ਬੱਕਰੀਆਂ ਚਾਰਨ ਵਾਲੇ ਨੇ ਮੁੜ ਰਚਿਆ ਇਤਿਹਾਸ, JRF ਪ੍ਰੀਖਿਆ ’ਚ ਦੇਸ਼ ਭਰ ’ਚੋਂ ਪ੍ਰਾਪਤ ਕੀਤਾ 6ਵਾਂ ਰੈਂਕ

Monday, Mar 02, 2026 - 12:25 AM (IST)

ਬੱਕਰੀਆਂ ਚਾਰਨ ਵਾਲੇ ਨੇ ਮੁੜ ਰਚਿਆ ਇਤਿਹਾਸ, JRF ਪ੍ਰੀਖਿਆ ’ਚ ਦੇਸ਼ ਭਰ ’ਚੋਂ ਪ੍ਰਾਪਤ ਕੀਤਾ 6ਵਾਂ ਰੈਂਕ

ਬੁਢਲਾਡਾ (ਬਾਂਸਲ) - ਬੁਢਲਾਡਾ ਹਲਕੇ ਦੇ ਕਸਬਾ ਬੋਹਾ ਦੇ ਬੱਕਰੀਆਂ ਚਾਰਨ ਵਾਲੇ ਵਿਦਿਆਰਥੀ ਕੋਮਲਦੀਪ ਸਿੰਘ ਨੇ ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇਕ ਵਾਰ ਫਿਰ ਜੇ. ਆਰ. ਐੱਫ. ਪ੍ਰੀਖਿਆ ਪਾਸ ਕਰਦਿਆਂ ਦੇਸ਼ ਭਰ ’ਚੋਂ 6ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਅਤੇ ਪੂਰੇ ਜ਼ਿਲੇ ਦਾ ਨਾਂ ਚਮਕਾ ਦਿੱਤਾ ਹੈ। ਇਕ ਸਾਦੇ ਪਰਿਵਾਰ ’ਚ ਜੰਮਿਆ ਪਲਿਆ, ਜਿਸਦੀ ਮਾਂ ਘਰ ਵਿਚ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ ਤੇ ਪਿਤਾ ਭੱਠੇ ’ਤੇ ਕੰਮ ਕਰਦਾ ਹੈ, ਇਹ ਲੜਕਾ ਵੀ ਕਦੇ ਆਪਣੇ ਪਿਤਾ ਨਾਲ ਭੱਠੇ ’ਤੇ ਕੰਮ ਕਰਦਾ ਤੇ ਕਦੇ ਬੱਕਰੀਆਂ ਚਾਰਦਾ ਹੋਇਆ। ਆਪਣੀ ਮਿਹਨਤ ਦੀ ਜ਼ੋਰ ਨਾਲ ਅੱਜ ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ ਪਾਸ ਕੀਤੀ ਸੀ ਪਰ ਅੱਗੇ ਵਧਣ ਲਈ ਆਰਥਿਕ ਤੰਗ ਹੋਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਸਿਰ ਦਿੱਤੀ ਰਾਏ ਨੇ ਤਰੱਕੀ ਵੱਲ ਤੋਰਦਿਆਂ ਸਖਤ ਮਿਹਨਤ ਸਦਕਾ ਅੱਜ ਜੇ. ਆਰ. ਐੱਫ. ਦੀ ਪ੍ਰੀਖਿਆ ਪਾਸ ਕਰ ਕੇ ਹੁਣ ਕੋਮਲਦੀਪ ਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ।

ਬੱਕਰੀਆਂ ਦੇ ਨਾਲ-ਨਾਲ ਇਹ ਪੜ੍ਹਾਈ ਦੀ ਪੱਗ ਵੀ ਬੜੀ ਠਾਠ ਨਾਲ ਸਜਾਈ ਤੇ ਅੱਜ ਜਿਸ ਦਿਨ ਦੁਬਾਰਾ ਫਿਰ ਯੂ. ਜੀ. ਸੀ. ਨੈੱਟ ਪਾਸ ਕਰਨ ਤੋਂ ਬਾਅਦ ਜੇ. ਆਰ. ਐੱਫ. ਦੀ ਪ੍ਰੀਖਿਆ ’ਚੋਂ ਦੇਸ਼ ਭਰ ’ਚ ਨਾਂ ਚਮਕਾ ਚੁੱਕਾ ਹੈ। ਪਰਿਵਾਰ ਦੇ ਹਰ ਇਕ ਜੀਅ ਦੇ ਚਿਹਰੇ ’ਤੇ ਮੁਸਕਾਨ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਾਡਾ ਬੱਕਰੀਆਂ ਚਾਰਨ ਵਾਲਾ ਵੀ ਕਿਸੇ ਨਾਲੋਂ ਘੱਟ ਨਹੀਂ, ਇਹ ਸਿਰਫ ਮਾਂ ਲਖਵੀਰ ਕੌਰ ਅਤੇ ਪਿਤਾ ਹਰਜਿੰਦਰ ਸਿੰਘ ਦੀ ਮਿਹਨਤ ਦੀ ਜਿੱਤ ਨਹੀਂ, ਬਲਕਿ ਹਰ ਉਸ ਨੌਜਵਾਨ ਲਈ ਰਾਹ ਹੈ, ਜੋ ਸੋਚਦਾ ਹੈ ਕਿ ਹਾਲਾਤ ਮਾਰ ਪਾ ਜਾਂਦੇ ਹਨ। ਨਹੀਂ, ਉਨ੍ਹਾਂ ਨੂੰ ਜਿੱਤਿਆ ਜਾ ਸਕਦਾ ਹੈ। ਨਾਲ ਹੀ ਉਹ ਮਿਸਾਲ ਹੈ ਜੋ ਦੱਸਦੀ ਹੈ, ਹੁਨਰ ਅਤੇ ਮਿਹਨਤ ਦੇ ਜਜ਼ਬੇ ਨਾਲ ਹਾਲਾਤਾਂ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ।

ਇਸ ਸਬੰਧੀ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਠੇਕੇਦਾਰ ਗੁਰਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਭਾਜਪਾ ਆਗੂ ਸੁਖਪਾਲ ਸਿੰਘ, ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਮਲਦੀਪ ਨੇ ਔਕੜਾਂ ਨੂੰ ਪਿੱਛੇ ਛੱਡ ਬੁਲੰਦੀਆਂ ਨੂੰ ਛੂਹਣ ਲਈ ਆਪਣੀ ਜਿੰਦ ਜਾਨ ਲਗਾ ਕੇ ਯੂ. ਜੀ. ਸੀ. ਨੈੱਟ ਪ੍ਰੀਖਿਆ ਤੋਂ ਬਾਅਦ ਹੁਣ ਜੇ. ਆਰ. ਐੱਫ. ਪ੍ਰੀਖਿਆ ਪਾਸ ਕਰ ਕੇ ਇਤਿਹਾਸ ਰਚ ਦਿੱਤਾ ਹੈ।


author

Inder Prajapati

Content Editor

Related News