ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ

Wednesday, Jun 24, 2026 - 02:27 PM (IST)

ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ

ਪੰਜਾਬ ਸਦੀਆਂ ਤੋਂ ਆਪਣੀ ਜੀਵੰਤ ਸੰਸਕ੍ਰਿਤੀ, ਅਮੀਰ ਪ੍ਰੰਪਰਾਵਾਂ ਅਤੇ ਅਥਾਹ ਜਜ਼ਬੇ ਲਈ ਜਾਣਿਆ ਜਾਂਦਾ ਰਿਹਾ ਹੈ। ਪੰਜਾਬ ਦੀ ਆਤਮਾ ਬਹਾਦਰੀ, ਰਹਿਮ-ਦਿਲੀ, ਮਿਹਨਤ, ਮਹਿਮਾਨ-ਨਿਵਾਜ਼ੀ, ਤਿਆਗ ਅਤੇ ਅਧਿਆਤਮਿਕਤਾ ਵਰਗੀਆਂ ਕਦਰਾਂ-ਕੀਮਤਾਂ ’ਚ ਵੱਸਦੀ ਹੈ। ਇਹ ਬਾਬਾ ਫਰੀਦ ਅਤੇ ਬੁੱਲੇ ਸ਼ਾਹ ਵਰਗੇ ਸੰਤਾਂ, ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀਆਂ ਅਤੇ ਹੀਰ-ਰਾਂਝਾ, ਸੋਹਣੀ-ਮਹੀਵਾਲ ਅਤੇ ਮਿਰਜ਼ਾ-ਸਾਹਿਬਾ ਵਰਗੀਆਂ ਅਮਰ ਪ੍ਰੇਮ ਕਹਾਣੀਆਂ ਦੀ ਧਰਤੀ ਹੈ। ਪੰਜਾਬੀ ਸੰਸਕ੍ਰਿਤੀ ਹਮੇਸ਼ਾ ਤੋਂ ਜ਼ਿੰਦਗੀ, ਭਾਵਨਾਵਾਂ, ਸੰਗੀਤ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਉਤਸਵ ਰਹੀ ਹੈ।

ਕਈ ਦਹਾਕਿਆਂ ਤੱਕ ਪੰਜਾਬੀ ਸੰਗੀਤ ਨੇ ਇਨ੍ਹਾਂ ਆਦਰਸ਼ਾਂ ਨੂੰ ਜਿਊਂਦਾ ਰੱਖਿਆ। ਗੁਰਦਾਸ ਮਾਨ, ਹੰਸ ਰਾਜ ਹੰਸ, ਸੁਰਿੰਦਰ ਕੌਰ, ਸੁਰਿੰਦਰ ਛਿੰਦਾ ਅਤੇ ਹੋਰ ਕਈ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਪੰਜਾਬ ਦੀਆਂ ਲੋਕ ਪ੍ਰੰਪਰਾਵਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਅੱਗੇ ਵਧਾਇਆ। ਉਨ੍ਹਾਂ ਦੇ ਗੀਤ ਕਿਸਾਨਾਂ, ਮਾਵਾਂ, ਪਿਆਰ, ਹੌਸਲੇ, ਅਧਿਆਤਮ ਅਤੇ ਪੇਂਡੂ ਜੀਵਨ ਦੀ ਸੁੰਦਰਤਾ ਨੂੰ ਬਿਆਨ ਕਰਦੇ ਸਨ

