ਘਟੀਆ ਭਾਰਤੀ ਸੈਲਾਨੀਆਂ ਨਾਲ ਨਜਿੱਠਣਾ, ਚੀਨ ਤੋਂ ਸਬਕ

Sunday, Jun 14, 2026 - 05:20 PM (IST)

ਘਟੀਆ ਭਾਰਤੀ ਸੈਲਾਨੀਆਂ ਨਾਲ ਨਜਿੱਠਣਾ, ਚੀਨ ਤੋਂ ਸਬਕ

‘ਘਟੀਆ ਭਾਰਤੀ’ ਇਕ ਅਜਿਹਾ ਸੈਲਾਨੀ ਰੂਪਕ ਬਣਦਾ ਜਾ ਰਿਹਾ ਹੈ, ਜੋ ਸਾਰੇ ਕਿਤਾਬੀ ਕੀੜਾ ਟੈੱਕ-ਮਾਹਿਰਾਂ ਦੀ ਬਦੌਲਤ ਕਾਇਮ ਹੋਏ ‘ਬੁੱਧੀਮਾਨ ਭਾਰਤੀ’ ਦੇ ਅਕਸ ’ਤੇ ਹਾਵੀ ਹੋ ਰਿਹਾ ਹੈ। ਉੱਚੀ ਆਵਾਜ਼ ਵਾਲੇ, ਹੰਕਾਰੀ, ਗੰਦਗੀ ਫੈਲਾਉਣ ਵਾਲੇ ਅਤੇ ਚੋਰੀ-ਛਿਪੇ ਸਾਮਾਨ ਚੁੱਕਣ ਵਾਲੇ ਭਾਰਤੀਆਂ ਦੀ ਚੌਤਰਫ਼ਾ ਆਲੋਚਨਾ ਹੋ ਰਹੀ ਹੈ, ਜੋ ਹੋਰ ਸਾਰੇ ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕਾਂ ਲਈ ਵੀ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਨੂੰ ਅਸਹਿਣਯੋਗ ਬਣਾ ਦਿੰਦੇ ਹਨ। ਹੈਰਾਨ ਭਾਰਤੀ ਅਤੇ ਵਿਦੇਸ਼ੀ ਟਿੱਪਣੀਕਾਰਾਂ ਨੇ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਕਈ ਦੇਸ਼ ਹੁਣ ਭਾਰਤੀ ਸੈਲਾਨੀਆਂ ਦੇ ਅਣਉਚਿਤ ਵਿਵਹਾਰ ਕਾਰਨ ਉਨ੍ਹਾਂ ’ਤੇ ਪਾਬੰਦੀਆਂ ਲਗਾ ਰਹੇ ਹਨ।

ਦਿੱਤੀਆਂ ਗਈਆਂ ਉਦਾਹਰਣਾਂ ਜਾਣੀਆਂ-ਪਛਾਣੀਆਂ ਹਨ। ਜਹਾਜ਼ ਦੇ ਗੇਟ ’ਤੇ ਰੁਕਣ ਤੋਂ ਠੀਕ ਪਹਿਲਾਂ ਯਾਤਰੀਆਂ ਦਾ ਖੜ੍ਹੇ ਹੋ ਜਾਣਾ ਅਤੇ ਦਰਵਾਜ਼ਿਆਂ ਵੱਲ ਧੱਕਾ-ਮੁੱਕੀ ਕਰਨਾ, ਕੈਬਿਨ ਦੇ ਅੰਦਰ ਅਸੱਭਿਅਕ ਵਿਵਹਾਰ ਕਰਨਾ, ਜਿਸ ’ਚ (ਰੇਲਗੱਡੀ ਵਾਂਗ) ਖਾਣਾ ਆਪਸ ’ਚ ਵੰਡਣਾ ਅਤੇ ਬਿਨਾਂ ਈਅਰਫੋਨ ਦੇ ਨਿੱਜੀ ਗੈਜੇਟਸ ਦੀ ਵਰਤੋਂ ਕਰਨਾ ਸ਼ਾਮਲ ਹੈ। ਦੂਜਿਆਂ ਦੀ ਸਹੂਲਤ ਜਾਂ ਸਫ਼ਾਈ ਦੀ ਪਰਵਾਹ ਕੀਤੇ ਬਿਨਾਂ ਹੋਟਲ ਦੇ ਰੈਸਟੋਰੈਂਟ ’ਚ ਬੁਫ਼ੇ ’ਤੇ ਟੁੱਟ ਪੈਣਾ, ਕਮਰਿਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਗੰਦਾ ਛੱਡ ਦੇਣਾ ਅਤੇ ਸਫ਼ਾਰੀ, ਸਮੁੰਦਰੀ ਤੱਟਾਂ, ਪਹਾੜਾਂ, ਸਮਾਰਕਾਂ ਆਦਿ ’ਤੇ ਉੱਚੀ ਆਵਾਜ਼ ’ਚ ਖਰੂਦ ਮਚਾਉਣਾ। ਉਹ ਇਕ ਸ਼ਰਮਿੰਦਗੀ ਹੈ।

