ਪੰਜਾਬ: ਗੁਰਦੁਆਰਾ ਸਾਹਿਬ ਤੋਂ ਹੋਈ ਅਨਾਊਂਸਮੈਂਟ- "ਜੇ ਪੁਲਸ ਨੇ ਕੁਝ ਨਾ ਕੀਤਾ ਤਾਂ ਅਸੀਂ ਕਰਾਂਗੇ..."
Thursday, Feb 19, 2026 - 06:17 PM (IST)
ਜਲੰਧਰ: ਪੰਜਾਬ ਵਿਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਲੋਕਾਂ ਵਿਚ ਵੀ ਗੁੱਸਾ ਵੱਧਦਾ ਜਾ ਰਿਹਾ ਹੈ। ਸਰਕਾਰੀ ਦਾਅਵਿਆਂ ਦੇ ਉਲਟ, ਵੱਖ-ਵੱਖ ਇਲਾਕਿਆਂ ਵਿਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਲੋਕ ਵੀ ਅੱਕ ਚੁੱਕੇ ਹਨ ਤੇ ਹੁਣ ਆਪ ਮੁਹਾਰੇ ਨਸ਼ਾ ਤਸਕਰਾਂ ਖ਼ਿਲਾਫ਼ ਮੋਰਚਾ ਖੋਲ੍ਹਣ ਲੱਗੇ ਹਨ। ਅਜਿਹਾ ਹੀ ਮਾਮਲੇ ਮਹਿਤਪੁਰ ਦੇ ਪਿੰਡ ਉਧੋਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 22 ਸਾਲਾ ਨੌਜਵਾਨ ਦੀ ਮੌਤ ਮਗਰੋਂ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਵੱਡਾ ਇਕੱਠ ਕੀਤਾ ਤੇ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਮਗਰੋਂ ਇਹ ਐਲਾਨ ਕਰ ਦਿੱਤਾ ਕਿ ਜਾਂ ਤਾਂ ਨਸ਼ਾ ਤਸਕਰਾਂ ਖ਼ਿਲਾਫ਼ ਪੁਲਸ ਕੋਈ ਠੋਸ ਕਾਰਵਾਈ ਕਰੇ, ਨਹੀਂ ਤਾਂ ਉਹ ਆਪ ਹੀ ਕਾਰਵਾਈ ਕਰਨ ਲਈ ਤਿਆਰ ਹਨ।

ਦਰਅਸਲ, ਪਿੰਡ ਦੇ ਇਕ 22 ਸਾਲਾ ਨੌਜਵਾਨ ਜਸਬੀਰ ਸਿੰਘ ਉਰਫ਼ ਜੱਸਾ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ। ਜਦਕਿ ਉਸ ਦੇ ਨਾਲ ਨਸ਼ਾ ਕਰਨ ਵਾਲੇ ਦੂਜੇ ਨੌਜਵਾਨ ਲਵਦੀਪ ਸਿੱਧੂ ਨੂੰ ਲੋਕਾਂ ਨੇ ਸਮੇਂ ਸਿਰ ਬਚਾ ਲਿਆ। ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਕੁਝ ਕਥਿਤ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਜੱਸਾ ਦੇ ਪਰਿਵਾਰ ਅਨੁਸਾਰ ਉਹ ਪਹਿਲਾਂ ਨਸ਼ਾ ਛੱਡ ਚੁੱਕਾ ਸੀ ਅਤੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਕੇ ਆਇਆ ਸੀ, ਪਰ ਤਸਕਰਾਂ ਨੇ ਉਸ ਨੂੰ ਦੁਬਾਰਾ ਨਸ਼ੇ ਦੀ ਲਤ ਲਗਾ ਦਿੱਤੀ।
ਘਟਨਾ ਤੋਂ ਬਾਅਦ ਪਿੰਡ ਦੀ ਪੰਚਾਇਤ, ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਵਿਚ ਇਕੱਠ ਕੀਤਾ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਖੁਦ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਇਕੱਠ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਪੀਟਰ ਨੇ ਕਿਹਾ ਕਿ ਸਮਾਜ ਨੂੰ ਨਸ਼ੇ ਖ਼ਿਲਾਫ਼ ਇਕਜੁੱਟ ਹੋਣਾ ਪਵੇਗਾ। ਜੇਕਰ ਸਰਕਾਰ ਅਤੇ ਪੁਲਸ ਨੇ ਠੋਸ ਕਦਮ ਨਾ ਚੁੱਕੇ ਤਾਂ ਪਿੰਡਾਂ ਦੇ ਲੋਕ ਆਪਣੇ ਨੌਜਵਾਨਾਂ ਨੂੰ ਬਚਾਉਣ ਲਈ ਖੁਦ ਮੈਦਾਨ ਵਿਚ ਉਤਰਨਗੇ।
ਦੂਜੇ ਪਾਸੇ ਮਹਿਤਪੁਰ ਥਾਣੇ ਦੇ ਐੱਸ.ਐੱਚ.ਓ. ਪੰਕਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ।