ਪਰ ਪਿਛਲੇ 2 ਦਹਾਕਿਆਂ ’ਚ ਪੰਜਾਬੀ ਪੌਪ ਸੰਗੀਤ ਦਾ ਇਕ ਹਿੱਸਾ ਚਿੰਤਾਜਨਕ ਦਿਸ਼ਾ ਵੱਲ ਵਧ ਗਿਆ ਹੈ। ਪੱਛਮੀ ਸੰਗੀਤ ਅਤੇ ਪੰਜਾਬੀ ਲੋਕ ਸੰਗੀਤ ਦੇ ਸੁਮੇਲ ਨਾਲ ਸ਼ੁਰੂ ਹੋਈ ਇਹ ਧਾਰਾ ਹੌਲੀ-ਹੌਲੀ ਭੌਤਿਕਵਾਦ, ਹਿੰਸਾ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਨ ਦਾ ਸਾਧਨ ਬਣਦੀ ਜਾ ਰਹੀ ਹੈ। ਇਹ ਕਹਿਣਾ ਗਲਤ ਹੋਵੇਗਾ ਕਿ ਪੂਰਾ ਪੰਜਾਬੀ ਸੰਗੀਤ ਅਜਿਹਾ ਹੈ ਪਰ ਇਕ ਪ੍ਰਭਾਵਸ਼ਾਲੀ ਵਰਗ ਪੰਜਾਬ ਦੇ ਅਕਸ ਨੂੰ ਵਿਗਾੜ ਰਿਹਾ ਹੈ ਅਤੇ ਨੌਜਵਾਨਾਂ ਦੀ ਸੋਚ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਸਭ ਤੋਂ ਚਿੰਤਾਜਨਕ ਰੁਝਾਨ ਗੈਂਗਸਟਰ ਸੰਸਕ੍ਰਿਤੀ ਦੀ ਵਡਿਆਈ ਕਰਨਾ ਹੈ। ਕਈ ਗੀਤ ਅਪਰਾਧੀਆਂ ਨੂੰ ਨਾਇਕ ਵਜੋਂ ਪੇਸ਼ ਕਰਦੇ ਹਨ ਅਤੇ ਹਿੰਸਾ, ਧਮਕੀਆਂ ਅਤੇ ਕਾਨੂੰਨ ਤੋੜਨ ਵਾਲੀ ਜ਼ਿੰਦਗੀ ਨੂੰ ਆਕਰਸ਼ਕ ਬਣਾ ਕੇ ਦਿਖਾਉਂਦੇ ਹਨ। ਗੀਤਾਂ ’ਚ ਗੈਂਗ, ਬਦਲਾ, ਐੱਫ. ਆਈ. ਆਰ., ਪੁਲਸ ਮੁਕਾਬਲੇ, ਜੇਲ ਅਤੇ ਸਿਆਸੀ ਪ੍ਰਭਾਵ ਵਰਗੀਆਂ ਚੀਜ਼ਾਂ ਨੂੰ ਤਾਕਤ ਅਤੇ ਰੁਤਬੇ ਦਾ ਪ੍ਰਤੀਕ ਦੱਸਿਆ ਜਾਂਦਾ ਹੈ। ਇਸ ਨਾਲ ਨੌਜਵਾਨਾਂ ’ਚ ਇਹ ਗਲਤ ਸੰਦੇਸ਼ ਜਾਂਦਾ ਹੈ ਕਿ ਇੱਜ਼ਤ ਅਤੇ ਪਛਾਣ ਮਿਹਨਤ ਤੇ ਵਿੱਦਿਆ ਨਾਲ ਨਹੀਂ, ਸਗੋਂ ਡਰ ਅਤੇ ਦਬਦਬੇ ਨਾਲ ਮਿਲਦੀ ਹੈ।

