ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਐੱਨ. ਸੀ. ਈ. ਆਰ. ਟੀ. ਨੇ ਲਿਆ ਦਾ ਵੱਡਾ ਫ਼ੈਸਲਾ
Sunday, Mar 15, 2026 - 08:46 AM (IST)
ਲੁਧਿਆਣਾ (ਵਿੱਕੀ) : ਸਕੂਲਾਂ ’ਚ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਹਿਮ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਇਸ ਲੜੀ ਤਹਿਤ 9ਵੀਂ ਜਮਾਤ ’ਚ ਪੜ੍ਹਾਈ ਲਈ ਅੰਗਰੇਜ਼ੀ ਦੀਆਂ ਪੁਰਾਣੀਆਂ ਕਿਤਾਬਾਂ ਹੁਣ ਨਹੀਂ ਚੱਲਣਗੀਆਂ। ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨ. ਸੀ. ਈ. ਆਰ. ਟੀ.) ਨੇ ਵੱਡਾ ਬਦਲਾਅ ਕਰਦਿਆਂ ਅੰਗਰੇਜ਼ੀ ਦੀਆਂ ਕਿਤਾਬਾਂ ਦੀ ਗਿਣਤੀ 2 ਤੋਂ ਘਟਾ ਕੇ ਹੁਣ ਸਿਰਫ ਇਕ ਕਰ ਦਿੱਤੀ ਹੈ। ਇਸ ਦੇ ਨਾਲ ਹੀ ਚੈਪਟਰਾਂ ਦੀ ਗਿਣਤੀ ’ਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਕੌਂਸਲ ਵੱਲੋਂ ਜਾਰੀ ਨਵੀਂ ਕਿਤਾਬ ‘ਕਾਵੇਰੀ’ ਨਾਲ ਹੁਣ ਪੜ੍ਹਾਈ ਹੋਵੇਗੀ, ਜਿਸ ’ਚ ਭਾਰਤੀ ਲੇਖਕਾਂ ਅਤੇ ਇੰਡੀਅਨ ਨਾਲੇਜ ਸਿਸਟਮ ਦੇ ਤੱਤਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਨੈਸ਼ਨਲ ਸਕੂਲ ਐਜੂਕੇਸ਼ਨ ਕਰੀਕੁਲਮ ਫਰੇਮਵਰਕ 2023 ਅਨੁਸਾਰ ਤਿਆਰ ਕੀਤੀ ਇਹ ਕਿਤਾਬ ਪਿਛਲੀਆਂ ਪਾਠ ਪੁਸਤਕਾਂ ‘ਬੀਹਾਈਵ’ ਅਤੇ ‘ਮੋਮੈਂਟਸ’ ਦੀ ਥਾਂ ਲਵੇਗੀ। ਜਾਣਕਾਰੀ ਮੁਤਾਬਕ ਪਹਿਲਾਂ 9ਵੀਂ ਜਮਾਤ ਦੇ ਅੰਗਰੇਜ਼ੀ ਸਿਲੇਬਸ ’ਚ 2 ਕਿਤਾਬਾਂ ਹੁੰਦੀਆਂ ਸਨ ਅਤੇ ਵਿਦਿਆਰਥੀਆਂ ਨੂੰ ਕੁੱਲ 29 ਚੈਪਟਰ ਪੜ੍ਹਾਏ ਜਾਂਦੇ ਸਨ ਪਰ ਨਵੇਂ ਸਿਲੇਬਸ ’ਚ ਹੁਣ ਸਿਰਫ ਇਕ ਹੀ ਕਿਤਾਬ ‘ਕਾਵੇਰੀ’ ਹੋਵੇਗੀ, ਜਿਸ ’ਚ ਕੁੱਲ 16 ਚੈਪਟਰ ਸ਼ਾਮਲ ਕੀਤੇ ਗਏ ਹਨ। ਇਸ ਬਦਲਾਅ ਦਾ ਮੁੱਖ ਮਕਸਦ ਸਿਲੇਬਸ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਸੰਤੁਲਿਤ, ਸਰਲ ਅਤੇ ਘੱਟ ਬੋਝ ਵਾਲਾ ਬਣਾਉਣਾ ਹੈ।
ਇਹ ਵੀ ਪੜ੍ਹੋ : ਪੰਜਾਬ : LPG ਗੈਸ ਸੰਕਟ ਵਿਚਾਲੇ ਖ਼ਪਤਕਾਰਾਂ ਨੂੰ ਪਈ ਨਵੀਂ ਮੁਸੀਬਤ, KYC ਦੇ ਨਾਂ 'ਤੇ ਹੁਣ...