ਪਰ ਕੀ ਬੁਰਾ ਵਿਵਹਾਰ ਸਿਰਫ ਉਸੇ ਪਲ ਤੋਂ ਸ਼ੁਰੂ ਹੁੰਦਾ ਹੈ ਜਦੋਂ ਉਹ ਆਪਣੀਆਂ ਛੁੱਟੀਆਂ ਸ਼ੁਰੂ ਕਰਦੇ ਹਨ ਜਾਂ ਇਹ ਸਥਾਨਕ ਅਤੇ ਸਥਾਈ ਹੈ? ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਕੀ ਵਿਦੇਸ਼ਾਂ ’ਚ ਸਿਰਫ ਉਹ ਹੀ ਅਜਿਹੇ ਸੈਲਾਨੀ ਹਨ ਜੋ ਬੁਰਾ ਵਿਵਹਾਰ ਕਰਦੇ ਹਨ? ਬ੍ਰਿਟਿਸ਼ ‘ਲੇਗਰ ਲਾਊਟਸ’ (ਸ਼ਰਾਬੀ ਖਰੂਦੀ) ਜਾਂ ‘ਯੌਬਸ’ ਵੀ ਬਜਟ ਯੂਰਪੀਅਨ ਮੰਜ਼ਿਲਾਂ ਅਤੇ ਫੁੱਟਬਾਲ ਦੇ ਮੈਦਾਨਾਂ ’ਤੇ ਆਪਣੇ ਸ਼ਰਾਬੀ ਅਤੇ ਖ਼ਰਾਬ ਵਿਵਹਾਰ ਲਈ ਜਾਣੇ ਜਾਂਦੇ ਹਨ। ਰੂਸੀ ਸੈਲਾਨੀਆਂ ਨੂੰ ਵੀ ਅੱਖੜ, ਤੇਜ਼ ਆਵਾਜ਼ ਵਾਲੇ ਅਤੇ ਸਥਾਨਕ ਰੀਤੀ-ਰਿਵਾਜਾਂ ਤੇ ਨਿਯਮਾਂ ਦਾ ਨਿਰਾਦਰ ਕਰਨ ਵਾਲਿਆਂ ਵਜੋਂ ਜਾਣਿਆ ਜਾਂਦਾ ਹੈ। ਅਮਰੀਕੀ, ਆਸਟ੍ਰੇਲੀਆਈ ਅਤੇ ਚੀਨੀ ਵੀ ਬਿਲਕੁਲ ਆਦਰਸ਼ ਸੈਲਾਨੀ ਨਹੀਂ ਰਹੇ ਹਨ।

