ਸਹੀ ਅਰਥਾਂ ’ਚ ਔਰਤਾਂ ਹੁਣ ‘ਨੇਸ਼ਨ ਬਿਲਡਰਜ਼’ ਹਨ
Saturday, Jun 13, 2026 - 05:51 PM (IST)
ਸਮਾਜ ਦੇ ਸੱਤਾ-ਢਾਂਚੇ ਨੂੰ ਤੈਅ ਕਰਨ ’ਚ ਸਾਡੇ ਜੈਵਿਕ ਫਰਕ ਵੱਖ-ਵੱਖ ਪੱਧਰਾਂ ’ਤੇ ਭੂਮਿਕਾ ਨਿਭਾਉਂਦੇ ਹਨ। ਸਮਾਜਿਕ ਨਿਰਮਾਣ ਅਤੇ ਜੈਂਡਰ (ਲਿੰਗ) ਨਾਲ ਜੁੜੇ ਮੁੱਦੇ ਇਸੇ ਅਹਿਮ ਪਹਿਲੂ ਤੋਂ ਪੈਦਾ ਹੁੰਦੇ ਹਨ। ਹਾਲਾਂਕਿ, ਇਹ ਸਮਝਣਾ ਚਾਹੀਦਾ ਹੈ ਕਿ ਇਸ ਦੇ ਸਵਾਲਾਂ ਦੇ ਕੋਈ ਤੈਅ ਜਵਾਬ ਨਹੀਂ ਹਨ। ਜੈਂਡਰ ਨਾਲ ਜੁੜੇ ਮੁੱਦੇ ਹਮੇਸ਼ਾ ਬਦਲਦੇ ਰਹਿੰਦੇ ਹਨ ਕਿਉਂਕਿ ਸਮੇਂ ਦੇ ਨਾਲ ਨਵੇਂ ਜਵਾਬਾਂ ਦੀ ਲੋੜ ਹੁੰਦੀ ਹੈ।
ਜਦੋਂ ‘ਘਰ ਦੇ ਕੰਮਾਂ’ ਦੀ ਗੱਲ ਹੁੰਦੀ ਹੈ, ਤਾਂ ਨਿੱਜੀ ਅਤੇ ਜਨਤਕ ਕੰਮਾਂ ਵਿਚਾਲੇ ਫ਼ਰਕ ਨੂੰ ਸਮਝਣਾ ਜ਼ਰੂਰੀ ਹੈ। ਸਮਾਜਿਕ ਕੰਡੀਸ਼ਨਿੰਗ ਇਕ ਅਹਿਮ ਵਜ੍ਹਾ ਹੈ ਜਿਸ ਕਾਰਨ ਇਸ ਨੂੰ ਔਰਤਾਂ ਨਾਲ ਜੋੜਿਆ ਜਾਂਦਾ ਹੈ। ਹਰ ਕੰਮ ਅਤੇ ਉਸ ਦੀ ਸ਼ਾਨ ਮਹੱਤਵਪੂਰਨ ਹੈ। ਫਿਰ, ਸੰਰਚਨਾਵਾਂ ਅਤੇ ਉਨ੍ਹਾਂ ਨਾਲ ਜੁੜੀਆਂ ਸੱਤਾ ਦੀਆਂ ਸਥਿਤੀਆਂ ਇਸ ਤਰ੍ਹਾਂ ਕੰਮ ਕਰਦੀਆਂ ਹਨ ਕਿ ਇਹ ਸੰਦੇਸ਼ ਜਾਵੇ ਕਿ ਇੱਥੇ ਔਰਤਾਂ ਕੋਲ ਕੋਈ ਬਦਲ ਨਹੀਂ ਹੈ।
ਨਿੱਜੀ ਅਤੇ ਜਨਤਕ ਸਬੰਧਾਂ, ਦੋਵਾਂ ’ਚ ਹੀ ਫ਼ਰਜ਼ਾਂ ਅਤੇ ਸ਼ਕਤੀ ਦੇ ਸੰਤੁਲਨ ਨੂੰ ਸਮਝਣਾ ਜ਼ਰੂਰੀ ਹੈ। ਇਸੇ ਲਈ ਇਸ ਨੂੰ ਵਿਆਪਕ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ ਕਿ ਜੈਂਡਰ ਨਾਲ ਜੁੜੇ ਮੁੱਦੇ ਸਿਰਫ਼ ਔਰਤਾਂ ਬਾਰੇ ਨਹੀਂ ਹਨ। ਜੇਕਰ ‘ਘਰ ਦਾ ਕੰਮ’ ਕਰਨਾ ਔਰਤਾਂ ਦੀ ਜ਼ਿੰਮੇਵਾਰੀ ਹੈ ਅਤੇ ਘਰ ਲਈ ਪੈਸੇ ਕਮਾਉਣਾ ਮਰਦਾਂ ਦੀ, ਤਾਂ ਇਸ ’ਚ ਇਕ ਡੂੰਘੀ ਸਮੱਸਿਆ ਹੈ। ਇਹ ਸਮੱਸਿਆ ਦੋਵਾਂ ਲਈ ਰੂੜ੍ਹੀਆਂ ਪੈਦਾ ਕਰਦੀ ਹੈ ਕਿਉਂਕਿ ਘਰ-ਗ੍ਰਹਿਸਥੀ ਦੀ ਜ਼ਿੰਮੇਵਾਰੀ ਸਾਰਿਆਂ ਦੀ ਹੈ। ਜੈਂਡਰ ਇਸ ਤਰ੍ਹਾਂ ਕੰਮ ਕਰਦਾ ਹੈ ਕਿ ਅਸੀਂ ਇਸ ਸਮੂਹਿਕ ਸਥਿਤੀ ਤੋਂ ਹਟ ਕੇ ਦੋਵਾਂ ਲਈ ‘ਦੋਹਰੇ ਬੋਝ’ ਦੀ ਸਥਿਤੀ ਵੱਲ ਵਧ ਜਾਂਦੇ ਹਾਂ।
