ਕਾਕਰੋਚ: ਜੈੱਨ ਜ਼ੀ ’ਚ ਗੁੱਸਾ ਜਾਂ ਸਿਆਸੀ ਲਾਲਸਾ ਅਤੇ ਪੰਜਾਬ
Friday, Jun 12, 2026 - 05:16 PM (IST)
ਭਾਰਤ ਦੇ ਲੋਕਤੰਤਰੀ ਇਤਿਹਾਸ ’ਚ ਕਈ ਵਾਰ ਅਜਿਹਾ ਹੋਇਆ ਹੈ ਕਿ ਸੱਤਾ ਦੇ ਗਲਿਆਰਿਆਂ ਤੋਂ ਬਾਹਰ ਉੱਠੀ ਇਕ ਛੋਟੀ ਜਿਹੀ ਆਵਾਜ਼ ਸਮੇਂ ਦੇ ਨਾਲ ਇਕ ਵੱਡੇ ਸਿਆਸੀ ਤੂਫ਼ਾਨ ’ਚ ਬਦਲ ਗਈ।
1974 ’ਚ ਬਿਹਾਰ ਦੇ ਵਿਦਿਆਰਥੀਆਂ ਨੇ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ। ਉਸ ਵੇਲੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ ਕਿ ਇਹ ਲਹਿਰ ਅੱਗੇ ਚੱਲ ਕੇ ਦੇਸ਼ ਦੀ ਸਿਆਸਤ ਬਦਲ ਦੇਵੇਗੀ। ਜਦੋਂ ਜੈ ਪ੍ਰਕਾਸ਼ ਨਾਰਾਇਣ ਨੇ ਇਸ ਅੰਦੋਲਨ ਦੀ ਅਗਵਾਈ ਸੰਭਾਲੀ ਤਾਂ ਇਹ ਸਿਰਫ ਵਿਦਿਆਰਥੀਆਂ ਦੀ ਲੜਾਈ ਨਾ ਰਹੀ, ਸਗੋਂ ਇਕ ਰਾਸ਼ਟਰੀ ਜਨ ਅੰਦੋਲਨ ਬਣ ਗਈ। ਇਸੇ ਅੰਦੋਲਨ ’ਚੋਂ ਬਾਅਦ ’ਚ ਕਈ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਤੱਕ ਨਿਕਲੇ।
ਇਸੇ ਤਰ੍ਹਾਂ ਅਾਸਾਮ ’ਚ ਵਿਦਿਆਰਥੀਆਂ ਦੀ ਅਗਵਾਈ ਹੇਠ ਚੱਲੇ ਅੰਦੋਲਨ ਨੇ ਅੱਗੇ ਚੱਲ ਕੇ ਆਸਾਮ ਗਣ ਪ੍ਰੀਸ਼ਦ ਨੂੰ ਜਨਮ ਦਿੱਤਾ। 2011 ’ਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੌਰਾਨ ਹਜ਼ਾਰਾਂ ਨੌਜਵਾਨ ਦਿੱਲੀ ਦੀਆਂ ਸੜਕਾਂ ’ਤੇ ਉਤਰੇ ਅਤੇ ਕੁਝ ਹੀ ਸਾਲਾਂ ’ਚ ਆਮ ਆਦਮੀ ਪਾਰਟੀ ਦੇਸ਼ ਦੀ ਰਾਜਨੀਤੀ ’ਚ ਇਕ ਵੱਡੀ ਤਾਕਤ ਬਣ ਗਈ। ਇਤਿਹਾਸ ਦਾ ਸਬਕ ਹੈ ਕਿ ਹਰ ਅੰਦੋਲਨ ਕਾਮਯਾਬ ਨਹੀਂ ਹੁੰਦਾ ਪਰ ਹਰ ਵੱਡਾ ਸਿਆਸੀ ਬਦਲਾਅ ਵੀ ਕਿਸੇ ਨਾ ਕਿਸੇ ਅੰਦੋਲਨ ’ਚੋਂ ਹੀ ਜਨਮ ਲੈਂਦਾ ਹੈ।
