ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ

Sunday, Jun 14, 2026 - 05:24 PM (IST)

ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ

ਰੱਖਿਆ ਅਤੇ ਹਮਲੇ ਹੁਣ ਸਿਰਫ ਸੈਨਿਕ ਨਹੀਂ ਰਹੇ, ਉਹ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹਨ, ਜੋ ਇਕ ਗਿਆਨਾਤਮਕ ਯੁੱਧ ਦੇ ਮੈਦਾਨ ’ਚ ਲੜੇ ਜਾਂਦੇ ਹਨ, ਜਿੱਥੇ ਮੁੱਢਲਾ ਹਥਿਆਰ ਸੂਚਨਾ ਹੈ ਅਤੇ ਰਣਨੀਤੀ ਸੱਚ ਦੀ ਮਨੁੱਖੀ ਹੇਰਾਫੇਰੀ ਹੈ। ਅਸੀਂ ਇਕ ਅਜਿਹੇ ਯੁੱਧ ’ਚ ਜੀ ਰਹੇ ਹਾਂ, ਜਿੱਥੇ ਰਣਨੀਤਿਕ ਲਾਭ ਦੀ ਦੌੜ ਗੋਲਾ-ਬਾਰੂਦ ਦੇ ਗਤੀਸ਼ੀਲ ਵਟਾਂਦਰੇ ’ਤੇ ਘੱਟ, ਸਗੋਂ ਅਰਥਾਂ ਦੀ ਹੇਰਾਫੇਰੀ ’ਤੇ ਜ਼ਿਆਦਾ ਨਿਰਭਰ ਕਰਦੀ ਹੈ। ਚੁਣੌਤੀ ਹੋਂਦ ਦੀ ਹੈ ਕਿਉਂਕਿ ਯੁੱਧ ਦਾ ਮੈਦਾਨ ਬੁੱਧੀਮਤਾ-ਅਾਧਾਰਿਤ ਹੋ ਗਿਆ ਹੈ। ਇਹ ਇਸ ਗੱਲ ਨੂੰ ਰੂਪ ਦੇਣ ਲਈ ਇਕ ਸੰਘਰਸ਼ ਹੈ ਕਿ ਵਿਰੋਧੀ ਕੀ ਮੰਨਦੇ ਹਨ, ਆਬਾਦੀ ਕਿਵੇਂ ਤਰਕ ਕਰਦੀ ਹੈ ਅਤੇ ਕੀ ਸਮਾਜ ਵਿਰੋਧੀ-ਸੂਚਨਾ ਅਤੇ ਧੋਖੇ ਦੇ ਇਕ ਅਦ੍ਰਿਸ਼, ਨਿਰੰਤਰ ਹਮਲੇ ਦਾ ਵਿਰੋਧ ਕਰਨ ਲਈ ਲੋੜੀਂਦੇ ਤਾਲਮੇਲ ਨੂੰ ਬਣਾਈ ਰੱਖ ਸਕਦੇ ਹਨ।

ਪੁਰਾਤਨ ਲੋਕ ਇਸ ਖੇਤਰ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਡਿਜੀਟਲ ਯੁੱਗ ਤੋਂ ਬਹੁਤ ਪਹਿਲਾਂ, ਸੁਨ ਤਜ਼ੂ ਨੇ ਇਸ ਸਿਧਾਂਤ ਨੂੰ ਨਿਯਮਬੱਧ ਕੀਤਾ ਸੀ ਕਿ ‘ਸਾਰੇ ਯੁੱਧ ਧੋਖੇ ’ਤੇ ਅਾਧਾਰਿਤ ਹਨ’ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਜਦੋਂ ਅਸੀਂ ਹਮਲਾ ਕਰਨ ਦੇ ਸਮਰੱਥ ਹੁੰਦੇ ਹਾਂ, ਤਾਂ ਸਾਨੂੰ ਅਸਮਰੱਥ ਦਿਸਣਾ ਚਾਹੀਦਾ ਹੈ ਅਤੇ ਜਦੋਂ ਅਸੀਂ ਨੇੜੇ ਹੁੰਦੇ ਹਾਂ, ਤਾਂ ਸਾਨੂੰ ਦੁਸ਼ਮਣ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ ਕਿ ਅਸੀਂ ਬਹੁਤ ਦੂਰ ਹਾਂ। ਕਹਾਵਤ ਅਨੁਸਾਰ, ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਇੰਨਾ ਥਕਾ ਦਿਓ ਕਿ ਉਹ ਹਾਰ ਮੰਨ ਲੈਣ।

