ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, 4 ਮੰਤਰੀਆਂ ਨੇ ਦਿੱਤਾ ਅਸਤੀਫ਼ਾ
Monday, Sep 23, 2024 - 05:56 AM (IST)

ਚੰਡੀਗੜ੍ਹ (ਅੰਕੁਰ)– 'ਆਮ ਆਦਮੀ ਪਾਰਟੀ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ’ਚੋਂ ਬਾਹਰ ਆਉਣ ਦੀ ਦੇਰ ਸੀ ਕਿ ਕਾਫੀ ਚਿਰ ਤੋਂ ਉਡੀਕੇ ਜਾ ਰਹੇ ਪੰਜਾਬ ਮੰਤਰੀ ਮੰਡਲ ’ਚ ਫੇਰਬਦਲ ਦੀਆਂ ਖਬਰਾਂ ਸੱਚ ਹੋਣ ਜਾ ਰਹੀਆਂ ਹਨ। ਐਤਵਾਰ ਦੇਰ ਸ਼ਾਮ 4 ਕੈਬਨਿਟ ਮੰਤਰੀਆਂ ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ, ਬਲਕਾਰ ਸਿੰਘ ਤੇ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਸੋਮਵਾਰ ਨੂੰ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਮੰਤਰੀ ਮੰਡਲ ’ਚ 5 ਨਵੇਂ ਚਿਹਰਿਆਂ ਦੀ ਐਂਟਰੀ ਹੋਵੇਗੀ। ਇਨ੍ਹਾਂ ’ਚ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ, ਮਹਿੰਦਰ ਭਗਤ ਤੇ ਡਾ. ਰਵੀਜੋਤ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਸੋਮਵਾਰ ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ ਲਈ ਸਮਾਂ ਲੈ ਲਿਆ ਗਿਆ ਹੈ।
ਬਰਿੰਦਰ ਕੁਮਾਰ ਗੋਇਲ ਸੰਗਰੂਰ ਜ਼ਿਲੇ ਦੀ ਲਹਿਰਾਗਾਗਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ, ਜਦਕਿ ਤਰਨਪ੍ਰੀਤ ਸਿੰਘ ਸੌਂਦ ਲੁਧਿਆਣਾ ਦੀ ਖੰਨਾ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਮਹਿੰਦਰ ਭਗਤ ਨੇ ਜਲੰਧਰ ਤੋਂ ਜ਼ਿਮਨੀ ਚੋਣ ਜਿੱਤੀ ਹੈ। ਹਰਦੀਪ ਸਿੰਘ ਮੁੰਡੀਆਂ ਲੁਧਿਆਣਾ ਦੀ ਸਾਹਨੇਵਾਲ ਸੀਟ ਤੋਂ ਵਿਧਾਇਕ ਹਨ।
ਇਹ ਵੀ ਪੜ੍ਹੋ- ਕਾਂਗਰਸ ਨੇ ਉਦੇ ਭਾਨੂ ਚਿਬ ਨੂੰ ਐਲਾਨਿਆ ਭਾਰਤੀ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ
ਜਾਣਕਾਰੀ ਮੁਤਾਬਕ ਮੰਤਰੀ ਮੰਡਲ ਦਾ ਵਿਸਥਾਰ ਸੋਮਵਾਰ ਦੇਰ ਸ਼ਾਮ ਹੋ ਸਕਦਾ ਹੈ। ਸੂਤਰਾਂ ਮੁਤਾਬਕ ਇਸ ਸਬੰਧੀ ਗਵਰਨਰ ਹਾਊਸ ਤੋਂ ਵੀ ਇਜਾਜ਼ਤ ਮੰਗੀ ਗਈ ਹੈ। ਹਾਲਾਂਕਿ ਹੁਣ ਤੱਕ ਪਾਰਟੀ ਆਗੂ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ ਪਰ ਮੰਤਰੀ ਬਣਨ ਵਾਲਿਆਂ ਦੇ ਖਾਸ ਲੋਕਲ ਆਗੂਆਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਚੰਡੀਗੜ੍ਹ ਬੁਲਾਇਆ ਹੈ।
ਲੰਬੇ ਸਮੇਂ ਤੋਂ ਸੀ ਫੇਰਬਦਲ ਦੀ ਚਰਚਾ
ਲੰਬੇ ਸਮੇਂ ਤੋਂ ਚਰਚਾ ਸੀ ਕਿ ਪੰਜਾਬ ਮੰਤਰੀ ਮੰਡਲ ’ਚ ਫੇਰਬਦਲ ਹੋ ਸਕਦਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ’ਚ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਐੱਮ.ਪੀ. ਬਣ ਚੁੱਕੇ ਹਨ। ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਉਹ ਖੇਡ ਮੰਤਰੀ ਸਮੇਤ ਸਰਕਾਰ ’ਚ ਕਈ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਅਜਿਹੇ ’ਚ ਹੁਣ ਉਨ੍ਹਾਂ ਦੀ ਜਗ੍ਹਾ ਕਿਸੇ ਨਵੇਂ ਚਿਹਰੇ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 4 ਹੋਰ ਮੰਤਰੀ ਬਣਾਏ ਜਾ ਸਕਦੇ ਹਨ। ਪੰਜਾਬ ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ’ਚ ਇਹ ਚੌਥਾ ਫੇਰਬਦਲ ਹੋਣ ਜਾ ਰਿਹਾ ਹੈ। ਹੁਣ ਤੱਕ ਕੈਬਨਿਟ ’ਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 15 ਮੰਤਰੀ ਹਨ। ਮੰਤਰੀ ਮੰਡਲ ’ਚ ਕੁੱਲ 18 ਮੰਤਰੀ ਹੋ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e