ਪੰਜਾਬ ਦੇ ਇੱਕੋ ਪਿੰਡ ਦੇ 2 ਮੁੰਡਿਆਂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ

Sunday, Aug 02, 2026 - 05:57 PM (IST)

ਪੰਜਾਬ ਦੇ ਇੱਕੋ ਪਿੰਡ ਦੇ 2 ਮੁੰਡਿਆਂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ

ਸਿੱਧਵਾਂ ਬੇਟ (ਚਾਹਲ)- ਛੋਟੀ ਆਬਾਦੀ ਵਾਲੇ ਪਿੰਡ ਮੁਨੱਬਰਪੁਰਾ ਵਿਚ ਐਤਵਾਰ ਸਵੇਰੇ ਦੋ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਦੋਵੇਂ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।

ਮ੍ਰਿਤਕਾਂ ਦੀ ਪਛਾਣ 20 ਸਾਲਾ ਪ੍ਰਿੰਸਪਾਲ ਅਤੇ 27 ਸਾਲਾ ਹਰਪ੍ਰੀਤ ਸਿੰਘ ਉਰਫ਼ ਹੈਰੀ ਵਜੋਂ ਹੋਈ ਹੈ। ਦੱਸਿਆ ਗਿਆ ਕਿ ਹਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਇਕ ਬੱਚੇ ਦਾ ਪਿਤਾ ਸੀ, ਜਦਕਿ ਪ੍ਰਿੰਸ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਸਥਾਨਕ ਲੋਕਾਂ ਦੇ ਅਨੁਸਾਰ ਦੋਵੇਂ ਨੌਜਵਾਨ ਬੀਤੇ ਦਿਨ ਇਕੱਠੇ ਗਏ ਸਨ ਅਤੇ ਦੋਹਾਂ ਨੇ ਇਕੱਠਿਆਂ ਹੀ ਨਸ਼ੇ ਦਾ ਟੀਕਾ ਲਗਾਇਆ ਸੀ। ਘਰ ਪਹੁੰਚਣ ਤੋਂ ਬਾਅਦ ਪ੍ਰਿੰਸਪਾਲ ਦੀ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ, ਜਦਕਿ ਹਰਪ੍ਰੀਤ ਸਿੰਘ ਦੀ ਲਾਸ਼ ਐਤਵਾਰ ਸਵੇਰੇ ਖੇਤਾਂ ਵਿੱਚੋਂ ਮਿਲੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੌਕੇ ਤੋਂ ਦੋਵਾਂ ਕੋਲੋਂ ਇਕ-ਇਕ ਸਰਿੰਜ ਵੀ ਮਿਲੀ ਹੈ।

ਘਟਨਾ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਪਰਿਵਾਰਕ ਮੈਂਬਰਾਂ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਨਸ਼ਿਆਂ ਦੀ ਸਮੱਸਿਆ 'ਤੇ ਚਿੰਤਾ ਜਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਛੋਟੀ ਆਬਾਦੀ ਵਾਲੇ ਪਿੰਡ ਵਿੱਚ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿਸੋਵਾਲ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਮੇਤ ਹੋਰ ਆਗੂ ਪਰਿਵਾਰਾਂ ਨੂੰ ਮਿਲਣ ਪਹੁੰਚੇ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਬਾਰੇ ਅੰਤਿਮ ਨਤੀਜਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।


author

Anmol Tagra

Content Editor

Related News