ਅਸਲ ’ਚ, ‘ਦਿ ਅਗਲੀ ਅਮੇਰਿਕਨ’ (ਹੰਕਾਰੀ ਅਮਰੀਕੀ) ਸ਼ਬਦ 70 ਸਾਲ ਪਹਿਲਾਂ ਇਸੇ ਨਾਂ ਦੇ ਨਾਵਲ ’ਚ ਅਮਰ ਹੋ ਗਿਆ ਸੀ, ਜੋ ਉੱਚ ਅਹੁਦਿਆਂ ’ਤੇ ਬੈਠੇ ਅਮਰੀਕੀ ਡਿਪਲੋਮੈਟਾਂ ਦੇ ਸੰਦਰਭ ’ਚ ਸੀ। ਇਹ ਉਹ ਸਮਾਂ ਸੀ, ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਇਕ ਪ੍ਰਮੁੱਖ ਰਾਜਨੀਤਿਕ ਅਤੇ ਆਰਥਿਕ ਸ਼ਕਤੀ ਵਜੋਂ ਉੱਭਰਿਆ ਸੀ ਪਰ ਆਖ਼ਰਕਾਰ ਇਹ ਸ਼ਬਦ ਵਿਦੇਸ਼ਾਂ ’ਚ ਯਾਤਰਾ ਕਰਨ ਵਾਲੇ ਉਨ੍ਹਾਂ ਹੱਕਦਾਰ, ਅਸੱਭਿਅਕ, ਸੱਭਿਆਚਾਰਕ ਤੌਰ ’ਤੇ ਅਗਿਆਨੀ ਅਤੇ ਬੜਬੋਲੇ ਅਮਰੀਕੀਆਂ ਦਾ ਪ੍ਰਤੀਕ ਬਣ ਗਿਆ ਜਿਨ੍ਹਾਂ ਨੇ ਅਮਰੀਕਾ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ। ਕੀ ਮਹਾਸ਼ਕਤੀ ਬਣਨ ਦਾ ਅਸਰ ਅਮਰੀਕੀ ਨਾਗਰਿਕਾਂ ਦੇ ਵਿਵਹਾਰ ’ਤੇ ਪਿਆ?

ਹਾਲਾਂਕਿ ਆਸਟ੍ਰੇਲੀਆਈ ਲੋਕਾਂ ਦੇ ਕਥਿਤ ਹੰਕਾਰੀ ਸੁਭਾਅ ਨੂੰ ਸਮਝਾਉਣਾ ਵਧੇਰੇ ਮੁਸ਼ਕਿਲ ਹੈ ਪਰ ਚੀਨ ਦਾ ਵੀ ਇਹੀ ਰਾਹ ਰਿਹਾ ਹੈ, ਕਿਉਂਕਿ ਪਿਛਲੇ ਕੁਝ ਦਹਾਕਿਆਂ ’ਚ ਉਹ ਏਸ਼ੀਆ ਦਾ ਆਰਥਿਕ ਪਾਵਰਹਾਊਸ ਬਣ ਗਿਆ। ਲੱਖਾਂ ਚੀਨੀਆਂ ਨੇ ਵਿਦੇਸ਼ਾਂ ਦੀ ਯਾਤਰਾ ਕਰਨ ਦੇ ਸਾਧਨ ਤਾਂ ਹਾਸਲ ਕਰ ਲਏ ਪਰ ਖ਼ੁਦ ਨੂੰ ਵਿਦੇਸ਼ੀ ਮੰਜ਼ਿਲਾਂ ਅਤੇ ਨਿਯਮਾਂ ਤੋਂ ਜਾਣੂ ਨਹੀਂ ਕਰਵਾਇਆ। ਇਸ ਨੂੰ ‘ਨਵੇਂ ਯਾਤਰੀ ਦੀ ਘਟਨਾ’ ਦਾ ਨਾਂ ਦਿੱਤਾ ਗਿਆ। ਇਸ ਦੇ ਨਾਲ ਹੀ, ਇਕ ਅਜਿਹੇ ਦੇਸ਼ ਅਤੇ ਲੋਕਾਂ ਲਈ ਅੰਤਰਰਾਸ਼ਟਰੀ ਯਾਤਰਾ ਦਾ ਵੱਕਾਰ ਜੁੜ ਗਿਆ, ਜੋ ਇਤਿਹਾਸਕ ਤੌਰ ’ਤੇ ਅਲੱਗ-ਥਲੱਗ ਰਹੇ ਸਨ। ਇਸ ਦਾ ਨਤੀਜਾ ਸੁਰਖੀਆਂ ’ਚ ਰਹਿਣ ਵਾਲੀ ਬਦਤਮੀਜ਼ੀ ਦੇ ਰੂਪ ’ਚ ਸਾਹਮਣੇ ਆਇਆ।