ਮਹਾਭਾਰਤ ਦਾ ਇਕ ਪ੍ਰਸੰਗ ਸਿੱਖਿਆਦਾਇਕ ਹੈ। ਪਾਂਡਵ ਸੈਨਾ ’ਤੇ ਕਹਿਰ ਢਾਹ ਰਹੇ ਦ੍ਰੋਣਾਚਾਰੀਆ ਨੂੰ ਸਿਰਫ ਉਨ੍ਹਾਂ ਦੀ ਵਿਸ਼ਵਾਸ ਪ੍ਰਣਾਲੀ ਨੂੰ ਨਿਸ਼ਾਨਾ ਬਣਾ ਕੇ ਹੀ ਰੋਕਿਆ ਜਾ ਸਕਦਾ ਸੀ। ਉਨ੍ਹਾਂ ਦੀ ਇਕੋ-ਇਕ ਕਮਜ਼ੋਰੀ ਉਨ੍ਹਾਂ ਦਾ ਆਪਣੇ ਪੁੱਤਰ ਅਸ਼ਵਥਾਮਾ ਪ੍ਰਤੀ ਮੋਹ ਸੀ। ਯੁੱਧ ਦੇ 15ਵੇਂ ਦਿਨ, ਭਗਵਾਨ ਕ੍ਰਿਸ਼ਨ ਦੇ ਕਹਿਣ ’ਤੇ, ਯੁਧਿਸ਼ਠਰ ਨੇ ਦ੍ਰੋਣਾਚਾਰੀਆ ਨੂੰ ਕਿਹਾ, ‘ਅਸ਼ਵਥਾਮਾ ਮਾਰਿਆ ਗਿਆ’ ਅਤੇ ਹੌਲੀ ਆਵਾਜ਼ ’ਚ ਜੋੜਿਆ, ‘ਮੈਨੂੰ ਨਹੀਂ ਪਤਾ ਕਿ ਉਹ ਮਨੁੱਖ ਸੀ ਜਾਂ ਹਾਥੀ’। ਇਸ ਅੱਧ-ਸੱਚ ਨੇ ਦ੍ਰੋਣਾਚਾਰੀਆ ਦੇ ਮਨ ’ਤੇ ਪ੍ਰਹਾਰ ਕੀਤਾ, ਉਨ੍ਹਾਂ ਦੀ ਇੱਛਾ-ਸ਼ਕਤੀ ਨੂੰ ਚਕਨਾਚੂਰ ਕਰ ਦਿੱਤਾ ਅਤੇ ਉਨ੍ਹਾਂ ਦਾ ਸਿਰ ਤਲਵਾਰ ਦੇ ਹਵਾਲੇ ਕਰ ਦਿੱਤਾ।

‘ਰੀਅਲਪੋਲੀਟਿਕ’ ਦੇ ਮਾਹਿਰਾਂ ਨੇ ਇਨ੍ਹਾਂ ਤਰੀਕਿਆਂ ਨੂੰ ਰਾਜ ਪ੍ਰਬੰਧ ਦੇ ਰਸਮੀ ਸਾਧਨਾਂ ’ਚ ਨਿਖਾਰਿਆ ਹੈ। ਪਰਸ਼ੀਆ ਦੇ ਫ੍ਰੈਡਰਿਕ ਦਿ ਗ੍ਰੇਟ ਨੇ ਸੈਨਿਕ ਧੋਖੇ ’ਚ ਉੱਤਮ ਅਾਨੰਦ ਲਿਆ। ਵਾਪਸੀ ਦੀ ਤਿਆਰੀ ਵਜੋਂ ਸੜਕਾਂ ਦੀ ਮੁਰੰਮਤ ਦਾ ਆਦੇਸ਼ ਦਿੱਤਾ, ਰੈਜੀਮੈਂਟਲ ਨਾਮਾਂ ਨੂੰ ਝੂਠਾ ਬਣਾਇਆ ਅਤੇ ਇੱਥੋਂ ਤੱਕ ਕਿ ਮਨਘੜਤ ਸੰਦੇਸ਼ ਲੈ ਕੇ ਜਾ ਰਹੇ ਆਪਣੇ ਹੀ ਦੂਤਾਂ ਨੂੰ ਫੜਵਾਉਣ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ ਫੈਸਲੇ ਦੀ ਅਪਾਹਜਤਾ ਅਤੇ ਗਲਤ ਸਿੱਟੇ ਕੱਢਣ ਲਈ ਦੁਸ਼ਮਣ ਦੇ ਸੂਚਨਾ ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ।

