2000 ਤੋਂ ਵੱਧ ਕਫ ਸਿਰਪ ਬ੍ਰਾਂਡ : ਇਹ ਕਿਵੇਂ ਯਕੀਨੀ ਹੋਵੇਗਾ ਕਿ ਉਹ ਸੁਰੱਖਿਅਤ ਹਨ?
Tuesday, Jun 23, 2026 - 04:51 PM (IST)
ਕਫ ਸਿਰਪ ਭਾਰਤ ’ਚ ਸਭ ਤੋਂ ਵਿਆਪਕ ਤੌਰ ’ਤੇ ਬਣੀਆਂ ਅਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ’ਚੋਂ ਹਨ, ਜਿਸ ਕਾਰਨ ਬਾਜ਼ਾਰ ਦਾ ਮਜ਼ਬੂਤ ਰੈਗੂਲੇਸ਼ਨ ਜ਼ਰੂਰੀ ਹੋ ਜਾਂਦਾ ਹੈ। ਫਾਰਮਾ ਰਿਟੇਲ ਟ੍ਰੈਕਰ ‘ਫਾਰਮਾਟ੍ਰੈਕ’ ਦੇ ਅਨੁਸਾਰ, ਇਕੱਲੇ ਮਈ ’ਚ, ਵਿਕਰੀ ਘੱਟੋ-ਘੱਟ 8.47 ਲੱਖ ਯੂਨਿਟ ਤੱਕ ਪਹੁੰਚ ਗਈ, ਜਿਸ ਦਾ ਮੁੱਲ 6,670 ਕਰੋੜ ਰੁਪਏ ਸੀ। ਫਿਰ ਵੀ ਇਹ ਖੇਤਰ ਵਾਰ-ਵਾਰ ਜਾਂਚ ਦੇ ਘੇਰੇ ’ਚ ਆਇਆ ਹੈ, ਜਦੋਂ ਦੂਸ਼ਿਤ ਕਫ ਸਿਰਪ ਭਾਰਤ ਅਤੇ ਵਿਦੇਸ਼ਾਂ ’ਚ ਬੱਚਿਆਂ ਦੀ ਮੌਤ ਨਾਲ ਜੁੜੇ ਸਨ। ਸਿਹਤ ਮੰਤਰਾਲੇ ਨੇ ਉਦੋਂ ਤੋਂ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ, ਵਿਕਰੀ ਨੂੰ ਲਾਇਸੈਂਸਸ਼ੁਦਾ ਕੈਮਿਸਟਾਂ ਤੱਕ ਸੀਮਤ ਅਤੇ ਡਾਕਟਰਾਂ ਦੀ ਪਰਚੀ ਨੂੰ ਲਾਜ਼ਮੀ ਕਰ ਦਿੱਤਾ ਹੈ।
ਦੇਸ਼ ਭਰ ’ਚ ਕਫ ਸਿਰਪ ਬਣਾਉਣ ਵਾਲੇ 2,000 ਤੋਂ ਵੱਧ ਨਿਰਮਾਤਾਵਾਂ ਦੇ ਨਾਲ, ਮਾਹਿਰਾਂ ਦਾ ਕਹਿਣਾ ਹੈ ਕਿ ਜਨਤਕ ਸਿਹਤ ਦੀ ਰੱਖਿਆ ਲਈ ਨਿਰੰਤਰ ਰੈਗੂਲੇਟਰੀ ਚੌਕਸੀ, ਸਖ਼ਤ ਗੁਣਵੱਤਾ ਪ੍ਰੀਖਣ ਅਤੇ ਸਖ਼ਤ ਨਿਯਮ ਲਾਗੂ ਕਰਨਾ ਮਹੱਤਵਪੂਰਨ ਹਨ। ਇਕ ਉਦਯੋਗ ਮਾਹਿਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ, ‘ਕਫ ਸਿਰਪ ਨਿਰਮਾਤਾ ਹਲਵਾਈ ਵਾਂਗ ਹਨ, ਉਹ ਹਰ ਜਗ੍ਹਾ ਹਨ। ਇਹੀ ਕਾਰਨ ਹੈ ਕਿ ਉਤਪਾਦਾਂ ਦੀ ਗੁਣਵੱਤਾ ਬਣਾਈ ਰੱਖਣਾ ਬਹੁਤ ਮੁਸ਼ਕਿਲ ਹੈ।’ ਇਹ ਚਿੰਤਾ ਦਾ ਵਿਸ਼ਾ ਹੈ, ਇਹ ਦੇਖਦੇ ਹੋਏ ਕਿ ਪਿਛਲੇ ਸਾਲ ਮੱਧ ਪ੍ਰਦੇਸ਼ ’ਚ ਘੱਟੋ-ਘੱਟ 22 ਬੱਚਿਆਂ ਦੀ ਮੌਤ ’ਚ ਸ਼ਾਮਲ ਕਫ ਸਿਰਪ ਵਾਲੀ ਤਾਮਿਲਨਾਡੂ ਦੀ ਕੰਪਨੀ ਦਾ ਚੋਟੀ ਦੇ ਡਰੱਗ ਰੈਗੂਲੇਟਰ ਕੋਲ ਕੋਈ ਰਿਕਾਰਡ ਨਹੀਂ ਸੀ।