ਇਸੇ ਪ੍ਰਸੰਗ ’ਚ ਅੱਜ ਚਰਚਾ ’ਚ ਆਈ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਨੂੰ ਦੇਖਣ ਦੀ ਲੋੜ ਹੈ। ਬਹੁਤ ਸਾਰੇ ਲੋਕ ਇਸ ਨੂੰ ਇਕ ਮੀਮ, ਇਕ ਸੋਸ਼ਲ ਮੀਡੀਆ ਮਜ਼ਾਕ ਜਾਂ ਕੁਝ ਹਫ਼ਤਿਆਂ ਦੀ ਡਿਜੀਟਲ ਲਹਿਰ ਮੰਨ ਰਹੇ ਹਨ ਪਰ ਇਤਿਹਾਸ ਦੱਸਦਾ ਹੈ ਕਿ ਕਈ ਵਾਰ ਮਜ਼ਾਕ ਵਜੋਂ ਸ਼ੁਰੂ ਹੋਈਆਂ ਚੀਜ਼ਾਂ ਵੀ ਗੰਭੀਰ ਸਿਆਸੀ ਰੂਪ ਧਾਰ ਲੈਂਦੀਆਂ ਹਨ।
ਸੀ. ਜੇ. ਪੀ. ਦੇ ਪਿੱਛੇ ਖੜ੍ਹੇ ਅਭਿਜੀਤ ਦੀਪਕੇ ਕੋਈ ਵੱਡੇ ਸਿਆਸੀ ਨੇਤਾ ਨਹੀਂ ਹਨ। ਪੁਣੇ ਨਾਲ ਸੰਬੰਧਤ ਦੀਪਕੇ ਸਿਆਸੀ ਸੰਚਾਰ ਅਤੇ ਡਿਜੀਟਲ ਮੁਹਿੰਮਾਂ ਨਾਲ ਜੁੜੇ ਰਹੇ ਹਨ। ਉਨ੍ਹਾਂ ਦਾ ਨਾਂ ਪਹਿਲਾਂ ਆਮ ਆਦਮੀ ਪਾਰਟੀ ਦੀਆਂ ਕੁਝ ਸੋਸ਼ਲ ਮੀਡੀਆ ਗਤੀਵਿਧੀਆਂ ਨਾਲ ਵੀ ਜੁੜਿਆ ਰਿਹਾ ਹੈ। ਬਾਅਦ ’ਚ ਉਹ ਅਮਰੀਕਾ ਚਲੇ ਗਏ ਅਤੇ ਬੋਸਟਨ ਯੂਨੀਵਰਸਿਟੀ ’ਚ ਪਬਲਿਕ ਰਿਲੇਸ਼ਨਜ਼ ਦੀ ਪੜ੍ਹਾਈ ਕਰਨ ਲੱਗੇ ਪਰ 2026 ’ਚ ਇਕ ਵਿਵਾਦਿਤ ਟਿੱਪਣੀ ਨੂੰ ਲੈ ਕੇ ਉਨ੍ਹਾਂ ਨੇ ਇਕ ਅਲੱਗ ਰੂਪ ਦਿਖਾਇਆ।
