸੀ ਪਾਰਟੀ ਦਾ ਮੈਨੀਫੈਸਟੋ ਸੁਆ ਦਿੰਦਾ ਹੈ।
ਕਾਰਨ ਇਹ ਹੈ : ਮੈਨੂੰ ਲੱਗਦਾ ਹੈ ਕਿ ਸੀ. ਜੇ. ਪੀ. ਲੋਕਾਂ, ਖ਼ਾਸ ਕਰਕੇ ਨੌਜਵਾਨ ਔਰਤਾਂ ਸਮੇਤ ਨੌਜਵਾਨਾਂ ’ਚ ਵਿਆਪਕ ਨਿਰਾਸ਼ਾ, ਸੰਕਟ ਅਤੇ ਨਾਮੋਸ਼ੀ ਦੇ ਭਰੋਸੇ ਬੈਠੀ ਹੈ। ਇਸ ਦੇ ਕਾਰਨ ਹਨ :
ਬੇਰੁਜ਼ਗਾਰੀ : ਬੇਰੁਜ਼ਗਾਰੀ ਦੀ ਦਰ 5.2 ਫੀਸਦੀ ਹੈ, ਨੌਜਵਾਨ ਬੇਰੁਜ਼ਗਾਰੀ ਦੀ ਦਰ 16-17 ਫੀਸਦੀ ਹੈ। ਕਾਰਜਬਲ 64.3 ਕਰੋੜ ਹੈ ਅਤੇ ਲੇਬਰ ਫੋਰਸ ਦੀ ਹਿੱਸੇਦਾਰੀ ਦਰ ਵੱਧ ਤੋਂ ਵੱਧ 60 ਫੀਸਦੀ ਹੈ। ਬਾਕੀ 40 ਫੀਸਦੀ ਜਾਂ ਲਗਭਗ 25 ਕਰੋੜ, ਮੈਨੂੰ ਮੁਆਫ਼ ਕਰਨਾ, ਕਾਕਰੋਚ ਹਨ। ਜੇਕਰ ਸੀ. ਜੇ. ਪੀ. ਨੂੰ ਸਾਰੇ ਕਾਕਰੋਚਾਂ ਦੀਆਂ ਵੋਟਾਂ ਮਿਲ ਜਾਣ, ਤਾਂ ਇਹ ਸਰਕਾਰ ਬਣਾ ਲਵੇਗੀ (2024 ਦੀਆਂ ਲੋਕ ਸਭਾ ਚੋਣਾਂ ’ਚ, ਭਾਜਪਾ ਨੂੰ 23.6 ਕਰੋੜ ਵੋਟਾਂ ਅਤੇ ਕਾਂਗਰਸ ਨੂੰ 13.7 ਕਰੋੜ ਵੋਟਾਂ ਮਿਲੀਆਂ ਸਨ)।
ਪੈਟਰੋਲ ਅਤੇ ਡੀਜ਼ਲ : ਗਤੀਸ਼ੀਲਤਾ ਕਾਕਰੋਚਾਂ ਦੇ ਜੀਵਨ ਦਾ ਸਰੋਤ ਹੈ। ਤੇਲ ਦੀਆਂ ਉੱਚੀਆਂ ਕੀਮਤਾਂ ਕਾਕਰੋਚਾਂ ਦੀ ਗਤੀਸ਼ੀਲਤਾ ਨੂੰ ਸੀਮਤ ਕਰਦੀਆਂ ਹਨ। ਦਿੱਲੀ ’ਚ ਪੈਟਰੋਲ ਦੀ ਕੀਮਤ 102.12 ਰੁਪਏ ਅਤੇ ਡੀਜ਼ਲ ਦੀ 95.20 ਰੁਪਏ ਹੈ। ਭਾਜਪਾ ਨੂੰ ਵੋਟ ਦੇਣ ਦੇ ਬਦਲੇ ਕੋਲਕਾਤਾ ਦੇ ਵਸਨੀਕਾਂ ਨੂੰ ਕ੍ਰਮਵਾਰ 113.51 ਰੁਪਏ ਅਤੇ 99.82 ਰੁਪਏ ਦੀਆਂ ਕੀਮਤਾਂ ਨਾਲ ਨਿਵਾਜਿਆ ਗਿਆ ਹੈ।
