22 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 2 ਸਾਲ ਪਹਿਲਾਂ ਛੋਟੇ ਭਰਾ ਨੇ ਵੀ ਗਲ਼ ਲਾ ਲਈ ਸੀ ਮੌਤ
Monday, Mar 02, 2026 - 06:22 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਸਲੇਮ ਟਾਬਰੀ ਇਲਾਕੇ ਅਧੀਨ ਆਉਂਦੀ ਗਗਨਦੀਪ ਕਲੋਨੀ (ਭਾਟੀਆ ਇਲਾਕਾ) ਵਿਚ ਸੋਮਵਾਰ ਦੀ ਸਵੇਰ ਉਸ ਵਕਤ ਚੀਕ-ਚਿਹਾੜਾ ਮਚ ਗਿਆ, ਜਦੋਂ ਇਕ 22 ਸਾਲਾ ਨੌਜਵਾਨ ਦੀ ਲਾਸ਼ ਉਸ ਦੇ ਕਮਰੇ ਵਿਚ ਪੱਖੇ ਨਾਲ ਲਟਕਦੀ ਪਾਈ ਗਈ। ਮ੍ਰਿਤਕ ਦੀ ਪਛਾਣ ਵਿਕਾਸ ਵਜੋਂ ਹੋਈ ਹੈ, ਜਿਸ ਦੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਗੱਲ ਇਹ ਰਹੀ ਕਿ ਠੀਕ ਦੋ ਸਾਲ ਪਹਿਲਾਂ ਵਿਕਾਸ ਦੇ ਛੋਟੇ ਭਰਾ ਨੇ ਵੀ ਇਸੇ ਤਰ੍ਹਾਂ ਮੌਤ ਨੂੰ ਗਲੇ ਲਗਾ ਲਿਆ ਸੀ। ਅਜੇ ਪਰਿਵਾਰ ਉਸ ਪੁਰਾਣੇ ਜ਼ਖਮ ਤੋਂ ਉੱਭਰ ਵੀ ਨਹੀਂ ਪਾਇਆ ਸੀ ਕਿ ਘਰ ਦੇ ਦੂਜੇ ਚਿਰਾਗ ਨੇ ਵੀ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ।
ਮਿਲੀ ਜਾਣਕਾਰੀ ਅਨੁਸਾਰ, ਸੋਮਵਾਰ ਸਵੇਰੇ ਕਰੀਬ 8:30 ਵਜੇ ਤੱਕ ਜਦੋਂ ਵਿਕਾਸ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਨਿਕਲਿਆ, ਤਾਂ ਉਸ ਦੇ ਪਿਤਾ ਉਸ ਨੂੰ ਦੇਖਣ ਲਈ ਉੱਪਰ ਬਣੇ ਕਮਰੇ ਵਿਚ ਗਏ। ਦਰਵਾਜ਼ਾ ਅੰਦਰੋਂ ਬੰਦ ਹੋਣ ਅਤੇ ਬਾਰ-ਬਾਰ ਆਵਾਜ਼ ਦੇਣ 'ਤੇ ਵੀ ਕੋਈ ਜਵਾਬ ਨਾ ਮਿਲਣ 'ਤੇ ਪਿਤਾ ਦਾ ਮੱਥਾ ਠਣਕਿਆ। ਸ਼ੋਰ ਮਚਾਉਣ 'ਤੇ ਇਕੱਠੇ ਹੋਏ ਗੁਆਂਢੀਆਂ ਦੀ ਮਦਦ ਨਾਲ ਜਦੋਂ ਦਰਵਾਜ਼ਾ ਤੋੜਿਆ ਗਿਆ, ਤਾਂ ਅੰਦਰ ਦਾ ਮੰਜ਼ਰ ਦੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਵਿਕਾਸ ਦੀ ਲਾਸ਼ ਪੱਖੇ ਦੇ ਸਹਾਰੇ ਫਾਹੇ ਨਾਲ ਝੂਲ ਰਹੀ ਸੀ। ਪੇਸ਼ੇ ਤੋਂ ਦਰਜ਼ੀ ਵਿਕਾਸ ਆਪਣੇ ਪਰਿਵਾਰ ਦਾ ਵੱਡਾ ਸਹਾਰਾ ਸੀ, ਜਿਸ ਦੇ ਪਿੱਛੇ ਹੁਣ ਉਸ ਦੇ ਬਜ਼ੁਰਗ ਪਿਤਾ, ਪਤਨੀ ਅਤੇ ਇਕ ਛੋਟਾ ਬੇਟਾ ਰਹਿ ਗਏ ਹਨ।
ਲੋਕਾਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਛੋਟੇ ਬੇਟੇ ਦੀ ਮੌਤ ਦੇ ਸਦਮੇ ਨੇ ਪਰਿਵਾਰ ਨੂੰ ਪਹਿਲਾਂ ਹੀ ਤੋੜ ਦਿੱਤਾ ਸੀ ਅਤੇ ਹੁਣ ਵਿਕਾਸ ਦੇ ਇਸ ਕਦਮ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਲਾਸ਼ ਨੂੰ ਫਾਹੇ ਤੋਂ ਉਤਾਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ।
