ਪੁਲਸਿੰਗ ’ਚ ਕੀ ਔਰਤਾਂ ਮਰਦਾਂ ਨਾਲੋਂ ਬਿਹਤਰ ਹਨ?

Friday, Jun 19, 2026 - 04:27 PM (IST)

ਪੁਲਸਿੰਗ ’ਚ ਕੀ ਔਰਤਾਂ ਮਰਦਾਂ ਨਾਲੋਂ ਬਿਹਤਰ ਹਨ?

ਤਾਮਿਲਨਾਡੂ ਦੇ ਨਵ-ਨਿਯੁਕਤ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਆਪਣੇ ਰਾਜ ’ਚ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ‘ਸਿੰਗਾਪੱਨ’ ਨਾਂ ਦੀ ਇਕ ਸਰਵ-ਮਹਿਲਾ ਪੁਲਸ ਇਕਾਈ ਦਾ ਉਦਘਾਟਨ ਕੀਤਾ ਹੈ। ਇਹ ਇਕ ਅਜਿਹਾ ਵਾਅਦਾ ਸੀ ਜੋ ਉਨ੍ਹਾਂ ਨੇ ਟੀ. ਵੀ. ਕੇ. ਨਾਂ ਦੀ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਤੋਂ ਬਾਅਦ ਚੋਣ ਪ੍ਰਚਾਰ ਦੌਰਾਨ ਕੀਤਾ ਸੀ। ‘ਸਿੰਗਾਪੱਨ’ ਦੀ ਨਿਗਰਾਨੀ ਸਿੱਧੇ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ!

ਕਿਉਂਕਿ ਪੁਲਸ ਸੜਕ ’ਤੇ ਸਰਕਾਰ ਦੀ ਸਭ ਤੋਂ ਵੱਧ ਦਿਖਾਈ ਦੇਣ ਵਾਲੀ ਏਜੰਸੀ ਹੈ ਅਤੇ ਸੱਤਾਧਾਰੀ ਪਾਰਟੀ ਦਾ ਅਕਸ ਕਾਫੀ ਹੱਦ ਤੱਕ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਸਦੀ ਪੁਲਸ ਉਨ੍ਹਾਂ ਲੋਕਾਂ ਨਾਲ ਆਪਣੇ ਰੋਜ਼ਾਨਾ ਦੇ ਵਿਵਹਾਰ ’ਚ ਕਿਹੋ ਜਿਹਾ ਸਲੂਕ ਕਰਦੀ ਹੈ ਜਿਨ੍ਹਾਂ ਦੀ ਸੇਵਾ ਕਰਨ ਦੀ ਉਨ੍ਹਾਂ ਨੇ ਸਹੁੰ ਚੁੱਕੀ ਹੈ, ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਹੁਤੇ ਰਾਜਾਂ ਦੇ ਮੁੱਖ ਮੰਤਰੀ ‘ਗ੍ਰਹਿ’ ਵਿਭਾਗ ਆਪਣੇ ਕੋਲ ਰੱਖਣਾ ਪਸੰਦ ਕਰਦੇ ਹਨ।

ਵਿਜੇ ਨੇ ਇਕ ਹੋਰ ਦ੍ਰਿੜ੍ਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਸਰਵ-ਮਹਿਲਾ ਇਕਾਈ ਦੀ ਅਗਵਾਈ ਕਰਨ ਲਈ ਭੁਵਨੇਸ਼ਵਰੀ ਨਾਂ ਦੀ ਇਕ ਮਹਿਲਾ ਆਈ. ਪੀ. ਐੱਸ. ਅਧਿਕਾਰੀ ਨੂੰ ਨਿਯੁਕਤ ਕੀਤਾ ਹੈ ਅਤੇ ਹੁਕਮ ਦਿੱਤਾ ਹੈ ਕਿ ਉਹ ਸਿੱਧੇ ਉਨ੍ਹਾਂ ਨੂੰ ਰਿਪੋਰਟ ਕਰੇ। ਉਹ ਵਿਵਸਥਾ ਵਿਵਹਾਰਕ ਜਾਂ ਉਚਿਤ ਹੋਵੇ ਜਾਂ ਨਾ ਹੋਵੇ, ਪਰ ਸ਼ੁਰੂਆਤ ਦੇ ਤੌਰ ’ਤੇ ਇਹ ਪਹਿਲ ਇਕ ਜ਼ਰੂਰੀ ਸੁਨੇਹਾ ਦੇਣ ਲਈ ਪਾਬੰਦ ਹੈ। ‘ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਉਨ੍ਹਾਂ ਲਈ ਅਤੇ ਹੋਰ ਵਿਚਾਰਵਾਨ ਨਾਗਰਿਕਾਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਉਹ (ਵਿਜੇ) ਇਹ ਯਕੀਨੀ ਬਣਾਉਣ ਜਾ ਰਹੇ ਹਨ ਕਿ ਔਰਤਾਂ ਬਿਨਾਂ ਕਿਸੇ ਡਰ ਦੇ ਸੜਕਾਂ ’ਤੇ ਚੱਲ ਸਕਣ।’