ਇਸੇ ਤਰ੍ਹਾਂ ਹਥਿਆਰਾਂ ਅਤੇ ਹਿੰਸਾ ਨੂੰ ਵੀ ਆਮ ਅਤੇ ਆਕਰਸ਼ਕ ਬਣਾਇਆ ਜਾ ਰਿਹਾ ਹੈ। ਪਿਸਤੌਲ, ਰਾਈਫਲ, ਏ. ਕੇ.-47, ਗਲੌਕ ਅਤੇ ਹੋਰ ਹਥਿਆਰ ਹੁਣ ਗੀਤਾਂ ਅਤੇ ਸੰਗੀਤ ਵੀਡੀਓਜ਼ ਦਾ ਨਿਯਮਿਤ ਹਿੱਸਾ ਬਣ ਚੁੱਕੇ ਹਨ। ਜੋ ਗੱਲਾਂ ਪਹਿਲਾਂ ਸਮਾਜ ’ਚ ਨਾ-ਮਨਜ਼ੂਰ ਮੰਨੀਆਂ ਜਾਂਦੀਆਂ ਸਨ, ਉਨ੍ਹਾਂ ਨੂੰ ਹੁਣ ਫੈਸ਼ਨ ਅਤੇ ਸਟਾਈਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਵਾਰ-ਵਾਰ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਹਮਲਾਵਰ ਵਿਵਹਾਰ ਨੌਜਵਾਨਾਂ ਦੇ ਮਨਾਂ ’ਚ ਹਿੰਸਾ ਨੂੰ ਪ੍ਰਵਾਨਿਤ ਬਣਾ ਦਿੰਦਾ ਹੈ।

ਪੰਜਾਬ ਬਹਾਦਰਾਂ ਦੀ ਧਰਤੀ ਜ਼ਰੂਰ ਹੈ ਪਰ ਬਹਾਦਰੀ ਅਤੇ ਹਿੰਸਾ ’ਚ ਬਹੁਤ ਵੱਡਾ ਫਰਕ ਹੈ। ਪੰਜਾਬ ਦੀ ਅਸਲ ਬਹਾਦਰੀ ਕਮਜ਼ੋਰਾਂ ਦੀ ਰੱਖਿਆ ਕਰਨ ਅਤੇ ਬੇਇਨਸਾਫ਼ੀ ਖ਼ਿਲਾਫ਼ ਖੜ੍ਹੇ ਹੋਣ ’ਚ ਰਹੀ ਹੈ, ਨਾ ਕਿ ਹਥਿਆਰਾਂ ਦੇ ਜ਼ੋਰ ’ਤੇ ਲੋਕਾਂ ਨੂੰ ਡਰਾਉਣ ’ਚ।

ਪੰਜਾਬੀ ਪੌਪ ਸੰਗੀਤ ਨੇ ਉਪਭੋਗਤਾਵਾਦ ਅਤੇ ਦਿਖਾਵੇ ਦੀ ਸੰਸਕ੍ਰਿਤੀ ਨੂੰ ਵੀ ਹੁਲਾਰਾ ਦਿੱਤਾ ਹੈ। ਕਈ ਗੀਤਾਂ ’ਚ ਮਹਿੰਗੇ ਵਿਦੇਸ਼ੀ ਬ੍ਰਾਂਡ, ਲਗਜ਼ਰੀ ਕਾਰਾਂ, ਡਿਜ਼ਾਈਨਰ ਕੱਪੜੇ ਅਤੇ ਆਲੀਸ਼ਾਨ ਜੀਵਨਸ਼ੈਲੀ ਨੂੰ ਸਫਲਤਾ ਦਾ ਪ੍ਰਤੀਕ ਬਣਾ ਦਿੱਤਾ ਗਿਆ ਹੈ। ਅੱਜ ਸਫਲਤਾ ਨੂੰ ਮਿਹਨਤ, ਚਰਿੱਤਰ ਅਤੇ ਪ੍ਰਾਪਤੀਆਂ ਨਾਲ ਨਹੀਂ, ਸਗੋਂ ਮਹਿੰਗੀਆਂ ਚੀਜ਼ਾਂ ਦੇ ਦਿਖਾਵੇ ਨਾਲ ਜੋੜਿਆ ਜਾ ਰਿਹਾ ਹੈ।

