ਜੇਲ੍ਹ ਤੋਂ ਛੁੱਟ ਕੇ ਫ਼ਿਰ ਸ਼ੁਰੂ ਕੀਤਾ ਨਸ਼ੇ ਦਾ ਕਾਲਾ ਧੰਦਾ, ਪੁਲਸ ਨੇ ਕੀਤਾ ਗ੍ਰਿਫ਼ਤਾਰ
Friday, Feb 20, 2026 - 12:43 PM (IST)
ਲੁਧਿਆਣਾ (ਤਰੁਣ): ਪੰਜਾਬ ਦੀ ਨੌਜਵਾਨ ਪੀੜ੍ਹੀ ਕਿਉਂ ਨਸ਼ੇ ਦੇ ਦਲਦਲ ਵਿੱਚ ਧਸੀ ਹੋਈ ਹੈ, ਇਹ ਖ਼ਬਰ ਇਸ ਗੱਲ ਨੂੰ ਸਾਬਿਤ ਕਰਦੀ ਹੈ। ਇਸ ਖ਼ਬਰ ਵਿਚ ਨਸ਼ਾ ਕਰਨ ਵਾਲਾ ਤਸਕਰ ਕਈ ਵਾਰ ਜੇਲ੍ਹ ਜਾ ਚੁੱਕਾ ਹੈ, ਪਰੰਤੂ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਵੀ ਉਹ ਹਰ ਵਾਰ ਨਸ਼ਾ ਕਰਨਾ ਅਤੇ ਵੇਚਣਾ ਜਾਰੀ ਰੱਖਦਾ ਹੈ। ਅਜਿਹੇ ਨਸ਼ਾ ਤਸਕਰਾਂ ਨੂੰ ਕਾਨੂੰਨ ਦਾ ਖ਼ੌਫ਼ ਨਹੀਂ ਹੈ ਜੋ ਕਿ ਕਾਨੂੰਨ ਦਾ ਸਹਾਰਾ ਲੈ ਕੇ ਉਸ ਨੂੰ ਤੋੜ-ਮਰੋੜ ਕੇ ਜੇਲ੍ਹ ਨੂੰ ਯਾਤਰਾ ਸਮਝਦੇ ਹਨ ਅਤੇ ਆਮ ਲੋਕਾਂ ਦੀਆਂ ਮਾਸੂਮ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ। ਇਸ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਤਸਕਰ ਦੀ ਪਛਾਣ ਪਵਿੰਦਰ ਸਿੰਘ ਨਿਵਾਸੀ ਮਨਜੀਤ ਨਗਰ ਦੇ ਰੂਪ ਵਿਚ ਹੋਈ ਹੈ, ਜਿਸ ਤੋਂ ਪੁਲਸ ਨੂੰ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਦਕਿ ਮੁਲਜ਼ਮ ਦਾ ਦੂਜਾ ਸਾਥੀ ਦੀਪੂ ਕੁਮਾਰ ਨਿਵਾਸੀ ਕਮਲਾ ਨਗਰ ਅਬਦੁੱਲਾਪੁਰ ਬਸਤੀ ਫ਼ਰਾਰ ਹੈ।
ਜਾਂਚ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਮਨਜੀਤ ਨਗਰ ਇਲਾਕੇ ਦੇ ਰੇਲਵੇ ਇੰਜਣ ਸ਼ੈੱਡ ਕੋਲ ਖੜ੍ਹਾ ਹੈ ਅਤੇ ਚਿੱਟਾ ਵੇਚਣ ਲਈ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ। ਜਿਸ ਤੋਂ ਬਾਅਦ ਪੁਲਸ ਨੇ ਰੇਡ ਕਰਕੇ ਪਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ, ਜਦਕਿ ਉਸ ਦਾ ਸਾਥੀ ਦੀਪੂ ਫ਼ਰਾਰ ਹੋ ਗਿਆ। ਪਵਿੰਦਰ ਸਿੰਘ ਖ਼ੁਦ ਵੀ ਚਿੱਟੇ ਦਾ ਸੇਵਨ ਕਰਦਾ ਹੈ। ਜਿਸ 'ਤੇ ਚਿੱਟਾ, ਸ਼ਰਾਬ ਤਸਕਰੀ ਅਤੇ ਆਰਮਜ਼ ਐਕਟ ਸਮੇਤ ਕਰੀਬ 5 ਕੇਸ ਦਰਜ ਹਨ। ਫਿਲਹਾਲ ਪੁਲਸ ਨੇ ਇਸ ਕੇਸ ਵਿਚ ਦੋਵਾਂ ਮੁਲਜ਼ਮਾਂ ਦੇ ਖ਼ਿਲਾਫ਼ ਐਨ.ਡੀ.ਪੀ.ਐਸ. (NDPS) ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਫੜੇ ਗਏ ਮੁਲਜ਼ਮ ਪਵਿੰਦਰ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉੱਥੇ ਹੀ ਪੁਲਿਸ ਟੀਮ ਫ਼ਰਾਰ ਮੁਲਜ਼ਮ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ।