ਨੈਪੋਲੀਅਨ ਬੋਨਾਪਾਰਟ ਨੇ ਸੈਨਿਕ ਸੂਚਨਾ ਸਮਰਥਨ ਮੁਹਿੰਮਾਂ ਜ਼ਰੀਏ ਯੁੱਧ ਨੂੰ ਇਕ ਸੰਚਾਲਨ ਅਤੇ ਰਣਨੀਤਿਕ ਕਲਾ ਤੱਕ ਪਹੁੰਚਾਇਆ। ਪੂਰੇ ਯੂਰਪ ’ਚ ਕੰਧਾਂ ’ਤੇ ਚਿਪਕਾਏ ਗਏ ਅਤੇ ਭਰੋਸੇਮੰਦ ਏਜੰਟਾਂ ਵਲੋਂ ਪ੍ਰਸਾਰਿਤ ਕੀਤੇ ਗਏ ਉਨ੍ਹਾਂ ਦੇ ਐਲਾਨਨਾਮਿਆਂ ਨੇ ਫਰਾਂਸ ਨੂੰ ਵਿਦੇਸ਼ੀ ਹਮਲੇ ਦੇ ਸਦੀਵੀ ਸ਼ਿਕਾਰ ਵਜੋਂ ਪੇਸ਼ ਕੀਤਾ। ਨੈਪੋਲੀਅਨ ਸਮਝ ਗਿਆ ਸੀ ਕਿ ਲੋੜੀਂਦੇ ਅਧਿਕਾਰ ਅਤੇ ਪਹੁੰਚ ਨਾਲ ਦੁਹਰਾਈਆਂ ਗਈਆਂ ਕਹਾਣੀਆਂ, ਵਾਧੂ ਬਟਾਲੀਅਨਾਂ ਦੀ ਕਿਸੇ ਵੀ ਗਿਣਤੀ ਨਾਲੋਂ ਮੁਹਿੰਮ ਦੇ ਨਤੀਜੇ ’ਤੇ ਵਧੇਰੇ ਭਾਰੂ ਹੋ ਸਕਦੀਆਂ ਹਨ।

