ਝੂਠੀ ਕਾਰਵਾਈ ਕਰਨ ਤੋਂ ਇਨਕਾਰ ਕਰਨ 'ਤੇ ਬਦਲਿਆ ਗਿਆ SIT ਦਾ ਨਾਂ : ਮਜੀਠੀਆ

Thursday, Feb 26, 2026 - 07:19 AM (IST)

ਝੂਠੀ ਕਾਰਵਾਈ ਕਰਨ ਤੋਂ ਇਨਕਾਰ ਕਰਨ 'ਤੇ ਬਦਲਿਆ ਗਿਆ SIT ਦਾ ਨਾਂ : ਮਜੀਠੀਆ

ਵੈੱਬ ਡੈਸਕ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ 'ਐਡਹਾਕ ਐਕਟਿੰਗ ਡੀਜੀਪੀ' (ADHOC Acting DGP) ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਸੂਬਾ ਸਰਕਾਰ 'ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਅਤੇ ਸਿਆਸੀ ਬਦਲਾਖੋਰੀ ਦੇ ਮਨੋਰਥ ਨਾਲ ਕੰਮ ਕਰਨ ਦਾ ਇਲਜ਼ਾਮ ਲਗਾਇਆ ਹੈ। ਮਜੀਠੀਆ ਨੇ ਆਖਿਆ ਹੈ ਕਿ ਇਸੇ ਬਦਲਾਖੋਰੀ ਦੇ ਕਾਰਣ ਹੀ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਪਹਿਲਾਂ ਤੋਂ ਜਾਂਚ ਕਰ ਰਹੀ ਸਿੱਟ ਨੂੰ ਬਦਲ ਦਿੱਤਾ ਗਿਆ ਹੈ। 

SIT ਬਦਲਣ ਪਿੱਛੇ ਦੱਸੀ ਸਿਆਸੀ ਮਨਸ਼ਾ 
ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ (SIT) ਨੂੰ ਬਦਲਣ ਦਾ ਮੁੱਖ ਕਾਰਨ ਇਹ ਸੀ ਕਿ ਪਹਿਲੀ SIT ਨੇ ਸਿਆਸੀ ਆਗੂਆਂ ਦੇ ਖਿਲਾਫ ਝੂਠੀ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਨਾਮ ਕੇਸ ਵਿੱਚ ਸ਼ਾਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਮਜੀਠੀਆ ਦਾ ਦਾਅਵਾ ਹੈ ਕਿ ਜਾਂਚ ਟੀਮ ਨੇ ਆਪਣੀ ਕਾਰਵਾਈ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਚਲਾਉਣ ਦੀਆਂ ਹਦਾਇਤਾਂ ਨੂੰ ਮੰਨਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ, ਇਸੇ ਦੇ ਚੱਲਦੇ ਪੁਰਾਣੀ ਐੱਸ ਆਈ. ਟੀ. ਨੂੰ ਭੰਗ ਕਰਕੇ ਸਰਕਾਰ ਵੱਲੋਂ ਨਵੀਂ SIT ਦਾ ਗਠਨ ਕੀਤਾ ਗਿਆ ਹੈ। 

ਵਾਰ-ਵਾਰ ਬਦਲੀਆਂ ਜਾਣਗੀਆਂ SITs?
ਅਕਾਲੀ ਆਗੂ ਨੇ ਇੱਕ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ SITs ਉਦੋਂ ਤੱਕ ਵਾਰ-ਵਾਰ ਬਦਲੀਆਂ ਜਾਂਦੀਆਂ ਰਹਿਣਗੀਆਂ ਜਦੋਂ ਤੱਕ ਸੱਤਾਧਾਰੀ ਪਾਰਟੀ ਦੀ ਸਿਆਸੀ ਮਨਸ਼ਾ ਪੂਰੀ ਨਹੀਂ ਹੁੰਦੀ। ਉਨ੍ਹਾਂ ਨੇ ਇਸ ਨੂੰ ਮੌਜੂਦਾ ਸਰਕਾਰ ਦਾ ਇਕ ਹੋਰ 'ਕਾਰਨਾਮਾ' ਕਰਾਰ ਦਿੱਤਾ ਹੈ। ਬਿਕਰਮ ਮਜੀਠੀਆ ਨੇ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਜਲਦੀ ਹੀ ਇਸ ਸਬੰਧੀ ਹੋਰ ਵੱਡੇ ਖੁਲਾਸੇ ਕਰਨਗੇ ਤਾਂ ਜੋ ਜਨਤਾ ਦੇ ਸਾਹਮਣੇ ਸੱਚਾਈ ਲਿਆਂਦੀ ਜਾ ਸਕੇ।