ਜਦੋਂ ਪ੍ਰੀਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਬਾਰੇ ਚਰਚਾ ਦੌਰਾਨ ‘ਕਾਕਰੋਚ’ ਸ਼ਬਦ ਵਿਵਾਦ ਦਾ ਕੇਂਦਰ ਬਣਿਆ, ਤਾਂ ਦੀਪਕੇ ਨੇ ਇਸ ਸ਼ਬਦ ਨੂੰ ਹੀ ਵਿਰੋਧ ਦਾ ਪ੍ਰਤੀਕ ਬਣਾ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਮੀਮਾਂ, ਵਿਅੰਗਾਤਮਕ ਵੀਡੀਓਜ਼ ਰਾਹੀਂ ਕਿਹਾ ਕਿ ਉਹ ਇਸ ਸ਼ਬਦ ਨੂੰ ਹੀ ਨੌਜਵਾਨਾਂ ਲਈ ਤਾਕਤ ਬਣਾਉਣਗੇ।
ਇਹ ਨਹੀਂ ਲੱਗਦਾ ਕਿ ਇਹ ਸਿਰਫ਼ ਇਕ ਡਿਜੀਟਲ ਪ੍ਰਯੋਗ ਸੀ, ਕਿਉਂਕਿ ਅਭਿਜੀਤ ਨੇ ਜਿੱਥੇ ਪਹਿਲੇ ਦਿਨ ਹੀ ਸਿਆਸੀ ਪਾਰਟੀ ਵਾਲਾ ਨਾਂ ਰੱਖ ਦਿੱਤਾ ਸੀ ਭਾਵੇਂ ਮੈਨੀਫੈਸਟੋ ਸਿਰਫ ਨੌਜਵਾਨਾਂ ਨਾਲ ਜੋੜਿਆ ਗਿਆ ਸੀ, ਸਾਫ ਕਰਦਾ ਹੈ ਕਿ ਸਿਆਸੀ ਮੰਸ਼ਾ ਭਾਰੂ ਹੈ ਪਰ ਨਾ ਕੋਈ ਦਫ਼ਤਰ ਅਤੇ ਨਾ ਕੋਈ ਸੰਗਠਨ। ਫਿਰ ਵੀ ਕੁਝ ਹੀ ਦਿਨਾਂ ਵਿਚ ਲੱਖਾਂ ਨੌਜਵਾਨ ਇਸ ਨਾਲ ਜੁੜ ਗਏ। ਨੀਟ, ਸੀ. ਯੂ. ਈ. ਟੀ., ਐੱਸ. ਐੱਸ. ਸੀ., ਰੇਲਵੇ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਨਾਲ ਜੁੜੀਆਂ ਸ਼ਿਕਾਇਤਾਂ, ਪੇਪਰ ਲੀਕ ਅਤੇ ਸਰਕਾਰੀ ਨੌਕਰੀਆਂ ਦੀ ਘਾਟ ਨੇ ਇਸ ਮੁਹਿੰਮ ਨੂੰ ਇਕ ਵੱਡੇ ਅਸੰਤੋਸ਼ ਦਾ ਮੰਚ ਬਣਾ ਦਿੱਤਾ। ਇਕ ਮੀਮ ਹੌਲੀ-ਹੌਲੀ ਇਕ ਮੂਵਮੈਂਟ ’ਚ ਬਦਲਣ ਲੱਗਾ ਜਿਸ ਨਾਲ ਅਭਿਜੀਤ ਦੀ ਸਿਆਸੀ ਜਿਗਿਆਸਾ ਪੂਰੀ ਹੋਣ ਦੀ ਉਮੀਦ ਵੱਡੀ ਹੋ ਗਈ ਅਤੇ ਉਸ ਨੇ ਭਾਰਤ ਆ ਕੇ ਅੰਦੋਲਨ ਕਰਨ ਦਾ ਫੈਸਲਾ ਕਰ ਲਿਆ।
