ਪੰਜਾਬ ''ਚ ਹਾਈਵੇਅ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ

Sunday, Aug 09, 2026 - 02:28 PM (IST)

ਪੰਜਾਬ ''ਚ ਹਾਈਵੇਅ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ

ਲੁਧਿਆਣਾ (ਰਾਜ): ਟਿੱਬਾ ਰੋਡ ਇਲਾਕੇ ਵਿਚ ਪ੍ਰਾਚੀਨ ਗਊਸ਼ਾਲਾ ਦੇ ਨੇੜੇ 25 ਸਾਲਾ ਹਰਜਿੰਦਰ ਸਿੰਘ ਦਾ ਗੋਲ਼ੀਆਂ ਮਾਰ ਕੇ ਕੀਤੇ ਕਤਲ ਮਾਮਲੇ ਵਿਚ ਐਤਵਾਰ ਨੂੰ ਮਾਹੌਲ ਬੇਹੱਦ ਗਰਮਾ ਗਿਆ। ਪੁਲਸ ਵੱਲੋਂ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਨਾ ਕੀਤੇ ਜਾਣ ਤੋਂ ਭੜਕੇ ਪੀੜਤ ਪਰਿਵਾਰ ਤੇ ਇਲਾਕਾ ਨਿਵਾਸੀਆਂ ਨੇ ਜੋਧੇਵਾਲ ਬਸਤੀ ਚੌਕ 'ਤੇ ਮੇਨ ਹਾਈਵੇਅ ਜਾਮ ਕਰ ਦਿੱਤਾ ਤੇ ਟ੍ਰੈਫ਼ਿਕ ਪੂਰੀ ਤਰ੍ਹਾਂ ਠੱਪ ਕਰ ਦਿੱਤੀ। 

ਪ੍ਰਦਰਸ਼ਨ ਕਰ ਰਹੇ ਪੀੜਤ ਪਰਿਵਾਰ, ਦੋਸਤਾਂ ਤੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਹੋਏ 24 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਤੇ ਪੂਰੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਚੁੱਕੀ ਹੈ, ਪਰ ਇਸ ਦੇ ਬਾਵਜੂਦ ਪੁਲਸ ਮੁਲਜ਼ਮਾਂ ਨੂੰ ਫੜਣ ਵਿਚ ਨਾਕਾਮ ਸਾਬਿਤ ਹੋ ਰਹੀ ਹੈ। ਜਦੋਂ ਤਕ ਕਤਲ ਵਿਚ ਸ਼ਾਮਲ ਸਾਰੇ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤਕ ਪ੍ਰਦਰਸ਼ਨ ਖ਼ਤਮ ਨਹੀਂ ਕੀਤਾ ਜਾਵੇਗਾ। ਉਹ ਮ੍ਰਿਤਕ ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਤੇ ਨਾ ਹੀ ਉਸ ਦਾ ਸਸਕਾਰ ਕਰਨਗੇ। 

ਜੋਧੇਵਾਲ ਬਸਤੀ ਚੌਕ ਜਿਹੇ ਮੁੱਖ ਹਾਈਵੇਅ 'ਤੇ ਧਰਨਾ ਦਿੱਤੇ ਜਾਣ ਕਾਰਨ ਦੋਵੇਂ ਪਾਸਿਓਂ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ ਤੇ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਸ ਅਫ਼ਸਰ ਤੇ ਆਲੇ-ਦੁਆਲੇ ਦੇ ਕਈ ਥਾਣਿਆਂ ਦੀ ਪੁਲਸ ਫ਼ੋਰਸ ਤੁਰੰਤ ਮੌਕੇ 'ਤੇ ਪਹੁੰਚੇ। ਪੁਲਸ ਅਫ਼ਸਰਾਂ ਵੱਲੋਂ ਪੀੜਤ ਪਰਿਵਾਰ ਨੂੰ ਸ਼ਾਂਤ ਕਰਨ, ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦੇਣ ਅਤੇ ਹਾਈਵੇਅ ਤੋਂ ਧਰਨਾ ਚੁੱਕਣ ਲਈ ਲਗਾਤਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


author

Anmol Tagra

Content Editor

Related News