ਗਿਆਨਾਤਮਕ ਯੁੱਧ ਉਹ ਸਾਧਨ ਨਹੀਂ ਹੈ ਜਿਸ ਵਲੋਂ ਅਸੀਂ ਲੜਦੇ ਹਾਂ, ਇਹ ਖ਼ੁਦ ਲੜਾਈ ਹੈ। ਗਿਆਨਾਤਮਕ ਸਰਵਉੱਚਤਾ ਦੀ ਇਕ ਪ੍ਰਤੀਯੋਗਤਾ ’ਚ ਦਿਮਾਗ ਨਿਸ਼ਾਨਾ ਅਤੇ ਹਥਿਆਰ ਦੋਵੇਂ ਬਣ ਜਾਂਦਾ ਹੈ। ਹੁਣ ਲੜਾਕੂ ਨੂੰ ਮੈਦਾਨ ’ਚ ਹਥਿਆਰਬੰਦ ਸੈਨਾਵਾਂ ਨੂੰ ਹਰਾਉਣ ਦੀ ਲੋੜ ਨਹੀਂ ਹੈ, ਜਦੋਂ ਉਹ ਪਣਡੁੱਬੀ ਕੇਬਲਾਂ ਨੂੰ ਕੱਟ ਸਕਦਾ ਹੈ ਜਾਂ ਉਨ੍ਹਾਂ ਨਾਲ ਜੁੜ ਸਕਦਾ ਹੈ, ਗਲੋਬਲ ਨੈੱਟਵਰਕ ਨੂੰ ਸ਼ਕਤੀ ਦੇਣ ਵਾਲੇ ਉਪਗ੍ਰਹਿਾਂ ਨੂੰ ਜਾਮ ਕਰ ਸਕਦਾ ਹੈ ਜਾਂ ਉਨ੍ਹਾਂ ਦੀ ਜਾਸੂਸੀ ਕਰ ਸਕਦਾ ਹੈ, ਸੋਸ਼ਲ ਮੀਡੀਆ ਫੀਡਸ ’ਚ ਹੇਰਾਫੇਰੀ ਕਰ ਸਕਦਾ ਹੈ ਅਤੇ ਬਿਨਾਂ ਝੰਡੇ ਵਾਲੇ ਡਰੋਨਾਂ ਨਾਲ ਅਾਸਮਾਨ ਨੂੰ ਘੇਰ ਸਕਦਾ ਹੈ, ਜਿਨ੍ਹਾਂ ਦਾ ਪੇਲੋਡ ਇਕ ਸੈਂਸਰ ਸੂਟ ਹੈ ਜਿਸ ਨੂੰ ਭਵਿੱਖ ਦੀਆਂ ਮਨੋਵਿਗਿਆਨਕ ਆਕਾਰ ਦੇਣ ਵਾਲੀਆਂ ਮੁਹਿੰਮਾਂ ਲਈ ਸੰਵੇਦਨਸ਼ੀਲ ਜਾਣਕਾਰੀ ਦਾ ਨਿਰੀਖਣ, ਮਾਨਚਿੱਤਰਣ ਅਤੇ ਸੰਚਾਰਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਜੈਵਿਕ ਪਾਸਾਰ ਗਿਆਨ ਦੇ ਨਿਊਰੋ-ਫਿਜ਼ੀਓਲੋਜੀਕਲ ਅਾਧਾਰਾਂ ਨੂੰ ਸ਼ਾਮਲ ਕਰਦਾ ਹੈ—ਦਿਮਾਗ ਦੀ ਸੰਰਚਨਾਤਮਕ ਅਤੇ ਕਾਰਜਾਤਮਕ ਅਖੰਡਤਾ, ਜਿਸ ’ਚ ਨਿਊਰੋਕੈਮੀਕਲ ਸਿਸਟਮ, ਸੰਵੇਦੀ ਤੰਤਰ ਅਤੇ ਵਿਚਾਰ, ਭਾਵਨਾ ਤੇ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਸ਼ਾਮਲ ਹਨ। ਮਨੋਵਿਗਿਆਨਕ ਪਾਸਾਰ ਵਿਅਕਤੀ ਦੇ ਨਿੱਜੀ ਅਨੁਭਵ ਦੀ ਨੁਮਾਇੰਦਗੀ ਕਰਦਾ ਹੈ-ਧਾਰਨਾ, ਧਿਆਨ, ਯਾਦਦਾਸ਼ਤ, ਤਰਕ ਅਤੇ ਭਾਵਨਾਤਮਕ ਲਚਕਤਾ, ਜੋ ਤਣਾਅ ਅਤੇ ਅਨਿਸ਼ਚਿਤਤਾ ਪ੍ਰਤੀ ਪ੍ਰਤੀਕਿਰਿਆਵਾਂ ਨੂੰ ਨਿਰਧਾਰਿਤ ਕਰਦੀ ਹੈ। ਇਸ ਖੇਤਰ ’ਚ ਗਿਆਨਾਤਮਕ ਯੁੱਧ ਲਕਸ਼ਿਤ ਸੰਦੇਸ਼, ਪ੍ਰਤੀਕ, ਸੰਕੇਤ ਵਿਗਿਆਨ ਅਤੇ ਟ੍ਰੋਪਸ ਦੀ ਵਰਤੋਂ ਕਰਦਾ ਹੈ, ਜੋ ਭਾਵਨਾਵਾਂ, ਇੱਛਾਵਾਂ ਅਤੇ ਵਿਸ਼ਵ-ਦ੍ਰਿਸ਼ਟੀ ਦਾ ਸਰਜੀਕਲ ਸ਼ੁੱਧਤਾ ਨਾਲ ਸ਼ੋਸ਼ਣ ਕਰਦੇ ਹਨ।