ਮੇਰੇ ਸ਼ਹਿਰ ਮੁੰਬਈ ’ਚ, ਪੁਲਸ ਨੇ ਇਕ ‘ਦੀਦੀ’ ਪ੍ਰਾਜੈਕਟ ਵਿਕਸਿਤ ਕੀਤਾ ਹੈ। ਹਰ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ’ਚ ਮਹਿਲਾ ਪੁਲਸ ਮੁਲਾਜ਼ਮਾਂ ਨੂੰ ‘ਦੀਦੀ’ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ, ਤਾਂ ਜੋ ਉਹ ਸਕੂਲ ਪ੍ਰਸ਼ਾਸਨ ਦੇ ਸੰਪਰਕ ’ਚ ਰਹਿ ਕੇ ਸਕੂਲ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਦੀ ਨਿਗਰਾਨੀ ਕਰ ਸਕਣ, ਜਦੋਂ ਤੱਕ ਕਿ ਉਹ ਆਪਣੇ ਘਰ ਤੋਂ ਨਿਕਲਦੇ ਅਤੇ ਵਾਪਸ ਨਹੀਂ ਪਰਤਦੇ। ਸਕੂਲ ਬੱਸਾਂ ’ਚ ਜਾਣ ਵਾਲੇ ਬੱਚਿਆਂ ਨਾਲ ਅਕਸਰ ਛੇੜਛਾੜ ਦੀਆਂ ਘਟਨਾਵਾਂ ਵਾਪਰਦੀਆਂ ਹਨ।

ਸੜਕਾਂ ’ਤੇ ਔਰਤਾਂ ਦੀ ਸੁਰੱਖਿਆ ਇਕ ਵੱਖਰੀ ਸਮੱਸਿਆ ਹੈ। ਪੀ. ਸੀ. ਜੀ. ਟੀ. (ਪਬਲਿਕ ਕੰਸਰਨ ਫਾਰ ਗਵਰਨਰ ਟਰੱਸਟ) ਦੇ ਟਰੱਸਟੀ ਵਜੋਂ, ਮੈਂ ਇਕ ਹੋਰ ਐੱਨ. ਜੀ. ਓ. ਦੇ ਸੰਪਰਕ ’ਚ ਸੀ, ਜੋ ਕਈ ਸਾਲਾਂ ਤੋਂ ਇਸ ਕੰਮ ’ਚ ਸ਼ਾਮਲ ਸੀ। ਅਸੀਂ ਮਿਲ ਕੇ ਕੰਮ ਕੀਤਾ ਅਤੇ ਸ਼ਹਿਰ ’ਚ ਕਈ ਅਸੁਰੱਖਿਅਤ ਥਾਵਾਂ ਨੂੰ ਚਿੰਨ੍ਹਿਤ ਕਰਨ ਅਤੇ ਸ਼ੁਰੂਆਤ ਦੇ ਤੌਰ ’ਤੇ ਉੱਥੇ ਰਾਤ ਨੂੰ ਬਿਹਤਰ ਸਟ੍ਰੀਟ ਲਾਈਟਿੰਗ ਦੀ ਵਿਵਸਥਾ ਕਰਵਾਉਣ ’ਚ ਸਫਲ ਰਹੇ।

