ਲੁਧਿਆਣਾ: ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸ਼ੁਰੂ ਹੋਈ ਕੂੜੇ ਦੀ ਲਿਫਟਿੰਗ
Sunday, Aug 02, 2026 - 01:22 PM (IST)
ਲੁਧਿਆਣਾ (ਹਿਤੇਸ਼)- ਸਫਾਈ ਮੁਲਾਜ਼ਮਾਂ ਵੱਲੋਂ 6 ਦਿਨ ਤੋਂ ਚਲੀ ਆ ਰਹੀ ਹੜਤਾਲ ਸ਼ਨੀਵਾਰ ਨੂੰ ਦੇਰ ਸ਼ਾਮ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਮਹਾਨਗਰ ਵਿਚ ਕੂੜੇ ਦੀ ਲਿਫਟਿੰਗ ਸ਼ੁਰੂ ਹੋ ਗਈ ਹੈ। ਦੱਸਣਾ ਉਚਿਤ ਹੋਵੇਗਾ ਕਿ ਸਫਾਈ ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਨਗਰ ਨਿਗਮ ਜ਼ੋਨ ਏ ਆਫਿਸ ਦੇ ਬਾਹਰ 6 ਦਿਨ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਤੇ ਇਕ ਦਿਨ ਲੁਧਿਆਣਾ ਵੀ ਬੰਦ ਕਰਵਾਇਆ ਗਿਆ। ਇਸ ਤੋਂ ਇਲਾਵਾ ਸਫਾਈ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਕੂੜੇ ਦੀ ਚੁਕਾਈ ਵੀ ਨਹੀਂ ਕੀਤੀ ਗਈ ਜਿਸ ਕਾਰਨ ਸ਼ਹਿਰ ਵਿਚ ਹਰ ਪਾਸੇ ਕੂੜੇ ਦੇ ਢੇਰ ਲਗ ਗਏ ਹਨ ਤੇ ਕਈ ਥਾਈਂ ਮੇਨ ਸੜਕਾਂ ਦਾ ਰਸਤਾ ਵੀ ਬੰਦ ਹੋ ਗਿਆ ਹੈ।
ਇਸ ਸਮੱਸਿਆ ਦਾ ਹੱਲ ਕਰਨ ਲਈ ਸ਼ੁੱਕਰਵਾਰ ਨੂੰ ਵਿਧਾਇਕਾਂ ਵੱਲੋਂ ਡੀ.ਸੀ. ਤੇ ਨਗਰ ਨਿਗਮ ਕਮਿਸ਼ਨਰ ਦੀ ਮੌਜੂਦਗੀ ਵਿਚ ਯੂਨੀਅਨ ਦੇ ਨਾਲ ਕੀਤੀ ਮੀਟਿੰਗ ਬੇਨਤੀਜਾ ਰਹੀ ਜਿਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਲੋਕਲ ਬਾਡੀਜ਼ ਮੰਤਰੀ ਖੁਦ ਲੁਧਿਆਣਾ ਪੁੱਜੇ ਤੇ ਵਿਧਾਇਕਾਂ ਤੋਂ ਇਲਾਵਾ ਡੀ.ਸੀ., ਨਗਰ ਨਿਗਮ ਤੇ ਪੁਲਸ ਕਮਿਸ਼ਨਰ ਦੀ ਹਾਜ਼ਰੀ ਵਿਚ ਸਵੇਰ ਤੋਂ ਹੀ ਯੂਨੀਅਨ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਜਿਸ ਕਾਰਨ ਦੇਰ ਸ਼ਾਮ ਨੂੰ ਸਫਾਈ ਮੁਲਾਜ਼ਮਾਂ ਵੱਲੋਂ ਹੜਤਾਲ ਖਤਮ ਕਰਨ ਦੀ ਸਹਿਮਤੀ ਬਣੀ ਤੇ ਉਸ ਤੋਂ ਤੁਰੰਤ ਬਾਅਦ ਨਗਰ ਨਿਗਮ ਵੱਲੋਂ ਮਹਾਨਗਰ ਵਿਚ ਕੂੜੇ ਦੀ ਲਿਫਟਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ।
ਕੰਪੈਕਟਰ ਲਗਾਉਣ ਵਾਲੀ ਕੰਪਨੀ ਦੀ ਨਾਲਾਇਕੀ ਪਈ ਭਾਰੀ
ਸਫਾਈ ਮੁਲਾਜ਼ਮਾਂ ਵੱਲੋਂ ਕੀਤੀ ਹੜਤਾਲ ਦੌਰਾਨ ਕੰਪੈਕਟਰ ਲਗਾਉਣ ਵਾਲੀ ਕੰਪਨੀ ਦੀ ਨਾਲਾਇਕੀ ਸ਼ਹਿਰ ਦੇ ਲੋਕਾਂ ’ਤੇ ਭਾਰੀ ਪਈ ਕਿਉਂਕਿ ਇਸੇ ਕੰਪਨੀ ਨੂੰ ਕੂੜੇ ਦੀ ਲਿਫਟਿੰਗ ਦੀ ਜਿੰਮੇਵਾਰੀ ਦਿੱਤੀ ਗਈ ਸੀ ਜੋ ਉਸ ਵੱਲੋਂ ਹੜਤਾਲ ਦੌਰਾਨ ਨਹੀਂ ਨਿਭਾਈ ਗਈ ਜਿਸ ਦਾ ਸਬੂਤ ਇਹ ਹੈ ਕਿ ਡੋਰ ਟੂ ਡੋਰ ਕਲੈਕਸ਼ਨ ਵਾਲੇ ਮੁਲਾਜ਼ਮ ਕੰਪੈਕਟਰ ਤੱਕ ਕੂੜਾ ਲਿਆ ਰਹੇ ਸਨ ਜਿਸ ਦੀ ਕੰਪਨੀ ਵੱਲੋਂ ਲਿਫਟਿੰਗ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੇ ਸੜਕਾਂ ’ਤੇ ਢੇਰ ਲਗਾ ਦਿੱਤੇ। ਇਸ ’ਤੇ ਪਰਦਾ ਪਾਉਣ ਲਈ ਕੁਝ ਲੋਕਾਂ ਤੋਂ ਕੰਪੈਕਟਰ ਨੂੰ ਜਿੰਦਾ ਲਗਾਉਣ ਦਾ ਡਰਾਮਾ ਵੀ ਕਰਵਾਇਆ।
