1000 ਰੁਪਏ ਦੇ ਵਾਅਦੇ 'ਤੇ ਮਜੀਠੀਆ ਨੇ 'ਆਪ' ਸਰਕਾਰ ਨੂੰ ਘੇਰਿਆ, 'ਪੰਜਾਬ ਦਾ ਖ਼ਜ਼ਾਨਾ ਪਹਿਲਾਂ ਹੀ ICU 'ਚ
Sunday, Mar 08, 2026 - 02:21 PM (IST)
ਬਠਿੰਡਾ- ਹਲਕਾ ਮੌੜ 'ਚ ਹੋ ਰਹੀ “ਪੰਜਾਬ ਬਚਾਓ” ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਇੱਕ ਅਹਿਮ ਮੋੜ ‘ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਲੋਕਾਂ ਨੇ “ਬਦਲਾਅ” ਦੇ ਨਾਂ ‘ਤੇ ਫੈਸਲਾ ਕੀਤਾ ਸੀ, ਪਰ ਅੱਜ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਉਸ ਫੈਸਲੇ ਲਈ ਪਛਤਾਵਾ ਹੈ। ਮਜੀਠੀਆ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਐਸਾ ਬਦਲਾਅ ਕਿਸੇ ਹੋਰ ਸੂਬੇ ਵਿੱਚ ਨਾ ਆਵੇ, ਜਿਸ ਤਰ੍ਹਾਂ ਦਾ ਬਦਲਾਅ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬਦਲਾਅ ਨੇ ਪੰਜਾਬ ਦੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਮਜੀਠੀਆ ਨੇ ਕਿਹਾ ਕਿ ਇਸ ਸਰਕਾਰ ਦੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬ ਦੇ ਕਾਮਯਾਬ ਪੁੱਤ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਉਨ੍ਹਾਂ ਆਰੋਪ ਲਗਾਇਆ ਕਿ ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਕਿਸੇ ਨੌਜਵਾਨ ਦੇ ਕਤਲ ਜਾਂ ਫਿਰੌਤੀ ਦੀਆਂ ਘਟਨਾਵਾਂ ਦੀ ਖ਼ਬਰ ਨਾ ਆਵੇ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਆਪਣਾ ਅਖੀਰਲਾ ਬਜਟ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਚੋਣਾਂ ਹੋਣੀਆਂ ਹਨ। ਉਨ੍ਹਾਂ ਮੁਤਾਬਕ 'ਬਦਲਾਅ' ਦੇ ਇਸ ਦੌਰ ਨੂੰ ਵੇਖਦਿਆਂ ਹੁਣ ਲੋਕ ਕੋਈ ਹੋਰ ਨਵਾਂ ਤਜਰਬਾ ਨਹੀਂ ਕਰਨਾ ਚਾਹੁਣਗੇ।
ਕੇਜਰੀਵਾਲ ਨੂੰ 'ਵੱਡਾ ਠੱਗ' ਬੋਲਦਿਆਂ ਮਜੀਠੀਆ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਜੋ ਕਿ ਸਾਲਾਂ ਤੋਂ ਮਨਾਇਆ ਜਾਂਦਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਸਿਰਫ਼ ਡਰਾਮਾ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਭੋਲੇ-ਭਾਲੇ ਹਨ ਅਤੇ ਝੂਠ ਬੋਲ ਕੇ ਮੁੜ ਸਰਕਾਰ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਭੋਲੇ ਜ਼ਰੂਰ ਹਨ, ਪਰ ਜੇ ਕੋਈ ਉਨ੍ਹਾਂ ਨਾਲ ਠੱਗੀ ਮਾਰ ਜਾਵੇ ਤਾਂ ਉਹ ਉਸ ਦਾ 'ਬੰਦੇ ਦਾ ਪੁੱਤ ਵੀ ਬਣਾ ਦਿੰਦੇ ਹਨ'। ਇਸ ਦੌਰਾਨ ਉਨ੍ਹਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ 'ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ 'ਠੱਗੀ ਦਿਵਸ' ਮਨਾਇਆ ਹੈ ਕਿਉਂਕਿ ਉਨ੍ਹਾਂ ਨੇ 18 ਸਾਲ ਤੋਂ ਵੱਧ ਉਮਰ ਦੀ ਹਰ ਧੀ-ਭੈਣ ਨੂੰ 1000 ਰੁਪਏ ਦੇਣ ਦਾ ਐਲਾਨ ਕਰਨਾ ਸੀ। ਉਨ੍ਹਾਂ ਹੈਰਾਨੀ ਜਤਾਉਂਦਿਆਂ ਦੱਸਿਆ ਕਿ ਜਦੋਂ ਪੰਜਾਬ ਦਾ ਖ਼ਜ਼ਾਨਾ ਪਹਿਲਾਂ ਹੀ ਆਈ.ਸੀ.ਯੂ. (ICU) ਵਿੱਚ ਹੈ ਅਤੇ ਸੂਬੇ 'ਤੇ 4.30 ਲੱਖ ਕਰੋੜ ਦਾ ਕਰਜ਼ਾ ਹੈ। ਉਨ੍ਹਾਂ ਅਨੁਮਾਨ ਲਗਾਇਆ ਕਿ ਸਾਲ ਦੇ ਅਖੀਰ ਤੱਕ ਇਹ ਕਰਜ਼ਾ 5 ਲੱਖ ਕਰੋੜ ਤੋਂ ਵੀ ਉੱਪਰ ਚਲਾ ਜਾਵੇਗਾ।
ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਐਲਾਨ 'ਤੇ ਮਜੀਠੀਆ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ, ਜਿਸ ਮੁਤਾਬਕ ਚਾਰ ਸਾਲਾਂ ਵਿੱਚ ਇਹ ਰਕਮ 48 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਧੀਆਂ-ਭੈਣਾਂ ਦਾ ਸੱਚਮੁੱਚ ਸਤਿਕਾਰ ਕਰਦੀ ਹੈ ਤਾਂ ਅੱਜ ਦੇ ਦਿਨ ਪੰਜ ਸਾਲਾਂ ਦੇ 60 ਹਜ਼ਾਰ ਰੁਪਏ ਇਕੱਲੀ-ਇਕੱਲੀ ਧੀ-ਭੈਣ ਦੇ ਖਾਤੇ ਵਿੱਚ ਪਾ ਦੇਵੇ, ਤਾਂ ਉਹ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦੇਣਗੇ। ਪਰ ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅੱਜ ਵੀ ਝੂਠੇ ਵਾਅਦਿਆਂ ਨਾਲ ਕੰਮ ਚਲਾਉਣਾ ਚਾਹੁੰਦੀ ਹੈ। ਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਪੰਜਾਬ ਵਿੱਚ ਬਣੀਆਂ ਹਨ, ਉਨ੍ਹਾਂ ਵਿੱਚ ਸਭ ਤੋਂ ਵੱਧ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸਿਰ ਚੜ੍ਹਾਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਵਿਕਾਸ ਦੇ ਨਾਂ ‘ਤੇ ਕੋਈ ਢੰਗ ਦਾ ਕੰਮ ਨਹੀਂ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਦੇ ਸਮੇਂ ਦੌਰਾਨ ਕਈ ਵਿਕਾਸੀ ਕੰਮ ਕੀਤੇ ਗਏ ਸਨ।
