ਜ਼ੀਰਾ ਵਿਖੇ 14 ਮਾਰਚ ਨੂੰ ਲੱਗੇਗੀ ਲੋਕ ਅਦਾਲਤ

Wednesday, Mar 11, 2026 - 01:27 PM (IST)

ਜ਼ੀਰਾ ਵਿਖੇ 14 ਮਾਰਚ ਨੂੰ ਲੱਗੇਗੀ ਲੋਕ ਅਦਾਲਤ

ਜ਼ੀਰਾ (ਅਕਾਲੀਆਂ ਵਾਲਾ) : ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਵਲ ਕੋਰਟ ਜ਼ੀਰਾ ਵਿਖੇ 14 ਮਾਰਚ 2026 ਨੂੰ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੋਕ ਅਦਾਲਤ ਦਾ ਮੁੱਖ ਉਦੇਸ਼ ਲੋਕਾਂ ਨੂੰ ਸਸਤਾ ਅਤੇ ਤੁਰੰਤ ਇਨਸਾਫ਼ ਮੁਹੱਈਆ ਕਰਵਾਉਣਾ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਅਦਾਲਤ ਦੇ ਮੈਂਬਰ ਸਤਿੰਦਰ ਸਚਦੇਵਾ, ਵਿਜੇ ਮੋਂਗਾ ਅਤੇ ਡਾ. ਆਰਤੀ ਬਿੰਦਰਾ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਵੱਖ-ਵੱਖ ਕਿਸਮ ਦੇ ਮਾਮਲੇ ਸੁਣੇ ਜਾਣਗੇ ਅਤੇ ਪੱਖਕਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਲੋਕ ਅਦਾਲਤ ਦੇ ਮਾਧਿਅਮ ਨਾਲ ਛੋਟੇ-ਮੋਟੇ ਝਗੜਿਆਂ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਕੇਸਾਂ ਨੂੰ ਬਿਨਾਂ ਕਿਸੇ ਵੱਡੇ ਖ਼ਰਚੇ ਅਤੇ ਲੰਬੀ ਕਾਰਵਾਈ ਤੋਂ ਬਿਨਾਂ ਹੀ ਨਿਪਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਬੈਂਕ ਕਰਜ਼ੇ ਨਾਲ ਸਬੰਧਿਤ ਮਾਮਲੇ, ਬਿਜਲੀ ਬਿੱਲਾਂ ਦੇ ਮਾਮਲੇ, ਟੈਲੀਫੋਨ ਚਲਾਨ, ਰਿਕਵਰੀ ਸੂਟ, ਟ੍ਰੈਫਿਕ ਚਲਾਨ ਅਤੇ ਹੋਰ ਸਮਝੌਤਾਪੂਰਨ ਮਾਮਲੇ ਰੱਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਦੋਵੇਂ ਪੱਖਾਂ ਦੀ ਰਜ਼ਾਮੰਦੀ ਨਾਲ ਕਈ ਹੋਰ ਕਿਸਮ ਦੇ ਕੇਸ ਵੀ ਲੋਕ ਅਦਾਲਤ ਵਿੱਚ ਸੁਣੇ ਜਾ ਸਕਦੇ ਹਨ ਅਤੇ ਉਨ੍ਹਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾਂਦਾ ਹੈ।

ਲੋਕ ਅਦਾਲਤ ਦੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਕੇਸ ਅਦਾਲਤਾਂ ਵਿੱਚ ਲੰਬਿਤ ਪਏ ਹਨ ਜਾਂ ਜਿਨ੍ਹਾਂ ਦੇ ਮਾਮਲੇ ਆਪਸੀ ਸਹਿਮਤੀ ਨਾਲ ਨਿਪਟ ਸਕਦੇ ਹਨ ਉਹ ਲੋਕ ਅਦਾਲਤ ਦਾ ਪੂਰਾ ਲਾਭ ਲੈਣ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਦੇ ਫ਼ੈਸਲੇ ਨੂੰ ਅਦਾਲਤੀ ਫ਼ੈਸਲੇ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਇਸ ਦੇ ਖ਼ਿਲਾਫ਼ ਕੋਈ ਅਪੀਲ ਨਹੀਂ ਹੁੰਦੀ। ਉਨ੍ਹਾਂ ਹੋਰ ਦੱਸਿਆ ਕਿ ਲੋਕ ਅਦਾਲਤ ਦੇ ਜ਼ਰੀਏ ਕੇਸਾਂ ਦਾ ਨਿਪਟਾਰਾ ਹੋਣ ਨਾਲ ਲੋਕਾਂ ਦਾ ਸਮਾਂ ਅਤੇ ਧਨ ਦੋਵੇਂ ਬਚਦੇ ਹਨ ਅਤੇ ਪੱਖਕਾਰਾਂ ਵਿਚਕਾਰ ਆਪਸੀ ਸਾਂਝ ਅਤੇ ਭਰੋਸਾ ਵੀ ਕਾਇਮ ਰਹਿੰਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਚਾਹੀਦਾ ਹੈ ਕਿ ਉਹ 14 ਮਾਰਚ ਨੂੰ ਲੱਗ ਰਹੀ ਲੋਕ ਅਦਾਲਤ 'ਚ ਪਹੁੰਚ ਕੇ ਆਪਣੇ ਮਾਮਲਿਆਂ ਦਾ ਨਿਪਟਾਰਾ ਕਰਵਾਉਣ।
 


author

Babita

Content Editor

Related News