ਪਿਛਲੇ ਕੁਝ ਦਹਾਕਿਆਂ ’ਚ ਔਰਤਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਸਹੀ ਕਾਰਨਾਂ ਨੂੰ ਦੱਸ ਪਾਉਣਾ ਮੁਸ਼ਕਲ ਹੈ, ਪਰ ਇਹ ਨਿਸ਼ਚਿਤ ਹੈ ਕਿ ਸਾਨੂੰ ਆਪਣੇ ਸਮਾਜ ਦੇ ਸਾਰੇ ਵਰਗਾਂ ਦੇ ਨੌਜਵਾਨਾਂ ਨੂੰ ਆਪਣੀਆਂ ਮਾਵਾਂ, ਭੈਣਾਂ ਅਤੇ ਧੀਆਂ ਦਾ ਸਤਿਕਾਰ ਕਰਨ ਅਤੇ ਇਹ ਸਤਿਕਾਰ ਸਾਰੀਆਂ ਔਰਤਾਂ ਤੱਕ ਵਧਾਉਣ ਦੇ ਮਹੱਤਵ ਬਾਰੇ ਜਾਗਰੂਕ ਕਰਨ ਦੀ ਲੋੜ ਹੈ।

ਮੁੱਖ ਮੰਤਰੀ ਵਿਜੇ ਦੀ ਮਨਸ਼ਾ ਨੇਕ ਹੈ ਪਰ ਵਿਸ਼ੇਸ਼ ਮਹਿਲਾ ਇਕਾਈ ਦੀ ਨਿਗਰਾਨੀ ਮੁੱਖ ਮੰਤਰੀ ਲਈ ਇਕ ਵਾਧੂ ਬੋਝ ਸਾਬਤ ਹੋ ਸਕਦੀ ਹੈ। ਉਹ ਜਲਦੀ ਹੀ ਇਸ ਨੂੰ ਸਮਝ ਜਾਣਗੇ ਅਤੇ ਉਸ ਸਮੱਸਿਆ ਦਾ ਹੱਲ ਕੱਢ ਲੈਣਗੇ। ਹਾਲਾਂਕਿ ਤਾਮਿਲਨਾਡੂ ’ਚ ‘ਸਿੰਗਾਪੱਨ’ ਪ੍ਰਾਜੈਕਟ ’ਤੇ ਨਜ਼ਰ ਰੱਖਣਾ ਬਹੁਤ ਦਿਲਚਸਪ ਹੋਵੇਗਾ, ਪਰ ਪੰਜਾਬ ’ਚ ਮਹਿਲਾ ਪੁਲਸ ਅਧਿਕਾਰੀਆਂ ਦਾ ਅਪਰਾਧੀਆਂ ਵਿਰੁੱਧ ਪ੍ਰਮੁੱਖ ਮੁਹਿੰਮਾਂ ਦੀ ਅਗਵਾਈ ਕਰਨਾ ਰਾਜ ਦੀ ਜਨਤਾ ਦਾ ਧਿਆਨ ਖਿੱਚ ਰਿਹਾ ਹੈ।

ਦੋ ਪ੍ਰਮੁੱਖ ਮੁਹਿੰਮਾਂ ‘ਗੈਂਗਸਟਰਾਂ ’ਤੇ ਵਾਰ’ ਅਤੇ ‘ਆਪ੍ਰੇਸ਼ਨ ਪ੍ਰਹਾਰ’ ’ਚ ਰਾਜ ਦੀਆਂ 79 ਮਹਿਲਾ ਪੁਲਸ ਅਧਿਕਾਰੀਆਂ ’ਚੋਂ 5 ਮਹਿਲਾ ਅਧਿਕਾਰੀ ਫੀਲਡ ਆਪ੍ਰੇਸ਼ਨਾਂ ਦੀ ਅਗਵਾਈ ਕਰ ਰਹੀਆਂ ਹਨ। ਫਰੀਦਕੋਟ ਦੀ ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ.) ਪ੍ਰਗਿਆ ਜੈਨ (ਹੁਣ ਚੰਡੀਗੜ੍ਹ ’ਚ ਏ. ਆਈ. ਜੀ. ਕਾਨੂੰਨ-ਵਿਵਸਥਾ) ਅਜਿਹੀ ਹੀ ਇਕ ਅਧਿਕਾਰੀ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਲਿੰਗ ਦਾ ਉਸ ਭੂਮਿਕਾ ਨਾਲ ਕੋਈ ਲੈਣਾ-ਦੇਣਾ ਨਹੀਂ, ਜਿਸ ਨੂੰ ਨਿਭਾਉਣ ਲਈ ਉਨ੍ਹਾਂ ਨੂੰ ਕਿਹਾ ਗਿਆ ਹੈ।

