ਭੜਕੇ ਅਧਿਆਪਕਾਂ ਨੇ ਸ੍ਰੀ ਅਨੰਦਪੁਰ ਸਾਹਿਬ-ਚੰਡੀਗੜ੍ਹ ਮਾਰਗ ਕੀਤਾ ਜਾਮ! ਕਿਹਾ ਜੇਕਰ 27 ਫਰਵਰੀ ਨੂੰ...
Sunday, Feb 22, 2026 - 07:08 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਸਿੱਖਿਆ ਦੇਣ ਵਾਲੇ ਅਧਿਆਪਕ ਅੱਜ ਵੀ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਣ ਨੂੰ ਮਜਬੂਰ ਹਨ। ਇਸ ਦੀ ਜਿਊਂਦੀ ਜਾਗਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪੰਜਾਬ ਭਰ ਤੋਂ ਆਏ ਅਧਿਆਪਕਾਂ ਨੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ-ਚੰਡੀਗੜ੍ਹ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ।
ਇਹ ਵੀ ਪੜ੍ਹੋ: ਸਕੀਮ ਪੰਜਾਬ ਦੀ, ਪਰ ਠੇਕਾ ਗੈਰ-ਪੰਜਾਬੀਆਂ ਨੂੰ ਕਿਉਂ ਦੇ ਰਹੀ ਹੈ 'ਆਪ' ਸਰਕਾਰ :ਸੁਖਪਾਲ ਖਹਿਰਾ
ਅਧਿਆਪਕਾਂ ਵੱਲੋਂ ਲਗਾਏ ਗਏ ਜਾਮ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਕਰੀਬ 40 ਮਿੰਟ ਤੱਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਨੇ ਪੂਰੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਕਰ ਦਿੱਤੀ ਅਤੇ ਮੁੱਖ ਸੜਕਾਂ ’ਤੇ ਵਾਹਨਾਂ ਦੀ ਲੰਮੀ ਲਾਈਨ ਦੂਰ ਤੱਕ ਵਿਖਾਈ ਦਿੱਤੀ। ਐਤਵਾਰ ਹੋਣ ਕਾਰਨ ਦੂਰ-ਦੁਰਾਡੇ ਤੋਂ ਆਏ ਯਾਤਰੀ ਵੀ ਜਾਮ ਵਿਚ ਫਸ ਗਏ ਜਿਨ੍ਹਾਂ ਸ਼ਰਧਾਲੂਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਮਾਤਾ ਨੈਣਾ ਦੇਵੀ ਮੰਦਰ ਅਤੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰਨੇ ਸਨ, ਉਨ੍ਹਾਂ ਵਿਚੋਂ ਕਈਆਂ ਨੂੰ ਬਿਨਾਂ ਦਰਸ਼ਨ ਕੀਤੇ ਹੀ ਵਾਪਸ ਮੁੜਨਾਂ ਪਿਆ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਆਪਣੀਆਂ ਲੰਬਿਤ ਮੰਗਾਂ ਸਬੰਧੀ ਮੀਟਿੰਗ ਚਾਹੁੰਦੇ ਹਨ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
ਉਨ੍ਹਾਂ ਦਾ ਦੋਸ਼ ਸੀ ਕਿ ਮੰਤਰੀ ਵੱਲੋਂ ਸਮਾਂ ਨਿਰਧਾਰਿਤ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਕਈ ਵਾਰ ਮੀਟਿੰਗ ਲਈ ਮੰਗ ਕਰ ਚੁੱਕੇ ਹਨ ਪਰ ਪੱਕਾ ਸਮਾਂ ਨਾ ਮਿਲਣ ਕਰਕੇ ਰੋਸ ਪ੍ਰਦਰਸ਼ਨ ਕਰਨਾ ਲਾਜ਼ਮੀ ਹੋ ਗਿਆ। ਮੌਕੇ ’ਤੇ ਐੱਸ. ਡੀ. ਐੱਮ. ਸੁਖਪਾਲ ਸਿੰਘ ਪਹੁੰਚੇ ਅਤੇ ਅਧਿਆਪਕ ਆਗੂਆਂ ਨਾਲ ਗੱਲਬਾਤ ਕੀਤੀ। ਲੰਬੀ ਚਰਚਾ ਮਗਰੋਂ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਕਿ 27 ਫਰਵਰੀ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਭਰੋਸੇ ਤੋਂ ਬਾਅਦ ਅਧਿਆਪਕਾਂ ਨੇ ਜਾਮ ਖੋਲ੍ਹ ਦਿੱਤਾ ਅਤੇ ਆਵਾਜਾਈ ਮੁੜ ਸੁਧਾਰਨ ਹੋ ਗਈ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 27 ਫਰਵਰੀ ਦੀ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਸੰਤੋਸ਼ਜਨਕ ਹੱਲ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਵੱਲੋਂ 27 ਫਰਵਰੀ ਤੱਕ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