328 ਪਾਵਨ ਸਰੂਪਾਂ ਦੇ ਮਾਮਲੇ 'ਚ ਬਣਾਈ ਗਈ ਨਵੀਂ ਸਿੱਟ
ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਨੂੰ ਤੇਜ਼ ਕਰਨ ਲਈ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਇੱਕ ਨਵੀਂ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਇਹ ਜਾਂਚ ਅੰਮ੍ਰਿਤਸਰ ਦੇ ਪੁਲਸ ਸਟੇਸ਼ਨ ‘ਸੀ’ ਡਿਵੀਜ਼ਨ 'ਚ 7 ਦਸੰਬਰ 2025 ਨੂੰ ਦਰਜ ਕੀਤੀ ਗਈ ਐੱਫਆਈਆਰ (FIR) ਨੰਬਰ 168 ਦੇ ਸਬੰਧ 'ਚ ਕੀਤੀ ਜਾਵੇਗੀ। ਇਸ ਨਵੀਂ SIT ਦੀ ਨਿਗਰਾਨੀ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (IPS) ਕਰਨਗੇ, ਜਦਕਿ DIG ਨਾਨਕ ਸਿੰਘ (IPS) ਨੂੰ ਇਸ ਟੀਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਟੀਮ ਦੇ ਹੋਰ ਮੈਂਬਰਾਂ ਵਿੱਚ ਹੇਠ ਲਿਖੇ ਅਧਿਕਾਰੀ ਸ਼ਾਮਲ ਹਨ:

-ਐੱਸਐੱਸਪੀ ਖੰਨਾ ਦਰਪਣ ਆਹਲੂਵਾਲੀਆ (IPS)
-ਐੱਸਪੀ ਡਿਟੈਕਟਿਵ ਪਟਿਆਲਾ ਗੁਰਬੰਸ ਸਿੰਘ ਬੈਂਸ (PPS)
-ਐੱਸਪੀ ਸਪੈਸ਼ਲ ਬ੍ਰਾਂਚ ਮੋਹਾਲੀ ਸੁਖਨਾਜ ਸਿੰਘ (PPS)
-ਏਸੀਪੀ ਅੰਮ੍ਰਿਤਸਰ ਹਰਮਿੰਦਰ ਸਿੰਘ (PPS)
-ਸਬ-ਇੰਸਪੈਕਟਰ ਰਜਵੰਤ ਕੌਰ

ਇਹ ਮਾਮਲਾ ਆਈਪੀਸੀ (IPC) ਦੀਆਂ ਗੰਭੀਰ ਧਾਰਾਵਾਂ 295, 295-ਏ, 409, 465 ਅਤੇ 120-ਬੀ ਦੇ ਤਹਿਤ ਦਰਜ ਹੈ। ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐਲ.ਕੇ. ਯਾਦਵ (IPS) ਵੱਲੋਂ ਚੰਡੀਗੜ੍ਹ ਤੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਪਹਿਲਾਂ ਜਾਰੀ ਕੀਤੇ ਤਿੰਨ ਹੁਕਮਾਂ ਨੂੰ ਰੱਦ ਕਰਕੇ ਇਸ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ SIT ਨੂੰ ਹਰ ਤਰ੍ਹਾਂ ਦਾ ਲੋਜਿਸਟਿਕ ਅਤੇ ਪ੍ਰਸ਼ਾਸਨਿਕ ਸਹਿਯੋਗ ਪ੍ਰਦਾਨ ਕਰਨਗੇ ਤਾਂ ਜੋ ਜਾਂਚ ਨਿਰਪੱਖ, ਵਿਗਿਆਨਕ ਅਤੇ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਸਕੇ। ਜੇਕਰ ਲੋੜ ਪਈ ਤਾਂ SIT ਆਪਣੀ ਮਦਦ ਲਈ ਹੋਰ ਅਧਿਕਾਰੀਆਂ ਨੂੰ ਵੀ ਟੀਮ ਵਿੱਚ ਸ਼ਾਮਲ ਕਰ ਸਕਦੀ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Inder Prajapati

Content Editor

Related News