14 ਸਾਲ ਪਹਿਲਾਂ ਅੱਜ ਦੇ ਹੀ ਦਿਨ ਸਚਿਨ ਨੇ ਰਚਿਆ ਸੀ ਇਤਿਹਾਸ, ਬਣਾਇਆ ਸੀ ਇਹ ਵੱਡਾ ਰਿਕਾਰਡ
Tuesday, Jun 29, 2021 - 02:18 PM (IST)
ਸਪੋਰਟਸ ਡੈਸਕ— ਮਹਾਨ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕ੍ਰਿਕਟਰ ਦੇ ਤੌਰ ’ਤੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਜਿਨ੍ਹਾਂ ਨੂੰ ਤੋੜਨਾ ਸੌਖਾ ਨਹੀਂ ਹੈ। ਅਜਿਹਾ ਹੀ ਇਕ ਰਿਕਾਰਡ ਉਨ੍ਹਾਂ ਨੇ 14 ਸਾਲ ਪਹਿਲਾਂ ਅੱਜ ਦੇ ਹੀ ਦਿਨ ਬਣਾਇਆ ਸੀ ਤੇ ਇਤਿਹਾਸ ਦੇ ਪੰਨਿਆਂ ’ਚ ਆਪਣਾ ਨਾਂ ਹਮੇਸ਼ਾ ਲਈ ਦਰਜ ਕਰਵਾ ਲਿਆ ਸੀ। ਅੱਜ ਦੇ ਹੀ ਦਿਨ 2007 ’ਚ ਸਚਿਨ ਨੇ ਵਨ-ਡੇ ’ਚ 15,000 ਦੌੜਾਂ ਪੂਰੀਆਂ ਕੀਤੀਆਂ ਸਨ ਤੇ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣੇ ਸਨ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੌਰੇ ਲਈ ਰਵਾਨਾ ਹੋਈ ਭਾਰਤੀ ਟੀਮ ਨੂੰ ਹਰਭਜਨ ਸਿੰਘ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਮਾਸਟਰ ਬਲਾਸਟਰ ਨੇ ਦੱਖਣੀ ਅਫ਼ਰੀਕਾ ਖ਼ਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਵਨ-ਡੇ ’ਚ ਬੇਲਫਾਸਟ ’ਚ ਇਹ ਉਪਲਬਧੀ ਹਾਸਲ ਕੀਤੀ ਸੀ। ਜਿੱਤ ਦੇ ਲਈ 227 ਦੌੜਾਂ ਦਾ ਪਿੱਛਾ ਕਰਦੇ ਹੋਏ ਤੇਂਦੁਲਕਰ ਨੇ ਭਾਰਤ ਲਈ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ ਤੇ 50 ਓਵਰ ਦੇ ਕ੍ਰਿਕਟ ’ਚ 15,000 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਲਈ 106 ਗੇਂਦਾਂ ’ਚ 93 ਦੌੜਾਂ ਦੀ ਪਾਰੀ ਖੇਡੀ। ਤੇਂਦੁਲਕਰ ਨੇ ਆਪਣੀ ਪਾਰੀ ’ਚ 13 ਚੌਕੇ ਤੇ ਦੋ ਛੱਕੇ ਲਾਏ।
ਸੱਜੇ ਹੱਥ ਦਾ ਇਹ ਬੱਲੇਬਾਜ਼ 32ਵੇਂ ਓਵਰ ’ਚ ਆਊਟ ਹੋ ਕੇ ਪਵੇਲੀਅਨ ਪਰਤ ਗਿਆ ਪਰ ਇਸ ਤੋਂ ਪਹਿਲਾਂ ਆਪਣੇ ਪਿੱਛੇ ਇਕ ਅਜਿਹਾ ਰਿਕਾਰਡ ਛੱਡ ਗਿਆ ਜਿਸ ਨੂੰ ਤੋੜ ਸਕਣਾ ਬੇਹੱਦ ਮੁਸ਼ਕਲ ਹੈ। ਅੰਤ ’ਚ ਯੁਵਰਾਜ ਸਿੰਘ ਤੇ ਦਿਨੇਸ਼ ਕਾਰਤਿਕ ਨੇ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਦਿਵਾਈ।
ਜ਼ਿਕਰਯੋਗ ਹੈ ਕਿ ਤੇਂਦੁਲਕਰ ਨੇ 15 ਨਵੰਬਰ 1989 ਨੂੰ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ ਸੀ। ਉਸੇ ਸਾਲ 18 ਦਸੰਬਰ ਨੂੰ ਉਨ੍ਹਾਂ ਨੇ ਪਹਿਲਾ ਵਨ-ਡੇ ਮੈਚ ਵੀ ਖੇਡਿਆ ਸੀ। ਮਹਾਨ ਕ੍ਰਿਕਟਰ ਨੇ ਖੇਡ ਦੇ ਸ਼ਭ ਤੋਂ ਲੰਬੇ ਫਾਰਮੈਟ ’ਚ 15,921 ਦੌੜਾਂ ਬਣਾ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਨਾਲ ਹੀ ਤੇਂਦੁਲਕਰ ਨੇ ਕਿਸੇ ਵੀ ਖਿਡਾਰੀ ਵੱਲੋਂ ਸਭ ਤੋਂ ਵੱਧ 51 ਟੈਸਟ ਸੈਂਕੜੇ ਬਣਾਏ ਹਨ।
ਇਹ ਵੀ ਪੜ੍ਹੋ : ਸ਼ਾਟਪੁੱਟ ਖਿਡਾਰੀ ਤੂਰ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ
ਵਨ-ਡੇ ਕ੍ਰਿਕਟ ’ਚ ਚੀਜ਼ਾਂ ਅਲਗ ਨਹੀਂ ਹਨ ਕਿਉਂਕਿ ਤੇਂਦੁਲਕਰ ਇਸ ਫਾਰਮੈਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਸੂਚੀ ’ਚ ਵੀ ਸਭ ਤੋਂ ਉੱਪਰ ਹਨ। ਉਨ੍ਹਾਂ ਨੇ ਵਨ-ਡੇ ’ਚ 18,426 ਦੌੜਾਂ ਬਣਾਈਆਂ ਹਨ ਜਿਸ ’ਚ 49 ਸੈਂਕੜੇ ਸ਼ਾਮਲ ਹਨ। ਤੇਂਦੁਲਕਰ ਨੇ 24 ਸਾਲ ਤਕ ਚਲੇ ਆਪਣੇ ਕਰੀਅਰ ਦੇ ਦੌਰਾਨ 6 ਵਰਲਡ ਕੱਪ ’ਚ ਦੇਸ਼ ਦੀ ਨੁਮਾਇੰਦਗੀ ਕੀਤੀ। ਉਹ 2011 ਵਰਲਡ ਕੱਪ ਜੇਤੂ ਟੀਮ ਦਾ ਵੀ ਹਿੱਸਾ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।