ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ ਮਹਿਸੂਸ ਕੀਤਾ ਜਾਵੇਗਾ

Monday, Jun 15, 2026 - 04:00 AM (IST)

ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ ਮਹਿਸੂਸ ਕੀਤਾ ਜਾਵੇਗਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਸਾਲ 28 ਫਰਵਰੀ ਤੋਂ ਜਾਰੀ ਈਰਾਨ-ਅਮਰੀਕਾ-ਇਜ਼ਰਾਈਲ ਯੁੱਧ ਖਤਮ ਕਰਨ ਦੇ ਸਮਝੌਤੇ ਤੋਂ ਸਿਰਫ 24 ਘੰਟੇ ਦੂਰ ਹਨ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਵੀ ਅਜਿਹਾ ਹੀ ਕਿਹਾ ਹੈ। ਹਾਲਾਂਕਿ ਇਹ ਸਮਝੌਤਾ ਹੋਣਾ ਜ਼ਰੂਰੀ ਹੈ ਪਰ ਇਸ ਤੋਂ ਪਹਿਲਾਂ ਹੁਣ ਤੱਕ ਜੋ ਨੁਕਸਾਨ ਹੋ ਚੁੱਕਾ ਹੈ, ਉਸ ਦੀ ਪੂਰਤੀ ਕਰਨਾ ਔਖਾ ਹੋਵੇਗਾ।

ਆਰਥਿਕ ਪੱਖੋਂ ਵੀ ਜੇਕਰ ਵੇਖਿਆ ਜਾਵੇ ਤਾਂ ਇਸ ’ਚ ਕੇਵਲ ਈਰਾਨ ਦਾ ਹੀ ਨਹੀਂ, ਸਗੋਂ ਪੂਰੇ ਵਿਸ਼ਵ ਦੀ ਅਰਥਵਿਵਸਥਾ ਦਾ ਨੁਕਸਾਨ ਹੋਇਆ ਹੈ ਕਿਉਂਕਿ ਸਾਰੀ ਦੁਨੀਆ ’ਚ ਹੀ ਤੇਲ ਦੀ ਸਪਲਾਈ ਰੁਕੀ ਹੋਈ ਹੈ ਅਤੇ ਵੱਡੀ ਗਿਣਤੀ ’ਚ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਹਨ। ਈਰਾਨ ਦੇ ਆਲੇ-ਦੁਆਲੇ ਦੇ ਦੇਸ਼ ਕਤਰ, ਯੂ. ਏ. ਈ. ਅਤੇ ਸਾਊਦੀ ਅਰਬ ਆਦਿ ਵੀ ਇਸ ਨਾਲ ਪ੍ਰਭਾਵਿਤ ਹੋਏ ਹਨ।

ਇਸ ਯੁੱਧ ’ਚ ਸੀਜ਼ਫਾਇਰ ਦੌਰਾਨ ਪਹਿਲਾਂ ਇਜ਼ਰਾਈਲ ਅਤੇ ਫਿਰ ਅਮਰੀਕਾ ਵੱਲੋਂ ਈਰਾਨ ’ਤੇ ਹਮਲੇ ਤੋਂ ਬਾਅਦ ਈਰਾਨ ਵੱਲੋਂ ਅਮਰੀਕਾ ਦੇ ਮਿੱਤਰ ਦੇਸ਼ਾਂ ਦੇ ਤੇਲ ਦੇ ਭੰਡਾਰਾਂ ਅਤੇ ਅਮਰੀਕਾ ਦੇ ਮਿਜ਼ਾਈਲ ਟਿਕਾਣਿਆਂ ’ਤੇ ਹਮਲਿਆਂ ਕਾਰਨ ਵਾਤਾਵਰਣ ’ਚ ਫੈਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਨੇ ਯੁੱਧ ਖਤਮ ਹੋ ਜਾਣ ਤੋਂ ਬਾਅਦ ਵੀ ਇਨਸਾਨੀ ਸਿਹਤ ਅਤੇ ਵਾਤਾਵਰਣ ’ਤੇ ਲੰਮੇ ਸਮੇਂ ਤੱਕ ਪੈਂਦੇ ਰਹਿਣ ਵਾਲੇ ਬੁਰੇ ਪ੍ਰਭਾਵ ਨੂੰ ਲੈ ਕੇ ਮਾਹਿਰਾਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ।