ਇਸ ਦਾ ਅਸਰ ਇਹ ਹੋਇਆ ਹੈ ਕਿ ਬਹੁਤ ਸਾਰੇ ਨੌਜਵਾਨ ਆਪਣੀ ਪਛਾਣ ਅਤੇ ਆਤਮ-ਸਨਮਾਨ ਨੂੰ ਭੌਤਿਕ ਚੀਜ਼ਾਂ ਨਾਲ ਜੋੜਨ ਲੱਗ ਪਏ ਹਨ। ਸੋਸ਼ਲ ਮੀਡੀਆ ਨੇ ਇਸ ਰੁਝਾਨ ਨੂੰ ਹੋਰ ਵਧਾ ਦਿੱਤਾ ਹੈ। ਪੰਜਾਬ ਦੀ ਰਵਾਇਤੀ ਸਾਦਗੀ, ਮਿਹਨਤ ਅਤੇ ਭਾਈਚਾਰਕ ਸਾਂਝ ਦੀ ਥਾਂ ਹੁਣ ਦਿਖਾਵੇ ਅਤੇ ਮੁਕਾਬਲੇਬਾਜ਼ੀ ਦੀ ਸੰਸਕ੍ਰਿਤੀ ਲੈਂਦੀ ਜਾ ਰਹੀ ਹੈ।

ਇਸ ਸੰਗੀਤ ਨੇ ਮਰਦਾਨਗੀ ਦੀ ਪਰਿਭਾਸ਼ਾ ਨੂੰ ਵੀ ਬਦਲ ਦਿੱਤਾ ਹੈ। ਇਕ ਆਦਰਸ਼ ਪੰਜਾਬੀ ਨੌਜਵਾਨ ਨੂੰ ਹੁਣ ਇਕ ਜ਼ਿੰਮੇਵਾਰ ਪੁੱਤਰ, ਇਮਾਨਦਾਰ ਨਾਗਰਿਕ ਜਾਂ ਸੰਵੇਦਨਸ਼ੀਲ ਇਨਸਾਨ ਵਜੋਂ ਨਹੀਂ, ਸਗੋਂ ਇਕ ਹਮਲਾਵਰ, ਅਮੀਰ ਅਤੇ ਹਥਿਆਰ ਰੱਖਣ ਵਾਲੇ ਵਿਅਕਤੀ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਸੱਚਾ ਮਰਦ ਉਹੀ ਹੈ ਜੋ ਦੂਜਿਆਂ ’ਤੇ ਆਪਣਾ ਦਬਦਬਾ ਬਣਾਈ ਰੱਖੇ। ਇਸ ਨਾਲ ਨੌਜਵਾਨਾਂ ਦੇ ਸਾਹਮਣੇ ਸਕਾਰਾਤਮਕ ਆਦਰਸ਼ਾਂ ਦੀ ਘਾਟ ਪੈਦਾ ਹੋ ਰਹੀ ਹੈ।

