ਜਦੋਂ ਆਊਟ ਹੋਣ ਦੇ ਬਾਵਜੂਦ ਯੂਸੁਫ ਪਠਾਨ ਨੇ ਪਵੇਲੀਅਨ ਪਰਤਨ ਤੋਂ ਕੀਤਾ ਇਨਕਾਰ

Friday, Dec 13, 2019 - 10:08 AM (IST)

ਜਦੋਂ ਆਊਟ ਹੋਣ ਦੇ ਬਾਵਜੂਦ ਯੂਸੁਫ ਪਠਾਨ ਨੇ ਪਵੇਲੀਅਨ ਪਰਤਨ ਤੋਂ ਕੀਤਾ ਇਨਕਾਰ

ਸਪੋਰਟਸ ਡੈਸਕ— ਮੁੰਬਈ ਦੀ ਟੀਮ ਨੇ ਵਡੋਦਰਾ ਨੂੰ 309 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ 'ਚ ਆਪਣੀ ਮੁਹਿੰਮ ਦਾ ਜਿੱਤ ਦੇ ਨਾਲ ਆਗਾਜ਼ ਕੀਤਾ ਹੈ। ਵਡੋਦਰਾ ਦੇ ਰਿਲਾਇੰਸ ਸਟੇਡੀਅਮ 'ਚ ਖੇਡੇ ਜਾ ਰਹੇ ਮੈਚ (ਮੁੰਬਈ ਬਨਾਮ ਵਡੋਦਰਾ) ਦੇ ਆਖਰੀ ਦਿਨ ਵੀਰਵਾਰ ਨੂੰ ਮੈਦਾਨ 'ਤੇ ਉਸ ਸਮੇਂ ਅਜੀਬੋਗਰੀਬ ਸਥਿਤੀ ਬਣ ਗਈ ਜਦੋਂ ਯੂਸੁਫ ਪਠਾਨ ਨੇ ਅੰਪਾਇਰ ਵੱਲੋਂ ਆਊਟ ਦਿੱਤੇ ਜਾਣ ਦੇ ਬਾਵਜੂਦ ਪਵੇਲੀਅਨ ਪਰਤਨ ਤੋਂ ਇਨਕਾਰ ਕਰ ਦਿੱਤਾ। ਦਰਅਸਲ ਮੈਚ 'ਚ ਵਡੋਦਰਾ ਦੇ ਸਾਹਮਣੇ ਜਿੱਤ ਲਈ 534 ਦੌੜਾਂ ਦਾ ਟੀਚਾ ਸੀ ਪਰ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦੇ ਚਲਦੇ ਉਹ 224 ਦੌੜਾਂ 'ਤੇ ਹੀ ਢੇਰ ਹੋ ਗਈ। ਯੂਸੁਫ ਪਠਾਨ ਨਾਲ ਜੁੜੀ ਘਟਨਾ ਉਸ ਸਮੇਂ ਵਾਪਰੀ ਜਦੋਂ ਵਡੋਦਰਾ ਦੀ ਦੂਜੀ ਪਾਰੀ ਦੇ ਦੌਰਾਨ 48ਵਾਂ ਓਵਰ ਕਰਾਇਆ ਜਾ ਰਿਹਾ ਸੀ। ਮੁੰਬਈ ਦੇ ਸ਼ਸ਼ਾਂਕ ਅਤਾਰਦੇ ਦੀ ਗੇਂਦ 'ਤੇ ਪਠਾਨ ਨੇ ਡਿਫੈਂਸਿਵ ਸ਼ਾਟ ਖੇਡਿਆ ਅਤੇ ਗੇਂਦ ਨੂੰ ਫਾਰਵਰਡ ਸ਼ਾਰਟ ਲੈੱਗ 'ਤੇ ਖੜ੍ਹੇ ਫੀਲਡਰ ਜੈ ਬਿਸ਼ਟਾ ਨੇ ਕੈਚ ਕਰ ਦਿੱਤਾ।
PunjabKesari
ਅੰਪਾਇਰ ਨੇ ਕੁਝ ਸਮਾਂ ਲੈਣ ਦੇ ਬਾਅਦੇ ਫੈਸਲਾ ਗੇਂਦਬਾਜ਼ ਦੇ ਪੱਖ 'ਚ ਦਿੱਤਾ ਅਤੇ ਯੂਸੁਫ ਪਠਾਨ ਨੂੰ ਆਊਟ ਕਰਾਰ ਦਿੱਤਾ ਪਰ ਵਡੋਦਰਾ ਦੇ ਇਸ 37 ਸਾਲਾ ਬੱਲੇਬਾਜ਼ ਨੇ ਪਵੇਲੀਅਨ ਪਰਤਨ ਤੋਂ ਇਨਕਾਰ ਕਰ ਦਿੱਤਾ। ਉਹ ਲਗਭਗ ਇਕ ਮਿੰਟ ਤਕ ਕ੍ਰੀਜ਼ 'ਤੇ ਖੜ੍ਹੇ ਰਹੇ। ਇਸ ਦੌਰਾਨ ਉਨ੍ਹਾਂ ਨੇ ਅੰਪਾਇਰ ਵੱਲ ਹੱਥ ਦਿਖਾ ਕੇ ਫੈਸਲੇ ਦੇ ਪ੍ਰਤੀ ਨਿਰਾਸ਼ਾ ਜਤਾਈ। ਇਸ ਸਥਿਤੀ 'ਚ ਮੁੰਬਈ ਦੇ ਸੀਨੀਅਰ ਖਿਡਾਰੀ ਅਜਿੰਕਯ ਰਹਾਨੇ ਨੇ ਪਠਾਨ ਨੂੰ ਸਮਝਾ ਕੇ ਪਵੇਲੀਅਨ ਪਰਤਨ ਲਈ ਰਾਜ਼ੀ ਕੀਤਾ। ਹਾਲਾਂਕਿ ਪਰਤਦੇ ਸਮੇਂ ਵੀ ਯੂਸੁਫ ਫਟਾਨ ਫੈਸਲੇ ਦੇ ਖਿਲਾਫ ਸਿਰ ਹਿਲਾ ਕੇ ਅਸਹਿਮਤੀ ਜਤਾਉਂਦੇ ਨਜ਼ਰ ਆਏ। ਵਡੋਦਰਾ ਖਿਲਾਫ ਇਸ ਜਿੱਤ ਦੇ ਨਤੀਜੇ ਕਾਰਨ ਮੁੰਬਈ ਨੇ 6 ਅੰਕ ਹਾਸਲ ਕੀਤੇ ਜਦਕਿ ਵਡੋਦਰਾ ਨੂੰ ਕੋਈ ਅੰਕ ਨਹੀਂ ਮਿਲਿਆ।


author

Tarsem Singh

Content Editor

Related News