ਸਰਦੂਲਗੜ੍ਹ ਦੋਹਰੇ ਕਤਲਕਾਂਡ ''ਚ ਵੱਡਾ ਖ਼ੁਲਾਸਾ, ਗੁਆਂਢੀ ਹੀ ਨਿਕਲਿਆ ਕਾਤਲ
Thursday, Mar 05, 2026 - 01:32 PM (IST)
ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਵੱਲੋਂ ਬੀਤੀ 27 ਫਰਵਰੀ ਨੂੰ ਥਾਣਾ ਸਰਦੂਲਗੜ੍ਹ ਇਲਾਕੇ 'ਚ ਸ਼ੈਲਰ ਰੋਡ 'ਤੇ ਇੱਕ ਫਾਰਮ ਹਾਊਸ 'ਚ ਦੋ ਵਿਅਕਤੀਆਂ ਦੇ ਅੰਨ੍ਹੇ ਕਤਲ ਦੇ ਮੁਕਦੱਮੇ ਨੂੰ ਟਰੇਸ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮਨਮੋਹਨ ਸਿੰਘ ਔਲਖ ਐੱਸ. ਪੀ. (ਇੰਨਵੈ) ਨੇ ਦੱਸਿਆ ਕਿ 27 ਫਰਵਰੀ 2026 ਨੂੰ ਥਾਣਾ ਸਰਦੂਲਗੜ੍ਹ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਸਰਦੂਲਗੜ੍ਹ ਦੇ ਸ਼ੈਲਰ ਰੋਡ 'ਤੇ ਇੱਕ ਫਾਰਮ ਹਾਊਸ 'ਚ ਜਸਵੀਰ ਸਿੰਘ ਉਰਫ਼ ਕਾਕਾ ਪੁੱਤਰ ਰਮੇਸ਼ ਕੁਮਾਰ ਵਾਸੀ ਸਰਦੂਲਗੜ੍ਹ ਅਤੇ ਉਸ ਦੇ ਮਾਲੀ ਬਲਦੇਵ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮੀਰਪੁਰ ਖੁਰਦ ਦਾ ਕਤਲ ਕਰ ਦਿੱਤਾ ਗਿਆ ਹੈ।
ਇਸ ਦੇ ਸਬੰਧ 'ਚ ਤੁਰੰਤ ਕਾਰਵਾਈ ਕਰਦਿਆਂ ਅਸ਼ੋਕ ਕੁਮਾਰ ਦੇ ਬਿਆਨ 'ਤੇ ਮੁਕੱਦਮਾ ਰਜਿਸਟਰ ਕੀਤਾ ਗਿਆ। ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ। ਟੀਮਾਂ ਵੱਲੋਂ ਮੁਸਤੈਦੀ ਅਤੇ ਵਿਗਿਆਨਕ ਤਰੀਕੇ ਨਾਲ ਕੰਮ ਕਰਦੇ ਹੋਏ ਮੁਕੱਦਮੇ 'ਚ ਗੁਰਪ੍ਰੀਤ ਸਿੰਘ (35) ਉਰਫ਼ ਨਿਉਲਾ ਪੁੱਤਰ ਘੋਨਾ ਸਿੰਘ ਵਾਸੀ ਸਰਦੂਲਗੜ੍ਹ ਨੂੰ ਨਾਮਜ਼ਦ ਕਰਕੇ 4 ਮਾਰਚ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਦਾ ਪਿਤਾ ਘੋਨਾ ਸਿੰਘ ਅਕਸਰ ਹੀ ਉਸ ਦੇ ਗੁਆਂਢੀ ਮ੍ਰਿਤਕ ਜਸਵੀਰ ਕੁਮਾਰ ਉਰਫ਼ ਕਾਕਾ ਕੋਲ ਚਲਾ ਜਾਂਦਾ।
ਕੁੱਝ ਅਰਸੇ ਬਾਅਦ ਹੀ ਜਦੋਂ ਗੁਰਪ੍ਰੀਤ ਸਿੰਘ ਦੇ ਪਿਤਾ ਦੀ ਕਿਸੇ ਕਾਰਨ ਕਰਕੇ ਮੌਤ ਹੋ ਗਈ ਤਾਂ ਗੁਰਪ੍ਰੀਤ ਸਿੰਘ ਇਸ ਗੱਲ ਦਾ ਸ਼ੱਕ ਕਰਦਾ ਸੀ ਕਿ ਮ੍ਰਿਤਕ ਜਸਵੀਰ ਕੁਮਾਰ ਨੇ ਹੀ ਉਸਦੇ ਪਿਤਾ ਨੂੰ ਕੋਈ ਅਜਿਹੀ ਚੀਜ਼ ਚਾਹ 'ਚ ਮਿਲਾ ਕੇ ਪਿਆਈ ਹੈ, ਜਿਸ ਕਾਰਨ ਕਰਕੇ ਹੀ ਉਸਦਾ ਪਿਤਾ ਬੀਮਾਰੀ ਗ੍ਰਸਤ ਹੋ ਕੇ ਮਰ ਗਿਆ ਹੈ ਕਿਉਂਕਿ ਕਿਸੇ ਵਲੋਂ ਜ਼ਹਿਰ ਪਾਉਣ ਕਰਕੇ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ ਦੀ ਵੀ ਮੌਤ ਹੋ ਗਈ ਸੀ। ਇਸ ਸ਼ੱਕ ਵੀ ਉਹ ਮ੍ਰਿਤਕ ਜਸਵੀਰ ਕੁਮਾਰ 'ਤੇ ਕਰਦਾ ਸੀ। ਇਸ ਕਰਕੇ ਉਸਨੇ ਮੌਕਾ ਮਿਲਦੇ ਹੀ ਜਸਵੀਰ ਕੁਮਾਰ ਅਤੇ ਬਲਦੇਵ ਸਿੰਘ ਦਾ ਕਤਲ ਕੀਤਾ ਹੈ।ਪੁਲਸ ਵਲੋਂ ਗ੍ਰਿਫ਼ਤਾਰ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਅਤੇ ਉਸ ਕੋਲੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
