ਬਠਿੰਡਾ ਸੂਟਕੇਸ ਕਤਲਕਾਂਡ : ਪਰਿਵਾਰ ਦਾ ਕੁੜੀ ਦੀਆਂ ਅੰਤਿਮ ਰਸਮਾਂ ਨਿਭਾਉਣ ਤੋਂ ਇਨਕਾਰ
Sunday, Feb 15, 2026 - 11:48 AM (IST)
ਬਠਿੰਡਾ (ਸੁਖਵਿੰਦਰ) : ਇੱਥੇ ਕੁੱਝ ਦਿਨ ਪਹਿਲਾਂ ਇਕ ਕੁੜੀ ਦਾ ਕਤਲ ਕਰ ਕੇ ਉਸਦੀ ਲਾਸ਼ ਨੂੰ ਸੂਟਕੇਸ ’ਚ ਪਾ ਕੇ ਸੁੱਟ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਹਾਰਾ ਜਨ ਸੇਵਾ ਵੱਲੋਂ ਮ੍ਰਿਤਕ ਕੁੜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੌਕੇ ’ਤੇ ਪਹੁੰਚੇ ਕੁੜੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਉਸ ਦੀਆਂ ਅਸਥੀਆਂ ਇਕੱਠੀਆਂ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਹਾਰਾ ਨੂੰ ਉਸ ਦੀਆਂ ਅਸਥੀਆਂ ਇਕੱਠੀਆਂ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ 9 ਫਰਵਰੀ ਨੂੰ ਕੁੜੀ ਸਪਨਾ ਉਰਫ਼ ਮਲਿਕਾ ਦਾ ਉਸਦੇ ਦੋਸਤ ਵੱਲੋਂ ਕਤਲ ਕਰ ਕੇ ਲਾਸ਼ ਨੂੰ ਸੂਟਕੇਸ ’ਚ ਭਰ ਕੇ ਮਲੋਟ ਰੋਡ 'ਤੇ ਸੁੱਟ ਦਿੱਤਾ ਗਿਆ ਸੀ। ਜਾਂਚ ਤੋਂ ਬਾਅਦ ਪੁਲਸ ਨੇ ਮਾਮਲੇ ਦੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪਤਾ ਲੱਗਾ ਹੈ ਕਿ ਕੁੜੀ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਦੀ ਰਹਿਣ ਵਾਲੀ ਸੀ ਅਤੇ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਬਠਿੰਡਾ ’ਚ ਉਕਤ ਮੁੰਡੇ ਨਾਲ ਰਹਿ ਰਹੀ ਸੀ। ਇਸ ਕਾਰਨ ਉਸਦਾ ਪਰਿਵਾਰ ਉਸ ਤੋਂ ਨਾਰਾਜ਼ ਸੀ। ਪੁਲਸ ਪ੍ਰਸ਼ਾਸਨ ਨੇ ਕੁੜੀ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸਹਾਰਾ ਜਨਸੇਵਾ ਨਾਲ ਤਾਲਮੇਲ ਕਰ ਕੇ ਬਠਿੰਡਾ ’ਚ ਉਸਦਾ ਅੰਤਿਮ ਸੰਸਕਾਰ ਕੀਤਾ। ਉਸ ਦੇ ਕੁੱਝ ਰਿਸ਼ਤੇਦਾਰ ਮੌਕੇ ’ਤੇ ਸ਼ਾਮਲ ਹੋਏ ਪਰ ਉਨ੍ਹਾਂ ਨੇ ਸਪਨਾ ਦੀਆਂ ਅਸਥੀਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸਸਕਾਰ ਤੋਂ ਬਾਅਦ ਸਹਾਰਾ ਜਨਸੇਵਾ ਨੇ ਅਸਥੀਆਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ। ਸਹਾਰਾ ਦੇ ਬੁਲਾਰੇ ਨੇ ਦੱਸਿਆ ਕਿ ਅਸਥੀਆਂ ਨੂੰ ਜਲਦੀ ਹੀ ਹਰਿਦੁਆਰ ’ਚ ਗੰਗਾ ਨਦੀ ’ਚ ਵਿਸਰਜਨ ਕੀਤਾ ਜਾਵੇਗਾ।