ਇੰਗਲੈਂਡ ਸਥਿਤ ਐੱਨ. ਜੀ. ਓ. ‘ਕਨਫਲਿਕਟ ਐਂਡ ਐਨਵਾਇਰਨਮੈਂਟ ਆਬਜ਼ਰਵੇਟਰੀ’ (ਸੀ. ਈ. ਓ. ਬੀ. ਐੱਸ.) ਨੇ ਆਪਣੀ ਖੋਜ ’ਚ ਫ਼ਾਰਸ ਦੀ ਖਾੜੀ ’ਚ ਤੇਲ ਦੇ ਟੈਂਕਰਾਂ ਅਤੇ ਮਿਜ਼ਾਈਲਾਂ ਦੇ ਟਿਕਾਣਿਆਂ ’ਤੇ ਹਮਲਿਆਂ ਕਾਰਨ ਵਾਤਾਵਰਣ ਨੂੰ ਹਾਨੀ ਪਹੁੰਚਾਉਣ ’ਚ ਸਮਰੱਥ 300 ਤੋਂ ਵੱਧ ਘਟਨਾਵਾਂ ਦੀ ਸ਼ਨਾਖਤ ਕੀਤੀ ਹੈ ਪਰ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਤਾਂ ਹੋਣ ਵਾਲੇ ਨੁਕਸਾਨ ਦਾ ਇਕ ਅੰਸ਼ ਮਾਤਰ ਹੈ। ਸੀ. ਈ. ਓ. ਬੀ. ਐੱਸ. ਦੇ ਡਾਇਰੈਕਟਰ ‘ਡਗ ਵੀਅਰ’ ਅਨੁਸਾਰ, ‘‘ਅਮਰੀਕਾ 5000 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕਰ ਰਿਹਾ ਹੈ।’’

ਇਸ ਯੁੱਧ ਦੇ ਕਾਰਨ ਤੇਲ ਰਿਫਾਇਨਰੀਆਂ ’ਚ ਅੱਗ ਅਤੇ ਡੁੱਬੇ ਹੋਏ ਜਹਾਜ਼ਾਂ ਦੇ ਕਾਰਨ ਇਸ ਇਲਾਕੇ ਦੇ ਲੋਕਾਂ ਦੀ ਸਿਹਤ, ਪਾਣੀ ਤੇ ਭੋਜਨ ਦੀ ਸਪਲਾਈ ਅਤੇ ਈਕੋਸਿਸਟਮ ’ਤੇ ਯੁੱਧ ਖਤਮ ਹੋਣ ਤੋਂ ਬਾਅਦ ਵੀ ਲੰਮੇ ਸਮੇਂ ਤੱਕ ਅਸਰ ਪੈਂਦੇ ਰਹਿਣ ਦਾ ਖਤਰਾ ਹੈ।

ਤੇਲ ਖੂਹਾਂ ’ਚ ਧਮਾਕਿਆਂ ਨਾਲ ਉੱਠਣ ਵਾਲੇ ਜ਼ਹਿਰੀਲੇ ਧੂੰਏਂ ਦੇ ਗੁਬਾਰ ’ਚ ਪਾਰਟੀਕੁਲੇਟ ਮੈਟਰ, ਨਾਈਟ੍ਰੋਜਨ ਆਕਸਾਈਡ, ਸਲਫਰ ਡਾਈਆਕਸਾਈਡ ਅਤੇ ਹੋਰ ਪ੍ਰਦੂਸ਼ਕ ਮੌਜੂਦ ਹਨ। ਸੰਯੁਕਤ ਰਾਸ਼ਟਰ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਇਸ ਦਾ ਸਿੱਧਾ ਅਸਰ ਸਾਫ਼ ਪਾਣੀ, ਲੋਕਾਂ ਲਈ ਜ਼ਰੂਰੀ ਹਵਾ ਅਤੇ ਭੋਜਨ ’ਤੇ ਪੈ ਸਕਦਾ ਹੈ।