ਇਕ-ਦੋ ਦਹਾਕੇ ਪਹਿਲਾਂ, ਭਾਰਤੀ ਸੈਲਾਨੀਆਂ ਬਾਰੇ ਜੋ ਡਰਾਉਣੀਆਂ ਕਹਾਣੀਆਂ ਹੁਣ ਸਾਹਮਣੇ ਆ ਰਹੀਆਂ ਹਨ, ਉਹ ਨਿਯਮਿਤ ਤੌਰ ’ਤੇ ਚੀਨੀ ਸੈਲਾਨੀਆਂ ਬਾਰੇ ਕਹੀਆਂ ਜਾਂਦੀਆਂ ਸਨ। ਚੀਨੀ ਸੈਲਾਨੀਆਂ ਵੱਲੋਂ ਹਵਾਈ ਅੱਡੇ ਦੇ ਲਾਊਂਜ ’ਚ ਸ਼ੌਚ ਕਰਨ, ਪ੍ਰਾਚੀਨ ਸਮਾਰਕਾਂ ’ਤੇ ਆਪਣੇ ਨਾਂ ਉਕਰਨ, ਹਨੀਮੂਨ ਛੋਟ ਪਾਉਣ ਲਈ ਫਰਜ਼ੀ ਵਿਆਹ ਸਰਟੀਫਿਕੇਟ ਬਣਾਉਣ, ਥੁੱਕਣ, ਸੜਕ ’ਤੇ ਬੇਤਰਤੀਬੇ ਢੰਗ ਨਾਲ ਚੱਲਣ, ਕਤਾਰਾਂ ਤੋੜਨ ਅਤੇ ਆਮ ਤੌਰ ’ਤੇ ਜਿਸ ਦੇਸ਼ ਦਾ ਉਹ ਦੌਰਾ ਕਰ ਰਹੇ ਸਨ, ਉੱਥੋਂ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰਨ ਦੀਆਂ ਅਣਗਿਣਤ ਘਟਨਾਵਾਂ ਸਨ। ਇਹ ਲਗਭਗ ਇਕ ਆਰਥਿਕ ਬਦਲਾਅ ਦਾ ਦੌਰ ਬਣ ਗਿਆ ਹੈ।