ਭਾਰਤੀ ਅਤੇ ਵਿਦੇਸ਼ੀ ਲੇਖਕਾਂ ਵਿਚਾਲੇ ਰੱਖਿਆ ਤਾਲਮੇਲ
ਜਾਣਕਾਰੀ ਅਨੁਸਾਰ ਨਵੀਂ ਕਿਤਾਬ ’ਚ ਭਾਰਤੀ ਲੇਖਕਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ‘ਕਾਵੇਰੀ’ ’ਚ ਸ਼ਾਮਲ 16 ਰਚਨਾਵਾਂ ’ਚੋਂ 8 ਭਾਰਤੀ ਲੇਖਕਾਂ ਦੀਆਂ ਹਨ। ਇਨ੍ਹਾਂ ’ਚ ਤਮਿਲ ਕਵੀ ਸੁਬਰਾਮਨੀਅਮ ਭਾਰਤੀ, ਰਾਜ ਸਭਾ ਮੈਂਬਰ ਅਤੇ ਲੇਖਿਕਾ ਸੁਧਾ ਮੂਰਤੀ, ਨਾਗਾ ਲੇਖਿਕਾ ਤੇਮਸੁਲਾ ਏਓ, ਅਸਾਮੀ ਨਾਵਲਕਾਰ ਮਿੱਤਰਾ ਫੁਕਨ ਅਤੇ ਨੋਬਲ ਪੁਰਸਕਾਰ ਜੇਤੂ ਰਵਿੰਦਰਨਾਥ ਟੈਗੋਰ ਸ਼ਾਮਲ ਹਨ। ਉੱਥੇ ਹੀ ਵਿਦੇਸ਼ੀ ਲੇਖਕਾਂ ’ਚ ਅਮਰੀਕੀ ਕਵੀ ਡੇਵਿਡ ਰੋਥ, ਅੰਗਰੇਜ਼ੀ ਕਵੀ ਚਾਰਲਸ ਸਵੈਨ, ਅਮਰੀਕੀ ਬਾਲ ਲੇਖਿਕਾ ਬ੍ਰਾਇਨਾ ਟੀ. ਪਰਕਿਨਸ, ਕਵੀ ਰਾਬਰਟ ਲੈਂਗਲੀ ਅਤੇ ਸਿੰਗਾਪੁਰ ਦੀ ਲੇਖਿਕਾ ਆਈਰੀਨ ਚੂਆ ਦੀਆਂ ਰਚਨਾਵਾਂ ਨੂੰ ਥਾਂ ਮਿਲੀ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਤੇਜ਼ ਹਵਾਵਾਂ ਚੱਲਣ ਨਾਲ ਮੀਂਹ ਪੈਣ ਦੀ ਸੰਭਾਵਨਾ
ਪੈਰਾ-ਓਲੰਪਿਕ ਖਿਡਾਰੀ ਦੀਪਾ ਮਲਿਕ ਦੀ ਕਹਾਣੀ ਅਤੇ ਸੁਧਾ ਮੂਰਤੀ ਦੀ ਰਚਨਾ ਨਾਲ ਹੋਵੇਗੀ ਸ਼ੁਰੂਆਤ
ਨਵੀਂ ਕਿਤਾਬ ਦੀ ਸ਼ੁਰੂਆਤ ਸੁਧਾ ਮੂਰਤੀ ਦੇ 2004 ਦੇ ਸੰਗ੍ਰਹਿ ‘ਹਾਊ ਆਈ ਟੌਟ ਮਾਈ ਗ੍ਰੈਂਡਮਦਰ ਟੂ ਰੀਡ’ ਦੀ ਇਕ ਕਹਾਣੀ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਮੋਟੀਵੇਸ਼ਨਲ ਕੰਟੈਂਟ ਵੀ ਜੋੜਿਆ ਗਿਆ ਹੈ। ਕਿਤਾਬ ’ਚ ‘ਦਿ ਵਰਲਡ ਆਫ ਲਿਮਿਟਲੇਸ ਪੋਸੀਬਿਲਿਟੀਜ਼’ ਨਾਮ ਦਾ ਇਕ ਚੈਪਟਰ ਹੈ, ਜਿਸ ’ਚ ਭਾਰਤ ਦੀ ਪ੍ਰਸਿੱਧ ਪੈਰਾ-ਓਲੰਪਿਕ ਖਿਡਾਰੀ ਦੀਪਾ ਮਲਿਕ ਦੀ ਕਹਾਣੀ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਦੱਸਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਇਸ ਨਵੇਂ ਪਾਠਕ੍ਰਮ ਨਾਲ ਵਿਦਿਆਰਥੀਆਂ ਦੀ ਸੱਭਿਆਚਾਰਕ ਸਮਝ ਵਿਕਸਿਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