ਏ. ਆਈ. ਜੀ. ਦਾ ਕਹਿਣਾ ਹੈ ਕਿ ਪੁਲਸਿੰਗ ਯੋਗਤਾ, ਹੌਸਲੇ ਅਤੇ ਵਚਨਬੱਧਤਾ ਬਾਰੇ ਹੈ। ਮੈਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਪੁਲਸਿੰਗ ’ਚ ਬਹੁਤ ਕੁਝ ਲੀਡਰਸ਼ਿਪ ’ਤੇ ਨਿਰਭਰ ਕਰਦਾ ਹੈ। ਜੇਕਰ ਉਹ ਆਪਣੇ ਸਾਰੇ ਜੂਨੀਅਰਾਂ ਨੂੰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਾਲ ਲੈ ਕੇ ਚੱਲ ਸਕਦਾ/ਸਕਦੀ ਹੈ, ਤਾਂ ਆਗੂ ਦਾ ਲਿੰਗ, ਧਰਮ, ਜਾਤ ਜਾਂ ਆਰਥਿਕ ਸਥਿਤੀ ਪੂਰੀ ਤਰ੍ਹਾਂ ਗੈਰ-ਪ੍ਰਾਸੰਗਿਕ ਹੈ।

ਕੀ ਪੁਲਸਿੰਗ ’ਚ ਔਰਤਾਂ ਮਰਦਾਂ ਨਾਲੋਂ ਬਿਹਤਰ ਹਨ? ਇਸ ਦਾ ਉੱਤਰ ਹੈ ‘ਨਹੀਂ’। ਇਹ ਸਭ ਵਿਅਕਤੀਆਂ ’ਤੇ ਨਿਰਭਰ ਕਰਦਾ ਹੈ। ਮੈਂ ਫੋਰਸ ਦੇ ਵੱਖ-ਵੱਖ ਪੱਧਰਾਂ ’ਤੇ ਸ਼ਾਨਦਾਰ ਔਰਤਾਂ ਅਤੇ ਮਰਦਾਂ ਨੂੰ ਦੇਖਿਆ ਹੈ। ਮੈਂ ਦੋਵਾਂ ਲਿੰਗਾਂ ’ਚ ਸੁਸਤ ਲੋਕਾਂ ਨੂੰ ਵੀ ਦੇਖਿਆ ਹੈ। ਇੱਥੋਂ ਤੱਕ ਕਿ ਭ੍ਰਿਸ਼ਟਾਚਾਰ ਨੇ ਵੀ ਦੋਵਾਂ ਲਿੰਗਾਂ ਨੂੰ ਪ੍ਰਭਾਵਿਤ ਕੀਤਾ ਹੈ। ਬਹੁਤ ਕੁਝ ਅਹੁਦੇ ’ਚ ਸਭ ਤੋਂ ਉੱਪਰ ਬੈਠੇ ਲੋਕਾਂ ’ਤੇ ਨਿਰਭਰ ਕਰਦਾ ਹੈ। ਮਰਦ ਅਤੇ ਔਰਤਾਂ ਦੋਵੇਂ ਉਸ ਵੱਲ ਦੇਖਣਗੇ। ਜੇਕਰ ਆਗੂ ਇਮਾਨਦਾਰ ਹੈ ਅਤੇ ਅੱਗੇ ਵਧ ਕੇ ਅਗਵਾਈ ਕਰਨ ਲਈ ਤਿਆਰ ਹੈ, ਤਾਂ ਉਹ ਆਪਣੀ ਦੇਖਭਾਲ ’ਚ ਸੌਂਪੇ ਗਏ ਮਰਦਾਂ ਅਤੇ ਔਰਤਾਂ ਦੇ ਪੂਰੇ ਸਮੂਹ ਦਾ ਸਰੂਪ ਬਦਲ ਸਕਦਾ/ਸਕਦੀ ਹੈ।