ਵਿਕਰੀ ਅਤੇ ਮਾਤਰਾ ਦੇ ਹਿਸਾਬ ਨਾਲ ਸਭ ਤੋਂ ਆਮ ਕਫ ਸਿਰਪ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਦੀਆਂ ਨਿਰਮਾਣ ਇਕਾਈਆਂ ਕਾਫ਼ੀ ਹੱਦ ਤੱਕ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਸਿੱਕਮ, ਗੁਜਰਾਤ, ਮੱਧ ਪ੍ਰਦੇਸ਼ ਅਤੇ ਗੋਆ ਵਰਗੇ ਸੂਬਿਆਂ ’ਚ ਕੇਂਦਰਿਤ ਹਨ। ਭਾਰਤ ’ਚ ਵੇਚੇ ਜਾਣ ਵਾਲੇ ਕਫ ਸਿਰਪ ਦੇ ਕੁਝ ਸਭ ਤੋਂ ਆਮ ਬ੍ਰਾਂਡਾਂ ’ਚ ਸਿਪਲਾ ਦਾ ‘ਕੋਰੈਕਸ’, ਗਲੈਨਮਾਰਕ ਦਾ ‘ਐਸਕੋਰਿਲ’, ਸੈਂਚਿਊਰ ਦਾ ‘ਸਿਨਾਰੇਸਟ’, ਡਾ. ਰੈੱਡੀਜ਼ ਦਾ ‘ਜ਼ੈਡੇਕਸ’ ਅਤੇ ਜੌਨਸਨ ਐਂਡ ਜੌਨਸਨ ਦਾ ‘ਬੈਨਾਡ੍ਰਿਲ’ ਸ਼ਾਮਲ ਹਨ।
ਪ੍ਰਮੁੱਖ ਰੈਗੂਲੇਟਰੀ ਚੁਣੌਤੀਆਂ ਕੀ ਹਨ : ਜਨਤਕ ਸਿਹਤ ਕਾਰਜਕਰਤਾ ਦਿਨੇਸ਼ ਠਾਕੁਰ ਕਹਿੰਦੇ ਹਨ, ‘ਕਫ ਸਿਰਪ ਦੇ 2,000 ਨਿਰਮਾਤਾ ਸਮੱਸਿਆ ਨਹੀਂ ਹਨ, ਖੰਡਿਤ ਰੈਗੂਲੇਟਰੀ ਵਾਤਾਵਰਣੀ ਤੰਤਰ ਸਮੱਸਿਆ ਹੈ। ਅੱਜ ਭਾਰਤ ’ਚ ਪ੍ਰਭਾਵੀ ਤੌਰ ’ਤੇ 37 ਰੈਗੂਲੇਟਰ ਹਨ—ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਇਕ ਅਤੇ ਰਾਸ਼ਟਰੀ ਰੈਗੂਲੇਟਰੀ, ਸੀ. ਡੀ.ਐੱਸ. ਸੀ. ਓ.। ਇਨ੍ਹਾਂ ਸਾਰੇ 37 ਰੈਗੂਲੇਟਰਾਂ ਤੋਂ ਸਹੀ ਜਾਣਕਾਰੀ ਵਾਲਾ ਕੋਈ ਸਮੇਕਿਤ ਡੈਟਾਬੇਸ ਨਹੀਂ ਹੈ, ਇਸ ਦੇ ਬਾਵਜੂਦ ਕਿ ਭਾਰਤ ਵਿਹਾਰਿਕ ਉਦੇਸ਼ਾਂ ਲਈ ਦਵਾਈਆਂ ਲਈ ਇਕ ਸਿੰਗਲ ਮਾਰਕੀਟ ਹੈ, ਜੋ ਕਿਸੇ ਵੀ ਹੋਰ ਵਸਤੂ ਵਾਂਗ ਆਸਾਨੀ ਨਾਲ ਰਾਜ ਦੀਆਂ ਸਰਹੱਦਾਂ ਨੂੰ ਪਾਰ ਕਰਨ ’ਚ ਸਮਰੱਥ ਹੈ।’