ਔਰਤਾਂ ਨੂੰ ਇਕ ਵਸਤੂ ਵਜੋਂ ਪੇਸ਼ ਕਰਨਾ ਵੀ ਇਕ ਗੰਭੀਰ ਸਮੱਸਿਆ ਬਣ ਚੁੱਕਾ ਹੈ। ਕਈ ਗੀਤਾਂ ’ਚ ਔਰਤਾਂ ਨੂੰ ਸਨਮਾਨਜਨਕ ਸ਼ਖਸੀਅਤ ਦੀ ਬਜਾਏ ਸਿਰਫ ਖਿੱਚ ਅਤੇ ਦਿਖਾਵੇ ਦੀ ਵਸਤੂ ਵਜੋਂ ਦਿਖਾਇਆ ਜਾਂਦਾ ਹੈ। ਇਸ ਨਾਲ ਸਮਾਜ ’ਚ ਔਰਤਾਂ ਪ੍ਰਤੀ ਗਲਤ ਧਾਰਨਾਵਾਂ ਮਜ਼ਬੂਤ ਹੁੰਦੀਆਂ ਹਨ, ਜਦਕਿ ਪੰਜਾਬ ਦਾ ਇਤਿਹਾਸ ਦਲੇਰ ਅਤੇ ਸ਼ਕਤੀਸ਼ਾਲੀ ਔਰਤਾਂ ਨਾਲ ਭਰਿਆ ਪਿਆ ਹੈ। ਪ੍ਰਸਿੱਧ ਸੰਸਕ੍ਰਿਤੀ ਨੂੰ ਉਨ੍ਹਾਂ ਦੀ ਮਰਿਆਦਾ ਅਤੇ ਯੋਗਦਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਇਨ੍ਹਾਂ ਰੁਝਾਨਾਂ ਦੇ ਮਾੜੇ ਨਤੀਜੇ ਹੁਣ ਸਮਾਜ ’ਚ ਦਿਖਾਈ ਦੇਣ ਲੱਗੇ ਹਨ। ਨਸ਼ਾਖੋਰੀ, ਗੈਂਗਸਟਰ ਨੈੱਟਵਰਕ, ਹਥਿਆਰਾਂ ਪ੍ਰਤੀ ਖਿੱਚ ਅਤੇ ਸੋਸ਼ਲ ਮੀਡੀਆ ’ਤੇ ਦਿਖਾਵੇ ਦਾ ਰੁਝਾਨ ਵਧ ਰਿਹਾ ਹੈ। ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਸਿਰਫ਼ ਸੰਗੀਤ ਹੈ ਪਰ ਇਹ ਯਕੀਨੀ ਤੌਰ ’ਤੇ ਇਨ੍ਹਾਂ ਰੁਝਾਨਾਂ ਨੂੰ ਵਧਾਉਣ ਦਾ ਇਕ ਸ਼ਕਤੀਸ਼ਾਲੀ ਜ਼ਰੀਆ ਬਣ ਗਿਆ ਹੈ। ਵਾਰ-ਵਾਰ ਅਜਿਹੇ ਗੀਤ ਸੁਣਨ ਨਾਲ ਅਸਾਧਾਰਨ ਵਿਵਹਾਰ ਵੀ ਆਮ ਲੱਗਣ ਲੱਗ ਪੈਂਦਾ ਹੈ। ਜਦੋਂ ਕਰੋੜਾਂ ਨੌਜਵਾਨ ਰੋਜ਼ਾਨਾ ਅਜਿਹੇ ਗੀਤ ਸੁਣਦੇ ਹਨ, ਜੋ ਅਪਰਾਧ, ਹਿੰਸਾ ਅਤੇ ਨਸ਼ਿਆਂ ਦੀ ਵਡਿਆਈ ਕਰਦੇ ਹਨ, ਤਾਂ ਉਸ ਦਾ ਅਸਰ ਸਮਾਜ ’ਤੇ ਜ਼ਰੂਰ ਪੈਂਦਾ ਹੈ।

ਹੱਲ ਪੂਰੇ ਪੰਜਾਬੀ ਪੌਪ ਸੰਗੀਤ ’ਤੇ ਪਾਬੰਦੀ ਲਗਾਉਣਾ ਨਹੀਂ ਹੈ। ਪੰਜਾਬੀ ਸੰਗੀਤ ’ਚ ਅਥਾਹ ਰਚਨਾਤਮਕ ਸਮਰੱਥਾ ਹੈ ਅਤੇ ਇਸ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਹੈ। ਲੋੜ ਜ਼ਿੰਮੇਵਾਰ ਰਚਨਾਤਮਕਤਾ ਦੀ ਹੈ। ਕਲਾਕਾਰਾਂ, ਸੰਗੀਤ ਨਿਰਮਾਤਾਵਾਂ ਅਤੇ ਸਰੋਤਿਆਂ ਨੂੰ ਮਿਲ ਕੇ ਅਜਿਹੇ ਸੰਗੀਤ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਜੋ ਪੰਜਾਬ ਦੀ ਅਸਲ ਪਛਾਣ ਨੂੰ ਸਾਹਮਣੇ ਲਿਆਵੇ। ਕਿਸਾਨਾਂ, ਕਾਰੋਬਾਰੀਆਂ, ਸੈਨਿਕਾਂ, ਖਿਡਾਰੀਆਂ, ਕਵੀਆਂ, ਸੰਤਾਂ ਅਤੇ ਮਿਹਨਤਕਸ਼ ਆਮ ਲੋਕਾਂ ਦੀਆਂ ਕਹਾਣੀਆਂ ਹੀ ਪੰਜਾਬ ਦੀ ਸੱਚੀ ਤਾਕਤ ਹਨ। ਇਸ ਦੇ ਨਾਲ ਹੀ ਸਕੂਲਾਂ, ਮਾਪਿਆਂ ਅਤੇ ਸਿਵਲ ਸੁਸਾਇਟੀ ਨੂੰ ਵੀ ਬੱਚਿਆਂ ਨੂੰ ਇਹ ਸਿਖਾਉਣਾ ਹੋਵੇਗਾ ਕਿ ਮਨੋਰੰਜਨ ਅਤੇ ਅਸਲ ਜ਼ਿੰਦਗੀ ’ਚ ਫਰਕ ਹੁੰਦਾ ਹੈ।