ਇਜ਼ਰਾਈਲ ਦੇ ਹਵਾਈ ਹਮਲਿਆਂ ਤੋਂ ਬਾਅਦ ਤਹਿਰਾਨ ’ਚ ਆਇਲ ਡਿਪੂ ਦੇ ਟੈਂਕਰਾਂ ਤੋਂ ਉੱਠੇ ਸੰਘਣੇ ਕਾਲੇ ਧੂੰਏਂ ਦੇ ਗੁਬਾਰ ਨਾਲ ਉੱਥੇ ਭਾਰੀ ਧੂੰਆਂ ਛਾ ਗਿਆ। ਇਸ ਤੋਂ ਬਾਅਦ ਈਰਾਨ ਦੀ ਰੈੱਡ ਕ੍ਰਿਸੈਂਟ ਸੁਸਾਇਟੀ ਨੇ ਲੋਕਾਂ ਨੂੰ ਹਵਾ ’ਚ ਮੌਜੂਦ ਜ਼ਹਿਰੀਲੇ ਪ੍ਰਦੂਸ਼ਕਾਂ ਤੋਂ ਬਚਣ ਲਈ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਚਿਤਾਵਨੀ ਦਿੱਤੀ।

ਇਸ ਧੂੰਏਂ ’ਚ ਫਾਈਨ ਪਾਰਟੀਕੁਲੇਟ ਮੈਟਰ ਅਤੇ ਸਲਫਰ ਡਾਈਆਕਸਾਈਡ ਦੇ ਨਾਲ-ਨਾਲ ਜ਼ਹਿਰੀਲੇ ਵੋਲਾਟਾਈਲ ਆਰਗੈਨਿਕ ਕੰਪਾਊਂਡ ਅਤੇ ਹੋਰ ਖ਼ਤਰਨਾਕ ਪ੍ਰੋਡਕਟ ਵੀ ਸ਼ਾਮਲ ਹੋ ਸਕਦੇ ਹਨ, ਜੋ ਖ਼ਾਸ ਕਰਕੇ ਨਵਜੰਮੇ ਬੱਚਿਅਾਂ, ਬਾਲਗਾਂ ਅਤੇ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਜੂਝ ਰਹੇ ਲੋਕਾਂ ਦੀ ਚਮੜੀ ਅਤੇ ਫੇਫੜਿਆਂ ’ਚ ਡੂੰਘਾਈ ਤੱਕ ਜਾ ਕੇ ਸਾਹ ਤੇ ਦਿਲ ਦੀਆਂ ਬੀਮਾਰੀਆਂ, ਅੱਖਾਂ ਤੇ ਗਲੇ ’ਚ ਜਲਨ ਦੇ ਖ਼ਤਰੇ, ਸਿਰਦਰਦ ਅਤੇ ਸਾਹ ਲੈਣ ’ਚ ਤਕਲੀਫ਼ ਨੂੰ ਵਧਾ ਸਕਦੇ ਹਨ।

ਮਾਹਿਰਾਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਬੰਬਾਰੀ ਦਾ ਸ਼ਿਕਾਰ ਹੋਣ ਵਾਲੀਆਂ ਮਿਲਟਰੀ ਤੇ ਐਨਰਜੀ ਸਾਈਟਾਂ ਅਤੇ ਤੇਲ ਭੰਡਾਰ ਵਰ੍ਹਿਆਂ ਤੱਕ ਵਾਤਾਵਰਣ ’ਚ ਬਣੀ ਰਹਿਣ ਵਾਲੀ ਗੰਦਗੀ ਛੱਡ ਸਕਦੇ ਹਨ ਅਤੇ ਹਵਾ ’ਚ ਜ਼ਹਿਰੀਲੇ ਪ੍ਰਦੂਸ਼ਕਾਂ ਦੇ ਗੁਬਾਰ ਆਲੇ-ਦੁਆਲੇ ਦੇ ਇਲਾਕਿਆਂ ’ਚ ਫੈਲ ਕੇ ਸੜਕਾਂ, ਛੱਤਾਂ, ਮਿੱਟੀ ਅਤੇ ਫ਼ਸਲਾਂ ’ਤੇ ਜਮ੍ਹਾ ਹੋ ਸਕਦੇ ਹਨ।