ਮਜੀਠੀਆ ਨੇ ਅੱਗੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਬਰਨਾਲਾ ਦੀ ਧਰਤੀ ‘ਤੇ ਆਪਣੀ ਮਾਂ ਦੇ ਸਿਰ ‘ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ ਕਿ ਉਹ ਸ਼ਰਾਬ ਨਹੀਂ ਪੀਣਗੇ, ਪਰ ਹਰ ਹਫ਼ਤੇ ਇਲਾਜ ਕਿਸ ਗੱਲ ਦਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਮੁੱਖ ਮੰਤਰੀ ਉਨ੍ਹਾਂ ਦਾ ਹੀ ਜ਼ਿਕਰ ਕਰਦਾ ਸੀ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਛੇ ਮਹੀਨੇ ਤੱਕ ਉਨ੍ਹਾਂ ਨੂੰ ਨੀਂਦ ਨਹੀਂ ਆਈ ਅਤੇ ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਉਹ ਮੇਰੇ ਸਰਹਾਣਿਆਂ ਅਤੇ ਤਰੀ ਵਾਲੇ ਬੈਂਗਣਾਂ ਦਾ ਜ਼ਿਕਰ ਕਰਦੇ ਰਹਿੰਦੇ ਸਨ, ਜਦੋਂ ਹੁਣ ਬਾਹਰ ਆ ਗਿਆ ਤਾਂ ਮੇਰੀਆਂ ਮੁੱਛਾਂ ਦੀ ਫਿਕਰ ਰੱਖਦਾ ਹੈ। ਉਨ੍ਹਾਂ ਕਿਹਾ ਕਿ ਉਹ ਮੁੱਛਾਂ ਨੂੰ ਵੱਟ ਇਸ ਲਈ ਦਿੰਦੇ ਹਨ ਕਿਉਂਕਿ ਪੰਜਾਬੀ ਕਦੇ ਵੀ ਦਬਾਅ ਅੱਗੇ ਨਹੀਂ ਝੁਕਦੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਹਿੱਕ ਠੋਕ ਕੇ ਕਰਦੇ ਰਹਿਣਗੇ ਅਤੇ ਕਿਸੇ ਤੋਂ ਡਰਣ ਵਾਲੇ ਨਹੀਂ ਹਨ। ਇਸ ਦੌਰਾਨ ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਪ੍ਰੈਸ ਦੀ ਆਜ਼ਾਦੀ ‘ਤੇ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੱਚ ਲਿਖਦਾ ਹੈ ਤਾਂ ਉਸ ‘ਤੇ ਪਰਚੇ ਦਰਜ ਕੀਤੇ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਤਰ੍ਹਾਂ ਸੱਚ ਬੋਲਣ ਕਾਰਨ 'ਜਗ ਬਾਣੀ' ਖ਼ਿਲਾਫ਼ ਵੀ ਪਰਚਾ ਦਰਜ ਕੀਤਾ ਗਿਆ।
ਅੰਤ ਵਿੱਚ ਮਜੀਠੀਆ ਨੇ ਕਿਹਾ ਕਿ ਅੱਜ ਪੇਸ਼ ਕੀਤਾ ਗਿਆ ਬਜਟ ਪੂਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਰਕਾਰ ਨੇ ਪੰਜਾਬ ਦੇ ਸਿਰ ‘ਤੇ ਹੋਰ ਕਰਜ਼ਾ ਚੜ੍ਹਾ ਦਿੱਤਾ ਹੈ ਅਤੇ ਝੂਠੇ ਵਾਅਦਿਆਂ ਨਾਲ ਲੋਕਾਂ ਤੋਂ ਵੋਟਾਂ ਲਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਸਰਕਾਰ ਕੋਲੋਂ ਆਪਣਾ ਹੱਕ ਮੰਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ-ਵਿਵਸਥਾ ਨੂੰ ਕਾਬੂ ਵਿੱਚ ਨਾ ਕੀਤਾ ਗਿਆ ਤਾਂ ਪੰਜਾਬ ਵਿੱਚ ਕਦੇ ਵੀ ਨਿਵੇਸ਼ ਨਹੀਂ ਆਵੇਗਾ। ਮਜੀਠੀਆ ਨੇ ਕਿਹਾ ਕਿ ਪੰਜਾਬ ਨੂੰ ਇੱਕ ਪੱਕਾ ਡੀ.ਜੀ.ਪੀ. ਚਾਹੀਦਾ ਹੈ, ਜਿਸ ਨੂੰ ਆਪਣੀ ਕੁਰਸੀ ਦੀ ਨਹੀਂ ਸਗੋਂ ਕਾਨੂੰਨ-ਵਿਵਸਥਾ ਦੀ ਚਿੰਤਾ ਹੋਵੇ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਚੁਟਕਲਿਆਂ ਦੀ ਨਹੀਂ, ਸਗੋਂ ਪੱਕੇ ਪ੍ਰਬੰਧ ਅਤੇ ਮਜ਼ਬੂਤ ਪ੍ਰਬੰਧਨ ਦੀ ਲੋੜ ਹੈ, ਜੋ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦੀ ਹੈ।