ਪੰਜਾਬ ਦਾ ਭਵਿੱਖ ਬੰਦੂਕਾਂ, ਗੈਂਗਸਟਰਾਂ ਅਤੇ ਦਿਖਾਵੇ ਦੇ ਆਧਾਰ ’ਤੇ ਨਹੀਂ ਬਣਾਇਆ ਜਾ ਸਕਦਾ। ਉਸਦੀ ਅਸਲ ਤਾਕਤ ਉਸ ਦੀਆਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ, ਹੌਸਲੇ, ਰਹਿਮ-ਦਿਲੀ, ਅਧਿਆਤਮਿਕਤਾ ਅਤੇ ਸੰਘਰਸ਼ਸ਼ੀਲਤਾ ’ਚ ਸਮਾਈ ਹੋਈ ਹੈ। ਦੁਨੀਆ ਪੰਜਾਬ ਨੂੰ ਉਸ ਦੀ ਉਦਾਰਤਾ, ਊਰਜਾ ਅਤੇ ਜ਼ਿੰਦਾਦਿਲੀ ਲਈ ਜਾਣਦੀ ਹੈ, ਨਾ ਕਿ ਹਿੰਸਾ ਦੀ ਵਡਿਆਈ ਲਈ।

ਅੱਜ ਦੀ ਲੜਾਈ ਸਿਰਫ਼ ਸੰਗੀਤ ਦੀ ਨਹੀਂ, ਸਗੋਂ ਪੰਜਾਬ ਦੀ ਆਤਮਾ ਨੂੰ ਬਚਾਉਣ ਦੀ ਲੜਾਈ ਹੈ। ਜੇਕਰ ਸਮਾਂ ਰਹਿੰਦੇ ਸਮਾਜ ਨੇ ਦਖ਼ਲ ਨਾ ਦਿੱਤਾ, ਤਾਂ ਪੰਜਾਬ ਦਾ ਇਹ ਵਿਗੜਿਆ ਹੋਇਆ ਅਕਸ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਅਸਲੀਅਤ ਬਣ ਜਾਵੇਗਾ ਪਰ ਜੇਕਰ ਸਮਾਜ ਜਾਗਰੂਕ ਹੋਇਆ ਤਾਂ ਪੰਜਾਬੀ ਸੰਗੀਤ ਫਿਰ ਤੋਂ ਪ੍ਰੇਰਣਾ, ਕਦਰਾਂ-ਕੀਮਤਾਂ ਅਤੇ ਸੰਸਕ੍ਰਿਤੀ ਦਾ ਵਾਹਕ ਬਣ ਸਕਦਾ ਹੈ, ਨਾ ਕਿ ਉਨ੍ਹਾਂ ਦੇ ਵਿਗਾੜ ਦਾ ਸਾਧਨ।

-ਗੀਤਾਂਜਲੀ ਮੇਹਰਾ


author

Harpreet SIngh

Content Editor

Related News