ਹੁਣ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਵੀ ਮਿਲੇਗਾ Weekly Off! ਇਸ ਜ਼ਿਲ੍ਹੇ 'ਚ ਲਾਗੂ ਹੋਇਆ ਫ਼ੈਸਲਾ
Thursday, Apr 02, 2026 - 03:54 PM (IST)
ਖੰਨਾ (ਵਿਪਨ): ਪੁਲਸ ਜ਼ਿਲ੍ਹਾ ਖੰਨਾ ਵਿਚ ਹੁਣ ਥਾਣਾ ਮੁਖੀਆਂ (SHO) ਨੂੰ ਹਫ਼ਤੇ ਵਿਚ ਇਕ ਦਿਨ ਦਾ ਵੀਕਲੀ ਆਫ਼ ਮਿਲੇਗਾ। ਇਹ ਫ਼ੈਸਲਾ ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਦੇ ਯਤਨਾਂ ਨਾਲ ਸੰਭਵ ਹੋਇਆ ਹੈ। ਇਸ ਸਬੰਧੀ ਨੋਟੀਫਿਕੇਸ਼ਨ 2003 'ਚ ਹੋਇਆ ਸੀ ਜੋ ਕਿ ਲਾਗੂ ਨਹੀਂ ਹੋ ਸਕਿਆ ਸੀ। ਇਸ ਨੂੰ SSP ਨੇ ਪੁਲਸ ਜ਼ਿਲ੍ਹਾ ਖੰਨਾ ਅੰਦਰ ਲਾਗੂ ਕੀਤਾ।

ਇਸ ਤਹਿਤ ਹੁਣ ਸਾਰੇ ਥਾਣਾ ਮੁਖੀ ਹਫ਼ਤੇ ਵਿਚ ਇਕ ਦਿਨ ਦੀ ਛੁੱਟੀ ਲੈ ਸਕਣਗੇ। ਪੁਲਸ ਅਧਿਕਾਰੀਆਂ ਦੀ ਸਿਹਤ ਅਤੇ ਮਾਨਸਿਕ ਤਣਾਅ ਨੂੰ ਧਿਆਨ ਵਿਚ ਰੱਖਦਿਆਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ। ਇਸ ਤਹਿਤ ਥਾਣਾ ਸਦਰ, ਪਾਇਲ, ਸਮਰਾਲਾ, ਸਿਟੀ ਖੰਨਾ, ਸਿਟੀ-2 ਖੰਨਾ, ਦੋਰਾਹਾ, ਮਾਛੀਵਾੜਾ ਸਾਹਿਬ ਅਤੇ ਮਲੌਦ ਦੇ ਥਾਣਾ ਮੁਖੀਆਂ ਨੂੰ ਹਰ ਹਫ਼ਤੇ ਇਕ ਛੁੱਟੀ ਦਿੱਤੀ ਜਾਵੇਗੀ। ਇਸ ਸਬੰਧੀ ਬਾਕਾਇਦਾ ਤਾਰੀਖ਼ਾਂ ਦਾ ਵੀ ਐਲਾਨ ਕੀਤਾ ਗਿਆ ਹੈ ਕਿ ਕਿਸ ਥਾਣਾ ਮੁਖੀ ਨੂੰ ਮਹੀਨੇ ਵਿਚ ਕਿਸ-ਕਿਸ ਦਿਨ ਨੂੰ ਛੁੱਟੀ ਹੋਵੇਗੀ।

ਜ਼ਿਕਰਯੋਗ ਹੈ ਕਿ ਸਾਲ 2003 ਵਿਚ ਪੂਰੇ ਪੰਜਾਬ ਲਈ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਸੀ।