ਇਸ ਲਈ, ਪੱਛਮੀ ਬੰਗਾਲ ’ਚ ਨਿਰਮਿਤ ਦਵਾਈ ਕਰਨਾਟਕ ’ਚ ਵੇਚੀ ਜਾ ਸਕਦੀ ਹੈ ਪਰ ਕਰਨਾਟਕ ਦਾ ਡਰੱਗ ਕੰਟਰੋਲਰ ਪੱਛਮੀ ਬੰਗਾਲ ’ਚ ਪਲਾਂਟ ਦਾ ਨਿਰੀਖਣ ਨਹੀਂ ਕਰ ਸਕਦਾ ਜਾਂ ਉਸਦਾ ਨਿਰਮਾਣ ਲਾਇਸੈਂਸ ਰੱਦ ਨਹੀਂ ਕਰ ਸਕਦਾ, ਜੇਕਰ ਉਹ ਕਰਨਾਟਕ ’ਚ ਘਟੀਆ ਦਵਾਈਆਂ ਵੇਚਦਾ ਹੈ। ਠਾਕੁਰ ਕਹਿੰਦੇ ਹਨ, ‘ਜ਼ਿਆਦਾ ਤੋਂ ਜ਼ਿਆਦਾ ਕਰਨਾਟਕ ਡਰੱਗ ਕੰਟਰੋਲਰ ਇਕ ਅਪਰਾਧਿਕ ਮੁਕੱਦਮਾ ਸ਼ੁਰੂ ਕਰ ਸਕਦਾ ਹੈ ਅਤੇ ਇਸ ’ਚ ਭਾਰਤੀ ਅਦਾਲਤਾਂ ’ਚ ਬਹੁਤ ਸਮਾਂ ਲੱਗ ਸਕਦਾ ਹੈ। ਭਾਵੇਂ ਉਚਿਤ ਸਬੂਤ ਹੋਣ, ਅਦਾਲਤਾਂ ਬਹੁਤ ਨਰਮ ਰੁਖ਼ ਅਪਣਾਉਂਦੀਆਂ ਹਨ। ਇਹ ਇਹੀ ਖੰਡਿਤ ਰੈਗੂਲੇਟਰੀ ਢਾਂਚਾ ਹੈ ਜੋ ਸਮੱਸਿਆ ਹੈ।’
ਫਾਰਮਾ ਸਪਲਾਈ ਚੇਨ ’ਚ ਦੂਸ਼ਿਤ ਪਦਾਰਥ ਕਿਉਂ ਪ੍ਰਵੇਸ਼ ਕਰਦੇ ਹਨ : ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਆਪਣੀ ਸਮੱਗਰੀ, ਵਿਸ਼ੇਸ਼ ਰੂਪ ’ਚ ‘ਪ੍ਰੋਪੀਲੀਨ ਗਲਾਈਕੋਲ’, ਜਿਸ ਦੀ ਵਰਤੋਂ ਉਹ ਕਫ ਸਿਰਪ ਬਣਾਉਣ ਲਈ ਘੋਲਕ ਦੇ ਰੂਪ ’ਚ ਕਰਦੇ ਹਨ, ਦੀ ਪਰਖ ਨਾ ਕਰਨ ਦੀਆਂ ਖ਼ਬਰਾਂ ਹਨ।
ਇਕ ਉਦਯੋਗ ਮਾਹਿਰ ਸਹਿਮਤੀ ਪ੍ਰਗਟਾਉਂਦੇ ਹਨ, ‘ਛੋਟੀਆਂ ਕੰਪਨੀਆਂ ਨੂੰ ਖੁੱਲ੍ਹੇ ਬਾਜ਼ਾਰ ’ਚੋਂ ਪ੍ਰੋਪੀਲੀਨ ਗਲਾਈਕੋਲ ਖਰੀਦਣਾ ਪੈਂਦਾ ਹੈ। ਵੱਡੀਆਂ ਕੰਪਨੀਆਂ ਦੇ ਉਲਟ, ਉਹ ਸਪਲਾਈਕਰਤਾਵਾਂ ਤੋਂ ਭਰੇ ਹੋਏ, ਸੀਲਬੰਦ ਬੈਰਲ ਖਰੀਦਣ ਦਾ ਜੋਖਮ ਨਹੀਂ ਉਠਾ ਸਕਦੀਆਂ। ਇਹ ਗੈਰ-ਸਮਾਜੀ ਤੱਤਾਂ ਲਈ ਫਾਰਮਾਸਿਊਟੀਕਲ ਗ੍ਰੇਡ ਦੇ ਰੂਪ ’ਚ ਸਸਤੇ ਉਦਯੋਗਿਕ ਗ੍ਰੇਡ ਪ੍ਰੋਪੀਲੀਨ ਗਲਾਈਕੋਲ ਨੂੰ ਮਿਲਾਉਣ ਦਾ ਮੌਕਾ ਵੀ ਪੈਦਾ ਕਰਦਾ ਹੈ।’
ਕਫ ਸਿਰਪ ਦੀਆਂ ਤ੍ਰਾਸਦੀਆਂ ਤਾਂ ਸਿਰਫ ਹਿਮਸ਼ੈਲ ਦਾ ਸਿਰਾ ਹਨ, ਉਹ ਇਸ ਗੱਲ ਦਾ ਸਬੂਤ ਹਨ ਕਿ ਕਿਵੇਂ ਇਕ ਰੈਗੂਲੇਟਰੀ ਕੋਤਾਹੀ ਨਿਰਮਾਤਾ ਦੀ ਭਰੋਸੇਯੋਗਤਾ ਨੂੰ ਖ਼ਤਰੇ ’ਚ ਪਾ ਸਕਦੀ ਹੈ।
— ਅਨੋਨਾ ਦੱਤ
(‘ਆਈ. ਈ.’ ਤੋਂ ਧੰਨਵਾਦ ਸਹਿਤ)
