ਪੰਜਾਬ ਦੇ ਥਾਣੇ ''ਚ ਦਰਦਨਾਕ ਘਟਨਾ! ਬੰਦੇ ਨੇ ਬਾਥਰੂਮ ''ਚ ਜਾ ਕੇ ਜੋ ਕੀਤਾ, ਹਰ ਕਿਸੇ ਦੇ ਉੱਡ ਗਏ ਹੋਸ਼
Tuesday, Aug 04, 2026 - 10:20 AM (IST)
ਖੰਨਾ (ਵਿਪਨ) : ਖੰਨਾ ਦੇ ਥਾਣਾ ਸਿਟੀ-1 'ਚ ਵਾਪਰੀ ਇੱਕ ਦਰਦਨਾਕ ਘਟਨਾ ਨੇ ਪੁਲਸ ਦੀ ਕਾਰਜਸ਼ੈਲੀ 'ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਵਿਅਕਤੀ, ਜੋ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਲੈ ਕੇ ਇਨਸਾਫ਼ ਦੀ ਉਮੀਦ ਨਾਲ ਥਾਣੇ ਪਹੁੰਚਿਆ ਸੀ, ਉਸੇ ਥਾਣੇ ਦੇ ਬਾਥਰੂਮ 'ਚ ਪੈਟਰੋਲ ਛਿੜਕ ਕੇ ਖ਼ੁਦ ਨੂੰ ਅੱਗ ਲਗਾ ਬੈਠਾ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਪਹਿਲਾਂ ਹੀ ਆਪਣੀ ਸ਼ਿਕਾਇਤ 'ਚ ਲਿਖ ਦਿੱਤਾ ਸੀ ਕਿ ਉਸ ਨਾਲ ਕੋਈ ਅਣਹੋਣੀ ਹੋਈ ਤਾਂ ਕੁੱਝ ਲੋਕ ਜ਼ਿੰਮੇਵਾਰ ਹੋਣਗੇ। ਉਸ ਦੀ ਮੌਤ ਤੋਂ ਬਾਅਦ ਪੁਲਸ ਹਰਕਤ 'ਚ ਆਈ ਅਤੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਦੀ ਪਛਾਣ 45 ਸਾਲਾ ਗੋਬਿੰਦ ਸਿੰਘ ਵਾਸੀ ਈਸ਼ਰ ਨਗਰ, ਲੁਧਿਆਣਾ ਵਜੋਂ ਹੋਈ ਹੈ। ਉਹ ਦਵਾਈਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਕਾਰੋਬਾਰ 'ਚ ਨੁਕਸਾਨ ਅਤੇ ਆਰਥਿਕ ਤੰਗੀ ਦੌਰਾਨ ਉਹ ਖੰਨਾ ਦੇ ਲਲਹੇੜੀ ਰੋਡ 'ਤੇ ਰਹਿਣ ਵਾਲੇ ਚਰਨ ਦਾਸ ਦੇ ਸੰਪਰਕ 'ਚ ਆਇਆ, ਜੋ ਆਪਣੇ ਆਪ ਨੂੰ ਬਾਬਾ ਦੱਸ ਕੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਅਤੇ ਕਿਸਮਤ ਬਦਲਣ ਦੇ ਨਾਂ 'ਤੇ ਪੈਸੇ ਲੈਂਦਾ ਸੀ। ਦੋਸ਼ਾਂ ਮੁਤਾਬਕ ਚਰਨ ਦਾਸ ਨੇ ਗੋਬਿੰਦ ਸਿੰਘ ਤੋਂ 73 ਹਜ਼ਾਰ ਰੁਪਏ ਲਏ। ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਗੋਬਿੰਦ ਨੇ ਪੈਸੇ ਵਾਪਸ ਮੰਗੇ। ਉਸ ਨੇ ਸਿਰਫ਼ 20 ਹਜ਼ਾਰ ਰੁਪਏ ਵਾਪਸ ਕੀਤੇ ਗਏ ਅਤੇ ਬਾਕੀ 53 ਹਜ਼ਾਰ ਰੁਪਏ ਦੇਣ ਦੀ ਬਜਾਏ ਚਰਨ ਦਾਸ ਅਤੇ ਉਸਦੇ ਸਾਥੀਆਂ ਮੱਖਣ ਸਿੰਘ, ਜੁਗਰਾਜ ਸਿੰਘ ਜਿੰਮੀ ਅਤੇ ਇੰਦਰਪ੍ਰੀਤ ਸਿੰਘ ਇਸ਼ੂ ਵੱਲੋਂ ਉਸਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ।
