ਫਿਰੌਤੀ ਮੰਗਣ ਦੇ ਮਾਮਲੇ ਦਾ ਮੁੱਖ ਮਾਸਟਰਮਾਈਂਡ ਮੁੰਬਈ ਤੋਂ ਗ੍ਰਿਫ਼ਤਾਰ
Tuesday, Feb 24, 2026 - 06:10 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਕੋਟਕਪੂਰਾ ਪੁਲਸ ਵੱਲੋਂ 2 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਮੁੱਖ ਮੁਲਜ਼ਮ ਦੀ ਪਛਾਣ ਦੀਪਕ ਸ਼ਰਮਾਂ ਪੁੱਤਰ ਸਤਪਾਲ ਸ਼ਰਮਾ ਵਾਸੀ ਕੋਟਕਪੂਰਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਸ ਵਿਚ ਉਸ ਦਾ ਸਾਥ ਦੇਣ ਲਈ ਮੁਲਜ਼ਮ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਸਥਾਨਕ ਡੀ.ਐੱਸ.ਪੀ. ਦਫਤਰ ਵਿਖੇ ਜਾਣਕਾਰੀ ਦਿੰਦੇ ਹੋਏ ਰਮਨਦੀਪ ਸਿੰਘ ਐੱਸ.ਪੀ (ਐੱਨ.ਡੀ.ਪੀ.ਐੱਸ) ਫਰੀਦਕੋਟ ਨੇ ਦੱਸਿਆ ਕਿ ਕੋਟਕਪੂਰਾ ਦੇ ਇਕ ਕਾਰੋਬਾਰੀ ਨੂੰ ਉਸ ਕੋਲ ਸਾਲ-2020 ਦੌਰਾਨ ਕੰਮ ਕਰਦੇ ਦੀਪਕ ਸ਼ਰਮਾ ਨਾਮ ਦੇ ਵਿਅਕਤੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਅਤੇ ਵੀਡੀਓ ਪਾ ਕੇ ਉਸ ਕਾਰੋਬਾਰੀ, ਉਸਦੇ ਪਿਤਾ ਅਤੇ ਉਸਦੇ ਜਾਣਕਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਬਾਰੇ ਸੂਚਨਾ ਹਾਸਿਲ ਹੋਈ ਸੀ।
ਇਸ ਤੋਂ ਇਲਾਵਾ ਮੁਲਜ਼ਮ ਦੀਪਕ ਸ਼ਰਮਾ ਵੱਲੋਂ ਉਸ ਕਾਰੋਬਾਰੀ ਨੂੰ ਕਰੀਬ 6 ਮਹੀਨੇ ਪਹਿਲਾਂ ਵੀ ਵਟਸਐਪ ਕਾਲ ਰਾਹੀ 2 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਮੁਲਜ਼ਮ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਵੱਲੋਂ ਵੀ ਉਸਦੇ ਲੜਕੇ ਨੂੰ ਫਿਰੌਤੀ ਦੀ ਰਕਮ ਦੇਣ ਲਈ ਧਮਕਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ''ਤੇ ਜੋਗੇਸ਼ਵਰ ਸਿੰਘ ਐੱਸ.ਪੀ ਇਨਵੈਸਟੀਗੇਸ਼ਨ ਫਰੀਦਕੋਟ ਦੇ ਨਿਰਦੇਸ਼ਾਂ ਹੇਠ ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ ਦੀ ਨਿਗਰਾਨੀ ਹੇਠ ਪੁਲਸ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਦੌਰਾਨ ਟੈਕਨੀਕਲ ਇਨਪੁੱਟ ਅਤੇ ਹਿਊਮਨ ਇੰਟੈਲੀਜੈਂਸ ਦੇ ਅਧਾਰ ''ਤੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿਚ ਮੁਲਜ਼ਮ ਵੀਨਾ ਰਾਣੀ ਨੂੰ ਮਿਤੀ 12 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਦੀਪਕ ਸ਼ਰਮਾ ਨੂੰ ਮਹਾਂਰਾਸ਼ਟਰ ਦੇ ਮੁੰਬਈ ਤੋਂ ਮਿਤੀ 19 ਫਰਵਰੀ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆਦਾ ਗਿਆ, ਜਿਸ ਨੂੰ ਕਿ ਕੱਲ 23 ਫਰਵਰੀ ਨੂੰ ਫਰੀਦਕੋਟ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਵਜਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਮੁੱਖ ਮੁਲਜ਼ਮ ਦੀਪਕ ਸ਼ਰਮਾ ਉਕਤ ਕਾਰੋਬਾਰੀ ਕੋਲ ਪੈਟਰੋਲ ਪੰਪ ''ਤੇ ਬਤੌਰ ਸੇਲਜਮੈਨ ਲੱਗਾ ਹੋਇਆ ਸੀ, ਜਿਸ ਵੱਲੋਂ ਹਿਸਾਬ ਕਿਤਾਬ 'ਚ ਹੇਰਾਫੇਰੀ ਸਾਹਮਣੇ ਆਉਣ ''ਤੇ ਕੰਮ ਤੋਂ ਹਟਾ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਕਰੋਨਾ ਸਮੇਂ ਦੌਰਾਨ ਮੁਲਜ਼ਮ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ''ਤੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿਚ ਉਹ ਕਾਰੋਬਾਰੀ ਵੀ ਬਤੌਰ ਗਵਾਹ ਸੀ। ਕੋਟਕਪੂਰਾ ਪੁਲਸ ਵੱਲੋਂ ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ।