ਬਾਅਦ ’ਚ ਅਭਿਜੀਤ ਦੀਪਕੇ ਦੀ ਭਾਰਤ ਵਾਪਸੀ ਇਸ ਕਹਾਣੀ ਦਾ ਅਗਲਾ ਅਧਿਆਏ ਸੀ। ਬੋਸਟਨ ਤੋਂ ਦਿੱਲੀ ਪਰਤ ਕੇ ਉਨ੍ਹਾਂ ਨੇ 6 ਜੂਨ ਨੂੰ ਜੰਤਰ-ਮੰਤਰ ਪ੍ਰਦਰਸ਼ਨ ਦੀ ਅਗਵਾਈ ਕੀਤੀ। ਹੈਰਾਨੀ ਦੀ ਗੱਲ ਸੀ ਕਿ ਕਾਕਰੋਚ ਜਨਤਾ ਪਾਰਟੀ ਨੂੰ ਸੋਸ਼ਲ ਮੀਡੀਆ ਰਾਹੀਂ ਭਾਵੇਂ 2 ਕਰੋੜ ਤੋਂ ਵੱਧ ਲੋਕਾਂ ਨੇ ਸਮਰਥਨ ਦਿੱਤਾ ਪਰ ਇਸ ਪ੍ਰਦਰਸ਼ਨ ’ਚ ਹਾਜ਼ਰ ਗਿਣਤੀ ਨੇ ਇਹ ਸਾਬਤ ਕੀਤਾ ਕਿ ਸੋਸ਼ਲ ਮੀਡੀਆ ਦੇ ਸਮਰਥਨ ਤੇ ਭੌਤਿਕੀ ਸਮਰਥਨ ਵਿਚਕਾਰ ਬੜਾ ਵੱਡਾ ਫਰਕ ਹੁੰਦਾ ਹੈ, ਕਿਉਂਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਸਮਰਥਕਾਂ ਦੀ ਗਿਣਤੀ ਮੁਕਾਬਲੇ ਨਿਗੂਣੀ ਸੀ ਪਰ ਇਹ ਵੀ ਸਾਬਤ ਹੋ ਗਿਆ ਕਿ ਸੀ. ਜੇ. ਪੀ. ਸਿਰਫ਼ ਮੋਬਾਈਲ ਸਕ੍ਰੀਨ ਤੱਕ ਸੀਮਤ ਨਹੀਂ ਰਹੀ। ਹੁਣ ਇਹ ਸੜਕਾਂ ’ਤੇ ਵੀ ਦਿਖਾਈ ਦੇ ਰਹੀ ਸੀ ਪਰ ਪ੍ਰਬੰਧਾਂ ’ਚ ਛੋਟੀਆਂ-ਛੋਟੀਆਂ ਗਲਤੀਆਂ ਨੇ ਪ੍ਰਬੰਧਕਾਂ ਦੀ ਪਰਿਪੱਕਤਾ ਤੇ ਪਾਰਟੀ ਚਲਾਉਣ ਦੀ ਸਮਰੱਥਾ ’ਤੇ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ।
ਪੂਰੇ ਦੇਸ਼ ਵਿਚ ਸੀ. ਜੇ. ਪੀ. ਕੀ ਪ੍ਰਭਾਵ ਦਿਖਾਏਗੀ, ਇਸ ਨੂੰ ਛੱਡ ਕੇ ਪੰਜਾਬ ਬਾਰੇ ਗੱਲ ਕਰਦੇ ਹਾਂ ਕਿਉਂਕਿ 11 ਜੂਨ ਨੂੰ ਪੁਣੇ ਵਾਲੇ ਪ੍ਰਦਰਸ਼ਨ ਤੋਂ ਬਾਅਦ ਅੰਮ੍ਰਿਤਸਰ ’ਚ ਵੀ ਪ੍ਰਦਰਸ਼ਨ ਕਰਨ ਦੀ ਤਿਆਰੀ ਦਾ ਐਲਾਨ ਕੀਤਾ ਗਿਆ ਹੈ ਪਰ ਦੇਖਣਾ ਹੋਵੇਗਾ ਕਿ ਕਿਤੇ ਇਸ ਪਾਰਟੀ ਦਾ ਹਾਲ ਵੀ ਪੁਰਾਣੇ ਸਿਆਸੀ ਪ੍ਰਯੋਗਾਂ ਵਰਗਾ ਤਾਂ ਨਹੀਂ ਹੋਵੇਗਾ?
