ਵਿਜੀਲੈਂਸ ਟੀਮ ਨੇ ਫੂਡ ਸਪਲਾਈ ਦਫਤਰ ''ਚ ਮਾਰਿਆ ਛਾਪਾ

Wednesday, Apr 11, 2018 - 04:06 AM (IST)

ਅੰਮ੍ਰਿਤਸਰ,   (ਨੀਰਜ, ਇੰਦਰਜੀਤ)-  ਜੰਡਿਆਲਾ ਗੁਰੂ ਸਥਿਤ ਬਹੁ-ਕਰੋੜੀ ਝੋਨਾ ਘਪਲੇ 'ਚ ਆਖ਼ਿਰਕਾਰ ਵਿਜੀਲੈਂਸ ਵਿਭਾਗ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀ. ਐੱਮ. ਆਫਿਸ ਵੱਲੋਂ ਜਿਥੇ ਕਰੋੜਾਂ ਰੁਪਏ ਦੇ ਝੋਨੇ ਘਪਲੇ ਦੇ ਮਾਮਲੇ ਵਿਚ ਡੀ. ਐੱਫ. ਐੱਸ. ਸੀ. ਏ. ਪੀ. ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਉਥੇ ਹੀ ਵਿਜੀਲੈਂਸ ਵਿਭਾਗ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ ਪਰ ਵਿਜੀਲੈਂਸ ਵਿਭਾਗ ਦੀ ਟੀਮ ਨੂੰ ਲਗਾਤਾਰ 10 ਦਿਨਾਂ ਤੱਕ ਇਸ ਮਾਮਲੇ ਤੋਂ ਦੂਰ ਹੀ ਰਹਿਣ ਦਿੱਤਾ ਗਿਆ ਅਤੇ ਆਪਣੇ-ਆਪ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀ ਹੀ ਇਸ ਮਾਮਲੇ ਦੀ ਜਾਂਚ ਵਿਚ ਲੱਗੇ ਰਹੇ।
ਕਰੋੜਾਂ ਰੁਪਏ ਦਾ ਝੋਨਾ ਗਾਇਬ ਹੋਣ ਦੇ ਇਵਜ਼ 'ਚ ਕਰੋੜਾਂ ਰੁਪਏ ਦਾ ਚੌਲ ਰਿਕਵਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਕਾਫ਼ੀ ਹਾਸੋਹੀਣੇ ਤੋਂ ਇਲਾਵਾ ਰਹੱਸਮਈ ਵੀ ਬਣ ਚੁੱਕਾ ਹੈ ਪਰ ਹੁਣ ਵਿਜੀਲੈਂਸ ਵਿਭਾਗ ਦੀ ਟੀਮ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਫੂਡ ਸਪਲਾਈ ਵਿਭਾਗ ਸਮੇਤ ਹੋਰ ਕਈ ਵਿਭਾਗਾਂ ਦੇ ਅਧਿਕਾਰੀਆਂ ਵਿਚ ਹਫੜਾ-ਦਫੜੀ ਦਾ ਮਾਹੌਲ ਹੈ ਕਿਉਂਕਿ ਵਿਜੀਲੈਂਸ ਵਿਭਾਗ ਹਰ ਉਸ ਪੱਖ ਤੋਂ ਜਾਂਚ ਕਰੇਗਾ ਜਿਸ ਨੂੰ ਫੂਡ ਸਪਲਾਈ ਵਿਭਾਗ ਦੀ ਜਾਂਚ ਟੀਮ ਨੇ ਨਜ਼ਰ-ਅੰਦਾਜ਼ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਤੇਜਿੰਦਰ ਸਿੰਘ ਦੀ ਟੀਮ ਨੇ ਫੂਡ ਸਪਲਾਈ ਵਿਭਾਗ ਵਿਚ ਛਾਪਾ ਮਾਰਿਆ ਤੇ ਜੰਡਿਆਲਾ ਗੁਰੂ ਝੋਨਾ ਘਪਲੇ ਦਾ ਰਿਕਾਰਡ ਮੰਗਿਆ ਪਰ ਵਿਭਾਗ ਵੱਲੋਂ ਵਿਜੀਲੈਂਸ ਟੀਮ ਨੂੰ ਰਿਕਾਰਡ ਨਹੀਂ ਦਿੱਤਾ ਗਿਆ ਅਤੇ ਇਕ ਦਿਨ ਦਾ ਸਮਾਂ ਮੰਗਿਆ ਗਿਆ ਹੈ। ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਨਾਗੇਸ਼ਵਰ ਰਾਓ ਅਨੁਸਾਰ ਵਿਭਾਗ ਇਸ ਮਾਮਲੇ ਦੀ ਪੂਰੀ ਗਹਿਰਾਈ ਨਾਲ ਜਾਂਚ ਕਰੇਗਾ ਤੇ ਹਰ ਪਹਿਲੂ ਨੂੰ ਜਾਂਚਿਆ ਜਾਵੇਗਾ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇ।
ਝੋਨਾ ਦਿੰਦੇ ਸਮੇਂ ਨਹੀਂ ਅਪਣਾਈ ਕਾਨੂੰਨੀ ਪ੍ਰਕਿਰਿਆ
ਅੰਮ੍ਰਿਤਸਰ : ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੂਡ ਸਪਲਾਈ ਵਿਭਾਗ ਨੇ ਵੀਰੂ ਮੱਲ ਰਾਈਸ ਮਿੱਲ ਨੂੰ ਸਰਕਾਰੀ ਝੋਨਾ ਦਿੰਦੇ ਸਮੇਂ ਕਾਨੂੰਨੀ ਪ੍ਰਕਿਰਿਆ ਨੂੰ ਨਹੀਂ ਅਪਣਾਇਆ, ਜੋ ਆਮ ਤੌਰ 'ਤੇ ਅਪਣਾਇਆ ਜਾਂਦਾ ਹੈ।
ਇਕੱਲਾ ਡੀ. ਐੱਫ. ਐੱਸ. ਸੀ. ਹੀ ਜ਼ਿੰਮੇਵਾਰ ਕਿਉਂ?
ਵੀਰੂ ਮੱਲ ਮੁਲਖ ਰਾਜ ਰਾਈਸ ਮਿੱਲ 'ਚ ਹੋਏ ਘਪਲੇ ਵਿਚ ਸਿਰਫ ਡੀ. ਐੱਫ. ਐੱਸ. ਸੀ. ਨੂੰ ਸਸਪੈਂਡ ਕੀਤਾ ਗਿਆ ਹੈ, ਜਦੋਂ ਕਿ ਇਸ ਦੇ ਲਈ ਬਰਾਬਰ ਤੌਰ 'ਤੇ ਡੀ. ਐੱਫ. ਐੱਸ. ਓ., ਏ. ਐੱਫ. ਐੱਸ. ਓ. ਅਤੇ ਇਲਾਕੇ ਦੇ ਇੰਸਪੈਕਟਰ ਜ਼ਿੰਮੇਵਾਰ ਹਨ। ਆਖ਼ਿਰਕਾਰ ਵਿਭਾਗ ਵੱਲੋਂ ਦੋਸ਼ੀ ਅਧਿਕਾਰੀਆਂ ਨੂੰ ਕਿਉਂ ਬਚਾਇਆ ਜਾ ਰਿਹਾ ਹੈ।
ਪੰਜਾਬ ਵੇਅਰ ਹਾਊਸ ਦਾ ਦਾਅਵਾ- ਗੋਦਾਮ 'ਚ ਪਿਆ ਸਾਰਾ ਸਰਕਾਰੀ ਝੋਨਾ
ਇਕ ਪਾਸੇ ਜਿਥੇ ਫੂਡ ਸਪਲਾਈ ਵਿਭਾਗ 'ਚ ਕਰੋੜਾਂ ਦਾ ਝੋਨਾ ਗਾਇਬ ਹੋਣ ਕਾਰਨ ਹਫੜਾ-ਦਫੜੀ ਦਾ ਮਾਹੌਲ ਹੈ ਤਾਂ ਦੂਸਰੇ ਪਾਸੇ ਇਸ ਮਾਮਲੇ ਵਿਚ ਪੰਜਾਬ ਵੇਅਰ ਹਾਊਸ ਕਾਫ਼ੀ ਮਜ਼ਬੂਤ ਦਾਅਵੇਦਾਰੀ ਕਰ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਗੋਦਾਮ ਵਿਚ ਪਿਆ ਸਾਰਾ ਝੋਨਾ ਉਨ੍ਹਾਂ ਦਾ ਹੈ, ਉਨ੍ਹਾਂ ਕੋਲ ਇਸ ਦੇ ਸਾਰੇ ਸਬੂਤ ਹਨ ਤੇ ਬਾਕਾਇਦਾ ਵੀਡੀਓਗ੍ਰਾਫੀ ਵੀ ਹੈ।


Related News