ਮਰਦਾਂ ਅਤੇ ਔਰਤਾਂ ਵਿਚਾਲੇ ਕੁਝ ਕੁਦਰਤੀ ਫਰਕ ਹਨ ਜਿਨ੍ਹਾਂ ਨੂੰ ਸੇਵਾ ਦੇ ਪੜਾਅ ’ਤੇ ਐਡਜਸਟ ਕੀਤਾ ਜਾਣਾ ਚਾਹੀਦਾ ਹੈ। ਉਦਾਹਰਣ ਵਜੋਂ, ਮਰਦਾਂ ਨੂੰ ਸਰੀਰਕ ਤੌਰ ’ਤੇ ਵਧੇਰੇ ਮਜ਼ਬੂਤ ਬਣਾਇਆ ਗਿਆ ਹੈ। ਵਧੇਰੇ ਹਿੰਸਕ ਕਿਸਮ ਦੇ ਲਾਠੀਚਾਰਜ ਦੀ ਜ਼ਿੰਮੇਵਾਰੀ ਸਿਰਫ਼ ਮਰਦਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਕੰਮ ਪੂਰਾ ਕਰਨ ਲਈ ਲੋੜੀਂਦੇ ਹੋਰ ਬਾਕੀ ਸਾਰੇ ਗੁਣ, ਜਿਵੇਂ ਕਿ ਇਮਾਨਦਾਰੀ, ਨਿਰਪੱਖਤਾ, ਪਹਿਲਕਦਮੀ, ਵਚਨਬੱਧਤਾ, ਦੋਵਾਂ ਲਈ ਬਰਾਬਰ ਹਨ।

ਪੰਜਾਬ ਪੁਲਸ ਨੇ ਦੇਖਿਆ ਕਿ ਔਰਤਾਂ ਆਪਣੇ ਇਲਾਕੇ ’ਚ ਅਪਰਾਧੀਆਂ ਬਾਰੇ ਖੁਫੀਆ ਜਾਣਕਾਰੀ ਸਾਂਝੀ ਕਰਨ ’ਚ ਮਹਿਲਾ ਪੁਲਸ ਅਧਿਕਾਰੀਆਂ ਪ੍ਰਤੀ ਵਧੇਰੇ ਖੁੱਲ੍ਹ ਕੇ ਸਾਹਮਣੇ ਆਉਂਦੀਆਂ ਸਨ। ਇਹ ਸੁਭਾਵਿਕ ਹੈ। ਇਸੇ ਤਰ੍ਹਾਂ, ਸਾਡੀ ਭਾਰਤੀ ਸੰਸਕ੍ਰਿਤੀ ’ਚ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ ਸ਼ਾਇਦ ਪੁਰਸ਼ ਪੁਲਸ ਮੁਲਾਜ਼ਮਾਂ ਨਾਲ ਆਪਣੀ ਪੀੜਾ ਦਾ ਵੇਰਵਾ ਸਾਂਝਾ ਕਰਨਾ ਪਸੰਦ ਨਾ ਕਰਨ, ਪਰ ਮਹਿਲਾ ਪੁਲਸ ਮੁਲਾਜ਼ਮਾਂ ਨਾਲ ਵਧੇਰੇ ਸਹਿਜ ਹੋਣਗੀਆਂ। ਤੁਰੰਤ ਫੈਸਲੇ ਲੈਣ ਲਈ ਮਜਬੂਰ ਆਗੂਆਂ ਨੂੰ ਇਨ੍ਹਾਂ ਹਕੀਕਤਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ।