ਪੰਜਾਬ ਪਹਿਲਾਂ ਵੀ ਕਈ ‘ਤੀਜੀ ਤਾਕਤ’ ਵਾਲੇ ਪ੍ਰਯੋਗ ਦੇਖ ਚੁੱਕਾ ਹੈ। 1999 ’ਚ ਗੁਰਚਰਨ ਸਿੰਘ ਟੌਹੜਾ ਨੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ। ਉਸ ਵੇਲੇ ਟੌਹੜਾ ਦਾ ਪੰਥਕ ਿਸਆਸਤ ਵਿਚ ਬਹੁਤ ਵੱਡਾ ਪ੍ਰਭਾਵ ਸੀ। ਕਈ ਲੋਕਾਂ ਨੂੰ ਲੱਗਿਆ ਕਿ ਪੰਜਾਬ ਵਿਚ ਨਵਾਂ ਸਿਆਸੀ ਧੁਰਾ ਬਣੇਗਾ ਪਰ ਇਹ ਪ੍ਰਯੋਗ ਲੰਬਾ ਨਹੀਂ ਚੱਲਿਆ।
2011 ਵਿਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪੀਪਲਜ਼ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਬਣੀ। ਪੜ੍ਹੇ-ਲਿਖੇ ਵਰਗ, ਬੁੱਧੀਜੀਵੀਆਂ ਅਤੇ ਮੀਡੀਆ ਦੇ ਇਕ ਹਿੱਸੇ ਤੋਂ ਇਲਾਵਾ ਆਮ ਲੋਕਾਂ ਨੇ ਇਸ ਨੂੰ ਪੰਜਾਬ ਦੀ ਨਵੀਂ ਆਸ ਕਰਾਰ ਦਿੱਤਾ। ਵੱਡੀਆਂ ਰੈਲੀਆਂ ਹੋਈਆਂ, ਉਤਸ਼ਾਹ ਬਣਿਆ ਪਰ ਸੰਗਠਨ ਦੀ ਮਜ਼ਬੂਤੀ ਦੀ ਕਮੀ ਕਾਰਨ ਇਹ ਵੀ ਇਤਿਹਾਸ ਦਾ ਹਿੱਸਾ ਬਣ ਗਈ।
ਇਸਦੇ ਉਲਟ ਆਮ ਆਦਮੀ ਪਾਰਟੀ ਨੇ ਅੰਦੋਲਨ ਨੂੰ ਸੰਗਠਨ ਬਣਾ ਕੇ ਅਤੇ ਸੰਗਠਨ ਨੂੰ ਚੁਣਾਵੀ ਢਾਂਚੇ ਰਾਹੀਂ ਸੋਸ਼ਲ ਮੀਡੀਆ ਦੀ ਤਾਕਤ ਵਰਤ ਕੇ ਜਨਤਕ ਵਿਰੋਧ ਨੂੰ ਸੱਤਾ ਵਿਚ ਬਦਲਣ ਦੀ ਸਮਰੱਥਾ ਦਿਖਾਈ।
ਅੱਜ ਸੀ. ਜੇ. ਪੀ. ਵੀ ਉਸੇ ਮੋੜ ’ਤੇ ਖੜ੍ਹੀ ਹੈ। ਇਸ ਕੋਲ ਨੌਜਵਾਨਾਂ ਦਾ ਗੁੱਸਾ ਹੈ, ਡਿਜੀਟਲ ਸਮਰਥਨ ਹੈ ਅਤੇ ਮੀਡੀਆ ਦਾ ਧਿਆਨ ਵੀ ਹੈ ਪਰ ਕੀ ਇਸ ਕੋਲ ਸੰਗਠਨ ਹੈ? ਕੀ ਇਸ ਕੋਲ ਰਾਜ ਪੱਧਰੀ ਲੀਡਰਸ਼ਿਪ ਹੈ? ਕੀ ਇਸ ਕੋਲ ਸਪੱਸ਼ਟ ਸਿਆਸੀ ਦਿਸ਼ਾ ਹੈ? ਇਹ ਸਵਾਲ ਅਜੇ ਜਵਾਬ ਮੰਗਦੇ ਹਨ।