ਕਾਰਖ਼ਾਨਿਆਂ ’ਚ ਨੌਕਰੀਆਂ : ਕਾਕਰੋਚ, ਪਰਿਭਾਸ਼ਾ ਅਨੁਸਾਰ, ਆਲਸੀ ਹੁੰਦੇ ਹਨ। ਕਿਉਂਕਿ ਉਹ ਹਰ ਸਵੇਰੇ ਜਲਦੀ ਉੱਠ ਕੇ ਗੁਆਂਢ ਦੀ ਸ਼ਾਖਾ ’ਚ ਨਹੀਂ ਜਾਂਦੇ, ਇਸ ਲਈ ਉਨ੍ਹਾਂ ਨੂੰ ਸਰਕਾਰ ਦੁਆਰਾ ਕਦੇ ਰੁਜ਼ਗਾਰ ਨਹੀਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਦੂਜਾ ਸਭ ਤੋਂ ਵਧੀਆ ਬਦਲ ਕਾਰਖ਼ਾਨੇ ਦੀ ਨੌਕਰੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (MoSPI) ਅਨੁਸਾਰ, ਭਾਰਤ ’ਚ 2,60,061 ਰਜਿਸਟਰਡ ਕਾਰਖ਼ਾਨੇ ਹਨ। ਕਾਰਖ਼ਾਨਿਆਂ ’ਚ ਨੌਕਰੀਆਂ ਦੀ ਅਨੁਮਾਨਿਤ ਗਿਣਤੀ 1.95 ਕਰੋੜ ਹੈ। ਏ. ਆਈ. ਕਾਰਨ ਕਈ ਨੌਕਰੀਆਂ ਬੇਕਾਰ ਹੋ ਜਾਣਗੀਆਂ ਅਤੇ 25 ਕਰੋੜ ਕਾਕਰੋਚਾਂ ਨੂੰ ਕਦੇ ਕਾਰਖ਼ਾਨੇ ਦੀ ਨੌਕਰੀ ਨਹੀਂ ਮਿਲੇਗੀ। ਇਸ ਲਈ, ਇਹ ਨਿਰਾਸ਼ਾ ਹੈ।
ਪਰਿਵਾਰਕ ਸਹਾਇਤਾ : ਕਾਕਰੋਚਾਂ ਨੂੰ ਪਰਿਵਾਰਾਂ, ਖ਼ਾਸ ਕਰਕੇ ਮਾਵਾਂ ਦਾ ਸਮਰਥਨ ਹਾਸਲ ਹੈ, ਜਿਸ ਦੇ ਬਦਲੇ ਉਹ ਹਰ ਮਹੀਨੇ ਪਰਿਵਾਰ ਲਈ 5 ਕਿਲੋ ਮੁਫ਼ਤ ਅਨਾਜ ਲਿਆਉਂਦੇ ਹਨ। ਕਿਉਂਕਿ ਘਰੇਲੂ ਕਰਜ਼ਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 42 ਫੀਸਦੀ ਹੈ ਅਤੇ ਘਰੇਲੂ ਬੱਚਤ ਜੀ. ਡੀ. ਪੀ. ਦੀ ਸਿਰਫ਼ 5-6 ਫੀਸਦੀ ਹੈ, ਇਸ ਲਈ ਕਾਕਰੋਚਾਂ ਨੂੰ ਪਰਿਵਾਰਾਂ ਤੋਂ ਬਹੁਤ ਘੱਟ ਨਕਦ ਸਹਾਇਤਾ ਮਿਲਦੀ ਹੈ ਅਤੇ ਉਹ ਪੂਰੀ ਤਰ੍ਹਾਂ ਕੈਸ਼ਲੈੱਸ (ਧਨਹੀਣ) ਹਨ।