ਮੇਰੇ ਸਮੇਂ ’ਚ ਮੁੰਬਈ ਦੀ ਇਕ ਜੁਝਾਰੂ ਭਾਜਪਾ ਨੇਤਾ ਜੈਵੰਤੀਬੇਨ ਮਹਿਤਾ ਨੇ ਉਸ ਫ੍ਰੀਵੇਅ ਨੂੰ ਰੋਕ ਦਿੱਤਾ ਸੀ, ਜਿਸ ਤੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲੰਘਣ ਵਾਲੀ ਸੀ। ਮੈਨੂੰ ਸੜਕ ਖਾਲੀ ਕਰਵਾਉਣ ਲਈ ਡੀ. ਸੀ. ਪੀ. ਵਜੋਂ ਭੇਜਿਆ ਗਿਆ ਸੀ। ਮੈਂ ਜੈਵੰਤੀਬੇਨ ਨਾਲ ਬਹਿਸ ਕੀਤੀ ਪਰ ਉਹ ਆਪਣੀ ਗੱਲ ’ਤੇ ਅੜੀ ਰਹੀ। ਉਨ੍ਹਾਂ ਨੇ ਮਹਿਲਾ ਪੁਲਸ ਦੀ ਮੰਗ ਕੀਤੀ, ਜੋ ਉਨ੍ਹਾਂ ਦਿਨਾਂ ’ਚ ਅੱਜ ਵਾਂਗ ਵੱਡੀ ਗਿਣਤੀ ’ਚ ਨਹੀਂ ਹੁੰਦੀ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਕੋਲ ਕੋਈ ਮਹਿਲਾ ਪੁਲਸ ਨਹੀਂ ਹੈ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਅੱਗੇ ਵਧਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਦੇ ਇਨਕਾਰ ਕਰਨ ’ਤੇ ਮੈਨੂੰ ਪੁਰਸ਼ ਮੁਲਾਜ਼ਮਾਂ ਨੂੰ ਹੁਕਮ ਦੇਣਾ ਪਿਆ ਕਿ ਉਹ ਔਰਤਾਂ ਨੂੰ ਖਿੰਡਾਉਣ ਲਈ ਆਪਣੀਆਂ ਲਾਠੀਆਂ ਨੂੰ ਜ਼ਮੀਨ ’ਤੇ ਪਟਕਣ ਅਤੇ ਜ਼ੋਰ-ਜ਼ੋਰ ਨਾਲ ਸ਼ੋਰ ਮਚਾਉਣ। ਇਹ ਸਭ ਤੋਂ ਵਿਵਹਾਰਕ ਬਦਲ ਸੀ ਜੋ ਮੈਨੂੰ ਉਸ ਵੇਲੇ ਸੁੱਝਿਆ।

ਜੈਵੰਤੀਬੇਨ ਮਹਿਤਾ ਕਈ ਸਾਲਾਂ ਬਾਅਦ ਵਾਜਪਾਈ ਸਰਕਾਰ ’ਚ ਰਾਜ ਮੰਤਰੀ ਬਣੀ। ਮੈਨੂੰ ਰਾਜਧਾਨੀ ਜਾਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਦਿੱਲੀ ’ਚ ਆਪਣੀ ਸਰਕਾਰੀ ਰਿਹਾਇਸ਼ ’ਤੇ ਖਾਣੇ ਲਈ ਬੁਲਾਇਆ। ਜ਼ਾਹਿਰ ਹੈ ਕਿ ਉਨ੍ਹਾਂ ਨੇ ਮੇਰੇ ਖ਼ਿਲਾਫ਼ ਕੋਈ ਵੀ ਗਿਲਾ-ਸ਼ਿਕਵਾ ਨਹੀਂ ਰੱਖਿਆ, ਠੀਕ ਉਵੇਂ ਹੀ ਜਿਵੇਂ ਮੈਂ ਉਨ੍ਹਾਂ ਦੇ ਖ਼ਿਲਾਫ਼ ਕੋਈ ਵੈਰ ਨਹੀਂ ਰੱਖਿਆ। ਅਸੀਂ ਦੋਵੇਂ ਆਪਣੇ-ਆਪਣੇ ਫ਼ਰਜ਼ਾਂ ਦਾ ਪਾਲਣ ਕਰ ਰਹੇ ਸੀ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਤੇ ਸਾਬਕਾ ਆੀ.ਪੀ.ਐੱਸ. ਅਧਿਕਾਰੀ)


author

Rakesh

Content Editor

Related News