ਉਦਾਹਰਣ ਲਈ, ਟੀ. ਐੱਨ. ਟੀ., ਜਿਸ ਦੀ ਵਰਤੋਂ ਹਥਿਆਰਾਂ ’ਚ ਹੁੰਦੀ ਹੈ ਅਤੇ ਜਿਸ ਨੂੰ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਇਨਸਾਨਾਂ ਲਈ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਹੈ, ਮਿੱਟੀ ’ਚ ਰਹਿ ਸਕਦਾ ਹੈ, ਜਿਸ ਨਾਲ ਪੇੜ-ਪੌਦਿਆਂ ਅਤੇ ਇਨਸਾਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਸਿਰਫ਼ ਫ਼ਾਰਸ ਦੀ ਖਾੜੀ ਹੀ ਖ਼ਤਰੇ ’ਚ ਨਹੀਂ, ਵਾਤਾਵਰਣ ਪ੍ਰਦੂਸ਼ਣ ਦਾ ਅਸਰ ਹੁਣ ਤੁਰਕਮੇਨਿਸਤਾਨ, ਕਜ਼ਾਖਸਤਾਨ, ਉਜ਼ਬੇਕਿਸਤਾਨ, ਤਾਜਿਕਿਸਤਾਨ, ਚੀਨ ਅਤੇ ਸ਼੍ਰੀਲੰਕਾ ਤੱਕ ਫੈਲ ਗਿਆ ਹੈ, ਜੋ ਪੱਛਮੀ ਅਫ਼ਗਾਨਿਸਤਾਨ ਤੇ ਪਾਕਿਸਤਾਨ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਭਵਿੱਖ ’ਚ ਇਸ ਨੂੰ ਸਾਫ਼ ਕਰਨ ਜਾਂ ਮੈਨੇਜ ਕਰਨ ਦੀ ਸਾਡੀ ਸਮਰੱਥਾ ਬਹੁਤ ਸੀਮਤ ਹੋਵੇਗੀ।

ਇਸ ਲਈ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ’ਚ ਕਾਨੂੰਨ ਬਣਾ ਦਿੱਤੇ ਗਏ ਸਨ ਕਿ ਆਮ ਆਦਮੀ ਅਤੇ ਵਾਤਾਵਰਣ ਲਈ ਲੰਮੇ ਸਮੇਂ ਤੱਕ ਖ਼ਤਰਾ ਪੈਦਾ ਕਰਨ ਵਾਲੇ ਕਿਸੇ ਵੀ ਉਪਾਅ ਦੀ ਯੁੱਧਾਂ ’ਚ ਵਰਤੋਂ ਨਹੀਂ ਕੀਤੀ ਜਾਵੇਗੀ।

ਪਰ ਈਰਾਨ-ਅਮਰੀਕਾ ਟਕਰਾਅ ਤੋਂ ਤਾਂ ਇਹੋ ਸਿੱਟਾ ਨਿਕਲਦਾ ਹੈ ਕਿ ਕਿਸ ਤਰ੍ਹਾਂ ਆਪਣੇ ਸੁਆਰਥ ਦੀ ਪੂਰਤੀ ਲਈ ਸਿਰਫ਼ ਕਿਸੇ ਇਕ ਦੇਸ਼ ਦਾ ਨਹੀਂ, ਸਗੋਂ ਸਾਰੀ ਦੁਨੀਆ ਦਾ ਨੁਕਸਾਨ ਕੀਤਾ ਜਾ ਰਿਹਾ ਹੈ।

ਵਾਯੂਮੰਡਲ ’ਚ ਕਾਫ਼ੀ ਸਮੇਂ ਤੱਕ ਰਹਿਣ ਵਾਲੀਆਂ ਇਹ ਜ਼ਹਿਰੀਲੀਆਂ ਗੈਸਾਂ ਜੇਕਰ ਮੀਂਹ ਪੈਣ ’ਤੇ ਤੇਜ਼ਾਬ ਬਣ ਕੇ ਪਾਣੀ ਦੇ ਹੋਰ ਸਰੋਤਾਂ ’ਚ ਜਾਣਗੀਆਂ, ਤਾਂ ਇਸ ਜ਼ਹਿਰੀਲੇ ਪਾਣੀ ਨਾਲ ਉਵੇਂ ਹੀ ਤਬਾਹੀ ਹੋ ਸਕਦੀ ਹੈ, ਜਿਵੇਂ ਚੇਰਨੋਬਿਲ ਪ੍ਰਮਾਣੂ ਪਲਾਂਟ ਦੀ ਲੀਕੇਜ ਨਾਲ ਹੋਈ ਸੀ; ਤਾਂ ਕੀ ਵਿਸ਼ਵ ਹੁਣ ਅਜਿਹੇ ਯੁੱਧ ਲੜੇਗਾ ਜਿਨ੍ਹਾਂ ਦੇ ਖਤਮ ਹੋ ਜਾਣ ਤੋਂ ਬਾਅਦ ਵੀ ਤਬਾਹੀ ਜਾਰੀ ਰਹੇਗੀ?


author

Sandeep Kumar

Content Editor

Related News