ਪਰਿਵਾਰ ਅਤੇ ਘਰੇਲੂ ਦਾਇਰੇ ਦੇ ਅਰਥ ਵਿਆਪਕ ਹਨ। ਯੂਨਾਨੀ ਫਿਲਾਸਫਰ ਅਰਸਤੂ ਲਈ, ਘਰ ਜਾਂ ‘ਓਇਕੋਸ’ ਸਮਾਜ ਅਤੇ ਅਰਥਵਿਵਸਥਾ ਦੀ ਬੁਨਿਆਦੀ ਇਕਾਈ ਸੀ। ਜਨਤਕ ਖੇਤਰ ’ਚ ਸਥਿਰਤਾ ਲਈ ਨਿੱਜੀ ਖੇਤਰ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇਕਰ ਅਸੀਂ ਵਿਆਪਕ ਨਜ਼ਰੀਏ ਤੋਂ ਦੇਖੀਏ, ਤਾਂ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ‘ਕੁਟੁੰਬ ਪ੍ਰਬੋਧਨ’ ਸਾਡੀ ਸੰਸਕ੍ਰਿਤੀ ਦਾ ਵੀ ਇਕ ਅਹਿਮ ਹਿੱਸਾ ਹੈ।
ਭਾਰਤ ਨੇ ਹਮੇਸ਼ਾ ਦੁਨੀਆ ਨੂੰ ਗਿਆਨ ਦੀ ਇਕ ਨਵੀਂ ਕਿਰਨ ਦਿੱਤੀ ਹੈ। ਭਾਰਤੀ ਪ੍ਰਣਾਲੀਆਂ ’ਚ ਹਮੇਸ਼ਾ ਤੋਂ ਔਰਤਾਂ ਨੂੰ ਬਹੁ-ਆਯਾਮੀ ਖੇਤਰਾਂ ’ਚ ਦੇਖਿਆ ਗਿਆ ਹੈ, ਜਿਨ੍ਹਾਂ ’ਚ ਦੇਵਤਵ, ਬਹਾਦਰੀ, ਕਰੁਣਾ ਅਤੇ ਸਮਰਪਣ ਸ਼ਾਮਲ ਹਨ। ਇਹ ਪੱਛਮੀ ਗਿਆਨ ਪ੍ਰਣਾਲੀਆਂ ’ਤੇ ਅਾਧਾਰਿਤ ਇਕ ਮਹੱਤਵਪੂਰਨ ਪੁਨਰ-ਸਮੀਖਿਆ ਅਧਿਐਨ ਵੀ ਹੈ।
ਪਹਿਲਾਂ ਅਸੀਂ ਸਿਰਫ਼ ‘ਮਹਿਲਾ ਸਸ਼ਕਤੀਕਰਨ’ ਦੀ ਗੱਲ ਕਰਦੇ ਸੀ। ‘ਔਰਤਾਂ ਦੀ ਅਗਵਾਈ ’ਚ ਵਿਕਾਸ’ ਹੁਣ ਲਿੰਗਕ ਬਦਲਾਅ ਲਿਆਉਣ ਵਾਲਾ ਇਕ ਮਹੱਤਵਪੂਰਨ ਅਤੇ ਨਵਾਂ ਦ੍ਰਿਸ਼ਟੀਕੋਣ ਹੈ। ਜੈਂਡਰ ਨਾਲ ਜੁੜੇ ਮਾਮਲਿਆਂ ’ਚ ਸਿਰਫ਼ ਉੱਚੇ ਅਹੁਦਿਆਂ ’ਤੇ ਗਿਣਤੀ ਗਿਣਨ ’ਤੇ ਹੀ ਨਹੀਂ, ਸਗੋਂ ਜ਼ਮੀਨੀ ਪੱਧਰ, ਆਂਗਣਵਾੜੀ ਅਤੇ ਪੇਸ਼ੇਵਰ ਖੇਤਰਾਂ, ਜਿਵੇਂ ਅਧਿਆਪਕ, ਟੈਕਨੋਕ੍ਰੇਟ, ਇੰਜੀਨੀਅਰ ਆਦਿ ’ਚ ਦਿੱਤੇ ਜਾਣ ਵਾਲੇ ਅਹਿਮ ਯੋਗਦਾਨ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਸੁਪਰੀਮ ਕੋਰਟ ਦੇ ਹਾਲ ਹੀ ਦੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਘਰ ਸੰਭਾਲਣ ਵਾਲੀਆਂ ਔਰਤਾਂ ਨੂੰ ਸਿਰਫ਼ ‘ਹੋਮਮੇਕਰ’ ਕਹਿਣਾ ਉਨ੍ਹਾਂ ਦੇ ਯੋਗਦਾਨ ਨੂੰ ਘੱਟ ਕਰਕੇ ਦੇਖਣਾ ਹੈ। ਇਸ ’ਚ ਇਕ ਅਹਿਮ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਉਨ੍ਹਾਂ ਦੀ ਭੂਮਿਕਾ ਸਿਰਫ਼ ਘਰ ਦੇ ਕੰਮਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਉਹ ਪਰਿਵਾਰ ਨੂੰ ਰੂਪ ਦੇਣ, ਆਉਣ ਵਾਲੀਆਂ ਪੀੜ੍ਹੀਆਂ ਦੀ ਪਰਵਰਿਸ਼ ਕਰਨ ਅਤੇ ਰਾਸ਼ਟਰ-ਨਿਰਮਾਣ ’ਚ ਵੀ ਯੋਗਦਾਨ ਪਾਉਂਦੀਆਂ ਹਨ। ‘ਹੋਮਮੇਕਰਸ’ ਨਹੀਂ, ਸਗੋਂ ਸਹੀ ਸ਼ਬਦ ‘ਨੇਸ਼ਨ ਬਿਲਡਰਸ’ ਹੈ।
ਸੁਪਰੀਮ ਕੋਰਟ ਦਾ ਇਹ ਹਾਲੀਆ ਹੁਕਮ ਸਮਾਜ ਨੂੰ ਸੁਚਾਰੂ ਰੂਪ ’ਚ ਚਲਾਉਣ ਵਾਲੇ ਅਦ੍ਰਿਸ਼ਟ ਕਿਰਤ ਬਲ ਲਈ ਵੀ ਓਨਾ ਹੀ ਮਹੱਤਵਪੂਰਨ ਹੈ। ਰਾਸ਼ਟਰ ਨਿਰਮਾਣ ਇਕ ਬਹੁ-ਆਯਾਮੀ ਕਾਰਜ ਹੈ। ਵਿਕਸਿਤ ਰਾਸ਼ਟਰ ਬਣਨ ਦੀ ਰਾਹ ’ਚ ਸਾਰੇ ਖੇਤਰਾਂ ’ਚ ਵਿਆਪਕ ਦ੍ਰਿਸ਼ਟੀਕੋਣ ਅਪਣਾਉਣਾ ਜ਼ਰੂਰੀ ਹੈ। ਇਸ ਦਿਸ਼ਾ ’ਚ ਬਿਨਾਂ ਤਨਖ਼ਾਹ ਵਾਲੇ ਘਰੇਲੂ ਕੰਮਾਂ ਦੇ ਆਰਥਿਕ ਮੁੱਲ ਨੂੰ ਸਮਝਣਾ ਅਤੇ ਲਿੰਗਕ ਮੁੱਦਿਆਂ ਨੂੰ ਤੰਗ ਹੱਦਾਂ ਤੋਂ ਪਰ੍ਹੇ ਲੈ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਲਾਹੇਵੰਦ ਸਾਬਤ ਹੋਵੇਗਾ।
ਵਿਕਾਸ ਦੇ ਨਵੇਂ ਰਾਹਾਂ ’ਤੇ ਕੰਮ ਕਰਨ ਲਈ ਘਰ ਦੇ ਕੰਮਾਂ ਦੀ ਵੰਡ ’ਚ ਜੈਂਡਰ ਅਸਮਾਨਤਾ ਨੂੰ ਸਮਝਣਾ ਜ਼ਰੂਰੀ ਹੈ। ਇੱਥੇ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਜੈਂਡਰ ਨਾਲ ਜੁੜੇ ਮੁੱਦੇ ਸਿਰਫ਼ ਪਿਤਰੀ-ਸੱਤਾ ’ਤੇ ਸਵਾਲ ਉਠਾਉਣ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਹਰ ਯੋਗਦਾਨ ਨੂੰ ਉਚਿਤ ਮਾਨਤਾ ਦਿੰਦੇ ਹੋਏ ਸਮਾਵੇਸ਼ੀ ਵਿਕਾਸ ਦੀ ਦਿਸ਼ਾ ’ਚ ਇਕ ਯਤਨ ਹਨ।
-ਡਾ. ਆਮਨਾ ਮਿਰਜ਼ਾ ਅਤੇ ਡਾ. ਪ੍ਰੀਤੀ ਰਾਣਾ