ਚੀਨ ਨੇ, ਹਾਲਾਂਕਿ, ਸਾਵਧਾਨੀਪੂਰਵਕ ਇਹ ਯਕੀਨੀ ਬਣਾਇਆ ਕਿ ਵਿਦੇਸ਼ਾਂ ’ਚ ਜਾਣ ਵਾਲੇ ਉਨ੍ਹਾਂ ਚੀਨੀਆਂ ਦੇ ਬੁਰੇ ਵਿਵਹਾਰ ਨੂੰ ਲੰਬੇ ਸਮੇਂ ’ਚ ਅੰਤਰਰਾਸ਼ਟਰੀ ਪੱਧਰ ’ਤੇ ਪੂਰੇ ਦੇਸ਼ ਦੇ ਅਕਸ ਨੂੰ ਕਲੰਕਿਤ ਨਾ ਕਰਨ ਦਿੱਤਾ ਜਾਵੇ। ਚੀਨ ਦੀ ਸਰਕਾਰ ਨੇ ਇਕ ਸਰਗਰਮ ਰੁਖ਼ ਅਪਣਾਇਆ ਅਤੇ ਅੰਤਰਰਾਸ਼ਟਰੀ ਯਾਤਰਾ ਸ਼ਿਸ਼ਟਾਚਾਰ ’ਤੇ ਜਨਤਕ ਸਿੱਖਿਆ ਮੁਹਿੰਮਾਂ ਸ਼ੁਰੂ ਕੀਤੀਆਂ, ਇੱਥੋਂ ਤੱਕ ਕਿ ਵਿਘਨ ਪਾਉਣ ਵਾਲੇ ਚੀਨੀ ਨਾਗਰਿਕਾਂ ਨੂੰ ਸਜ਼ਾ ਦੇਣ ਲਈ ‘ਨਾਂ ਅਤੇ ਸ਼ਰਮਿੰਦਾ ਕਰੋ’ ਡੇਟਾਬੇਸ ਵੀ ਤਿਆਰ ਕੀਤਾ। ਭਾਰਤ ਨੂੰ ਚੀਨ ਤੋਂ ਸਬਕ ਲੈਣਾ ਚਾਹੀਦਾ ਹੈ, ਜਿਸ ’ਚ ਸਾਡੀ ਲੋਕਤੰਤਰੀ ਵਿਵਸਥਾ ਦੇ ਅਨੁਕੂਲ ਉਚਿਤ ਬਦਲਾਅ ਕੀਤੇ ਜਾਣ।

ਸੋਸ਼ਲ ਮੀਡੀਆ ਹੁਣ ਇਕ ਸ਼ਕਤੀਸ਼ਾਲੀ ਸਾਧਨ ਹੈ, ਜਿਸ ਦੇ ਜ਼ਰੀਏ ਵਿਦੇਸ਼ਾਂ ’ਚ ਭਾਰਤੀ ਸੈਲਾਨੀਆਂ ਦੀ ਬਦਨਾਮੀ ਕਰਵਾਉਣ ਵਾਲੇ ਵਿਵਹਾਰ ਬਾਰੇ ਦੱਸਿਆ ਜਾ ਸਕਦਾ ਹੈ, ਨਾਲ ਹੀ ਨਿਯਮਾਂ ਦੀ ਉਲੰਘਣਾ ਦੇ ਨਤੀਜਿਆਂ ਬਾਰੇ ਚਿਤਾਵਨੀ ਵੀ ਦਿੱਤੀ ਜਾ ਸਕਦੀ ਹੈ। ਭਾਰਤ ਦੇ ਅੰਦਰ ਵੀ ਜਹਾਜ਼ਾਂ, ਹੋਟਲਾਂ ਅਤੇ ਸੈਰ-ਸਪਾਟਾ ਸਥਾਨਾਂ ’ਚ ਸ਼ਿਸ਼ਟਾਚਾਰ ਨਾਲ ਜੁੜੇ ਨਿਯਮਾਂ ਨੂੰ ਵਧੇਰੇ ਸਖ਼ਤੀ ਅਤੇ ਦੰਡਾਤਮਕ ਰੂਪ ’ਚ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਭਾਰਤੀਆਂ ਨੂੰ ਇਸ ਗੱਲ ਦੀ ਆਦਤ ਹੋ ਸਕੇ ਕਿ ਪ੍ਰਵਾਨਿਤ ਵਿਵਹਾਰ ਕੀ ਹੁੰਦਾ ਹੈ। ਸਾਡੀ 5,000 ਸਾਲ ਪੁਰਾਣੀ ਸੱਭਿਅਤਾ ’ਤੇ ਮਾਣ ਕਰਨ ਦਾ ਕੋਈ ਮਤਲਬ ਨਹੀਂ, ਜੇਕਰ ਅਸੀਂ ਅੱਜ ਸੱਭਿਅਕ ਨਹੀਂ ਬਣ ਸਕਦੇ।

-ਰੇਸ਼ਮੀ ਦਾਸਗੁਪਤਾ


author

Harpreet SIngh

Content Editor

Related News