ਵਿਕਸਿਤ ਭਾਰਤ ਦੇ ਅਰਬਪਤੀ : ਕਾਕਰੋਚਾਂ ਨੂੰ ਉਮੀਦ ਸੀ ਕਿ ਉਹ ਵਿਕਸਿਤ ਭਾਰਤ ’ਚ ਅਰਬਪਤੀ ਬਣ ਜਾਣਗੇ। ਹਾਲਾਂਕਿ, ਭਾਜਪਾ ਦੇ 12 ਸਾਲਾਂ ਦੇ ਰਾਜ ਦੇ ਬਾਵਜੂਦ ਅਰਬਪਤੀਆਂ ਦੀ ਗਿਣਤੀ ਬਹੁਤ ਹੌਲੀ ਰਫ਼ਤਾਰ ਨਾਲ ਵਧ ਰਹੀ ਹੈ। ਤਾਜ਼ਾ ਗਿਣਤੀ 205 ਹੈ ਅਤੇ 25 ਕਰੋੜ ਕਾਕਰੋਚ ਅਰਬਪਤੀ ਬਣਨ ਲਈ ਕਤਾਰ ’ਚ ਇੰਤਜ਼ਾਰ ਕਰ ਰਹੇ ਹਨ। ਉਹ 2014 ’ਚ ਵਾਅਦਾ ਕੀਤੇ ਗਏ ‘ਅੱਛੇ ਦਿਨ ਆਏਂਗੇ’ ਦੇ 15 ਲੱਖ ਰੁਪਏ ਦਾ ਵੀ ਇੰਤਜ਼ਾਰ ਕਰ ਰਹੇ ਹਨ।
ਸੀ-ਈ. ਏ. ਨੇ ਉਮੀਦਾਂ ’ਤੇ ਪਾਣੀ ਫੇਰਿਆ : ਕਾਕਰੋਚ ਮੁੱਖ ਆਰਥਿਕ ਸਲਾਹਕਾਰ (ਸੀ-ਈ. ਏ.) ਕੋਲ ਗਏ। ਸੀ-ਈ. ਏ. ਦੀ ਸਲਾਹ ਗੰਭੀਰ ਸੀ—‘ਵਿੱਤੀ ਸਾਲ 2027 ’ਚ ਵਪਾਰਕ ਘਾਟਾ ਕਾਫ਼ੀ ਵਧ ਜਾਵੇਗਾ, ਜਿਵੇਂ ਕਿ ਚਾਲੂ ਖਾਤਾ ਘਾਟਾ ਵੀ ਵਧੇਗਾ। ਮੁਦਰਾਸਫੀਤੀ ਦੇ ਜੋਖਮ ਉੱਪਰ ਵੱਲ ਝੁਕੇ ਹੋਏ ਹਨ। ਆਮ ਨਾਲੋਂ ਘੱਟ ਮਾਨਸੂਨ ਇਕ ਗੁੰਝਲਦਾਰ ਸਪਲਾਈ ਝਟਕੇ ’ਚ ਖੇਤੀਬਾੜੀ ਨਾਲ ਸੰਬੰਧਤ ਪਸਾਰ ਜੋੜਦੀ ਹੈ। ਭਰੋਸੇਯੋਗ ਟੈਕਸ ਨੀਤੀ, ਰੈਗੂਲੇਟਰੀ ਅਗਾਊਂ-ਅਨੁਮਾਨ ਅਤੇ ਨਿਵੇਸ਼ਕਾਂ ਲਈ ਰੁਕਾਵਟਾਂ ਨੂੰ ਘੱਟ ਕਰਕੇ, ਸਥਿਰ ਲੰਬੇ ਸਮੇਂ ਦੀ ਪੂੰਜੀ ਨੂੰ ਆਕਰਸ਼ਿਤ ਕਰਨ ਦਾ ਕੰਮ ਇਨ੍ਹਾਂ ਹਾਲਾਤ ’ਚ ਹੋਰ ਸਖ਼ਤ ਹੋ ਜਾਂਦਾ ਹੈ।’ (‘ਆਈ. ਈ.’, 23 ਮਈ, 2026)। ਤਬਾਹੀ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਗਈ ਹੈ।
ਕਾਕਰੋਚ ਇਹ ਫ਼ੈਸਲਾ ਲੈ ਸਕਦੇ ਹਨ ਕਿ ਇਸ ਤਬਾਹੀ ਨੂੰ ਰੋਕਣ ਦਾ ਇਕੋ-ਇਕ ਤਰੀਕਾ ਮੁੱਖ ਚੋਣ ਕਮਿਸ਼ਨਰ (ਸੀ. ਜੇ. ਆਈ.) ਦੀ ਸਹਾਇਤਾ ਨਾਲ, ਇਨਸਾਨਾਂ ਤੋਂ ਕਾਕਰੋਚਾਂ ਨੂੰ ਸੱਤਾ ਦਾ ਸ਼ਾਂਤੀਪੂਰਨ ਤਬਾਦਲਾ ਲੱਭਣਾ ਹੈ।
-ਪੀ. ਚਿਦਾਂਬਰਮ