ਇਸ ਸਬੰਧੀ ਗੋਬਿੰਦ ਸਿੰਘ ਨੇ ਪਹਿਲਾਂ ਹੀ ਥਾਣਾ ਸਿਟੀ-1 'ਚ ਲਿਖਤੀ ਸ਼ਿਕਾਇਤ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਗੋਬਿੰਦ ਸਿੰਘ ਪਹਿਲਾਂ ਵੀ ਸ਼ਿਕਾਇਤ ਦੇ ਚੁੱਕਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਸੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਸ਼ਿਕਾਇਤ 'ਚ ਉਸ ਨੇ ਆਪਣੀ ਜਾਨ ਨੂੰ ਖ਼ਤਰੇ ਦਾ ਖ਼ਦਸ਼ਾ ਵੀ ਜਤਾਇਆ ਸੀ ਤਾਂ ਕੀ ਪੁਲਸ ਨੇ ਉਸ ਦੀ ਸੁਰੱਖਿਆ ਲਈ ਕੋਈ ਕਦਮ ਚੁੱਕਿਆ? ਕੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਗਿਆ? ਜਦੋਂ ਉਹ ਥਾਣੇ 'ਚ ਹੀ ਮੌਜੂਦ ਸੀ ਤਾਂ ਉਸਨੂੰ ਇਕੱਲੇ ਬਾਥਰੂਮ ਤੱਕ ਜਾਣ ਅਤੇ ਉੱਥੇ ਪੈਟਰੋਲ ਨਾਲ ਅੱਗ ਲਗਾਉਣ ਤੱਕ ਦੀ ਨੌਬਤ ਕਿਵੇਂ ਆ ਗਈ? ਜਾਣਕਾਰੀ ਅਨੁਸਾਰ ਸੋਮਵਾਰ ਨੂੰ ਦੁਬਾਰਾ ਗੋਬਿੰਦ ਸਿੰਘ ਸ਼ਿਕਾਇਤ ਲੈ ਕੇ ਆਇਆ ਸੀ। ਇਸ ਦੌਰਾਨ ਗੋਬਿੰਦ ਸਿੰਘ ਬਾਥਰੂਮ 'ਚ ਚਲਾ ਗਿਆ। ਕਾਫ਼ੀ ਦੇਰ ਤੱਕ ਵਾਪਸ ਨਾ ਆਉਣ 'ਤੇ ਪੁਲਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬੁਰੀ ਤਰ੍ਹਾਂ ਝੁਲਸਿਆ ਹੋਇਆ ਮਿਲਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ। ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਪਹਿਲਾਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਚਰਨ ਦਾਸ ਅਤੇ ਉਸਦੇ ਤਿੰਨ ਸਾਥੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਹਾਲਾਂਕਿ ਇਸ ਪੂਰੇ ਮਾਮਲੇ ਨੇ ਪੁਲਸ ਦੀ ਕਾਰਵਾਈ 'ਤੇ ਸਵਾਲਾਂ ਦੀ ਲੜੀ ਖੜ੍ਹੀ ਕਰ ਦਿੱਤੀ ਹੈ। ਜੇਕਰ ਸ਼ਿਕਾਇਤ ਪਹਿਲਾਂ ਤੋਂ ਮੌਜੂਦ ਸੀ ਅਤੇ ਮ੍ਰਿਤਕ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਵੀ ਲਿਖੀ ਸੀ ਤਾਂ ਕਾਰਵਾਈ ਪਹਿਲਾਂ ਕਿਉਂ ਨਹੀਂ ਹੋਈ? ਕੀ ਸਮੇਂ ਸਿਰ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਤਾਂ ਇੱਕ ਜਾਨ ਬਚ ਸਕਦੀ ਸੀ? ਸਭ ਤੋਂ ਅਹਿਮ ਸਵਾਲ ਇਹ ਹੈ ਕਿ ਇੱਕ ਸ਼ਿਕਾਇਤਕਰਤਾ ਪੁਲਸ ਥਾਣੇ ਦੇ ਅੰਦਰ ਹੀ ਆਪਣੀ ਜਾਨ ਦੇਣ ਤੱਕ ਕਿਵੇਂ ਪਹੁੰਚ ਗਿਆ? ਡੀ. ਐੱਸ. ਪੀ. ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਹੋਰ ਤੱਥ ਸਾਹਮਣੇ ਆਉਂਦੇ ਹਨ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪਰ ਲੋਕਾਂ 'ਚ ਇਹ ਚਰਚਾ ਜ਼ਰੂਰ ਹੈ ਕਿ ਜੇਕਰ ਪੁਲਸ ਪਹਿਲਾਂ ਸਰਗਰਮ ਹੁੰਦੀ ਤਾਂ ਸ਼ਾਇਦ ਇਹ ਦਰਦਨਾਕ ਘਟਨਾ ਟਲ ਸਕਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