ਸਮਾਜਿਕ ਪਾਸਾਰ ਗਿਆਨ ਦਾ ਸਮੂਹਿਕ ਸਥਾਨ ਹੈ, ਸਮੂਹ ਪਛਾਣ, ਸੱਭਿਆਚਾਰਕ ਬਿਰਤਾਂਤਾਂ ਅਤੇ ਸਾਂਝੇ ਵਿਸ਼ਵਾਸਾਂ ਦਾ ਖੇਤਰ ਹੈ, ਜੋ ਭਾਈਚਾਰਿਆਂ ਨੂੰ ਬੰਨ੍ਹਦੇ ਜਾਂ ਤੋੜਦੇ ਹਨ। ਇੱਥੋਂ ਦੇ ਸੰਚਾਲਨ ਸਮੂਹਾਂ ਵਿਚਕਾਰਲੇ ਤਣਾਅ ’ਚ ਹੇਰਾਫੇਰੀ ਕਰਦੇ ਹਨ, ਸੰਸਥਾਵਾਂ ਅਤੇ ਆਗੂਆਂ ’ਚ ਵਿਸ਼ਵਾਸ ਨੂੰ ਖ਼ਤਮ ਕਰਦੇ ਹਨ ਅਤੇ ਸਮਾਜਿਕ ਵਿਖੰਡਨ ਨੂੰ ਤੇਜ਼ ਕਰਦੇ ਹਨ। ਇਹ ਬਿਰਤਾਂਤਕ ਜੁੜਾਵ, ਗੁੰਮਰਾਹਕੁੰਨ ਪ੍ਰਚਾਰ ਮੁਹਿੰਮਾਂ ਅਤੇ ਧਰੁਵੀਕਰਨ ਦੀ ਰਣਨੀਤੀ ਲਈ ਮੁੱਢਲਾ ਰੰਗਮੰਚ ਹੈ, ਜੋ ਸੂਚਨਾ ਪ੍ਰਣਾਲੀ ਦੀ ਸੰਪੂਰਨਤਾ ਵਲੋਂ ਚਲਾਇਆ ਜਾਂਦਾ ਹੈ।

ਭਾਰਤ ਦੀਆਂ ਵਧਦੀਆਂ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ, ਗਿਆਨਾਤਮਕ ਯੁੱਧ ਨੂੰ ਮਾਡਲਿੰਗ ਅਭਿਆਸ, ਵਾਰਗੇਮ, ਸੰਚਾਲਨ ਬੁੱਧੀ ਚੱਕਰ, ਰਣਨੀਤਿਕ ਮਿਸ਼ਨ ਯੋਜਨਾਬੰਦੀ ਅਤੇ ਮਹਾਨ ਰਣਨੀਤਿਕ ਉਦੇਸ਼ਾਂ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਨਿਊਰੋ-ਵੈਪਨ ਦੀਆਂ ਘਟਨਾਵਾਂ ਲਈ ਬਿਹਤਰ ਖੋਜ ਅਤੇ ਦੋਸ਼-ਮੜ੍ਹਨ ਦੇ ਪ੍ਰੋਟੋਕੋਲ ਦੇ ਨਾਲ ਸ਼ੁਰੂਆਤੀ ਚਿਤਾਵਨੀ ਅਤੇ ਖੋਜੀ ਸਮਰੱਥਾਵਾਂ ਲਈ ਤੁਰੰਤ ਕਿਲੇਬੰਦੀ ਦੀ ਲੋੜ ਹੈ। ਇਕ ਬਿਰਤਾਂਤਕ ਅਗਵਾ ਜਾਂ ਨਿਊਰੋ-ਡਾਟਾ ਉਲੰਘਣਾ ਦੇ ਪਹਿਲੇ ਸਬੂਤ ਦੇ ਖ਼ਿਲਾਫ਼ ਤੁਰੰਤ ਅਤੇ ਤਾਲਮੇਲ ਵਾਲੀ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ ਰਿਪੋਰਟਿੰਗ ਅਤੇ ਤਸਦੀਕ ਪ੍ਰਣਾਲੀ ਨੂੰ ਸੁਚਾਰੂ ਬਣਾਇਆ ਜਾਣਾ ਚਾਹੀਦਾ ਹੈ।

—ਮਨੀਸ਼ ਤਿਵਾੜੀ


author

Shubam Kumar

Content Editor

Related News