ਪੰਜਾਬ ਦੇ ਨੌਜਵਾਨਾਂ ਲਈ ਵੀ ਇਹ ਪ੍ਰਯੋਗ ਦਿਲਚਸਪ ਹੈ। ਬੇਰੁਜ਼ਗਾਰੀ, ਪੇਪਰ ਲੀਕ, ਸਰਕਾਰੀ ਭਰਤੀਆਂ ’ਚ ਦੇਰੀ ਅਤੇ ਵਿਦੇਸ਼ਾਂ ਵੱਲ ਲਗਾਤਾਰ ਹੋ ਰਿਹਾ ਪਲਾਇਨ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਹੈ। ਇਸ ਲਈ ਸੀ. ਜੇ. ਪੀ. ਦੇ ਮੁੱਦੇ ਪੰਜਾਬ ਲਈ ਅਜਨਬੀ ਨਹੀਂ ਹਨ।
ਅੰਤ ’ਚ ਸਵਾਲ ਇਹ ਨਹੀਂ ਕਿ ਕਾਕਰੋਚ ਜਨਤਾ ਪਾਰਟੀ ਅੱਜ ਕਿੰਨੀ ਵੱਡੀ ਹੈ। ਅਸਲ ਸਵਾਲ ਇਹ ਹੈ ਕਿ ਕੀ ਇਹ ਵੀ ਪੰਜਾਬ ਦੇ ਸੰਦਰਭ ’ਚ ਪੀ. ਪੀ. ਪੀ. ਅਤੇ ਸਰਬ ਹਿੰਦ ਅਕਾਲੀ ਦਲ ਵਾਂਗ ਇਕ ਛੋਟਾ ਪ੍ਰਯੋਗ ਸਾਬਤ ਹੋਵੇਗੀ ਜਾਂ ਫਿਰ ਦੇਸ਼ ਭਰ ’ਚ ਜੈ ਪ੍ਰਕਾਸ਼ ਨਾਰਾਇਣ ਦੇ ਬਿਹਾਰ ਅੰਦੋਲਨ ਅਤੇ ਆਮ ਆਦਮੀ ਪਾਰਟੀ ਵਾਂਗ ਇਕ ਨਵੀਂ ਸਿਆਸੀ ਧਾਰਾ ਦਾ ਬੀਜ ਬਣੇਗੀ। ਇਤਿਹਾਸ ਦਾ ਫੈਸਲਾ ਅਜੇ ਬਾਕੀ ਹੈ ਪਰ ਇਹ ਨਿਸ਼ਚਿਤ ਹੈ ਕਿ ਕਾਕਰੋਚ ਜਨਤਾ ਪਾਰਟੀ ਨੇ ਸਿਸਟਮ ਦੀਆਂ ਖਾਮੀਆਂ ਨੂੰ ਰਾਸ਼ਟਰੀ ਚਰਚਾ ਦਾ ਹਿੱਸਾ ਬਣਾ ਦਿੱਤਾ ਹੈ। ਹਾਲਾਂਕਿ ਪਹਿਲੇ ਪ੍ਰਦਰਸ਼ਨ ਨਾਲ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ, ਇਸ ਲਈ ਅਗਲੇ ਕੁਝ ਮਹੀਨਿਆਂ ’ਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਫਲਤਾ ਹਾਸਲ ਕਰਨ ਲਈ ਇਹ ਪਾਰਟੀ ਕਿਸ ਤਰ੍ਹਾਂ ਦਾ ਅੰਦੋਲਨ ਚਲਾਉਂਦੀ ਹੈ, ਇਸ ’ਤੇ ਪੰਜਾਬੀਆਂ ਦੀ ਨਜ਼ਰ ਜ਼ਰੂਰ ਬਣੀ ਰਹੇਗੀ।
–ਇਕਬਾਲ ਸਿੰਘ ਚੰਨੀ
